ਗੁਰਬਾਣੀ ਦੇ ਰਸੀਏ, ਕਥਨੀ ਤੇ ਕਰਨੀ ਦੇ ਪੂਰੇ, ਨਿਰਛਲ, ਨਿਰਲੇਪ, ਨਿਧੜਕ, ਸੇਵਾ ਦੇ ਪੁੰਜ ਅਤੇ ਮਹਾਨ ਵਿਦਵਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਂ ਜ਼ਬਾਨ ‘ਤੇ ਆਉਂਦਿਆਂ ਹੀ ਹੱਥ ਸ਼ਰਧਾ, ਮਾਣ, ਸਤਿਕਾਰ ਤੇ ਪ੍ਰੇਮ ਸੇਤੀ ਆਪ ਮੁਹਾਰੇ ਜੁੜ ਜਾਂਦੇ ਹਨ ਤੇ ਸਿਰ ਇਸ ਅਦੁੱਤੀ ਸ਼ਖ਼ਸੀਅਤ ਨੂੰ ਸਤਿਕਾਰ ਦੇਣ ਲਈ ਝੁਕ ਜਾਂਦਾ ਹੈ।
ਆਪ ਜੀ ਦਾ ਜਨਮ ੧੯ ਅੱਸੂ ਸੰਮਤ ੧੯੮੯ ਬਿਕ੍ਰਮੀ ਮੁਤਾਬਿਕ ੪ ਅਕਤੂਬਰ, ੧੯੩੨ ਈ: ਦਿਨ ਮੰਗਲਵਾਰ, ਗੁਰਬਾਣੀ ਦੇ ਨਿਤਨੇਮੀ ਤੇ ਖਾਲਸਾ ਪੰਥ ਦੇ ਮਹਾਨ ਸੇਵਕ ਜਥੇਦਾਰ ਝੰਡਾ ਸਿੰਘ ਜੀ ਦੇ ਘਰ ਮਾਤਾ ਲਾਭ ਕੌਰ ਜੀ ਦੀ ਕੁੱਖੋਂ ਪਿੰਡ ਪੁਰਾਣੇ ਭੂਰੇ ਤਹਿਸੀਲ ਪੱਟੀ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੋਇਆ।
ਆਪ ਜੀ ਨੇ ਆਪਣੇ ਪਿੰਡ ਦੇ ਤਿਆਰ-ਬਰ-ਤਿਆਰ ਗੁਰਸਿੱਖ ਤੇ ਮਹਾਨ ਅਖੰਡ ਪਾਨੀ ਬਾਬਾ ਬੰਗਾ ਸਿੰਘ ਜੀ ਪਾਸੋਂ ਗੁਰਮਤਿ, ਦੀ ਵਿਦਿਆ ਗ੍ਰਹਿਣ ਕੀਤੀ ਤੇ ਸਕੂਲੀ ਵਿਦਿਆ ਸਰਕਾਰੀ ਮਿਡਲ ਸਕੂਲ ਖੇਮਕਰਨ ਤੋਂ ਪ੍ਰਾਪਤ ਕੀਤੀ।ਨੌਵੀਂ ਤੇ ਦਸਵੀਂ ਇਕ ਸਾਲ ਵਿਚ ਹੀ ਨੈਸ਼ਨਲ ਹਾਈ ਸਕੂਲ ਭਿਖੀਵਿੰਡ ਤੋਂ ਪਾਸ ਕੀਤੀ। ਉਚੇਰੀ ਵਿਦਿਆ ਲਈ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਦਾਖਲ ਹੋਏ, ਜਿਥੇ ਆਪ ਜੀ ਨੇ ਐਫ.ਏ. ਪਾਸ ਕੀਤੀ।
ਪੜ੍ਹਾਈ ਦੇ ਨਾਲ ਨਾਲ ਆਪ ਜੀ ਗੁਰਬਾਣੀ ਵੱਲ ਵੀ ਪੂਰਾ ਧਿਆਨ ਦਿੰਦੇ ਸਨ ਤੇ ਸਿਮਰਨ ਵਿਚ ਲੀਨ ਰਹਿੰਦੇ ਸਨ। ਆਪ ਜੀ ਨਿਯਮ ਨਾਲ ਹਰ ਰੋਜ਼ ਪੰਜ ਬਾਣੀਆਂ ਦਾ ਪਾਠ ਪ੍ਰੇਮ ਨਾਲ ਕਰਦੇ ਤੇ ਸਾਸ-ਗਿਰਾਸ ਵਾਹਿਗੁਰੂ ਨੂੰ ਯਾਦ ਕਰਦੇ। ਆਪ ਜੀ ਕਦੇ ਵੀ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਤੋਂ ਬਗੈਰ ਪ੍ਰਸ਼ਾਦਾ ਆਦਿ ਨਹੀਂ ਸਨ ਛਕਦੇ।
੧੯੪੮ ਈ: ਵਿਚ ਜਦੋਂ ਗਿਆਨੀ ਜੀ ਅਜੇ ਵਿਦਿਆਰਥੀ ਹੀ ਸਨ ਕਿ ਆਪ ਜੀ ਦੀ ਭੂਆ ਜੀ ਦੇ ਸਪੁੱਤਰ ਭਗਤ ਉਜਾਗਰ ਸਿੰਘ ਜੀ ਕਾਹਨੇ ਵਾਲੇ ਆਪ ਜੀ ਨੂੰ ਆਪਣੇ ਨਾਲ ਲੈ ਗਏ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਨਾਲ ਆਪ ਜੀ ਦਾ ਮੇਲ ਕਰਵਾਇਆ।ਆਪ ਜੀ ਉਥੋਂ ਹੀ ਪੰਜਾਂ ਪਿਆਰਿਆਂ ਪਾਸੋਂ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਪੂਰਨ ਸਿੰਘ ਸਜ ਗਏ।ਆਪ ਜੀ ਹਰ ਸਾਲ ਸੰਤ ਗੁਰਬਚਨ ਸਿੰਘ ਜੀ ਨੂੰ ਆਪਣੇ ਨਗਰ ਭੂਰੇ ਲੈ ਕੇ ਆਉਂਦੇ ਤੇ ਕਥਾ ਕੀਰਤਨ ਤੇ ਅੰਮ੍ਰਿਤ ਸੰਚਾਰ ਕਰਕੇ ਅਨੇਕਾਂ ਪ੍ਰਾਣੀਆਂ ਨੂੰ ਗੁਰੂ ਦੇ ਲੜ ਲਾਉਂਦੇ।
੧੯੫੦ ਈ: ਵਿਚ ਸੰਤ ਕਰਤਾਰ ਸਿੰਘ ਜੀ ਦੀ ਸ਼ਾਦੀ ਬੀਬੀ ਨਰਿੰਜਣ ਕੌਰ ਨਾਲ ਹੋਈ ਤੇ ਕੁਝ ਚਿਰ ਪਿੱਛੋਂ ਆਪ ਜੀ ਦੇ ਘਰ ਦੋ ਸਪੁੱਤਰ (ਭਾਈ) ਅਮਰੀਕ ਸਿੰਘ ਤੇ (ਭਾਈ ) ਮਨਜੀਤ ਸਿੰਘ ਜੀ ਪੈਦਾ ਹੋਏ।
ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਫ.ਏ. ਪਾਸ ਕਰਨ ਪਿੱਛੋਂ ਆਪ ਜੀ ਨੇ ਪੱਕੇ ਤੌਰ ‘ਤੇ ਜਥੇ ਵਿਚ ਸ਼ਾਮਲ ਹੋਣ ਦੀ ਇੱਛਾ ਪ੍ਰਗਟ ਕੀਤੀ ਪਰ ਪਿਤਾ ਜੀ ਦੇ ਨਾ ਮੰਨਣ ‘ਤੇ ਸੰਤ ਗੁਰਬਚਨ ਸਿੰਘ ਜੀ ਦੀ ਆਗਿਆ ਅਨੁਸਾਰ ਆਪ ਜੀ ਨੇ ਪਟਵਾਰੀ ਦੀ ਨੌਕਰੀ ਕਰ ਲਈ ਅਤੇ ਛੇ ਮਹੀਨੇ ਤਕ ਮੁਕਤਸਰ ਵਿਖੇ ਇਸ ਨੌਕਰੀ ‘ਤੇ ਰਹੇ। ੧੯੫੭ ਈ: ਵਿਚ ਇਸ ਨੌਕਰੀ ਤੋਂ ਅਸਤੀਫਾ ਦੇ ਕੇ ਪੱਕੇ ਤੌਰ ‘ਤੇ ਜਥੇ ਵਿਚ ਸ਼ਾਮਲ ਹੋ ਗਏ।
ਜਥੇ ਵਿਚ ਸ਼ਮੂਲੀਅਤ ਦੇ ਇਕ ਸਾਲ ਦੇ ਅੰਦਰ ਹੀ ਆਪ ਜੀ ਦੀ ਸੇਵਾ ਤੇ ਸਿਮਰਨ ਨੂੰ ਦੇਖਦੇ ਹੋਏ ਸੰਤ ਭਿੰਡਰਾਂ ਵਾਲਿਆਂ ਨੇ ਗੁਰਬਾਣੀ ਦੀ ਕਥਾ ਵਿਚਾਰ ਦੀ ਸੇਵਾ ਆਪ ਜੀ ਦੋ ਜੁੰਮੇ ਲਾ ਦਿੱਤੀ ਤੇ ਹੌਲੀ-ਹੌਲੀ ਆਪ ਜੀ ਨੇ ਸੰਤਾਂ ਦੇ ਗੜਵਈ ਵਜੋਂ ਵੀ ਸੇਵਾ ਸੰਭਾਲ ਲਈ।ਆਪ ਜੀ ਹਰ ਰੋਜ਼ ਸੰਤਾਂ ਨੂੰ ਪੰਜ ਬਾਣੀਆਂ, ਜੈਤਸਰੀ ਦੀ ਵਾਰ, ਸਤੇ ਬਲਵੰਡ ਦੀ ਵਾਰ, ਦੋਵੇਂ ਬਾਰਹ ਮਾਹਾ, ਸਾਰੀ ਪੰਜ ਗ੍ਰੰਥੀ, ਪੰਝੀ ਪੱਤਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਕਈ ਪਾਠ ਜਪੁ ਜੀ ਸਾਹਿਬ ਦੇ ਸੁਣਾਉਂਦੇ।
ਮਹਾਂਪੁਰਖਾਂ ਨੇ ਤਿੰਨ ਵੇਰ ਆਪ ਜੀ ਨੂੰ ਜਥੇਬੰਦੀ ਦੀ ਸੇਵਾ ਸੰਭਾਲਣ ਦੀ ਇੱਛਾ ਪ੍ਰਗਟ ਕੀਤੀ ਤੇ ਅਖੀਰ ਵਿਚ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੀਜੀ ਜਨਮ ਸ਼ਤਾਬਦੀ ਦੇ ਸ਼ੁਭ ਅਵਸਰ ‘ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਮਦਮੀ ਟਕਸਾਲ ਦੀ ਸੇਵਾ ਦੀ ਸੌਂਪਣਾ ਸਾਰੀ ਸੰਗਤ ਵਿਚ ਆਪ ਜੀ ਨੂੰ ਕਰ ਦਿੱਤੀ ।
੨੮ ਜੂਨ ੧੯੬੯ ਈ: ਨੂੰ ਮਹਾਂਪੁਰਖਾਂ ਦੇ ਗੁਰਪੁਰੀ ਪਯਾਨਾ ਕਰਨ ਪਿੱਛੋਂ ਜਥੇ ਦੀ ਸੇਵਾ ਬਾਰੇ ਬੜਾ ਰੌਲਾ ਪਿਆ ਪਰ ਅੰਤ ਨੂੰ ਬਖਸ਼ਿਸ਼ ਇਨ੍ਹਾਂ ‘ਤੇ ਹੋਈ। ਆਪ ਜੀ ਨੇ ਇਹ ਸੋਚ ਕੇ ਕਿ ਕਿਸੇ ਕਿਸਮ ਦਾ ਵੈਰ-ਵਿਰੋਧ ਨਾ ਪਵੇ, ਭਿੰਡਰਾਂ ਨੂੰ ਛੱਡ ਕੇ ਮਹਿਤੇ ਨੂੰ ਕੇਂਦਰੀ ਅਸਥਾਨ ਬਣਾਉਣ ਦਾ ਫੈਸਲਾ ਕੀਤਾ, ਕਿਉਂਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਨੇ ਇੱਥੇ ਹੀ ਸਰੀਰ ਤਿਆਗਿਆ ਸੀ।
੧੯੬੯ ਤੋਂ ਲੈ ਕੇ ੧੯੭੭ ਈ: ਤੱਕ ਆਪ ਜੀ ਨੇ ਮਹਿਤਾ ਅਤੇ ਵੱਖ-ਵੱਖ ਥਾਵਾਂ ‘ਤੇ ਜਾ ਕੇ ੮ ਸਾਲ ਗੁਰਬਾਣੀ ਦੀ ਕਥਾ ਅਤੇ ਅੰਮ੍ਰਿਤ-ਸੰਚਾਰ ਦਾ ਪ੍ਰਵਾਹ ਚਲਾਇਆ, ਦੇਹਧਾਰੀ ਗੁਰੂਆਂ ਦਾ ਭੇਟ ਕੇ ਵਿਰੋਧ ਕੀਤਾ ਤੇ ਸਿੱਖ ਸੰਗਤਾਂ ਨੂੰ ਪਖੰਡੀ ‘ਗੁਰੂਆਂ ਤੋਂ ਸੁਚੇਤ ਕੀਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੀਜੀ ਸ਼ਹੀਦੀ ਸ਼ਤਾਬਦੀ ਦੇ ਸਬੰਧ ਵਿਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ੧੨੬ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ।ਆਪ ਜੀ ਨੇ ਅਨੇਕਾਂ ਨਗਰ ਕੀਰਤਨ ਕਰਵਾਏ ਤਾਂ ਕਿ ਸਿੱਖ ਧਰਮ ਦਾ ਪ੍ਰਚਾਰ ਵੱਧ ਤੋਂ ਵੱਧ ਹੋ ਸਕੇ ਤੇ ਵੱਧ ਤੋਂ ਵੱਧ ਲੋਕ ਸਿੱਖੀ ਦੇ ਧਾਰਨੀ ਬਣ ਸਕਣ। ਇਸੇ ਪ੍ਰਚਾਰ ਦਾ ਸਦਕਾ ਬਹੁਤ ਸਾਰੇ ਲੋਕ ਜੋ ਸਿੱਖ ਕਹਾਉਂਦੇ ਹੋਏ ਵੀ ਸਿੱਖੀ ਅਸੂਲਾਂ ਦੇ ਧਾਰਨੀ ਨਹੀਂ ਸਨ, ਗੁਰੂ ਵਾਲੇ ਬਣੇ।
ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਐਮਰਜੈਂਸੀ ਦੇ ਸਰਕਾਰੀ ਪ੍ਰੋਗਰਾਮਾਂ ਵਿਚ ਨਸਬੰਦੀ ਤੇ ਨਲਬੰਦੀ ਪ੍ਰਧਾਨ ਸੀ, ਜਿਸ ਨੂੰ ਸੰਤ ਜੀ ਸਿੱਖੀ-ਵਿਰੋਧੀ ਸਮਝਦੇ ਸਨ। ਐਮਰਜੈਂਸੀ ਦੇ ਦੌਰਾਨ ੩੭ ਜਲੂਸ ਕਢੇ ਤੇ ਇਸ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ। ਇਸੇ ਸਮੇਂ ਚੋਣਾਂ ਦਾ ਐਲਾਨ ਹੋਣ ‘ਤੇ ਸਿੰਘ ਲੀਡਰਾਂ ਨੇ ਆਪ ਜੀ ਨੂੰ ਬੇਨਤੀ ਕੀਤੀ ਕਿ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ।ਆਪ ਜੀ ਦੀ ਕੀਤੀ ਅਰਦਾਸ ਗੁਰੂ-ਕਿਰਪਾ ਸਦਕਾ ਪੂਰੀ ਹੋਈ ਤੇ ਖਾਲਸਾ ਪੰਥ ਦੀ ਸ਼ਾਨਦਾਰ ਜਿੱਤ ਹੋਈ।
ਆਪ ਜੀ ਚੰਗੇ ਵਿਦਵਾਨ ਲੇਖਕ ਵੀ ਸਨ, ਜਿਨ੍ਹਾਂ ਨੇ ਧਾਰਮਿਕ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਜਪੁਜੀ ਸਾਹਿਬ, ਰਹਿਰਾਸਿ ਸਾਹਿਬ, ਤੇ ਕੀਰਤਨ ਸੋਹਿਲਾ ਦੇ ਆਦਿ ਬਾਣੀ ਦੇ ਭਾਵਾਂ ਦੇ ਆਮ ਸਮਝੀ ਜਾਂਦੀ ਪੰਜਾਬੀ ਵਾਰਤਕ ਵਿਚ ਅਰਥ ਕੀਤੇ ਅਤੇ ਸੰਤ ਗੁਰਬਚਨ ਸਿੰਘ ਜੀ ‘ਖਾਲਸਾ ਭਿੰਡਰਾਂ ਵਾਲਿਆਂ ਦੇ ਬਹੁ-ਪੱਖੀ ਜੀਵਨ ਨੂੰ ਮੂਰਤੀਮਾਨ ਕੀਤਾ। ਜਿਸ ਤਰ੍ਹਾਂ ਆਪ ਜੀ ਨੇ ਕਲਮ ਰਾਹੀਂ, ਗੁਰਮਤਿ ਪ੍ਰਚਾਰ ਰਾਹੀਂ ਤੇ ਅੰਮ੍ਰਿਤ-ਸੰਚਾਰ ਰਾਹੀਂ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ, ਇਵੇਂ ਹੀ ਸਿੱਖੀ ਦਿਮਾਰਤਕਾਰੀ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਹੋਇਆਂ ਆਪ ਜੀ ਨੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ ਮਹਿਤਾ, ਗੁਰਦੁਆਰਾ ਕਬਰਵਾਲਾ, ਮੁਕਤਸਰ, ਗੁਰਦੁਆਰਾ ਬਾਬਾ ਰਾਮ ਥੰਮ੍ਹਨ ਜੀ ਖੁਜਾਲਾ, ਗੁਰਦੁਆਰਾ ਸਾਹਿਬ ਕਾਹਲਵਾਂ, ਕਾਦੀਆਂ ਸੰਗਤ ਲਈ ਬਣਵਾਏ।
੩ ਅਗਸਤ ੧੯੭੭ ਨੂੰ ਮਲਸੀਹਾਂ ਤੋਂ ਲੁਧਿਆਣੇ ਨੂੰ ਜਾਂਦਿਆਂ ਹੋਇਆਂ ਰਸਤੇ ਵਿਚ ਕਾਰ ਦੁਰਘਟਨਾ ਹੋ ਜਾਣ ਕਾਰਨ ਆਪ ਜੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ ਅਤੇ ੧੬ ਅਗਸਤ ਸੰਨ ੧੯੭੭ ਈ: ਨੂੰ ਮਿਸ ਬਰਾਊਨ ਹਸਪਤਾਲ ਲੁਧਿਆਣੇ ਵਿਖੇ ਆਪ ਜੀ ਸਰੀਰ ਰੂਪੀ ਚੋਲੇ ਨੂੰ ਤਿਆਗ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਇਥੇ ਇਹ ਗੱਲ ਵਰਣਨ ਯੋਗ ਹੈ ਕਿ ਹਸਪਤਾਲ ਦੇ ਡਾਕਟਰਾਂ ਦੀ ਰਾਇ ਸੀ ਕਿ ਕੁਝ ਥਾਂ ਤੋਂ ਕੇਸ ਕੱਟ ਕੇ ਅਪਰੇਸ਼ਨ ਕੀਤਾ ਜਾਵੇ ਪਰ ਆਪ ਜੀ ਨੇ ਕੇਸਾਂ ਦੀ ਮਹਾਨਤਾ ਨੂੰ ਦ੍ਰਿੜ੍ਹਤਾ ਸਹਿਤ ਧਾਰਨ ਕਰਦਿਆਂ ਹੋਇਆ ਅਜਿਹਾ ਅਪਰੇਸ਼ਨ ਕਰਾਉਣ ਤੋਂ ਨਾਂਹ ਕਰ ਦਿੱਤੀ, ਜਿਸ ਨਾਲ ਸਰੀਰ ਦੇ ਕਿਸੇ ਵੀ ਕੌਮ ਨੂੰ ਕੱਟਣਾ ਪਵੇ। ਇਸ ਤਰ੍ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਆਪ ਗੁਰੂ ਚਰਨਾਂ ਵਿਚ ਜਾ ਬਿਰਾਜੇ । ਅਕਾਲ-ਚਲਾਣੇ ਦੀ ਖ਼ਬਰ ਸੁਣਦਿਆਂ ਹੀ ਸਿੱਖ ਸੰਗਤਾਂ ਸ਼ੋਕ ਦੇ ਸਮੁੰਦਰ ਵਿਚ ਡੁੱਬ ਗਈਆਂ।ਕੁਝ ਲੋਕ ਤਾਂ ਲੁਧਿਆਣੇ ਵੱਲ ਨੂੰ ਉੱਠ ਨੱਠੇ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਆਪ ਜੀ ਦੇ ਅੰਤਮ ਦਰਸ਼ਨਾਂ ਦੀ ਤਾਂਘ ਲਈ ਆਣ ਪਹੁੰਚੀਆਂ।ਆਪ ਜੀ ਦਾ ਪੰਜ ਭੂਤਕ ਸਰੀਰ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਰਾਂਡੇ ਵਿਚ ਰੱਖਿਆ ਗਿਆ, ਜਿਥੇ ਬੇਅੰਤ ਸੰਗਤਾਂ ਨੇ ਅੰਤਮ ਦਰਸ਼ਨ ਕੀਤੇ। ਸੰਗਤਾਂ ਦੇ ਪਿਆਰ ਕਾਰਨ ਕਿਸੇ ਪ੍ਰੇਮੀ ਦੇ ਸੜ ਮਰਨ ਦੇ ਸੰਭਾਵਨਾ ਨੂੰ ਵੇਖਦਿਆਂ ਹੋਇਆਂ ਬੜੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ।ਖ਼ਤਰਾ ਸੀ ਕਿਤੇ ਕੋਈ ਸਿੰਘ ਆਪਣੇ ਇਸ ਦਿਲਰੁਬਾ ਦੀ ਜੁਦਾਈ ਨਾ ਬਰਦਾਸ਼ਤ ਕਰਦਾ ਹੋਇਆ ਅੰਗੀਠੇ ਵਿਚ ਛਾਲ ਨਾ ਮਾਰ ਦੇਵੇ। ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਆਪ ਜੀ ਦੇ ਅੰਗੀਠੇ ਨੂੰ ਆਪ ਜੀ ਦੇ ਵੱਡੇ ਸਪੁੱਤਰ ਭਾਈ ਅਮਰੀਕ ਸਿੰਘ ਜੀ ਨੇ ਅਗਨੀ ਵਿਖਾਈ ਤੇ ਪਲਾਂ ਹੀ ਪਲਾਂ ਵਿਚ ਨਾਸਮਾਨ ਸਰੀਰ ਦੀ ਸੰਗਤਾਂ ਦੀਆਂ ਅੱਖਾਂ ਤੋਂ ਓਝਲ ਹੋ ਗਿਆ।
ਆਪ ਵੱਲੋਂ ਕੀਤੀ ਪੰਥਕ ਸੇਵਾ ਹਮੇਸ਼ਾ ਅਮਰ ਰਹੇਗੀ।ਆਪ ਜੀ ਦੇ ਦੁਸਹਿਰੇ ਦੇ ਭੋਗ ਸਮੇਂ ਜਥਾ ਭਿੰਡਰਾਂ (ਮਹਿਤਾ) ਤੇ ਹੋਰ ਸਾਰਿਆਂ ਸਿੱਖ ਸੰਪ੍ਰਦਾਵਾਂ ਤੇ ਸੰਸਥਾਵਾਂ ਅਤੇ ਸਿੱਖ ਲੀਡਰਾਂ ਦੀ ਸਹਿਮਤੀ ਨਾਲ ਦਮਦਮੀ ਟਕਸਾਲ ਦੀ ਸੇਵਾ ਦੀ ਜ਼ਿੰਮੇਵਾਰੀ ਸੰਤ ਜਰਨੈਲ ਸਿੰਘ ਜੀ ਖਾਲਸਾ ਨੂੰ ਸੌਂਪ ਦਿੱਤੀ ਗਈ।
~ ਸ. ਜਸਦੇਵ ਸਿੰਘ
Average Rating