ਸਿੱਖ ਧਰਮ ਦੀ ਨੀਂਹ ਕੁਰਬਾਨੀ ਤੇ ਰੱਖੀ ਗਈ ਹੈ। ਇਤਿਹਾਸ ਵਿੱਚ ਜਦ ਵੀ ਸ਼ਹਾਦਤਾਂ ਦੀ ਰੁੱਤ ਆਈ ਹੈ ਤਾਂ ਸਿੱਖਾਂ ਨੇ ਕਦੇ ਸ਼ਹੀਦੀਆਂ ਪਾਉਣ ਤੋਂ ਪਿੱਠ ਨਹੀਂ ਦਿਖਾਈ। ਅੱਜ ਤੋਂ ਇੱਕ ਸਦੀ ਪਹਿਲਾਂ ਸਮੇਂ ਨੇ ਫਿਰ ਖਾਲਸੇ ਦਾ ਸਬਰ ਪਰਖਣ ਦਾ ਤਹਈਆ ਕੀਤਾ। ਸੂਰਮਿਆਂ ਨੇ ਇੱਕ ਵਾਰ ਫੇਰ ਸਮੇਂ ਦੀ ਝੋਲੀ ਚ ਸਿਰਾਂ ਦੀ ਖੈਰ ਪਾਈ। ਇਸ ਵਾਰ ਗੱਲ ਗੁਰੂਘਰਾਂ ਨੂੰ ਪਖੰਡੀ ਮਹੰਤਾਂ ਤੋਂ ਅਜ਼ਾਦ ਕਰਾਉਣ ਦੀ ਸੀ। ਸਿਦਕ ਦੀ ਮੂਰਤ ਸੂਰਮਿਆਂ ਨੇ ਸਿਰ ਤੇ ਕਫ਼ਨ ਬੰਨ ਕੇ ਸ਼ਹੀਦੀ ਜਥੇ ਤੋਰੇ ਅਤੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਸਮੁੱਚੇ ਇਤਿਹਾਸਕ ਗੁਰੂਧਾਮਾਂ ਨੂੰ ਅਜ਼ਾਦ ਕਰਵਾ ਕੇ ਗੁਰ ਮਰਯਾਦਾ ਬਹਾਲ ਕਰਵਾਈ।
ਗੁਰਦੁਆਰਾ ਸੁਧਾਰ ਲਹਿਰ ਵਿੱਚ ਸਾਕਾ ਨਨਕਾਣਾ ਸਾਹਿਬ ਦਾ ਕੇਂਦਰੀ ਮਹੱਤਵ ਹੈ। ਮੌਕੇ ਤੇ ਨਨਕਾਣਾ ਸਾਹਿਬ ਤੇ ਕਾਬਜ਼ ਮਹੰਤਾਂ ਨੂੰ ਅੰਗਰਜ਼ ਹਕੂਮਤ ਦੀ ਸਰਪ੍ਰਸਤੀ ਹਾਸਿਲ ਸੀ। ਤਾਕਤ ਦੇ ਨਸ਼ੇ ਚ ਚੂਰ ਮਹੰਤਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨੂੰ ਆਪਣੀ ਨਿੱਜੀ ਜਗੀਰ ਸਮਝਦਿਆਂ ਉੱਥੇ ਕੁਕਰਮ ਕੀਤੇ ਜਾਣ ਲੱਗੇ।
ਗੁਰੂ ਸਾਹਿਬ ਦੇ ਬਖਸ਼ੇ ਹੁਕਮਨਾਮੇ ਤੇ ਪੂਰੇ ਉਤਰਦਿਆਂ ਸਿੰਘਾਂ ਨੇ ਤਨ ਦੇ ਟੋਟੇ ਕਰਵਾ ਲਏ ਤੇ ਜਿਉਂਦੇ ਸਾੜ ਦਿੱਤੇ ਗਏ ਪਰ ਗੁਰੂ ਦੇ ਕਾਰਜ ਤੋਂ ਬੇਮੁੱਖ ਨਾ ਹੋਏ। ਆਓ ਸਾਕਾ ਨਨਕਾਣਾ ਸਾਹਿਬ ਬਾਰੇ ਜਾਣਦੇ ਹਾਂ।
ਸਾਕਾ ਨਨਕਾਣਾ ਸਾਹਿਬ ਵਾਪਰਨ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ ਦੀ ਬੇਅਦਬੀ ਕੀਤੀ ਗਈ ਜਿਸਨੂੰ ਸ਼ਹੀਦੀ ਬੀੜ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਟਕੂਏ ਛਵੀਆਂ ਨਾਲ ਜਖਮੀ ਕੀਤਾ ਗਿਆ, ਮਹਾਰਾਜ ਦੇ ਸਰੂਪ ਉੱਪਰ ਗੋਲੀਆਂ ਦੀ ਵਾਛੜ ਕੀਤੀ ਗਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਚੋਂ 9 ਗੋਲੀਆਂ ਮਿਲੀਆਂ। ਇਹ ਗੋਲੀਆਂ ਪਵਿੱਤਰ ਬੀੜ ਚ ਉਸ ਪਾਸੇ ਤੋਂ ਲੱਗੀਆਂ ਜਿਸ ਪਾਸੇ ਵੱਲੋਂ ਸੰਗਤ ਨਤਮਸਤਕ ਹੁੰਦੀ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲਛਮਣ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ ਅਤੇ ਉਹਨਾਂ ਦਾ ਖੂਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1132 ਤੋਂ ਲੈ ਕੇ 1228 ਤੱਕ ਫੈਲ ਗਿਆ। ਅੰਗ 462 ਤੋਂ ਛਵੀਆਂ ਦੇ ਕੱਟ ਸ਼ੁਰੂ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਭਾਈ ਲਛਮਣ ਸਿੰਘ ਆਸਾ ਦੀ ਵਾਰ ਦਾ ਪਾਠ ਕਰਨ ਲੱਗੇ ਸਨ।
ਭਾਈ ਲਛਮਣ ਸਿੰਘ ਧਾਰੋਵਲੀ, ਭਾਈ ਕਰਤਾਰ ਸਿੰਘ ਅਤੇ ਹੋਰ ਸਿੱਖ ਸਖਸ਼ੀਅਤਾਂ ਨੇ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਤਰਨਤਾਰਨ ਸਾਹਿਬ ਸਮੇਤ ਹੋਰ ਕਈ ਇਤਿਹਾਸਕ ਅਸਥਾਨ ਮਹੰਤਾਂ ਤੋਂ ਅਜ਼ਾਦ ਕਰਾਉਣ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਨੂੰ ਮਹੰਤ ਨਾਰਾਯਣ ਦਾਸ ਪਾਸੋਂ ਅਜ਼ਾਦ ਕਰਾਉਣ ਲਈ ਪਿੰਡਾਂ ਸ਼ਹਿਰਾਂ ਤੋਂ ਸੰਗਤਾਂ ਦੇ ਜਥੇ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਪੰਥਕ ਆਗੂਆਂ ਵੱਲੋਂ 19 ਫ਼ਰਵਰੀ 1921 ਨੂੰ ਸ਼੍ਰੀ ਨਨਕਾਣਾ ਸਾਹਿਬ ਵਲ ਚਾਲੇ ਪਾਉਣ ਦਾ ਫੈਸਲਾ ਕੀਤਾ। ਭਾਈ ਲਛਮਣ ਸਿੰਘ ਧਾਰੋਵਲੀ ਦਾ ਜਥਾ 19 ਫ਼ਰਵਰੀ ਨੂੰ ਰਾਤ ਸਾਢੇ ਅੱਠ ਵਜੇ ਤੁਰਿਆ। ਤੁਰਨ ਤੋਂ ਪਹਿਲਾਂ ਸੰਗਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ।
ਹੁਕਮਨਾਮਾ ਆਇਆ:
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥੧॥
ਦਰਸਨੁ ਹਰਿ ਦੇਖਣ ਕੈ ਤਾਈ ॥ ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥
ਜੇ ਸੁਖੁ ਦੇਹਿ ਤ ਤੁਝਹਿ ਅਰਾਧੀ ਦੁਖਿ ਭੀ ਤੁਝੈ ਧਿਆਈ ॥੨॥
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਿਚ ਸੂਖ ਮਨਾਈ ॥੩॥
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਿਚ ਅਗਨੀ ਆਪੁ ਜਲਾਈ ॥੪॥
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥੫॥
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥੬॥
ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨
ਹੁਕਮਨਾਮਾ ਸਰਵਣ ਕਰਦਿਆਂ ਹੀ ਜਥੇ ਨੂੰ ਤਨ ਮਨ ਗੁਰੂ ਤੋਂ ਵਾਰਨ ਦਾ ਚਾਅ ਚੜ ਗਿਆ।
ਭਾਈ ਸਾਹਿਬ ਦੇ ਪਿੰਡੋਂ 7 ਸਿੰਘ ਅਤੇ 3 ਬੀਬੀਆਂ ਦਾ ਜਥਾ ਚਲਿਆ। ਰਸਤੇ ਵਿੱਚ ਹੋਰ ਸਿੰਘ ਸਿੰਘਣੀਆਂ ਨਾਲ ਰਲਦੇ ਗਏ। ਜਦੋਂ ਜਥਾ ਨਜ਼ਾਮਪੁਰ ਦੇਵਾ ਸਿੰਘ ਪੁੱਜਾ ਤਾਂ ਉੱਥੇ ਭਾਈ ਈਸ਼ਰ ਸਿੰਘ ਬਹੇੜੁ ਵਾਲਿਆਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲਿਆ ਤਾਂ ਉਹੀ ਹੁਕਮਨਾਮਾ ਦੋਬਾਰਾ ਆਇਆ। ਸਿੰਘਾਂ ਨੇ ਅਰਦਾਸੇ ਸੋਧ ਕੇ ਜੈਕਾਰਿਆਂ ਦੀ ਗੂੰਜ ਚ ਚਾਲੇ ਪਾਏ।
ਜਥਾ ਕੋਟਲਾ ਰੁਕਿਆ ਜਿੱਥੇ ਸੰਤ ਪਾਲ ਸਿੰਘ ਜਥੇ ਨੂੰ ਮਿਲੇ। ਉਹਨਾਂ ਨੂੰ ਨਨਕਾਣਾ ਸਾਹਿਬ ਤੋਂ ਮਹੰਤਾਂ ਦੀ ਤਿਆਰੀ ਬਾਰੇ ਸੂਹ ਲੈਣ ਲਈ ਭੇਜਿਆ ਗਿਆ ਸੀ। ਉਹਨਾਂ ਨੇ ਜਥੇ ਨੂੰ ਮਹੰਤਾਂ ਦੀ ਤਿਆਰੀ,ਹਥਿਆਰ, ਗਿਣਤੀ ਅਤੇ ਮੋਰਚਾਬੰਦੀ ਬਾਰੇ ਅਗਾਹ ਕੀਤਾ ਅਤੇ ਸ ਉੱਤਮ ਸਿੰਘ ਅਤੇ ਹੋਰ ਜਿੰਮੇਵਾਰ ਬੰਦਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2000 ਤੋਂ 3000 ਸਿੱਖ ਹੀ ਕੂਚ ਕਰਨ ਉਸ ਤੋਂ ਘੱਟ ਸਿੱਖਾਂ ਦਾ ਜਾਣਾ ਖਤਰਨਾਕ ਸਾਬਿਤ ਹੋ ਸਕਦਾ ਹੈ।
ਜਥੇਦਾਰ ਲਛਮਣ ਸਿੰਘ ਨੇ ਕਿਹਾ ਕਿ ਅਰਦਾਸਾ ਸੋਧਿਆ ਜਾ ਚੁੱਕਾ ਹੈ, ਹੁਣ ਜੋ ਹੋਵੇਗਾ ਵਾਹਿਗੁਰੂ ਦੇ ਭਾਣੇ ਵਿੱਚ ਹੀ ਹੋਵੇਗਾ। ਉਹਨਾਂ ਕਿਹਾ ਕਿ ਅਸੀਂ ਕਰਤਾਰ ਸਿੰਘ ਝੱਬਰ ਨੂੰ ਬਚਨ ਦਿੱਤਾ ਹੈ, ਹੁਣ ਜਾਣਾ ਹੀ ਜਾਣਾ ਹੈ।
ਉਹਨਾਂ ਕਿਹਾ ਕਿ ਸਤਗੁਰੁ ਦਾ ਉਪਦੇਸ਼ ਹੈ:
ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭ ਕਚਾ ॥
ਜਥਾ ਨਹਿਰ ਪਾਰ ਕਰ ਕੇ ਰੁਕ ਗਿਆ ਅਤੇ ਕੁਝ ਸਿੰਘਾਂ ਨੂੰ ਕਰਤਾਰ ਸਿੰਘ ਝੱਬਰ ਦੇ ਜਥੇ ਦਾ ਪਤਾ ਲੈਣ ਲਈ ਭੇਜਿਆ। ਉਸ ਸਮੇਂ ਭਾਈ ਟਹਿਲ ਸਿੰਘ ਨੇ ਕਿਹਾ ਕਿ ਜਦੋਂ ਸਿਰ ਦੇਣ ਲਈ ਤੁਰ ਪਏ ਤਾਂ ਕਿਸੇ ਨੂੰ ਕਿਉਂ ਉਡੀਕੀਏ ਸਾਰੇ ਤੀਰ ਵਾਂਗ ਨਨਕਾਣਾ ਸਾਹਿਬ ਵਲ ਤੁਰ ਪਏ।
ਜਥੇ ਦੇ ਕੁਝ ਸਿੰਘ ਕਹਿਣ ਲੱਗੇ ਕਿ ਲੜਾਈ ਸਾਧਾਂ ਨਾਲ ਨਹੀਂ ਸਰਕਾਰ ਨਾਲ ਹੈ, ਵੱਡਾ ਖਤਰਾ ਸਾਬਿਤ ਹੋ ਸਕਦਾ ਹੈ। ਜਥੇਦਾਰ ਲਛਮਣ ਧਾਰੋਵਲੀ ਨੇ ਕਿਹਾ ਕਿ ਫਿਰ ਜੋ ਮੁੜਨਾ ਚਾਹੁੰਦਾ ਹੈ ਤਾਂ ਮੁੜ ਜਾਵੇ। ਬਾਲ ਦਰਬਾਰਾ ਸਿੰਘ ਗਰਜਿਆ ਕਿ ਹੁਣ ਸ਼ਹਾਦਤਾਂ ਹੋਣਗੀਆਂ ਪਰ ਵਾਪਿਸ ਨਹੀਂ ਜਾਵਾਂਗੇ।
ਜਥੇਦਾਰ ਲਛਮਣ ਸਿੰਘ ਧਾਰੋਵਲੀ ਨੇ ਖੂੰਡੇ ਨਾਲ ਲਕੀਰ ਖਿੱਚਦਿਆਂ ਕਿਹਾ ਕਿ ਜੋ ਸ਼ਾਂਤਮਈ ਰਹਿ ਕੇ, ਬਿਨਾਂ ਜਵਾਬੀ ਵਾਰ ਕੀਤਿਆਂ ਸ਼ਹਾਦਤ ਦੇਣ ਲਈ ਤਿਆਰ ਹੈ ਓਹੀ ਲਕੀਰ ਟੱਪੇ । ਸਾਰਾ ਜਥਾ ਲਕੀਰ ਟੱਪ ਕੇ ਨਨਕਾਣਾ ਸਾਹਿਬ ਦੀ ਜੂਹ ਚ ਵੜ ਗਿਆ। ਜਥੇਦਾਰ ਲਛਮਣ ਸਿੰਘ ਧਾਰੋਵਾਲ ਨੇ ਕਿਹਾ ਕਿ ਜੇ ਤੁਸੀਂ ਚਾਹੋ ਤਾਂ ਹੋਰ ਜੱਥੇਦਾਰ ਚੁਣ ਲਵੋ ਪਰ ਕਿਸੇ ਹਾਮੀ ਨਾ ਭਰੀ। ਜੋ ਬੀਬੀਆਂ ਜਥੇ ਨਾਲ ਸਨ ਉਹਨਾਂ ਨੂੰ ਤੰਬੂ ਸਾਹਿਬ ਵੱਲ ਭੇਜ ਦਿੱਤਾ, ਸਿੰਘਾਂ ਵੱਲੋਂ ਕੀਮਤੀ ਸਮਾਨ ਅਤੇ ਨਕਦੀ ਬੀਬੀਆਂ ਨੂੰ ਦੇ ਦਿੱਤੀ ਗਈ।
ਜਥੇਦਾਰ ਵੱਲੋਂ ਦੁਬਾਰਾ ਸ਼ਾਂਤਮਈ ਰਹਿਣ ਦਾ ਪ੍ਰਣ ਦ੍ਰਿੜ ਕਰਵਾਇਆ ਗਿਆ। ਭਾਈ ਈਸ਼ਰ ਸਿੰਘ ਅਤੇ ਗੁਰਬਖਸ਼ ਸਿੰਘ ਦਰਵਾਜ਼ਾ ਦੇਖਣ ਗਏ। ਦਰਵਾਜ਼ਾ ਖੁੱਲਾ ਹੋਣ ਬਾਰੇ ਦੱਸਣ ਲਈ ਕੋਡ ਰੱਖਿਆ ਗਿਆ ਕਿ “ਟਿਕਟ ਖੁੱਲ ਗਈ ਹੈ, ਭੱਜ ਕੇ ਗੱਡੀ ਚੜ੍ਹੀਏ।” ਭਾਈ ਗੁਰਬਖਸ਼ ਸਿੰਘ ਨੇ ਦਰਵਾਜ਼ਾ ਖੁੱਲਾ ਹੋਣ ਦਾ ਸੰਦੇਸ਼ ਦਿੱਤਾ। ਜਥਾ ਫੁਰਤੀ ਨਾਲ ਨਨਕਾਣਾ ਸਾਹਿਬ ਵਲ ਤੁਰ ਪਿਆ।
ਰਸਤੇ ਚ ਚੌਧਰੀ ਪਾਲ ਸਿੰਘ ਅਤੇ ਭਾਈ ਵਰਿਆਮ ਸਿੰਘ ਨੇ ਜਥੇ ਨੂੰ ਰੋਕਦਿਆਂ ਕਿਹਾ ਕਿ ਅਜੇ ਪੰਥ ਦਾ ਹੁਕਮ ਨਹੀਂ। ਜਥੇ ਦੇ ਸਿੰਘਾਂ ਨੇ ਕਿਹਾ ਕਿ ਤੁਸੀਂ ਪਰੇ ਹੋਵੋ , ਅਸੀਂ ਅਕਾਲੀ ਫੂਲਾ ਸਿੰਘ ਦੇ ਵਾਰਿਸ ਹਾਂ ਅਰਦਾਸ ਕਰਕੇ ਪਿੱਛੇ ਨਹੀਂ ਹਟਦੇ।
ਪੌਣੇ ਛੇ ਵਜੇ ਦੇ ਕਰੀਬ ਜੱਥਾ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਿਆ ।ਭਾਈ ਲਛਮਣ ਸਿੰਘ ਅਤੇ ਭਾਈ ਗੁਰਿਦੱਤ ਸਿੰਘ ਜੀ ਸ਼ਾਹਕੋਟ ਨੇ ਦਰਸ਼ਨੀ ਡਿਉੜੀ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਸਾਰਾ ਜੱਥਾ ਬਾਰ੍ਹਾਂਦਰੀ ਦੇ ਅੰਦਰ ਚਲਾ ਗਿਆ। ਭਾਈ ਠਾਕਰ ਦਾਸ ਗ੍ਰੰਥੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਤਾਬਿਆ ਬੈਠਾ ਸੀ। ਉਸ ਨੂੰ ਇਕ ਸਿੰਘ ਨੇ ਬਾਂਹੋ ਫੜਕੇ ਉਠਾ ਦਿੱਤਾ ਤੇ ਭਾਈ ਲਛਮਣ ਸਿੰਘ ਜੀ ਗੁਰੁ ਸਾਹਿਬ ਦੀ ਤਾਬਿਆ ਬੈਠ ਗਏ। ਜੱਥੇਦਾਰ ਜੀ ਨੇ ਵਾਕ ਲਿਆ।
ਜੋ ਧੰਨੂਆਣੇ ਦੇ ਸਿੰਘ ਜੱਥੇ ਵਿਚ ਸ਼ਾਮਲ ਹੋ ਕੇ ਆਏ ਸਨ, ਉਹਨਾਂ ਦੇ ਕੁੱਝ ਰਿਸ਼ਤੇਦਾਰ ਮਹੰਤਾਂ ਦੇ ਪਾਸਿਓਂ ਛਵ੍ਹੀਆਂ ਅਤੇ ਡਾਗਾਂ ਲੈਕੇ ਖੜ੍ਹੇ ਸਨ। ਸਿੰਘਾਂ ਨੇ ਉਹਨਾਂ ਨੂੰ ਸਿਆਣਕੇ ਕਿਹਾ ਕਿ ਤੁਸੀਂ ਹੁਣ ਆਪਣੇ ਰਿਸ਼ਤੇਦਾਰਾਂ ਨੂੰ ਵੱਢੋਗੇ? ਅੱਗੋ ਉਹਨਾਂ ਨੇ ਨਾ ਚ ਜਵਾਬ ਦਿੰਦਿਆਂ ਹਥਿਆਰ ਸੁੱਟ ਦਿੱਤੇ। ।ਜਥੇ ਦੇ ਸਿੰਘਾਂ ਨੇ ਉਹਨਾਂ ਦੀਆਂ ਡਾਗਾਂ ਅਤੇ ਛਵ੍ਹੀਆਂ ਅੰਦਰਲੀ ਬਾਉਲੀ ਵਿਚ ਸੁੱਟ ਦਿੱਤੀਆਂ।
19 ਫਰਵਰੀ ਦੀ ਰਾਤ ਨੂੰ ਮਹੰਤਾਂ ਵੱਲੋਂ ਤਿੰਨ ਸੌ ਦੇ ਕਰੀਬ ਛਵ੍ਹੀਆਂ ਅਤੇ ਡਾਗਾਂ ਵਾਲਾ ਬੰਦਾ ਇਕੱਠਾ ਕੀਤਾ ਗਿਆ ।ਮਹੰਤਾਂ ਵੱਲੋਂ ਡਾਗਾਂ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ। ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਡਾਕੂ ਅਤੇ ਬਦਮਾਸ਼ ਬਾਹਰ ਦੇ ਇਲਾਕਿਆਂ ਤੋਂ ਮੰਗਵਾਏ ਹੋਏ ਸਨ। ਉਹਨਾਂ ਨੂੰ ਸ਼ਰਾਬ ਪਿਆਈ ਗਈ ਅਤੇ ਹੋਰ ਅਯਾਸ਼ੀ ਦੇ ਪ੍ਰਬੰਧ ਕੀਤੇ ਗਏ ਸਨ। ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਜਦੋਂ ਅਕਾਲੀਏ ਆਉਣਗੇ ਉਦੋਂ ਤੁਸੀਂ ਆਪਣਾ ਕੰਮ ਕਰਨਾ।
ਮਹੰਤ ਦੇ ਰਿਸ਼ਤੇਦਾਰ ਵੀ ਅਕਾਲੀਆਂ ਨੂੰ ਮਾਰਨ ਵਾਸਤੇ ਆਏ ਹੋਏ ਸਨ। ਇਹ ਤਮਾਮ ਹਥਿਆਰਬੰਦ ਲੋਕ ਅਕਾਲੀਆਂ ਨੂੰ ਸਾਰੀ ਰਾਤ ਉਡੀਕਦੇ ਰਹੇ, ਦਿਨ ਚੜਦਾ ਦੇਖ ਉਹ ਨਨਕਾਣਾ ਸਾਹਿਬ ਤੋਂ ਵਾਪਸ ਆਪਣੇ ਟਿਕਾਣੇ ਵੱਲ ਜਾਣ ਲੱਗੇ ਜੋ 3 ਕੁ ਮੀਲ ਦੂਰ ਸੀ। ਉਹਨਾਂ ਨੂੰ ਇੰਝ ਲੱਗਾ ਕਿ ਹੁਣ ਕੋਈ ਨਹੀਂ ਆਵੇਗਾ। ਅਜੇ ਉਹ ਥੋੜੀ ਦੂਰ ਹੀ ਗਏ ਸਨ ਤਾਂ ਪਿੱਛੋਂ ਸੁਨੇਹਾ ਆ ਗਿਆ ਕਿ ਅਕਾਲੀ ਪਹੁੰਚ ਗਏ ਹਨ। ਜਦ ਉਹ ਵਾਪਸ ਆਏ ਤਾਂ ਅਕਾਲੀਆਂ ਵੱਲੋਂ ਗੁਰੂਘਰ ਦਾ ਦਰ ਅੰਦਰੋਂ ਬੰਦ ਕੀਤਾ ਜਾ ਚੁੱਕਾ ਸੀ। ਤਦ ਸਾਰੇ ਬਦਮਾਸ਼ ਆਪਣੇ ਹਥਿਆਰਾਂ ਸਮੇਤ ਨਾਲ ਲੱਗਦੇ ਕੋਠੇ ਤੇ ਚੜ ਗਏ ਅਤੇ ਅੰਨੇਵਾਹ ਗੋਲੀ ਚਲਾਉਣ ਲੱਗੇ। ਮਹੰਤ ਨਾਰਾਇਣ ਦਾਸ ਸ਼ਰਾਬੀ ਹੋਏ ਬਦਮਸ਼ਾਂ ਨੂੰ ਹੋਰ ਹਲਾਸ਼ੇਰੀ ਦੇ ਰਿਹਾ ਸੀ। ਜਥੇ ਵਿੱਚੋਂ 5-10 ਸਿੰਘ ਗੋਲੀਆਂ ਲੱਗਣ ਕਾਰਣ ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਸ਼ਹੀਦ ਹੋ ਚੁੱਕੇ ਸਨ।
ਨਾਰਾਇਣ ਦਾਸ ਦਾ ਚੇਲਾ ਗੁਰਦਿੱਤ ਸਿੰਘ (ਪ੍ਰੇਮ ਦਾਸ) ਕਾਰਤੂਸਾਂ ਦੀ ਬੋਰੀ ਲਈ ਕੋਠੇ ਚੜ ਗਿਆ ਤੇ ਬਦਮਸ਼ਾਂ ਨੂੰ ਕਾਰਤੂਸਾਂ ਵੰਡਣ ਲੱਗਾ। ਸਿੰਘਾਂ ਵਿੱਚ ਬਹੁਤ ਜੋਸ਼ ਸੀ, ਉਹ ਕਹਿਣ ਲੱਗੇ ਕਿ ਜਥੇਦਾਰ ਜੀ ਭਾਵੇਂ ਸ਼ਹੀਦੀ ਹੋ ਜਾਵੇ ਪਰ ਇੱਕ ਵਾਰ ਉੱਪਰੋਂ ਗੋਲੀਆਂ ਚਲਾਉਣ ਵਾਲਿਆਂ ਨੂੰ ਹੇਠਾਂ ਲਾਹੁਣਾ। ਜਥੇਦਾਰ ਲਛਮਣ ਸਿੰਘ ਨੇ ਕਿਹਾ ਕਿ ਇੰਝ ਬਿਲਕੁਲ ਨਹੀਂ ਕਰਨਾ। ਸ਼੍ਰੋਮਣੀ ਕਮੇਟੀ ਦਾ ਹੁਕਮ ਹੈ ਕਿ ਅਸੀਂ ਸ਼ਾਂਤਮਈ ਰਹਿਣਾ ਹੈ। ਫਿਰ ਕੁਝ ਸਿੰਘਾਂ ਨੇ ਕਿਹਾ ਕਿ ਕਿਉਂ ਨਾ ਉੱਪਰ ਜਾ ਕੇ ਬੰਦੂਕਾਂ ਖੋਹ ਲਿਆਈਏ? ਜਥੇਦਾਰ ਨੇ ਫਿਰ ਕਿਹਾ ਕਿ ਮਤਾਂ ਸਾਥੋਂ ਹੱਥ ਚੁੱਕਿਆ ਜਾਵੇ, ਸਿੱਧੇ ਹੋ ਕੇ ਸਿਰ ਦਈ ਚਲੋ। ਜਥੇਦਾਰ ਦਾ ਹੁਕਮ ਮੰਨਦਿਆਂ ਸਿੰਘ ਛਾਤੀਆਂ ਤਾਣ ਕੇ ਬਰਾਂਦਰੀ ਵਿੱਚੋਂ ਬਾਹਰ ਆਉਣ ਲੱਗੇ । ਦੇਖਦਿਆਂ ਹੀ ਦੇਖਦਿਆਂ 30-35 ਸਿੰਘ ਸ਼ਹੀਦ ਹੋ ਗਏ।
ਮਹੰਤ ਸ਼ਰਾਬ ਦੇ ਨਸ਼ੇ ਚ ਚੂਰ ਘੋੜੀ ਤੇ ਸਵਾਰ ਹੋ ਹੱਥ ਚ ਪਿਸਤੌਲ ਫੜੀ ਗੁੰਡਿਆਂ ਦੀ ਧਾੜ ਦੀ ਅਗਵਾਈ ਕਰ ਰਿਹਾ ਸੀ। ਉਹ ਉੱਚੀ ਉੱਚੀ ਕਹਿ ਰਿਹਾ ਸੀ ਕਿ ਅੱਜ ਨਨਕਾਣਾ ਸਾਹਿਬ ਚ ਇੱਕ ਵੀ ਅਕਾਲੀ ਜਿਉਂਦਾ ਨਹੀਂ ਰਹਿਣ ਚਾਹੀਦਾ , ਜੋ ਹੋਵੇਗਾ ਮੈਂ ਆਪੀ ਝੱਲ ਲਵਾਂਗਾ । ਗੋਲੀਆਂ ਬਰਾਂਦਰੀ ਦੇ ਅੰਦਰ ਵੀ ਆਉਣ ਲੱਗੀਆਂ। ਕਾਤਲਾਂ ਦੀ ਧਾੜ ਕੋਠੇ ਤੇ ਚੜ ਗਈ ਤੇ ਗੋਲੀਆਂ ਦੇ ਨਾਲ ਨਾਲ ਇੱਟਾਂ ਵੀ ਵਰਾਉਣ ਲੱਗੀ। ਏਨੇ ਨੂੰ ਪਿਆਰ ਦਾਸ , ਲਾਲ ਦਾਸ ਅਤੇ ਗੋਮੀ ਵੀ ਆ ਗਏ ਅਤੇ ਉਹਨਾਂ ਭੀੜ ਨੂੰ ਕਿਹਾ ਕਿ ਦਰਸ਼ਨੀ ਡਿਉਢੀ ਦੇ ਖੱਬੇ ਬੁਰਜ ਚੋਂ ਬੰਦੂਕਾਂ ਅਤੇ ਪਿਸਤੋਲਾਂ ਕੱਢ ਲਵੋ। ਸਿੰਘ ਉੱਚੀ ਉੱਚੀ ਕਹਿਣ ਲੱਗੇ ਕਿ ਸ਼ਾਂਤਮਈ ਰਹੋ।
ਹੁਣ ਦੋ ਪਾਸਿਓਂ ਗੋਲੀ ਆਉਣ ਲੱਗੀ। ਕਾਤਲ ਉੱਚੀ ਉੱਚੀ ਕਹਿ ਰਹੇ ਸਨ ਕਿ ਸਿੰਘੋ ਸਿੱਧੇ ਹੋ ਕ ਸੀਸ ਦਈ ਚਲੋ। ਦਰਸ਼ਨੀ ਡਿਉਢੀ ਵੱਲੋਂ ਚਲੀ ਇੱਕ ਗੋਲੀ ਟਹਿਲ ਸਿੰਘ ਨਜ਼ਾਮਪੁਰ ਦੇ ਲੱਗੀ। ਗੋਲੀਆਂ ਦੀ ਵਾਛੜ ਚੋਖੰਡੀ ਦੇ ਅੰਦਰ ਆਉਣ ਲੱਗੀ ਤਾਂ ਜਥੇਦਾਰ ਧਾਰੋਵਲੀ ਨੇ ਕਿਹਾ ਕਿ ਸਿੰਘੋ ਅੰਦਰ ਜਾਓ, ਮਤਾਂ ਕਿਤੇ ਕੋਈ ਗੋਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲੱਗੇ। 20-25 ਸਿੰਘ ਵਾਹਿਗੁਰੂ ਵਾਹਿਗੁਰੂ ਕਰਦੇ ਅੰਦਰ ਆਣ ਵੜੇ । ਬਾਕੀ ਸਿੰਘ ਬਾਹਰ ਰਹੇ। ਸਿੰਘਾਂ ਨੇ ਅੰਦਰ ਵੜ ਕੇ ਦਰਵਾਜ਼ਾ ਬੰਦ ਕਰ ਲਿਆ। ਜਥੇਦਾਰ ਲਛਮਣ ਸਿੰਘ ਧਾਰੋਵਲੀ ਗੁਰ ਸਾਹਿਬ ਦੀ ਤਾਬਿਆ ਬੈਠ ਗਏ। ਬਾਹਰ ਰਹਿ ਗਏ ਸਿੰਘਾਂ ਉੱਤੇ ਗੋਲੀਆਂ-ਇੱਟਾਂ ਤੋਂ ਇਲਾਵਾ ਤੇਜ਼ਾਬ ਦੀ ਵਾਛੜ ਵੀ ਕੀਤੀ ਗਈ। ਸਿੰਘ ਸ਼ਾਂਤਮਈ ਰਹਿੰਦਿਆਂ ਸ਼ਹੀਦੀਆਂ ਪਾ ਗਏ।
ਬਾਵਾ ਜਗਣ ਨਾਥ ਦੇ ਕਹਿਣ ਤੇ ਕਾਤਲਾਂ ਦੀ ਧਾੜ ਹੇਠਾਂ ਉੱਤਰ ਗਈ। ਵੱਡੀ ਭੀੜ ਗੁਰੂਘਰ ਦੇ ਅਹਾਤੇ ਚ ਇਕੱਠੀ ਹੋ ਗਈ। ਲਾਲ ਦਾਸ ਨੇ ਹੁਕਮ ਕੀਤਾ ਕਿ ਇਸ ਤੋਂ ਪਹਿਲਾਂ ਕੋਈ ਹੋਰ ਜਥਾ ਆ ਜਾਵੇ, ਆਪਾਂ ਅੰਦਰ ਵੜੇ ਸਿੱਖਾਂ ਨੂੰ ਮਾਰ ਘੱਤੀਏ । ਅੰਦਰ ਵੜਦਿਆਂ ਹੀ ਇਹਨਾਂ ਨੇ ਤਿੰਨ ਸਿੰਘਾਂ ਨੂੰ ਛਵੀਆਂ ਨਾਲ ਵੱਢ ਸੁੱਟਿਆ। ਇਹਨਾਂ ਤਿੰਨਾਂ ਕੋਲ ਸਫ਼ਾਜੰਗ ਸਨ ਪਰ ਕੀਤੇ ਪ੍ਰਣ ਮੁਤਾਬਿਕ ਇਹਨਾਂ ਨੇ ਉਂਗਲ ਤੱਕ ਨਹੀਂ ਚੁੱਕੀ। ਕਾਤਲਾਂ ਨੇ ਸਿੱਖਾਂ ਨੂੰ ਇੰਝ ਕੋਹਿਆ ਜਿਵੇਂ ਕਸਾਈ ਬੱਕਰੇ ਨੂੰ ਕੋਂਹਦੇ ਹਨ । ਏਨੇ ਨੂੰ ਬੰਡਾਲਾ ਚੱਕ ਨੰ 70 ਗੁੱਜਰ ਸਿੰਘ ਵਾਲਾ ਅਤੇ 75 ਚੱਕ ਲੌਹੱਕਿਆਂ ਦੇ ਜਥੇ ਨੇ ਦੱਖਣੀ ਡਿਉਢੀ ਵੱਲ ਪਹੁੰਚ ਕੇ ਜੈਕਾਰਾ ਛੱਡ ਦਿੱਤਾ। ਸਿੰਘਾਂ ਨੇ ਕਾਤਲਾਂ ਅੱਗੇ ਆਪਣੇ ਗੰਡਾਸੇ ਉਲਾਰੇ ਤਾਂ ਕਾਤਲਾਂ ਦੀ ਧਾੜ ਭੱਜ ਉਠੀ। ਉਹ ਸਿੰਘ ਵੀ ਗੁਰੂਦਵਾਰੇ ਦੇ ਅੰਦਰ ਜਾ ਵੜੇ । ਮਹੰਤਾਂ ਦੇ ਗੁੰਡਿਆਂ ਨੇ ਛਵੀਆਂ ਨਾਲ ਸਿੰਘਾਂ ਨੂੰ ਬੁਰੀ ਤਰ੍ਹਾਂ ਵੱਢ ਸੁੱਟਿਆ।
ਹਰੀ ਨਾਥ ਜੋਗੀ, ਕਾਹਨ ਸਿੰਘ ਕੱਬੇ ਅਤੇ ਗੁਰਮੁਖ ਦਾਸ ਨੇ ਬੜੀ ਬੇ-ਕਿਰਕੀ ਨਾਲ ਜਥੇਦਾਰ ਭਾਈ ਈਸ਼ਰ ਸਿੰਘ ਨੂੰ ਛਵੀਆਂ ਨਾਲ ਵਢ ਕੇ ਸ਼ਹੀਦ ਕਰ ਦਿੱਤਾ। ਜਖਮੀ ਸਿੰਘਾਂ ਨੂੰ ਛਵੀਆਂ ਨਾਲ ਵੱਢ ਕੇ ਅਤੇ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤਾ ਗਿਆ।
ਲਾਲ ਦਾਸ ਨੇ ਲਾਸ਼ਾਂ ਗੁਰਦੁਆਰਾ ਸਾਹਿਬ ਦੀ ਪਹਾੜ ਵਾਲੀ ਬਾਹੀ ਵਲ ਇਕੱਠੀਆਂ ਕਰ ਕੇ ਮਿੱਟੀ ਦਾ ਤੇਲ ਪਾ ਕੇ ਸਾੜਨ ਦਾ ਹੁਕਮ ਦਿੱਤਾ ਤਾਂ ਜੋ ਖੁਰਾ ਖੋਜ ਮਿਟ ਜਾਵੇ। ਕੋਠੀਆਂ ਵਿਚੋਂ ਸੁੱਕਾ ਘਾਹ ਫੂਸ ਅਤੇ ਮਿੱਟੀ ਦੇ ਤੇਲ ਦੇ ਪੀਪੇ ਕੱਢੇ ਗਏ ਜੋ ਪਹਿਲਾਂ ਤੋਂ ਹੀ ਇਸ ਕੰਮ ਵਾਸਤੇ ਇਕੱਠੇ ਕੀਤੇ ਗਏ ਸਨ। ਪਾਪੀ ਸਹਿਕਦੇ ਹੋਏ ਸਿੱਖਾਂ ਨੂੰ ਕੇਸਾਂ ਤੋਂ ਧੂਹ ਕੇ ਇਕ ਥਾਂ ਕੱਠੇ ਕਰਨ ਲੱਗੇ। ਬੁਰੀ ਤਰ੍ਹਾਂ ਵੱਢੀਆਂ ਟੁੱਕੀਆਂ ਦੇਹਾਂ ਨੂੰ ਲੱਕੜ ਦੇ ਟਾਲਾਂ ਵਾਂਗ ਚਿਣ ਕੇ ਪੰਜ ਢੇਰ ਲਾ ਦਿੱਤੇ ਗਏ। ਮੇਲਾ ਸਿੰਘ, ਛੱਜੂ ਅਤੇ ਬਸੰਤ ਸਿੰਘ ਨੇ ਇਹਨਾਂ ਉਪਰ ਮਿੱਟੀ ਦਾ ਤੇਲ ਛਿੜਕਿਆ, ਗੁਰਦਿੱਤ ਸਿੰਘ, ਮੀਹਾਂ ਸਿੰਘ ਅਤੇ ਨਾਗੇ ਸਾਧੂਆਂ ਨੇ ਚਿਖਾ ਨੂੰ ਤੀਲੀ ਲਗਾ ਦਿੱਤੀ। ਜਦੋਂ ਅੱਗ ਦਾ ਭਾਂਬੜ ਮੱਚਿਆ ਤਾਂ ਜੀਉਂਦੇ ਸਿੱਖ ਬਹੁਤ ਤੜਫੇ ਅਤੇ ਉਨ੍ਹਾਂ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਦੀ ਉੱਚੀ ਹੂਕ ਨਿਕਲੀ। ਦੋ ਸਿੰਘ ਚਿਖਾ ਚੋਂ ਉਪਰ ਉੱਠੇ ਤਾਂ ਦੁਸ਼ਟਾਂ ਨੇ ਛਵੀ ਮਾਰ ਕੇ ਵਿਚ ਹੀ ਸੁੱਟ ਦਿੱਤਾ। ਇਸ ਸਮੇਂ ਨਿਹਾਲ ਸਿੰਘ ਕੋਟ ਦਰਬਾਰ ਵਾਲਾ ਦਰਸ਼ਨੀ ਡਿਉਢੀ ਚ ਜ਼ਖਮੀ ਸਿੰਘ ਨੂੰ ਪਾਣੀ ਪਿਆਉਣ ਲੱਗਾ ਤਾਂ ਉਸ ਨੂੰ ਲੱਧੂ ਲੰਙੇ ਨੇ ਛਵ੍ਹੀ ਦੇ ਵਾਰ ਨਾਲ ਨਿਹਾਲ ਸਿੰਘ ਨੂੰ ਸ਼ਹੀਦ ਕਰ ਦਿੱਤਾ।
ਇਕ ਹੋਰ ਸਿੱਖ ਸਮਾਧਾਂ ਵਲੋਂ ਨਿਕਲ ਕੇ ਬਾਹਰ ਆਇਆ ਤੇ ਕਹਿਣ ਲੱਗਾ “ਕਿਉਂ ਭਾਈ ਗੁਰਮੁਖੋ, ਮੇਰੇ ਸਾਥੀ ਸਿੰਘ ਸ਼ਹੀਦ ਹੋ ਗਏ”, ਏਨਾ ਕਹਿੰਦਿਆਂ ਉਸ ਨੇ ਵੀ ਸੀਸ ਝੁਕਾ ਦਿੱਤਾ। ਇੰਦਰ ਦਾਸ ਨੇ ਛਵ੍ਹੀ ਮਾਰ ਕੇ ਉਸਦਾ ਸਿਰ ਕਲਮ ਕਰ ਦਿੱਤਾ ਜੋ ਬੁੜਕ ਕੇ ਕਾਫੀ ਦੂਰ ਡਿੱਗਿਆ। ਨਾਰਾਇਣ ਦਾਸ ਦੇ ਸਾਥੀ ਦੇਵਾ ਦਾਸ ਨੇ ਸ਼ਹੀਦੀ ਖੂਨ ਜੀਭ ਨਾਲ ਲਗਾ ਕੇ ਚੱਟਿਆ ਅਤੇ ਕਿਹਾ ਕਿ ਅੱਜ ਛਾਤੀ ਠੰਢੀ ਹੋਈ ਹੈ। ਇਤਨੇ ਨੂੰ ਕੋਠੜੀਆਂ ਵਿਚ ਸਿਸਕ ਰਹੇ ਤਿੰਨ ਹੋਰ ਸਿੰਘਾਂ ਨੂੰ ਧੂਹ ਕੇ ਲਿਆਂਦਾ ਗਿਆ। ਭਾਂਬੜ ਜਿਆਦਾ ਮੱਚਦੇ ਹੋਣ ਕਾਰਨ ਉਹਨਾਂ ਨੂੰ ਚਿਖਾ ਵਿੱਚ ਨਾ ਸੁੱਟਿਆ ਜਾ ਸਕਿਆ। ਉਹਨਾਂ ਨੂੰ ਜੰਡ ਹੇਠ ਬਿਠਾ ਕੇ ਜਿਉਂਦੇ ਹੀ ਸਾੜ ਦਿੱਤਾ ਗਿਆ। ਨਰਾਇਣ ਦਾਸ ਨੇ ਕਿਹਾ ਕਿ ਪੰਜ ਚਾਰ ਲਾਸ਼ਾਂ ਰੱਖ ਲਓ ਅਤੇ ਬਾਕੀ ਸਭ ਦਾ ਖੁਰਾ ਖੋਜ ਮਿਟਾ ਦਿਓ।
ਫੇਰ ਕਾਤਲਾਂ ਦੀ ਧਾੜ ਨੇ ਗੁਰਦੁਆਰੇ ਦੀ ਮੁੱਖ ਇਮਾਰਤ ਵਲ ਧਿਆਨ ਕੀਤਾ ਜਿਸ ਅੰਦਰ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਕੁਝ ਹੋਰ ਸਿੰਘ ਮੌਜੂਦ ਸਨ। ਚੌਖੰਡੀ ਦੇ ਦਰਵਾਜ਼ੇ ਅੰਦਰੋਂ ਬੰਦ ਸਨ। ਦਰਵਾਜ਼ੇ ਖੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਮਯਾਬੀ ਨਾ ਮਿਲੀ, ਲਾਲ ਦਾਸ ਨੇ ਬੰਦਾ ਘੱਲ ਕੇ ਆਤਮਾ ਸਿੰਘ ਤਰਖਾਣ ਨੂੰ ਬੁਲਾਇਆ। ਉਸਨੇ ਲਹਿੰਦੇ ਦਰਵਾਜ਼ੇ ਚ ਸੁੰਬੇ ਮਾਰ ਮਾਰ ਕੇ ਚਾਂਦੀ ਦੇ ਪੱਤਰੇ ਪਾੜ ਸੁੱਟੇ ਅਤੇ ਬੂਹੇ ਵਿਚ ਅੱਠ ਇੰਚ ਦਾ ਮੁੱਘ ਕੱਢਿਆ ਜਿਸ ਰਾਹੀਂ ਜਗਨ ਨਾਥ, ਰਾਂਝੇ, ਰਤਨ ਸਿੰਘ, ਭਾਗ ਸਿੰਘ ਅਤੇ ਵਸਾਖਾ ਸਿੰਘ ਨੇ ਸੈਂਕੜੇ ਗੋਲੀਆਂ ਅੰਦਰ ਦਾਗੀਆਂ। ਸਿੰਘ ਵਾਹਿਗੁਰੂ ਵਾਹਿਗੁਰੂ ਕੂਕਦੇ ਸ਼ਹੀਦ ਹੋਣ ਲੱਗੇ। ਦੱਖਣੀ ਬੂਹੇ ਦੀ ਮੋਰੀ ਥਾਣੀਂ ਖੂਨ ਬਾਹਰ ਆਉਣ ਲੱਗਾ ਜਿਸ ਨਾਲ ਬਾਹਰ ਮੌਜੂਦ ਛੋਟਾ ਟੋਆ ਭਰ ਗਿਆ ਅਤੇ ਉਪਰੰਤ ਛੋਟਾ ਚੁਬੱਚਾ ਵੀ ਭਰ ਕੇ ਖੂਨ ਉੱਤੋਂ ਦੀ ਹੋ ਕੇ ਡੁੱਲਣ ਲੱਗਾ। ਖੂਨ ਜੰਮਣ ਨਾਲ ਮੋਰੀ ਬੰਦ ਹੋ ਗਈ ਅਤੇ ਗੁਰਦੁਆਰੇ ਦੇ ਅੰਦਰ ਚੱਪਾ ਚੱਪਾ ਖੂਨ ਇਕੱਠਾ ਹੋ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਭਾਈ ਲਛਮਣ ਸਿੰਘ ਧਾਰੋਵਾਲੀ ਦੇ ਮੋਢਿਆਂ ਅਤੇ ਪਸਲੀਆਂ ਤੇ ਪੰਜ ਛੇ ਗੋਲੀਆਂ ਲੱਗ ਚੁੱਕੀਆਂ ਸਨ, ਪਰ ਆਪ ਬੜੀ ਦ੍ਰਿੜਤਾ ਨਾਲ ਤਾਬਿਆ ਬੈਠੇ ਰਹੇ ਅਤੇ ਲਲਕਾਰ ਕੇ ਕਿਹਾ ਕਿ ਮੈਂ ਤੁਹਾਡੀਆਂ ਗੋਲੀਆਂ ਨਾਲ ਨਹੀਂ ਮਰਦਾ, ਅਕਾਲ ਪੁਰਖ ਦੀ ਕਿਰਪਾ ਹੈ। ਹਰੀ ਨਾਥ ਜੋਗੀ, ਗੁਰਮੁਖ ਦਾਸ, ਲੱਧੇ ਅਤੇ ਬਾਗੀ ਨੇ ਉੱਤਰ ਵਾਲਾ ਬੂਹਾ ਛਵ੍ਹੀਆਂ ਨਾਲ ਭੰਨ ਦਿੱਤਾ। ਰਾਂਝੇ ਤੇ ਉਸਦੇ ਸਾਥੀਆਂ ਨੇ ਇਸ ਪਾਸੇ ਤੋਂ ਵੀ ਗੋਲੀਆਂ ਮਾਰੀਆਂ। ਗੋਲੀਆਂ ਮਹਾਰਾਜ ਦੀ ਪਵਿੱਤਰ ਬੀੜ ਨੂੰ ਵੀ ਲੱਗਣੀਆਂ ਸ਼ੁਰੂ ਹੋ ਗਈਆਂ। ਭਾਈ ਲਛਮਣ ਸਿੰਘ ਨੇ ਆਪਣੀਆਂ ਬਾਹਾਂ ਨਾਲ ਗੋਲੀਆਂ ਰੋਕਣ ਦੀ ਕੋਸ਼ਿਸ਼ ਕੀਤੀ, ਆਪ ਜੀ ਦੇ ਬਾਂਹ ਅਤੇ ਹੱਥ ਗੋਲੀਆਂ ਨਾਲ ਚੂਰ ਚੂਰ ਹੋ ਗਏ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਸਵੀਰ ਅਤੇ ਕੜਾਹ ਪ੍ਰਸ਼ਾਦਿ ਦੇ ਚੁਬੱਚੇ ਦਾ ਸੰਗਮਰਮਰ ਗੋਲੀਆਂ ਲੱਗਣ ਕਾਰਣ ਜਾਲੀ ਬਣ ਗਿਆ॥ ਜਥੇਦਾਰ ਲਛਮਣ ਸਿੰਘ ਵਾਹਿਗੁਰੂ ਵਾਹਿਗੁਰੂ ਪੁਕਾਰਦੇ ਰਹੇ। ਸ਼ੇਰ ਦਾਸ, ਲੱਧੂ, ਬਾਗੀ ਤੇ ਇਕ ਸਾਧ ਅੰਦਰ ਗਏ ਅਤੇ ਖੂਨ ਨਾਲ ਲੱਥਪੱਥ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਕੇਸਾਂ ਤੋਂ ਧੂਹ ਕੇ ਬਾਹਰ ਲਿਆਂਦਾ, ਭਾਈ ਸਾਹਿਬ ਨੇ ਸ਼ਹੀਦੀ ਨਸ਼ੇ ਚ ਵਾਹਿਗੁਰੂ ਵਾਹਿਗੁਰੂ ਪੁਕਾਰਦਿਆਂ ਅੱਧੀਆਂ ਮੀਟੀਆਂ ਅੱਖਾਂ ਨਾਲ ਧੌਣ ਉੱਚੀ ਚੁੱਕੀ, ਬਾਗੀ ਸ਼ਾਹ ਨੇ ਛਵ੍ਹੀ ਮਾਰ ਕੇ ਸਿਰ ਧੜ ਤੋਂ ਵੱਖ ਕਰ ਦਿੱਤਾ। ਸਭ ਜੀਉਂਦੇ ਅਤੇ ਸ਼ਹੀਦ ਸਿੰਘਾਂ ਨੂੰ ਜੰਡ ਹੇਠ ਢੇਰੀ ਕਰ ਦਿੱਤਾ, ਭਾਈ ਲਛਮਣ ਸਿੰਘ ਧਾਰੋਵਾਲੀ ਦੀ ਦੇਹ ਨੂੰ ਵੀ ਉਸ ਢੇਰ ਉਪਰ ਰੱਖ ਕੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਗਾ ਦਿੱਤੀ ਗਈ। ਕੋਲ ਹੀ ਮੌਜੂਦ ਜੰਡ ਦਾ ਰੁੱਖ ਵੀ ਕਾਫੀ ਹੱਦ ਤੱਕ ਸੜ ਗਿਆ ਜਿਸਨੂੰ ਸ਼ਹੀਦੀ ਜੰਡ ਦਾ ਨਾਂ ਦਿੱਤਾ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ ਵੀ ਕਲਾਵੇ ਚ ਭਰ ਕੇ ਬਾਹਰ ਬਾਰਾਂਦਰੀ ਚ ਸੁੱਟ ਦਿੱਤੀਆਂ ਗਈਆਂ। ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਸਾਥੀ ਸਿੰਘਾਂ ਦੀ ਅਦੁੱਤੀ ਸ਼ਹਾਦਤ ਨੇ ਇਤਿਹਾਸ ਸਿਰਜਦਿਆਂ ਸਾਰੇ ਸਿੱਖ ਜਗਤ ਨੂੰ ਹਲੂਣਾ ਦਿੱਤਾ। ਸਾਰਾ ਹਿੰਦੁਸਤਾਨ ਇਸ ਘਟਨਾ ਨਾਲ ਹਿਲ ਗਿਆ। ਅੰਗਰੇਜਾਂ ਨੇ ਐਡੇ ਖੂਨ ਖਰਾਬੇ ਦਾ ਅੰਦਾਜ਼ਾ ਨਹੀਂ ਲਗਾਇਆ ਸੀ। ਸਿੱਖ ਜਗਤ ਦੇ ਅੰਦਰ ਰੋਹ ਭੜਕ ਉਠਿਆ, ਜਿਸ ਤੋਂ ਅੰਗਰੇਜ਼ ਬਚਣਾ ਚਾਹੁੰਦੇ ਸਨ। ਅਖੀਰ ਸਬਰ ਦੀ ਜਬਰ ਉੱਤੇ ਜਿੱਤ ਹੋਈ। ਸਿੱਖਾਂ ਨੂੰ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਮਿਲ ਗਈ।
Average Rating