ਪ੍ਰੋ. ਪੂਰਨ ਸਿੰਘ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਹਸਤਾਖਰ ਹਨ। ਇਸ ਪ੍ਰਤਿਭਾਸ਼ੀਲ ਚਿੰਤਕ, ਕਵੀ ਤੇ ਗੱਦਕਾਰ ਦੀ ਉੱਘੀ ਤੇ ਵਿਲੱਖਣ ਸ਼ਖ਼ਸੀਅਤ ਦੀ ਸਮੁੱਚੇ ਆਧੁਨਿਕ ਪੰਜਾਬੀ ਸਾਹਿਤ ਉੱਪਰ ਇਕ ਅਮਿਟ ਛਾਪ ਲਗ ਚੁਕੀ ਹੈ।
ਜਦੋਂ ੧੮੮੧ ਈ. ਨੂੰ ਭਾਰਤੀ ਕੌਮੀ ਕਾਂਗਰਸ ਦਾ ਜਨਮ ਹੋਇਆ, ਜਿਸ ਦਾ ਗੌਰਵਮਈ ਇਤਿਹਾਸ, ਦੇਸ਼ ਦੇ ਸੁਤੰਤਰਤਾ ਸੰਗ੍ਰਾਮ ਤੇ ਰਾਸ਼ਟਰੀ ਪ੍ਰੇਮ ਦਾ ਉੱਘੜਵਾਂ ਇਤਿਹਾਸ ਹੈ, ਠੀਕ ਉਸੇ ਵਰ੍ਹੇ ੧੭ ਫਰਵਰੀ, ਦੇ ਸੁਭਾਗੇ ਦਿਹਾੜੇ ਸ੍ਰ: ਕਰਤਾਰ ਸਿੰਘ ਤੇ ਮਾਤਾ ਪਰਮਾ ਦੇਵੀ ਦੇ ਗ੍ਰਹਿ ਵਿਖੇ ਐਬਟਾਬਾਦ ਜ਼ਿਲ੍ਹੇ (ਪਾਕਿਸਤਾਨ) ਦੇ ਇਕ ਛੋਟੇ ਜਿਹੇ ਪਿੰਡ ਸਲਹੱਡ ਵਿਚ, ਸੁੰਦਰ ਨਕਸ਼ਾਂ ਵਾਲੇ ਬਾਲਕ ਦਾ ਜਨਮ ਹੋਇਆ, ਜਿਸ ਨੂੰ ਜਨਮ ਤੋਂ ਹੀ, ਨਿਰੰਕਾਰ ਨੇ ਮਹਾਨ ਭਾਵੀ ਤੇ ਤੇਜੱਸਵੀ ਸ਼ਖ਼ਸੀਅਤ ਦਾ ਰੂਪ ਬਖ਼ਸ਼, ਮਹਾਨ ਚਿੰਤਕ, ਉੱਘੇ ਲੇਖਕ ਤੇ ਅਨੁਭਵੀ ਕਵੀ ਦੀ ਪ੍ਰਤਿਭਾ ਨੂੰ ਸਾਕਾਰ ਕਰ ਦਿੱਤਾ ਸੀ।ਉਨ੍ਹਾਂ ਨੇ ਪੂਰਬੀ ਤੇ ਪਛਮੀ, ਪ੍ਰਾਚੀਨ ਤੇ ਆਧੁਨਿਕ, ਅਰਬੀ ਤੇ ਫਰਜ਼ੀ, ਗਿਆਨ ਵਿਗਿਆਨ, ਕਲਾ ਤੇ ਸੰਸਕ੍ਰਿਤੀ ਨੂੰ ਇੱਕ ਨਿਰਮਲ ਤੱਕਣੀ ਨਾਲ ਘੋਖ ਲਿਆ ਸੀ।
ਐਬਟਾਬਾਦ ਦੇ ਆਲੇ-ਦੁਆਲੇ ਦੀ ਇਹੀ ਉਹ ਪਵਿੱਤਰ ਧਰਤੀ ਹੈ, ਜਿਥੋਂ ਗੰਧਾਰਾ ਕਲਾ ਤੇ ਸੰਸਕ੍ਰਿਤੀ ਨੇ ਸਿਖਰਾਂ ਨੂੰ ਛੁਹਿਆ ਸੀ, ਜਿੱਥੋਂ ਤਕਸ਼ਿਲਾ ਦੇ ਵਿਸ਼ਵ-ਵਿਦਿਆਲੇ ਵਿਚ ਪੂਰਬ ਤੇ ਪੱਛਮ ਦੇ ਚਿੰਤਨ ਨੇ ਗਿਆਨ ਨਾਲ ਦਸਤਪੰਜਾ ਲੈ, ਇਕ ਦੂਜੇ ਨੂੰ ਕਲਾਵੇ ਵਿਚ ਲੈ ਕੇ ਦੋਹਾਂ ਧਰਾਤਲਾਂ ਦੇ ਕੋਮਲ ਦਿਲਾਂ ਨੂੰ ਇਕ ਮਣਕੇ ਵਿਚ ਪਰੋ ਦਿੱਤਾ ਸੀ।
ਅੰਗ੍ਰੇਜ਼ੀ ਦੇ ਪ੍ਰਸਿੱਧ ਵਿਦਵਾਨ ਰੁਡਿਆਰ ਕਿਪਲਿੰਗ ਅਨੁਸਾਰ “ਪੂਰਬ ਪੂਰਬ ਹੈ ਤੇ ਪੱਛਮ ਪੱਛਮ। ਇਹ ਦੋਵੇਂ ਕਦੇ ਨਹੀਂ ਮਿਲ ਸਕਦੇ ” ਪਰ ਪ੍ਰੋ: ਪੂਰਨ ਸਿੰਘ ਨੇ ਉਸ ਦੀ ਇਸ ਅਵਾਜ਼ ਨੂੰ ਸੁਣ ਕੇ ਆਖ ਦਿੱਤਾ ਸੀ “ਤੇਰੀ ਵੰਗਾਰ ਮੈਨੂੰ ਪਰਵਾਨ ਹੈ। ਤੈਨੂੰ ਦੋਹਾਂ ਸਿਰਿਆਂ ਨੂੰ ਮੇਲ ਕੇ ਦੱਸਾਂਗਾ ਕਿ ਪੂਰਬ ਤੇ ਪੱਛਮ ਵਿਚ ਕੋਈ ਅੰਤਰ ਨਹੀਂ, ਮਾਨਵਤਾ ਵਿਚ ਕੋਈ ਭੇਦ ਨਹੀਂ, ਉਹ ਅਖੰਡ ਹੈ।
ਪੂਰਨ ਸਿੰਘ ਹਵੇਲੀਆਂ ਪਿੰਡ ਦੇ ਮੌਲਵੀ ਕੋਲੋਂ ਪੜ੍ਹੇ। ਗੁਰਦੁਆਰੇ ਦੇ ਭਾਈ ਬੇਲਾ ਸਿੰਘ ਕੋਲੋਂ ਗੁਰਮੁਖੀ ਅੱਖਰਾਂ ਦਾ ਗਿਆਨ ਹਾਸਿਲ ਕੀਤਾ, ਫੇਰ ਹਰੀਪੁਰ ਦੇ ਐੱਮ. ਬੀ. ਸਕੂਲ ਵਿਚੋਂ ਉਨ੍ਹਾਂ ਨੇ ਮਿਡਲ ਪਾਸ ਕੀਤਾ। ਏਥੋਂ ਦਾ ਮੁਖੀ ਈਸਾਈ ਸੀ। ਇਉਂ ਉਨ੍ਹਾਂ ਆਪਣੇ ਤਿੰਨਾਂ ਅਧਿਆਪਕਾਂ ਪਾਸੋਂ ਅਚੇਤ ਹੀ ਤਿੰਨਾਂ ਸੰਸਕ੍ਰਿਤੀਆਂ ਦਾ ਸਹਿਜੇ ਹੀ ਸਵਾਦ ਮਾਣ ਲਿਆ ਸੀ। ਰਾਵਲਪਿੰਡੀ ਤੋਂ ਮੈਟ੍ਰਿਕ ਪਾਸ ਕੀਤੀ, ਏਥੇ ਉਨ੍ਹਾਂ ਦੇ ਸੰਵੇਦਨਸ਼ੀਲ ਮਨ ਉਪਰ ਇਕ ਘਟਨਾ ਸਦਾ ਲਈ ਉੱਕਰੀ ਗਈ।ਉਨ੍ਹਾਂ ਨੇ ਇਸਤਰੀ ਜਾਤੀ ਉੱਤੇ ਸਦੀਆਂ ਤੇ ਹੋ ਰਹੇ ਜ਼ੁਲਮ ਦੀ ਨੰਗੀ ਤਸਵੀਰ ਤੱਕੀ ਤੇ ਉਹ ਵੀ ਆਪਣੇ ਪਰਿਵਾਰ ‘ਚੋਂ। ਉਨ੍ਹਾਂ ਦੀ ਵੱਡੀ ਭੈਣ, ਜਬਰ ਦਾ ਸ਼ਿਕਾਰ ਹੋ ਕੇ ਗੁਰਪੁਰੀ ਸਿਧਾਰ ਗਈ| ਸੂਖਮ-ਦਿਲ ਪੂਰਨ ਇਸਤ੍ਰੀ ਜਾਤੀ ਦੀ ਹਮਦਰਦੀ ਵਿਚ ਦ੍ਰਵ ਗਿਆ ਤੇ ਉਸ ਨੂੰ ਹਰੇਕ ਇਸਤ੍ਰੀ ਦਾ ਚਿਹਰਾ ਬੜਾ ਹੀ ਮਾਸੂਮ, ਨਾਜ਼ੁਕ ਤੇ ਮਜ਼ਲੂਮ ਨਜ਼ਰੀਂ ਆਇਆ।
ਪੂਰਨ ਸਿੰਘ ਵਿਚ ਪਠਾਣੀ ਧਰਤ ‘ਤੇ ਵਿਚਰਦਿਆਂ ਪਠਾਣਾਂ ਵਰਗੀ ਨਿਡਰ ਸੁਤੰਤਰਤਾ ਪ੍ਰਵੇਸ਼ ਕਰ ਗਈ ਸੀ। ਉਨ੍ਹਾਂ ਨੂੰ ਮਾਂ ਦਾ ਦਿਲ ਸਾਗਰਾਂ ਜਿੰਡਾ ਵਿਸ਼ਾਲ ਦਿੱਸ ਆਇਆ। ਹਰ ਮਾਂ ਆਪਣੇ ਬੱਚੇ ਦੀ ਹੀ ਨਹੀਂ, ਸਗੋਂ ਸੰਸਾਰ ਦੇ ਸਭ ਬੱਚਿਆਂ ਦੀ ਸਾਂਝੀ ਖੈਰ ਮੰਗਦੀ ਹੈ।
੧੮੯੯ ਈ. ਵਿਚ ਉਨ੍ਹਾਂ ਨੇ ਇੰਟਰ ਪਾਸ ਕੀਤਾ।ਪੂਰਨ ਸਿੰਘ ਇਕ ਬੰਨੇ ਸੰਸਕ੍ਰਿਤ ਪੜ੍ਹਦੇ ਸਨ ਤੇ ਦੂਜੇ ਬੰਨੇ ਸਾਇੰਸ। ਉਹ ਅਸਾਧਾਰਣ ਬੁੱਧੀ ਦੇ ਮਾਲਿਕ ਸਨ, ਜਿਸ ਕਰਕੇ ਉਨ੍ਹਾਂ ਨੂੰ ਪਰਯੋਗਿਕ ਰਸਾਇਣ ਵਿਗਿਆਨ ਦੀ ਉਚੇਰੀ ਪੜ੍ਹਾਈ ਲਈ ਜਾਪਾਨ ਦੇ ਟੋਕੀਓ ਵਿਸ਼ਵ-ਵਿਦਿਆਲੇ ਲਈ ਚੁਣਿਆ ਗਿਆ। ਏਥੇ ਹੀ ਉਨ੍ਹਾਂ ਦਾ ਮੇਲ ਜਗਤ ਪ੍ਰਸਿੱਧ ਸਕਾਲਰ ਸਵਾਮੀ ਰਾਮ ਤੀਰਥ ਨਾਲ ਹੋਇਆ, ਜਿਨ੍ਹਾਂ ਦੇ ਪ੍ਰਭਾਵ ਅਧੀਨ ਉਹ ਵੇਦਾਂਤੀ ਬਣ ਗਏ।
ਪ੍ਰੋ: ਪੂਰਨ ਸਿੰਘ ਕੇਵਲ ਵਿਗਿਆਨ ਦੇ ਸ਼ਿਸ਼ ਹੀ ਨਹੀਂ ਸਨ, ਉਹ ਵਿਸ਼ਵ ਗਿਆਨ, ਚਿੰਤਨ, ਧਰਮ, ਸਾਹਿੱਤ ਤੇ ਕਲਾ ਦਾ ਪਾਠਕ ਤੇ ਪਾਰਖੂ ਬਣ ਗਏ। ਦੇਸ਼ ਭਗਤਾਂ ਨਾਲ ਉਨ੍ਹਾਂ ਦਾ ਸਿੱਧਾ ਸੰਪਰਕ ਸੀ। ਮੁੱਖ ਯੂਨੀਵਰਸਿਟੀਆਂ ਨਾਲ ਉਸ ਦੀ ਅਮਿਟ ਸਾਂਝ ਸਥਾਪਤ ਹੋ ਚੁਕੀ ਸੀ।
ਸਵਾਮੀ ਰਾਮ ਤੀਰਥ ਦਾ ਵੇਦਾਂਤ-ਦਰਸ਼ਨ ਪ੍ਰੋ: ਪੂਰਨ ਸਿੰਘ ਦੇ ਧੁਰ ਅੰਦਰ ਸੀ। ਦੂਜੇ ਬੰਨੇ ਉਨ੍ਹਾਂ ਵਿਚ ਬੋਧੀ ਭਿਕਸ਼ੂਆਂ ਵਾਲੇ ਨਿਰਵਾਣ-ਸਿਧਾਂਤ ਦੀ ਚੇਤੰਨਤਾ ਸੀ, ਜਿਸ ਨੂੰ ਸਵਾਮੀ ਜੀ ਦੀ ਮਹਾਨ ਆਤਮਾ ਨੇ ਵੇਦਾਂਤੀ-ਸਾਧੂ ਵਿਚ ਤਬਦੀਲ ਕਰ ਦਿੱਤਾ ਸੀ। ਪੰਜਾਬ ਤੋਂ ਉਹ ਇਕ ਸਿੱਖ ਗਭਰੂ ਦੇ ਰੂਪ ਵਿਚ ਜਾਪਾਨ ਪੁੱਜੇ ਸੀ ਪਰ ਉਥੋਂ ਉਹ ਘੋਨ ਮੋਨ ਹੋ ਕੇ ਤੇ ਗੋਰੂ ਬਸਤਰਾਂ ਵਾਲਾ ਸੰਨਿਆਸੀ ਬਣ ਕੇ ੧੯੦੩ ਈ. ਵਿਚ ਪੰਜਾਬ ਪਰਤੇ ਅਤੇ ਘਰਦਿਆਂ ਨੇ ਇਸ ਤਬਦੀਲੀ ‘ਤੇ ਹੈਰਾਨੀ ਤੇ ਚਿੰਤਾ ਪ੍ਰਗਟ ਕੀਤੀ।
੧੯੦੪ ਈ. ਵਿਚ ਪ੍ਰੋ. ਪੂਰਨ ਸਿੰਘ ਨੇ ਗ੍ਰਹਿਸਤੀ ਜੀਵਨ ਧਾਰਨ ਕੀਤਾ।ਉਹ ਇਕ ਅਮੋੜ ਤੇ ਸਿਰੜੀ ਖੋਜੀ ਤੇ ਵਿਗਿਆਨੀ, ਅਨੁਭਵੀ ਸ਼ਾਇਰ, ਭਾਸ਼ਨਕਾਰ, ਪੱਤਰਕਾਰ ਅਤੇ ਸਮਾਜ ਸੁਧਾਰਕ ਸਨ। ਨਿਰਸੰਦੇਹ ਉਹ ਇਕ ਬਹੁਪੱਖੀ ਸਾਹਿੱਤਕਾਰ ਸਨ। ਉਨ੍ਹਾਂ ਦਾ ਜੀਵਨ ਇਕ ਆਦਰਸ਼ਕ ਜੀਵਨ ਸੀ। ਉਹ ਮਾਇਆਵਾਦੀ ਵਿਅਕਤੀ ਨਹੀਂ ਸਨ। ਉਹ ਤਾਂ ਨਿਰਲੇਪ ਕਿਸਮ ਦਾ ਇਕ ਸੁਤੰਤਰ ਸੋਚਣੀ ਦੇ ਜੀਊੜੇ ਸਨ। ਉਹ ਠੀਕਰੀਆਂ ਦੀ ਪੂਜਾ ਨਾਲੋਂ ਰੰਬ ਦੇ ਬੰਦਿਆਂ ਦੀ ਪੂਜਾ ਦੇ ਸ਼ੈਦਾਈ ਸਨ। ਅਕਾਸ਼ੀ ਮੰਡਲਾਂ ਵਿਚ ਵਿਚਰਨ ਵਾਲੇ, ਗਰਜ਼ਾਂ ਦੀਆਂ ਤੰਗ ਵਲਗਣਾਂ ਵਿਚ ਕਿੰਨਾ ਕੁ ਚਿਰ ਕੈਦ ਰਹਿ ਸਕਦੇ ਹਨ।
ਜਦੋਂ ਉਨ੍ਹਾਂ ਅੰਗ੍ਰੇਜ਼ੀ ਭਾਸ਼ਾ ਵਿਚ Thundering Dawn ਦਾ ਪੱਤਰ ਜਾਰੀ ਕੀਤਾ ਤਾਂ ਉਸੇ ਵਰ੍ਹੇ ਉਨ੍ਹਾਂ ਨੂੰ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ।
ਉਹ ਏਨੇ ਜਜ਼ਬਾਤੀ ਤੇ ਭਾਵੁਕ ਸਨ ਕਿ ਘਰ ਵਿਚ ਕਿਸੇ ਸੰਨਿਆਸੀ ਦਾ ਅਪਮਾਨ ਬਰਦਾਸ਼ਤ ਨਹੀਂ ਸੀ ਕਰ ਸਕਦੇ ਅਤੇ ਘਰ ਦੇ ਭਾਂਡੇ ਤਕ ਭੰਨ ਦਿੰਦੇ, ਪਰ ਦੂਜੇ ਪਾਸੇ ਕੋਮਲਚਿਤ ਏਨੇ ਕਿ ਕਿਸੇ ਸ਼ਿਕਾਰੀ ਕੋਲੋਂ ਟੋਕਰੀ ਤੇ ਜਾਲੀ ਵਿਚ ਫਾਹੀਆਂ ਚਿੜੀਆਂ ਨੂੰ ਆਜ਼ਾਦ ਕਰਵਾਉਣ ਲਈ ੩੦ ਰੁਪਏ ਦੇ ਕੇ ਇਕ ਅਗੰਮੀ ਖੁਸ਼ੀ ਅਨੁਭਵ ਕਰਦੇ।
ਕਦੇ ਉਨ੍ਹਾਂ ਦਾ ਮੇਲ ਪ੍ਰਸਿੱਧ ਗਾਇਕ ਵਿਸ਼ਨੂੰ ਦਿਗੰਬਰ ਨਾਲ ਹੁੰਦਾ ਹੈ, ਤਾਂ ਕਦੀ ਵਿਸ਼ਵ-ਵਿਆਪੀ ਉਰਦੂ ਸ਼ਾਇਰ ਡਾ: ਇਕਬਾਲ ਨਾਲ, ਤੇ ਕਦੀ ਕਿਸੇ ਵਿਗਿਆਨੀ ਨਾਲ ਤੇ ਕਦੀ ਡਾ. ਖ਼ੁਦਾਦਾਦ ਅਤੇ ਕਦੀ ਪੰਡਿਤ ਹਰਦਿਆਲ ਐਮ. ਏ. ਨਾਲ । ਇਹ ਸਾਰੇ ਮਹਾਨ ਵਿਅਕਤੀ ਪੂਰਨ ਸਿੰਘ ਦਾ ਹਾਰਦਿਕ ਸਤਿਕਾਰ ਕਰਦੇ ਸਨ।
੧੯੧੨ ਈ. ਵਿਚ ਪ੍ਰੋ. ਪੂਰਨ ਸਿੰਘ ਦਾ ਸਹਿਵਨ ਹੀ ਮੇਲ ਪੰਜਾਬੀ ਦੇ ਅਧਿਆਤਮਕ ਕਵੀ ਭਾਈ ਵੀਰ ਸਿੰਘ ਜੀ ਨਾਲ ਹੋਇਆ। ਉਨ੍ਹਾਂ ਦੀ ਪ੍ਰੇਰਣਾ ਨਾਲ ਪ੍ਰੋ. ਪੂਰਨ ਸਿੰਘ ਜੀ ਮੁੜ ਸਿੱਖੀ ਜਾਮੇ ਵਿਚ ਆ ਗਏ ਤੇ ਉਨ੍ਹਾਂ ਨੇ ਗੁਰਮਤੀ ਸਹਿਜ ਜੀਵਨ ਦਾ ਟਿਕਾਉ ਵਾਲਾ ਮਹਾ-ਆਨੰਦ ਹਾਸਿਲ ਕੀਤਾ। ਏਥੇ ਸਹੀ ਅਰਥਾਂ ਵਿਚ ਪ੍ਰੋ. ਪੂਰਨ ਸਿੰਘ ‘ਪੂਰਨ’ ਵੀ ਬਣ ਗਏ ਅਤੇ ਸਿੰਘ ਵੀ। ਇਹ ਦੋਵੇਂ ਵਿਸ਼ੇਸ਼ਣ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਦੇ ਅਨਿੱਖੜ ਅੱਖਰ ਹਨ।
ਪ੍ਰੋ. ਪੂਰਨ ਸਿੰਘ ਵਰਗੀ ਮਹਾਨ ਤੇ ਲਾਸਾਨੀ ਸ਼ਖ਼ਸੀਅਤ ਕਿਸੇ ਤੋਂ ਪ੍ਰੇਰਣਾ ਤਾਂ ਲੈ ਸਕਦੀ ਸੀ ਪਰ ਕਿਸੇ ਦੀ ਪਿਛਲੱਗ ਨਹੀਂ ਸੀ ਬਣ ਸਕਦੀ। ਭਾਈ ਵੀਰ ਸਿੰਘ ਕੇਵਲ ਇਕ ਪੂਰਵੀ ਲੇਖਕ (Oriental Writer) ਸਨ ਪਰ ਪ੍ਰੋ. ਪੂਰਨ ਸਿੰਘ ਦਾ ਸੋਚਣ-ਢੰਗ ਨਿਰੋਲ ਨਿੱਜੀ ਸੀ ਅਤੇ ਪ੍ਰਗਟਾ ਢੰਗ ਅਸਲੋਂ ਆਧੁਨਿਕ। ਸ਼ੈਲੀ ਇਕ ਦਮ ਨਵੀਨ ਤੇ ਜਗਤ ਵਿਆਪੀ ਸੀ। ਉਨ੍ਹਾਂ ਦੇ ਅਧਿਐਨ ਦਾ ਖੇਤਰ ਬਹੁਤ ਮੋਕਲਾ ਤੇ ਵਿਸ਼ਾਲ ਸੀ ਤੇ ਪੱਛਮੀ ਸਾਹਿੱਤ-ਦਰਸ਼ਨ ਦਾ ਬੋਧ ਅਮੁੱਕ ਸੀ। ਪ੍ਰੋ. ਪੂਰਨ ਸਿੰਘ ਅੰਗ੍ਰੇਜ਼ੀ, ਹਿੰਦੀ, ਪੰਜਾਬੀ ਭਾਸ਼ਾਵਾਂ ਦੇ ਲੇਖਕ ਸਨ। ਪੰਜਾਬੀ ਭਾਸ਼ਾ ਵਿਚ ਉਨ੍ਹਾਂ ਨੇ ‘ਖੁਲ੍ਹੇ ਲੇਖ’, ‘ਖੁਲ੍ਹੇ ਮੈਦਾਨ’, ‘ਖੁਲ੍ਹੇ ਘੁੰਡ’ ਤੇ ‘ਖੁੱਲ੍ਹੇ ਅਸਮਾਨੀ ਰੰਗ’ ਆਦਿ ਪੁਸਤਕਾਂ ਖੁਲ੍ਹੇ, ਆਜ਼ਾਦ ਸੈਲਾਨੀ ਛੰਦ ਵਿਚ ਲਿਖ ਕੇ ਇਕ ਨਵੀਂ ਨਵੇਕਲੀ ਤੇ ਵਿਲੱਖਣ ਲੀਹ ਤੋਰੀ। ਇਸ ਮਹਿਕਾਂ ਖਿਲਾਰਣ ਵਾਲੀ ਅਨੁਭਵੀ ਸ਼ਖ਼ਸੀਅਤ ਦੀਆਂ ਰਚੀਆਂ ਹੋਰ ਪੁਸਤਕਾਂ ਇਸ ਪ੍ਰਕਾਰ ਹਨ : ਦਸ ਗੁਰੂ ਜੋਤ, ਰੂਹ ਦੇ ਜਾਏ ਲੋਕ, ਪੂਰਬੀ ਕਾਵਿ ਦੀ ਆਤਮਾ, ਚਰਨ ਕਮਲ, ਸਵਾਮੀ ਰਾਮ ਤੀਰਥ ਦਾ ਜੀਵਨ ਬਿਤ, ਗਦ-ਕਾਵਿ ਦੀਆਂ ਸਤ ਖਾਰੀਆਂ, ਅਣਪਰੋਏ ਮਣਕੇ, ਆਪੇ ਨਾਲ ਗੁਜ਼ਾਰੀ ਇਕ ਦੁਪਹਿਰ, ਜਗਦੀਆਂ ਜੋਤਾਂ ਤੇ ਤ੍ਰਿੰਞਣ ਦੀਆਂ ਸਖੀਆਂ ਆਦਿ। ਇਨ੍ਹਾਂ ਉਕਤ ਰਚਨਾਵਾਂ ਵਿਚ ਉਹ ਇਸ ਪਦਾਰਥਕ ਜਗਤ ਤੇ ਮਿੱਟੀ ਘੱਟੇ ਤੋਂ ਸਦਾ ਅਛੋਹ ਤੋਂ ਨਿਰਮਲ ਹਨ। ਇਨ੍ਹਾਂ ਵਿਚ ਸਮੇਂ ਦੀ ਆਤਮਾ ਦਾ ਚਿਤਰ ਵੀ ਮੌਜੂਦ ਹੈ ਪਰ ਸਭ ਤੋਂ ਵਧੇਰੇ ਸਰਬ-ਸਮਿਆਂ ਦਾ ਚਰਿੱਤਰ ਬਤਾਇਮਾਨ ਹੈ ਤੇ ਇਹ ਸਾਡੇ ਸਾਹਿਤ-ਜਗਤ ਦਾ ਅਮੀਰ, ਅਪੇਟ ਤੋਂ ਜਿਊਂਦਾ ਜਾਗਦਾ ਵਿਰਸਾ ਹੈ।
ਪ੍ਰੋ. ਪੂਰਨ ਸਿੰਘ ਜੀ ਦੀ ਰਚਨਾ ਦਾ ਘੇਰਾ ਬੜਾ ਵਿਸ਼ਾਲ ਹੈ। ਕਵਿਤਾ ਵਿਚ ਉਹ ਇਕ ਨਵੀਂ ਧਾਰਾ ਦੇ ਮੋਢੀ ਤੇ ਸਿਰਜਕ ਹਨ ਅਤੇ ਵਾਰਤਕ ਵਿਚ ਪਹਿਲੇ ਅਨੋਖੇ, ਨਿਵੇਕਲੇ ਤੇ ਵਿਲੱਖਣ ਨਿਬੰਧਕਾਰ ਗਦ-ਪਦ ਤੋਂ ਇਲਾਵਾ ਪ੍ਰੋ. ਪੂਰਨ ਸਿੰਘ ਨੇ ਉਲੰਪਾਕਾਰੀ ਵਿਚ ਭੀ ਨਿਗਰ ਕਾਰਜ ਨੇਪਰੇ ਚਾੜ੍ਹ ਕੇ ਨਵੇਂ ਪੂਰਨੇ ਪਾਏ ਹਨ। Tha spirit of Oriental Poetry ਪੁਸਤਕ ਉਪਰ ਵਿਚਾਰ ਕਰਦਿਆਂ, ਪ੍ਰੋ: ਕਿਰਪਾਲ ਸਿੰਘ ਕਸੇਲ ਲਿਖਦਾ ਹੈ :
ਇਹ ਇੱਕ ਪੁਸਤਕ ਹੀ ਪ੍ਰੋ. ਪੂਰਨ ਸਿੰਘ ਦੀ ਲਾਜਵਾਬ ਸਾਹਿਤਕ ਚੇਤੰਨਤਾ ਦੀ ਸਾਖੀ ਭਰਦੀ ਹੈ ਤੇ ਉਸ ਨੂੰ ਮੌਲਿਕ ਸਾਹਿਤਕ ਚਿੰਤਕ ਦੇ ਤੌਰ ‘ਤੇ ਸਦਾ ਲਈ ਸਥਾਪਤ ਕਰ ਦਿੰਦੀ ਹੈ, ਜਿੰਨੇ ਉੱਚੇ ਖਿਆਲ ਇਸ ਵਿਚ ਦੱਸੇ ਗਏ ਹਨ, ਉਨੀ ਹੀ ਸੁੰਦਰ ਸ਼ੈਲੀ ਦਾ ਪ੍ਰਯੋਗ ਕੀਤਾ ਗਿਆ ਹੈ।
ਉਪਰੋਕਤ ਪੁਸਤਕ ਵਿਚ ਜੈ ਦੇਵ ਦੀ ਜਗਤ-ਪ੍ਰਸਿੱਧ ਰਚਨਾ ‘ਗੀਤ ਗੋਬਿੰਦ’ ਦਾ ਵੀ ਅਨੁਵਾਦ ਹੈ।ਇੰਜ ਇਹ ਬਹੁਤ ਵੱਡਾ ਲਾਲਾਂ, ਮੋਤੀਆਂ ਦਾ ਕੀਮਤੀ ਖਜ਼ਾਨਾ ਤੇ ਸੁੰਦਰ ਪੁਸ਼ਪ ਬਾਗ ਹੈ।ਕਣ ਦੀਆਂ ਸਖੀਆਂ ਵਿਚਲੀ ਸਾਰੀ ਕਵਿਤਾ ਨੂੰ ਇਸ ਅਨੁਭਵੀ ਕਵੀ ਨੇ ਸਿੱਖ ਕਵਿਤਾ ਆਖਿਆ ਹੈ।ਇਸ ਵਿਚ ਜਿੱਥੇ ਰਾਜ ਹੰਸ, ਕੋਇਲ, ਚਾਤ੍ਰਿਕ ਤੇ ਪਾਰਸ ਰਾਹੀਂ ਜੀਵਨ ਦੇ ਉੱਚੇ ਆਦਰਸ਼ਾਂ ਨੂੰ ‘ਪ੍ਰਤੀਕਮਈ’ ਢੰਗ ਨਾਲ ਖੋਲ੍ਹਿਆ ਹੈ, ਉੱਥੇ ‘ਇਸਤ੍ਰੀ ਨਾਂ ਦੀ ਲੰਮੇਰੀ ਕਵਿਤਾ ਵਿਚ ਪੰਜਾਬ ਤੇ ਪੋਠੋਹਾਰ ਤੇ ਸਭਿਆਚਾਰਕ ਦ੍ਰਿਸ਼ ਦ੍ਰਿਸ਼ਟੀਗੋਚਰ ਕੀਤੇ ਹਨ।ਬਾਕੀ ਦੀਆਂ ਕਵਿਤਾਵਾਂ ਵਿਚ ‘ਸਿੱਖ ਅਧਿਆਤਮਵਾਦ ਦੇ ਨਵੇਂ ਰੂਪ ਦੇ ਖੁਲ੍ਹੇ ਦੀਦਾਰੇ ਕਰਵਾਏ ਹਨ। ‘ਚਰਨ ਕਮਲਾਂ ਉੱਤੇ’ ਨਾਂ ਦੀ ਲੰਮੀ ਕਵਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਗੰਮੀ ਦਰਸ਼ਨਾਂ ਦੀ ਸਿੰਕ ਵਿਚ ਉਲੀਕੀ ਗਈ ਹੈ।
ਗੁਦ ਕਾਵਿ ਦੀਆਂ ਸੱਤ ਖਾਰੀਆਂ ਬਹੁਪੱਖੀ ਵਿਸ਼ਿਆਂ ਨਾਲ ਸਬੰਧਿਤ ਤੇ ਅਧਿਆਤਮਕ ਅਗੰਮੀ ਮੰਡਲਾਂ ਵਿਚ ਵਿਚਰਨ ਤੇ ਲੈ ਜਾਵਣ ਵਾਲੀ ਯਾਦਗਾਰੀ ਰਚਨਾ ਹੈ। ਇਸ ਪੁਸਤਕ ਦੇ ਇਕ ਭਾਗ ਵਿਚ ਤਾਂ ਸਮੂਹ ਕਵੀਆਂ ਸਾਹਿੱਤਕਾਰਾਂ, ਭਗਤਾਂ ਤੇ ਪ੍ਰੇਮੀਆਂ ਦਾ ਸਤਿਸੰਗ ਲੱਗਾ ਹੋਇਆ ਹੈ। ਦੂਜੇ ਭਾਗ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਣੀਆਲੇ ਤੀਰਾਂ ਦੀਆਂ ਸੁਨਹਿਰੀ ਅਣੀਆਂ ਤੇ ਲੋਕਾਂ ਦੀ ਝਲਕਾਰ ਤੇ ਕਲਗੀ ਦੇ ਪ੍ਰਕਾਸ਼ ਦੀ ਲਿਸ਼ਕਦੀ ਲਿਸ਼ਕਾਰ ਹੈ।
ਪ੍ਰੋ. ਪੂਰਨ ਸਿੰਘ ਦੇ ਪੈਰਾਂ ਵਿਚ ਭ੍ਰਮਣ-ਚੱਕਰ ਸੀ।ਉਹ ਕਦੀ ਵੀ ਇਕ ਥਾਂ ਨਹੀਂ ਸਨ ਟਿਕ ਸਕਦੇ। ੧੯੧੮ ਈ. ਵਿਚ ਪਟਿਆਲੇ, ੧੯੧੯-੨੩ ਈ. ਤਕ ਗਵਾਲੀਅਰ ਰਿਆਸਤ ਵਿਚ, ਅਤੇ ੧੯੨੬ ਈ. ਵਿਚ ਕਸ਼ਮੀਰ ਦੇ ਮਹਾਰਾਜਾ ਪਾਸ ਨੌਕਰੀ ਕੀਤੀ। ਜਿੱਥੇ ਉਨ੍ਹਾਂ ਨੂੰ ਮਾਹੌਲ ਰਾਸ ਨਾ ਆਉਂਦਾ, ਉਥੋਂ ਉਹ ਅਛੋਪਲੇ ਜਿਹੇ ਟਿੱਕ ਜਾਂਦੇ। ਉਹ ਇਕ ਅਬੁੱਝ ਲਾਟ ਤੇ ਸੁਤੰਤਰ ਰੂਹ ਦੇ ਸਵਾਮੀ ਸਨ, ਜੋ ਕਿਸੇ ਦੀ ਅਧੀਨਗੀ ਕਬੂਲਣ ਲਈ ਹਰਗਿਜ਼ ਤਿਆਰ ਨਹੀਂ ਸਨ।ਨਿਰਵਾਣ ਮੁਕਤੀ ਪ੍ਰਾਪਤ ਕਰ ਚੁੱਕੀ ਸੱਚੀ ਸੁਚੀ ਆਤਮਾ ਤੇ ਫੁੱਲਾਂ ਦੀ ਸੁਗੰਧ ਕਿੰਜ ਮਸਨੂਈ ਦੁਨਿਆਵੀ ਕੈਦ ਦੀ ਚਾਰਦੀਵਾਰੀ ਵਿਚ ਬੰਨ੍ਹੀ ਰਹਿ ਸਕਦੀ ਹੈ!
੧੯੨੬ ਈ. ਵਿਚ ਚੱਕ ਨੰ: ੭੩/੧੯ ਸ਼ੇਖੂਪੁਰਾ (ਪਕਿਸਤਾਨ) ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ੧੫ ਮੁਰੱਬੇ, ਰੋਸ਼ਾ ਘਾਹ ਉਗਾਉਣ ਲਈ ਦਿੱਤੇ ਪਰ ਅਚਾਨਕ ਹੜ੍ਹ, ਪਰਿਸ਼ਰਮ ਤੇ ਮਿਹਨਤ ਨਾਲ ਲਗਾਏ ਰੋਥਾ ਘਾਹ ਨੂੰ ਰੋੜ੍ਹ ਕੇ ਲੈ ਗਏ ਪਰ ਜਿਹੜਾ ਸਾਹਿੱਤਕ ਤੇ ਕਾਵਿਕ-ਹੜ੍ਹ ਪ੍ਰੋ: ਪੂਰਨ ਸਿੰਘ ਦੇ ਧੁਰ ਅੰਦਰ ਤਕ ਰਮਿਆ ਹੋਇਆ ਸੀ, ਉਸ ਨੂੰ ਭਲਾ ਕਿਹੜੀ ਸਕਤੀ ਹੋੜ੍ਹ ਸਕਦੀ ਸੀ। ਕੰਵਲ ਲਿਖੀਆਂ ਪੁਸਤਕਾਂ ਤੋਂ ਖਰੜਿਆਂ ਦਾ ਟਰੰਕ ਆਪਣੇ ਕੋਲ ਸਾਂਭਦਿਆਂ ਇਕ ਉੱਚੀ ਥਾਂ ਬੈਠ ਕੇ, ਰੱਬ ਦਾ ਸ਼ੁਕਰ ਅਲਾਉਣ ਲੱਗੇ:
ਭਲਾ ਹੋਇਆ ਮੇਰਾ ਚਰਖਾ ਟੁੱਟਾ
ਜਿੰਦ ਅਜ਼ਾਮੀਂ ਛੋਟੀ!
ਬਾਰ ਦੇ ਜੰਗਲਾਂ ਵਿਚ ਉਨ੍ਹਾਂ ਨੂੰ ਤਪਦਿਕ ਦੇ ਰੋਗ ਨੇ ਅਜਿਹਾ ਗ੍ਰਸਿਆ ਕਿ ਇਲਾਜ ਵਾਸਤੇ ਉਨ੍ਹਾਂ ਨੂੰ ਡੇਹਰਾਦੂਨ (ਯੂ: ਪੀ:) ਵਿਚ ਲਿਆਂਦਾ ਗਿਆ, ਜਿੱਥੇ ਇਹ ਪੁਰਾਣੇ ਪੰਜਾਬ ਨੂੰ, ਪੁਰਾਣੀ ਸੰਸਕ੍ਰਿਤੀ ਨੂੰ ਹਾਕਾਂ ਮਾਰਨ ਵਾਲਾ, ਮਸਤ ਮੌਲਾ, ਜਜ਼ਬਾਤੀ ਤੇ ਅਨੁਭਵੀ, ਨਿਸ਼ਕਪਟ ਅਤੇ ਅਲਬੇਲੀ ਰੂਹ ਵਾਲਾ ਸ਼ਾਇਰ ੩੧ ਮਾਰਚ, ੧੯੩੧ ਨੂੰ ਇਸ ਨਾਸ਼ਵਾਨ ਸੰਸਾਰ ਨੂੰ ਆਪਣੀ ਅੰਤਿਮ ਫਤਿਹ ਬੁਲਾ ਕੇ ਪਰਮ-ਆਤਮਾ ਵਿਚ ਅਭੇਦ ਹੋ ਗਿਆ।
~ ਡਾ ਐੱਮ ਐਸ ਅੰਮ੍ਰਿਤ
Average Rating