ਅਸੀ ਲੱਖ ਪੜੇ ਲਿਖੇ ਹੋਣ ਅਤੇ ਰਾਜਨੀਤਕ ਸੋਝੀ ਰੱਖਣ ਦਾ ਦਾਅਵਾ ਕਰੀਏ, ਪਰ ਸਾਡੇ ਮਨਾਂ ਚ ਆਧੁਨਿਕਤਾ ਦੇ ਢਾਂਚੇ ਉਸਰ ਚੁੱਕੇ ਹਨ। ਆਧੁਨਿਕ ਵਿਦਿਆ, ਆਧੁਨਿਕ ਲੀੜਾ ਕੱਪੜਾ, ਆਧੁਨਿਕ ਜੀਵਨ ਬਸਰ ਸਾਡੇ ਮਨਾਂ ਚ ਏਸ ਕਦਰ ਘਰ ਕਰ ਚੁੱਕੇ ਹਨ ਕਿ ਅਸੀਂ ਆਪਣੇ ਵਲੋਂ ਜਿੰਨੀ ਮਰਜ਼ੀ ਬੇਬਾਕੀ ਤੇ ਬਹਾਦਰੀ ਨਾਲ ਅਜਾਦ ਭਾਵ ਨਾਲ ਗੱਲ ਕਰੀਏ ਪਰ ਸਾਡੀ ਇਕ ਸੀਮਾ ਹੈ। ਸਾਨੂੰ ਆਧੁਨਿਕ common sense ਨੇ ਗੁਲਾਮ ਬਣਾ ਲਿਆ ਹੈ, ਸਾਡੀ ਬੇਪਰਵਾਹੀ ਖਤਮ ਕਰ ਦਿੱਤੀ ਹੈ, ਅਸੀਂ ਗੁਰੂ ਨੂੰ ਛੱਡ ਬਾਕੀ ਸਾਰਿਆਂ ਪ੍ਰਤੀ ਜਿੰਮੇਵਾਰ ਬਣਨ ਦੇ ਚੱਕਰ ਚ ਪੰਥਕ ਮੌਲਿਕਤਾ ਗਵਾ ਲਈ ਹੈ। ਅਸੀਂ ਬਸਤੀਵਾਦੀ ਦਿਮਾਗਾਂ ਵਲੋਂ ਉਸਾਰੇ ਢਾਂਚਿਆਂ ਤੋਂ ਕਦੇ ਵੀ ਬਾਹਰ ਹੋ ਕੇ ਨਹੀਂ ਸੋਚ ਸਕਦੇ।
ਨੀਲੀਆਂ ਫੌਜਾਂ ਸਾਡੇ ਲਈ ਸ਼ੀਸ਼ਾ ਹਨ, ਜਦੋਂ ਉਹ ਬੋਲਦੇ ਹਨ ਤਾਂ ਸਾਡੇ ਵਲੋਂ ਕਿਆਸੇ ਲਫਜਾਂ ਤੋਂ ਉਲਟ ਬੋਲਦੇ ਹਨ। ਉਹਨਾਂ ਦੇ ਮਨਾਂ ਚ ਆਧੁਨਿਕਤਾ ਤੇ ਬਸਤੀਵਾਦੀ ਢਾਂਚੇ ਨਹੀਂ ਉਸਰੇ। ਇਸ ਚੀਜ ਦਾ ਅਹਿਸਾਸ ਕਰਨ ਲਈ ਨਿਹੰਗ ਸਿੰਘਾਂ ਦੇ ਦਲਾਂ ਚ ਵਿਚਰਨਾ ਜਰੂਰੀ ਹੈ ਪਰ negative approach ਬਾਹਰ ਕੱਢ ਕੇ, ਜਥੇਦਾਰ ਨੂੰ ਛੱਡ ਆਮ ਨਿਹੰਗਾਂ ਨਾਲ ਗੱਲ ਕਰਿਓ ਤਾਂ ਮਹਿਸੂਸ ਕਰੋਗੇ ਕਿ ਅਸੀਂ ਕਿਥੇ ਖੜੇ ਹਾਂ, ਕਿੰਨੀਆਂ ਚਿੰਤਾਵਾਂ ਨਜਾਇਜ ਈ ਚੁੱਕੀ ਫਿਰਦੇ ਹਾਂ। ਉਹ ਗੰਦੇ ਪੈਰ ਤੇ ਮੈਲੇ ਬਾਣੇ ਤੋਂ ਝੇਪ ਨਹੀਂ ਮੰਨਦੇ ਕਿਉਂਕਿ ਉਨ੍ਹਾਂ ਤੇ ਆਧੁਨਿਕ ਥਾਟ ਦਾ ਅਸਰ ਨਹੀਂ। ਉਹ ਸਾਡੀ ਸੋਚ ਤੋਂ ਪਰੇ ਦੀ ਗੱਲ ਕਰਨਗੇ, ਅਸੀਂ ਹੰਕਾਰ ਦੇ ਭਰੇ ਹੋਏ ਮਨ ਚ ਸੋਚਦੇ ਹਾਂ ਕਿ ਕਿੰਨੀ ਬਚਕਾਨਾ ਸਮਝ ਹੈ। ਜਦੋਂ ਗੁਰੂ ਵਲ ਹੋਵੇ ਤਾਂ ਬਚਕਾਨਾ ਸਮਝਾਂ ਵੀ ਜਿੱਤ ਦਵਾ ਦਿੰਦੀਆਂ ਹਨ। ਬਚਕਾਨਾ ਸਮਝ ਨਿਆਮਤ ਹੈ, ਬਚਕਾਨਾ ਸਮਝ ਵਾਲੇ ਗੁਰੂ ਦੀ ਰਫਲ ਦੀ ਪਰਖ ਲਈ ਹਿੱਕ ਡਾਹ ਸਕਦੇ ਹਨ, ਨਾਗਨੀ ਬਰਛਾ ਤਵੀਆਂ ਚ ਠੋਕ ਸਕਦੇ ਹਨ।
ਉਹਨਾਂ ਨੂੰ ਬੰਦੇ ਪਿੱਛੇ ਬੰਦਾ ਖੜਾ ਦਿਸਦਾ ਹੈ, ਸਟੇਟ ਨਹੀਂ। ਉਹ ਦੋ ਵੀ ਚੂੰਗੀ ਲਗਾ ਸਕਦੇ ਹਨ। ਉਹ ਘੋੜੇ ਦੇ ਪੌੜ ਨੂੰ ਨਤਮਸਤਕ ਹੋ ਕੇ ਗੁਰੂ ਦੀਆਂ ਖੁਸ਼ੀਆਂਂ ਲੈ ਲੈਂਦੇ ਹਨ, ਉਹਨਾਂ ਵਾਸਤੇ ਜਥੇਦਾਰ ਪ੍ਰਧਾਨ ਮੰਤਰੀ ਹੈ, ਪ੍ਰਧਾਨ ਮੰਤਰੀ ਜਥੇਦਾਰ ਤੋਂ ਵੱਡਾ ਨਹੀਂ। ਪਾਤਸ਼ਾਹ ਨੀਲੀਆਂ ਫੌਜਾਂ ਨੂੰ ਚੜਦੀਕਲਾ ਚ ਰੱਖਣ, ਸਮੁੱਚੇ ਪੰਥ ਨੂੰ ਉਹਨਾਂ ਵਰਗੀ ਬੇਫਿਕਰੀ ਬਖਸ਼ਣ।
ਘੋੜੇ ਨੂੰ ਖਰਖਰਾ ਕਰਕੇ….ਅਨੰਦ
~ ਜੁਝਾਰ ਸਿੰਘ
Average Rating