Breaking News

ਭਵਿੱਖ ਦਾ ਨਾਇਕ ਕੌਣ ? ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਜਾਂ ਭਗਤ ਸਿੰਘ ?

0 0

ਜਿਸ ਇਤਿਹਾਸਿਕ ਨਾਇਕ ਨੂੰ ਸਟੇਟ ਨੇ ਗੋਦ ਲੈ ਲਿਆ ਹੋਵੇ, ਜਿਸਦੀਆਂ ਤਸਵੀਰਾਂ ਸਰਕਾਰੀ ਦਫ਼ਤਰਾਂ ਦਾ ਸ਼ਿੰਗਾਰ ਬਣਦੀਆਂ ਹੋਣ, ਜਿਸਦੇ ਦਿਨ ਸਰਕਾਰ ਵੱਲੋਂ ਖ਼ੁਦ ਮਨਾਏ ਜਾਂਦੇ ਹੋਣ, ਉਹ ਨਾਇਕ ਓਸੇ ਸਟੇਟ ਦੇ ਖਿਲਾਫ਼ ਵਿਦਰੋਹ ਦਾ ਪ੍ਰਤੀਕ ਕਿਵੇਂ ਬਣ ਸਕਦਾ ਹੈ?

ਭਗਤ ਸਿੰਘ ਨੂੰ ਬਰਤਾਨਵੀ ਬਸਤੀਵਾਦ ਦੇ ਖਿਲਾਫ਼ ਲੜਾਈ ਦਾ ਨਾਇਕ ਤਾਂ ਮੰਨਿਆ ਜਾ ਸਕਦਾ ਹੈ ਪਰ ਉਹ ਮੌਜੂਦਾ ਭਾਰਤੀ ਹਕੂਮਤ ਖਿਲਾਫ਼ ਵਿਦਰੋਹ ਦਾ ਪ੍ਰਤੀਕ ਨਹੀਂ ਬਣ ਸਕਦਾ। ਸਟੇਟ ਵੱਲੋਂ ਉਸਨੂੰ ਗੋਦ ਲਏ ਜਾਣ ਤੋਂ ਬਾਅਦ ਭਗਤ ਸਿੰਘ ਦਾ ਸਿਆਸੀ ਬਿੰਬ ਤੰਤਹੀਣ ਹੋ ਚੁੱਕਾ ਹੈ। ਹੁਣ ਇਸ ਬਿੰਬ ਨੂੰ ਸਿਰਫ ਉਹੀ ਵਰਤਦੇ ਹਨ ਜੋ ਸਿੱਧੇ-ਅਸਿੱਧੇ ਰੂਪ ਵਿੱਚ ਭਾਰਤੀ ਹਕੂਮਤ ਦੇ ਜ਼ੁਲਮਾਂ ਦੀ ਹਮਾਇਤ ਕਰਦੇ ਹਨ। ਪੰਜਾਬ ਵਿੱਚ ਖੱਬੇਪੱਖੀ ਧਿਰਾਂ ਭਗਤ ਸਿੰਘ ਦੇ ਵਿਰਸੇ ਦੀਆਂ ਵੱਡੀਆਂ ਦਾਅਵੇਦਾਰ ਹਨ। ਉਹਨਾਂ ਪਿਛਲੇ ਕੁਝ ਦਹਾਕਿਆਂ ਦੌਰਾਨ ਸਟੇਟ ਦੀ ਹੀ ਸੇਵਾ ਕੀਤੀ ਹੈ। ਸਿੱਖ ਜੁਝਾਰੂਆਂ ਦੀਆਂ ਮੁਖਬਰੀਆਂ ਤੋਂ ਲੈ ਕੇ ਪੁਲਿਸ ਦੀ ਦਲਾਲੀ ਤੱਕ, ਹਰ ਕੁਪੱਤਾ ਕੰਮ ਉਹਨਾਂ ਨੇ ਕੀਤਾ ਹੈ। ਖੱਬੇਪੱਖੀ ਧਿਰਾਂ ਤੋਂ ਬਿਨਾਂ ਮਨਪ੍ਰੀਤ ਬਾਦਲ ਦੀ (ਹੁਣ ਖ਼ਤਮ ਹੋ ਚੁੱਕੀ) ‘ਪੰਜਾਬ ਪੀਪਲਜ਼ ਪਾਰਟੀ’ ਅਤੇ ਅੱਜ-ਕੱਲ੍ਹ ਸੱਤਾਵਾਨ ‘ਆਮ ਆਦਮੀ ਪਾਰਟੀ’ ਵੀ ਭਗਤ ਸਿੰਘ ਦੀ ਵਿਰਾਸਤ ਉੱਤੇ ਦਾਅਵਾ ਕਰਦੀਆਂ ਰਹੀਆਂ ਹਨ। ਉਹਨਾਂ ਨੇ ਵੀ ਭਗਤ ਸਿੰਘ ਦੇ ਬਿੰਬ ਨੂੰ ਫੈਸ਼ਨਪ੍ਰਸਤੀ ਵਜੋਂ ਹੀ ਅਪਣਾਇਆ ਹੈ। ਉਸਦੇ ਵਿਚਾਰਾਂ ਜਾਂ ਕੰੰਮ ਕਰਨ ਦੇ ਢੰਗਾਂ ਬਾਰੇ ਕੋਈ ਗੰਭੀਰ ਸੰਵਾਦ ਨਹੀਂ ਆਰੰਭਿਆ।

ਅੱਜ ਸੁਆਲ ਇਹ ਬਣਦਾ ਹੈ ਕਿ ਕੀ ਭਗਤ ਸਿੰਘ ਅਜੋਕੇ ਸਮੇਂ ਦਾ ਨਾਇਕ ਬਣ ਸਕਦਾ ਹੈ। ਮੇਰਾ ਜੁਆਬ ਹੈ, ਬਿਲਕੁਲ ਨਹੀਂ।

ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਸਿਰਫ ਵੇਲ਼ਾ ਹੀ ਨਹੀਂ ਵਿਹਾ ਚੁੱਕੀ ਸਗੋਂ ਸਮੇਂ ਨੇ ਉਸਦੀ ਵਿਚਾਰਧਾਰਾ ਨੂੰ ਮਾਨਵਤਾ-ਵਿਰੋਧੀ ਵੀ ਸਾਬਤ ਕਰ ਦਿੱਤਾ ਹੈ।

ਭਗਤ ਸਿੰਘ ਦੀ ਵਿਚਾਰਧਾਰਾ ਦੇ ਦੋ ਪੱਖ ਹਨ: ਭਾਰਤੀ ਰਾਸ਼ਟਰਵਾਦ ਅਤੇ ਰੂਸੀ ਸਮਾਜਵਾਦ। ਦੋਹਾਂ ਉੱਤੇ ਉਸਰੇ ਰਾਜਨੀਤਕ ਢਾਂਚੇ ਨਿਰਦਈ ਸਾਬਤ ਹੋਏ ਹਨ। ਸੋਵੀਅਤ ਸੰਘ ਅਤੇ ਅਜੋਕੀ ਭਾਰਤੀ ਸਟੇਟ, ਦੋਹਾਂ ਨੇ ਆਪਣੀ ਸੱਤਾ ਨੂੰ ਪੱਕਿਆਂ ਕਰਨ ਲਈ ਨਸਲਕੁਸ਼ੀਆਂ ਦਾ ਸਹਾਰਾ ਲਿਆ ਹੈ। ਭਗਤ ਸਿੰਘ ਦੇ ਜਿਉਂਦੇ-ਜੀਅ ਸਤਾਲਿਨ ਨੇ ਕਤਲੇਆਮ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਸੀ। ਸਤਾਲਿਨ ੧੯੨੨ ਵਿੱਚ ਸੱਤਾ ਵਿੱਚ ਆਇਆ ਜਦੋਂ ਕਿ ਭਗਤ ਸਿੰਘ ਨੂੰ ਫਾਂਸੀ ੧੯੩੧ ਵਿੱਚ ਹੋਈ ਹੈ। ਭਗਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਸਤਾਲਿਨ ਨੇ ਯੂਕਰੇਨ ਦੇ ਲੋਕਾਂ ਦਾ ਕਤਲੇਆਮ ਕੀਤਾ ਜਿਸ ਵਿੱਚ ਅੰਦਾਜ਼ਨ ੩੫ ਲੱਖ ਤੋਂ ੫੦ ਲੱਖ ਦੇ ਕਰੀਬ ਯੂਕਰੇਨੀ ਲੋਕ ਮਾਰੇ ਗਏ। ਇਹ ਕਤਲੇਆਮ ਸਤਾਲਿਨ ਦੀ ਜਨੂੰਨੀ ਫਿਤਰਤ ਵਿੱਚੋਂ ਪੈਦਾ ਨਹੀਂ ਹੋਏ ਸਨ ਸਗੋਂ ਸੋਵੀਅਤ ਸੰਘ ਦੀ ਚਾਲਕ ਸ਼ਕਤੀ ਸਮਾਜਵਾਦੀ ਵਿਚਾਰਧਾਰਾ ਦੇ ਬੁਨਿਆਦੀ ਖਾਸੇ ਦੀ ਉਪਜ ਸਨ। ਇਸੇ ਕਾਰਨ ਅਜਿਹੇ ਕਤਲੇਆਮ ਸਮਾਜਵਾਦੀ ਵਿਚਾਰਧਾਰਾ ਉੱਤੇ ਉਸਰੇ ਹੋਰਨਾਂ ਮੁਲਕਾਂ ਵਿੱਚ ਵੀ ਵਾਪਰੇ। ਜੇਕਰ ਇਸ ਹਿੰਸਾ ਦਾ ਕਾਰਨ ਸਿਰਫ ਸਤਾਲਿਨ ਹੁੰਦਾ ਤਾਂ ਅਜਿਹੇ ਕਾਰੇ ਹੋਰ ਕਿਧਰੇ ਨਹੀਂ ਸਨ ਵਾਪਰਨੇ।

ਇਸੇ ਤਰ੍ਹਾਂ ੧੯੪੭ ਵਿੱਚ ਆਪਣੀ ਸਥਾਪਤੀ ਤੋਂ ਲੈ ਕੇ ਅੱਜ ਤੱਕ ਭਾਰਤ ਮਾਤਾ ਵੀ ਬੇਦੋਸ਼ਿਆਂ ਦੇ ਖੂਨ ਨਾਲ਼ ਆਪਣੀ ਤ੍ਰੇਹ ਮਿਟਾਉਂਦੀ ਰਹੀ ਹੈ।

ਭਗਤ ਸਿੰਘ ਦੇ ਦੋਹਾਂ ਰਾਜਨੀਤਕ ਆਦਰਸ਼ਾਂ ਦੀ ਦਰਿੰਦਗੀ ਨੂੰ ਵੇਖਦਿਆਂ ਜ਼ਾਹਰ ਹੈ ਕਿ ਭਗਤ ਸਿੰਘ ਭਵਿੱਖ ਦਾ ਨਾਇਕ ਨਹੀਂ ਹੋ ਸਕਦਾ। ਹਾਂ, ਉਸਦੀਆਂ ਤਮਾਮ ਖਾਮੀਆਂ ਦੇ ਬਾਵਜੂਦ ਵੀ ਪੰਜਾਬ ਦੇ ਇਤਿਹਾਸ ਵਿੱਚ ਉਸਦੀ ਥਾਂ ਰਹੇਗੀ। ਪਰ ਨਾਲ ਹੀ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਜੇ ਭਗਤ ਸਿੰਘ ਜਿਉਂਦਾ ਰਹਿੰਦਾ ਅਤੇ ਆਪਣੇ ਆਰੀਆ ਸਮਾਜੀ ਵਿਚਾਰਾਂ ਵਿੱਚੋਂ ਕਦੇ ਵੀ ਬਾਹਰ ਨਾ ਨਿੱਕਲਦਾ ਤਾਂ ਕੀ ਅੱਜ ਉਸਨੇ ਹਿੰਦੂ ਫਾਸ਼ੀਵਾਦ ਦਾ ਮੁਦੱਈ ਨਹੀਂ ਹੋਣਾ ਸੀ? ਜੇ ਪੰਜਾਬ ਦੀਆਂ ਖੱਬੇਪੱਖੀ ਧਿਰਾਂ ਇਮਾਨਦਾਰ ਹੁੰਦੀਆਂ ਤਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਸੁਆਲ ਜ਼ਰੂਰ ਪੁੱਛਣਾ ਸੀ। ਖੈਰ, ਉਹਨਾਂ ਦੀ ਇਮਾਨਦਾਰੀ ਬਾਰੇ ਤਾਂ ਇਹੀ ਕਿਹਾ ਜਾ ਸਕਦੈ:

ਹਮਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ …

ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਇੱਕੋ ਇੱਕ ਅਜਿਹੇ ਇਤਿਹਾਸਿਕ ਮਹਾਂਨਾਇਕ ਹਨ ਜਿਹਨਾਂ ਦੀ ਤਸਵੀਰ ਤੋਂ ਵੀ ਭਾਰਤੀ ਹਕੂਮਤ ਕੰਬਦੀ ਹੈ। ਅਮਰੀਕਾ ਵਿੱਚ ਵੀ ਚੀ ਗੁਵੇਰਾ ਦੀ ਤਸਵੀਰ ਉੱਤੇ ਪਾਬੰਦੀ ਨਹੀਂ। ਤੁਸੀਂ ਚੀ ਗੁਵੇਰਾ ਦੀ ਤਸਵੀਰ ਵਾਲ਼ੀ ਟੀ-ਸ਼ਰਟ ਪਹਿਨ ਕੇ ਵਾਈਟ ਹਾਊਸ ਵੀ ਜਾ ਸਕਦੇ ਹੋ। ਤੁਹਾਨੂੰ ਕੋਈ ਨਹੀਂ ਰੋਕੇਗਾ। ਪਰ ਭਾਰਤ ਅੰਦਰ ਸੰਤਾਂ ਦੀ ਤਸਵੀਰ ਨੂੰ ਸਥਾਪਤੀ ਵੱਲੋਂ ਖਤਰਾ ਸਮਝਿਆ ਜਾਂਦਾ ਹੈ। ਅਸਲ ਵਿੱਚ ਸਰਕਾਰ ਤਸਵੀਰ ਤੋਂ ਨਹੀਂ, ਤਸਵੀਰ ਰਾਹੀਂ ਪ੍ਰਕਾਸ਼ਮਾਨ ਹੁੰਦੇ ਜੇਤੂ ਜਲਾਲ ਤੋਂ ਤ੍ਰਭਕਦੀ ਹੈ। ਇਹੀ ਉਹ ਜਲਾਲ ਹੈ ਜਿਹੜਾ ਖਾਲਸਾ ਪੰਥ ਦੇ ਸਦੀਵੀ ਵਿਦਰੋਹ ਨੂੰ ਤਾਕਤ ਬਖਸ਼ਦਾ ਹੈ।

ਸੰਤ ਜੀ ਅਜੋਕੇ ਸਮੇਂ ਦੇ ਅਸਲੀ ਨਾਇਕ ਹਨ ਕਿਉਂਕਿ ਉਹਨਾਂ ਨੇ ਭਾਰਤੀ ਹਕੂਮਤ ਦੇ ਹਿੰਦੂਤਵੀ ਖਾਸੇ ਦੇ ਜ਼ਾਹਿਰ ਅਤੇ ਲੁਪਤ ਦੋਹਾਂ ਪੱਖਾਂ ਨੂੰ ਪਛਾਣਿਆ। ਨਹੀਂ ਤਾਂ ਬਹੁਤੇ ਖੱਬੇਪੱਖੀ ‘ਵਿਦਵਾਨ’ ਹੁਣ ਤੱਕ ਕਾਂਗਰਸ ਨੂੰ ਸੈਕੂਲਰ ਹੀ ਸਮਝੀ ਗਏ। ਕਾਂਗਰਸੀ ਲੀਡਰਸ਼ਿਪ ਐਨੀ ਕੁ ਘਾਗ ਸੀ ਕਿ ਉਹਨੇ ਹਿੰਦੂਤਵ ਨੂੰ ਜ਼ਾਹਰਾ ਰੂਪ ਵਿੱਚ ਅਪਣਾਉਣ ਦੀ ਬਜਾਏ ਇਸਨੂੰ ਸੈਕੂਲਰਵਾਦ ਦਾ ਮੁਲੰਮਾ ਚਾੜ੍ਹ ਕੇ ਵਰਤਿਆ। ਪਰ ਸੰਤਾਂ ਦੀ ਅਗੰਮੀ ਨਜ਼ਰ ਨੇ ਇਸ ਧੋਖੇ ਨੂੰ ਪਛਾਣ ਲਿਆ ਅਤੇ ਸਭ ਦੇ ਸਾਹਮਣੇ ਇਸਨੂੰ ਨਸ਼ਰ ਕਰ ਦਿੱਤਾ। ਕੇਵਲ ਉਹੋ ਹੀ ਇਸ ਸੱਚ ਨੂੰ ਹਜਮ ਨਾ ਕਰ ਸਕੇ ਜਿਹਨਾਂ ਨੇ ਅੰਦਰਖਾਤੇ ਹਕੂਮਤ ਨਾਲ ਸਾਂਝ ਪਾਈ ਹੋਈ ਸੀ।

ਸੰਤਾਂ ਦੀ ਸ਼ਖਸੀਅਤ ਦਾ ਦੂਜਾ ਪੱਖ ਇਹ ਹੈ ਕਿ ਉਹਨਾਂ ਦਾ ਵਿਦਰੋਹ ਭਾਰਤੀ ਸਟੇਟ ਤੱਕ ਸੀਮਤ ਨਹੀਂ ਸੀ। ਇਹ ਭਾਰਤੀ ਸਟੇਟ ਤੋਂ ਅੱਗੇ ਜਾ ਕੇ ਆਧੁਨਿਕਤਾ ਨਾਲ ਵੀ ਟਕਰਾਉਂਦਾ ਹੈ। ਮਾਰਕ ਟੱਲੀ ਨੇ ਵੀ ਆਪਣੀ ਪੁਸਤਕ ਵਿੱਚ ਇਹ ਗੱਲ ਦਰਜ ਕੀਤੀ ਹੈ ਭਾਵੇਂ ਕਿ ਉਸਨੇ ਇਸਨੂੰ ਪੇਸ਼ ਨਾਂਹਪੱਖੀ ਢੰਗ ਨਾਲ ਕੀਤਾ ਹੈ। ਆਧੁਨਿਕਤਾ ਨਾਲ ਇਹ ਟਕਰਾਅ ਸੰਤਾਂ ਦੀ ਸ਼ਖਸੀਅਤ ਨੂੰ ੨੦ਵੀਂ ਸਦੀ ਤੱਕ ਸੀਮਤ ਨਹੀਂ ਰਹਿਣ ਦਿੰਦਾ। ਉਹਨਾਂ ਦੇ ਬੋਲ ਅਤੇ ਉਹਨਾਂ ਦੀਆਂ ਤਸਵੀਰਾਂ ਆਉਣ ਵਾਲ਼ੀਆਂ ਕਈ ਸਦੀਆਂ ਤੱਕ ਹੱਕੀ ਵਿਦਰੋਹਾਂ ਲਈ ਪ੍ਰੇਰਨਾਸਰੋਤ ਬਣੀਆਂ ਰਹਿਣਗੀਆਂ। ਇੱਕੀਵੀਂ ਸਦੀ ਦੇ ਅੰਤ ਤੱਕ ਉਹਨਾਂ ਦਾ ਬਿੰਬ ਗਲੋਬਲ ਪਸਾਰ ਹਾਸਲ ਕਰ ਲਵੇਗਾ ਅਤੇ ਦੁਨੀਆਂ ਭਰ ਦੀਆਂ ਲਤਾੜੀਆਂ ਜਾ ਰਹੀਆਂ ਕੌਮਾਂ ਉਹਨਾਂ ਨੂੰ ਆਪਣਾ ਨਾਇਕ ਤਸੱਵਰ ਕਰਨਗੀਆਂ।

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੱਚੇ ਸੇਵਕ ਸਨ। ਉਹਨਾਂ ਆਪਣੀ ਹਉਂ ਗੁਰੂ-ਚਰਨਾਂ ਵਿੱਚ ਅਰਪਣ ਕੀਤੀ ਹੋਈ ਸੀ। ਉਹਨਾਂ ਅੰਦਰ ਮਹਾਂਸਾਗਰਾਂ ਵਰਗੀ ਅਮੁੱਕ ਸਾਂਝੀਵਾਲਤਾ ਸੀ। ਜਿਸ ਦਿਨ ਸਰਕਾਰੀ ਕੂੜ ਪ੍ਰਚਾਰ ਦਾ ਪ੍ਰਭਾਵ ਖ਼ਤਮ ਹੋ ਗਿਆ ਉਸ ਦਿਨ ਪੰਜਾਬ ਦਾ ਸੁਹਿਰਦ ਹਿੰਦੂ ਵੀ ਉਹਨਾਂ ਦੀ ਲੋੜ ਮਹਿਸੂਸ ਕਰੇਗਾ। ਜਦੋਂ ਉਹਨਾਂ ਦੇ ਕਰੀਬੀ ਸਾਥੀ ਬਾਬਾ ਠਾਰ੍ਹਾ ਸਿੰਘ ਅਤੇ ਭਾਈ ਅਮਰੀਕ ਸਿੰਘ ਜੇਲ੍ਹ ਅੰਦਰ ਕੈਦ ਸਨ ਤਾਂ ਕੁਝ ਹਿੰਦੂ ਕੈਦੀਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਜੇਲ੍ਹ ਅੰਦਰ ਮੰਦਰ ਬਣਾਉਣ ਵਿੱਚ ਸਾਡੀ ਮੱਦਦ ਕੀਤੀ ਜਾਵੇ। ਉਹਨਾਂ ਦੋਹਾਂ ਸ਼ਹੀਦ ਸਿੰਘਾਂ ਨੇ ਇਹ ਬੇਨਤੀ ਸਵੀਕਾਰ ਕੀਤੀ ਅਤੇ ਮੰਦਰ ਦੀ ਸਥਾਪਤੀ ਵਿੱਚ ਆਪਣਾ ਯੋਗਦਾਨ ਪਾਇਆ। ਵੀਹਵੀਂ ਸਦੀ ਦੇ ਪੰਜਾਬ ਵਿੱਚ ਸਾਂਝੀਵਾਲਤਾ ਦੀ ਇਹਦੇ ਤੋਂ ਵੱਡੀ ਮਿਸਾਲ ਹੋਰ ਕੀ ਹੋਵੇਗੀ?

ਸੰਤ ਜਰਨੈਲ ਸਿੰਘ ਭਵਿੱਖ ਦੇ ਨਾਇਕ ਹਨ। ਆਉਣ ਵਾਲ਼ੇ ਦਿਨਾਂ ਵਿੱਚ ਉਹਨਾਂ ਦਾ ਪ੍ਰਤਾਪ ਸਿੱਖਾਂ ਤੋਂ ਬਾਹਰ ਹੋਰ ਭਾਈਚਾਰਿਆਂ ਵਿੱਚ ਵੀ ਵਧੇਗਾ। ਉਹ ਸੁਭਾਗਾ ਦਿਨ ਦੂਰ ਨਹੀਂ ਜਦੋਂ ਮਨੁੱਖੀ ਫਿਤਰਤ ਦਾ ਵਿਦਰੋਹੀ ਖਾਸਾ ਸੰਤ ਜਰਨੈਲ ਸਿੰਘ ਦੀ ਤਸਵੀਰ ਅੰਦਰੋਂ ਆਪਣੇ ਹਰਿਆਲੇ ਭਵਿੱਖ ਦੇ ਨਕਸ਼ ਤਲਾਸ਼ ਲਵੇਗਾ।

– ਪ੍ਰਭਸ਼ਰਨਬੀਰ ਸਿੰਘ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply