Breaking News

ਭਾਈ ਮੱਖਣ ਸ਼ਾਹ ਜੀ ਲੁਬਾਣਾ

ਸਿੱਖ-ਯਾਦ ਇਤਿਹਾਸ ਦੇ ਉਨ੍ਹਾਂ ਦਿਨਾਂ ਨੂੰ ਭੁੱਲੀ ਨਹੀਂ ਜਦੋਂ ੩੦ ਮਾਰਚ ੧੬੬੪ ਈ: ਨੂੰ ਨਵੇਂ ਪਾਤਸ਼ਾਹ, ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਂਦਿਆਂ ਹੀ, ਗੁਰਗੱਦੀ ਦੇ 25 ਦਾਅਵੇਦਾਰ ਉਠ ਖੜੇ ਹੋਏ। ਇਨ੍ਹਾਂ ਵਿਚੋਂ ਪ੍ਰਮੁਖ ਭਾਈ ਧੀਰਮੱਲ ਸੀ। ਧੀਰਮੱਲ ਗੁਰੂ ਵੰਸ ਹੋਣ ਕਰਕੇ ਖੁਦ ਨੂੰ ਤਕੜਾ ਦਾਅਵੇਦਾਰ ਸਮਝ ਰਿਹਾ ਸੀ। ਉਸਨੇ ਅਤੇ ਉਸ ਦੇ ਚੇਲਿਆਂ ਨੇ ਸਿੱਖ ਜਗਤ ਨੂੰ ਹਰ ਤਰ੍ਹਾਂ ਗੁੰਮਰਾਹ ਕੀਤਾ। ਬੰਸਾਵਲੀ-ਨਾਮੇ ਦੇ ਕਰਤਾ ਨੇ ਦੱਸਿਆ ਹੈ ਕਿ ਡੇਢ ਸਾਲ ਦਾ ਸਮਾਂ ਰੌਲੇ ਵਿਚ ਗੁਜ਼ਰਿਆ। ਇਸ ਦੁਬਿਧਾ ਤੇ ਸੰਕਟ ਦੇ ਸਮੇਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਦੰਭੀ-ਗੁਰੂਆਂ ਦੇ ਕਿਲ੍ਹੇ ਖਦੇੜ ਕੇ, ਸਿੱਖ ਜਗਤ ਅਤੇ ਇਤਿਹਾਸ ਵਿਚ ਅਮਰ ਸਥਾਨ ਹਾਸਲ ਕਰ ਲਿਆ।

ਮਹਾਨ ਕੋਸ਼ ਅਨੁਸਾਰ ਭਾਈ ਮੱਖਣ ਸ਼ਾਹ ਜ਼ਿਲ੍ਹਾ ਜਿਹਲਮ ਦੇ ਪਿੰਡ ਟਾਂਡਾ ਦੇ ਰਹਿਣ ਵਾਲੇ, ਜਾਤ ਦੇ ਲੁਬਾਣੇ ਸਨF ਪਰ ਭੱਟ ਵਹੀ ਤੋਮਰ ਬਿਜਲੱਤੋਂ ਕੀ ਅਨੁਸਾਰ ਪਿੰਡ ਟਾਂਡਾ ਜ਼ਿਲ੍ਹਾ ਮੁਜੱਫਰਾਬਾਦ, ਕਸ਼ਮੀਰ ਵਿਚ ਪੈਂਦਾ ਹੈ। ਇਸ ਸਰੋਤ ਅਨੁਸਾਰ ਆਪ ਜੀ ਦੇ ਪਿਤਾ ਦਾ ਨਾਂ ਦੱਸੇ ਸ਼ਾਹ, ਦਾਦੇ ਦਾ ਨਾਂ ਅਰਬਾ ਅਤੇ ਪੜਦਾਦੇ ਦਾ ਨਾਂ ਬਿੰਨਾ ਸੀ। ਭਾਈ ਮੱਖਣ ਸ਼ਾਹ ਦੀ ਪਤਨੀ ਦਾ ਨਾਂ ਸੋਲਜਈ ਸੀ। ਭਾਈ ਸਾਹਿਬ ਦੇ ਚਾਰ ਪੁੱਤਰ ਸਨ—ਭਾਈ ਲਾਲ ਚੰਦ, ਭਾਈ ਜਵੰਦਾ ਸ਼ਾਹ, ਭਾਈ ਕੁਸ਼ਾਲ ਚੰਦ ਤੇ ਭਾਈ ਚੰਦੂ ਲਾਲ। ਬਾਅਦ ਵਿਚ ਭਾਈ ਮੱਖਣ ਸ਼ਾਹ ਸਮੇਤ ਪਰਿਵਾਰ ਦਿੱਲੀ ਆ ਗਿਆ।ਉਨ੍ਹਾਂ ਨੇ ਸ਼ਾਇਦ ਇਉਂ ਵਪਾਰਕ ਦ੍ਰਿਸ਼ਟੀ ਨਾਲ ਕੀਤਾ ਸੀ।ਆਪ ਜੀ ਦਾ ਸਾਰਾ ਪਰਿਵਾਰ ਗੁਰੂ-ਘਰ ਦਾ ਅਨਿੰਨ ਪ੍ਰੇਮੀ ਸੀ।

ਭਾਈ ਸਾਹਿਬ ਦੇ ਜਨਮ ਸੰਮਤ, ਚਲਾਣੇ ਅਤੇ ਹੋਰ ਜੀਵਨ ਬਾਰੇ ਇਤਿਹਾਸਕ ਸਰੋਤ ਖਾਮੋਸ਼ ਹਨ। ਪਰ ਬਕਾਲੇ ਦੀ ਘਟਨਾ ਤੋਂ ਬਾਅਦ ਭਾਈ ਮੱਖਣ ਸ਼ਾਹ ਬਾਰੇ ਵੇਰਵਾ ਥੋੜਾ ਬਹੁਤ ਜ਼ਰੂਰ ਪ੍ਰਾਪਤ ਹੋ ਜਾਂਦਾ ਹੈ।

ਪੰਰਪਰਾ ਅਨੁਸਾਰ ਭਾਈ ਮੱਖਣ ਸ਼ਾਹ ਦਾ ਬੇੜਾ ਇਕ ਵੇਰ ਸਮੁੰਦਰੀ ਤੂਫਾਨ ਵਿਚ ਘਿਰ ਗਿਆ।ਭਾਈ ਮੱਖਣ ਸ਼ਾਹ ਨੇ ਮਨ ਵਿਚ ਗੁਰੂ ਨਾਨਕ ਜੋਤ ਵੱਲ ਧਿਆਨ ਧਰ ਕੇ ਅਰਦਾਸ ਕਰਦਿਆਂ ਮਨੌਤ ਮੰਨੀ ਕਿ ਜੇ ਉਸ ਦਾ ਬੇੜਾ ਪਾਰ ਹੋ ਗਿਆ ਤਾਂ ਉਹ ੫੦੦ ਮੋਹਰਾਂ ਭੇਟ ਕਰੇਗਾ ਬੇੜਾ ਪਾਰ ਹੋਣ ਉਪਰੰਤ ਭਾਈ ਮੱਖਣ ਸ਼ਾਹ ਪਰਿਵਾਰ ਸਮੇਤ ਸੁਖਣਾ ਲਾਹੁਣ ਲਈ ਬਕਾਲੇ ਗਿਆ। ਬਕਾਲੇ ਵਿਚ ਦੰਭੀ ਤੇ ਸੱਚੇ ਗੁਰੂ ਦਰਮਿਆਨ ਕੋਈ ਫਰਕ ਨਾ ਦਿੱਸਣ ਕਰਕੇ ਉਸ ਨੇ ੫-੫ ਮੋਹਰਾਂ ਹਰੇਕ ਅੱਗੇ ਮੱਥਾ ਟੇਕਣਾ ਆਰੰਭ ਦਿੱਤਾ ਕਿ ਜਿਹੜਾ ਸੱਚਾ ਗੁਰੂ ਹੋਵੇਗਾ, ਆਪਣੀ ਮਨੌਤ ਆਪ ਮੰਗ ਲਵੇਗਾ। ਸਭ ਨੇ ਅਸੀਸਾਂ ਦਿੱਤੀਆਂ। ਪਰ ਗੁਰੂ ਤੇਗ ਬਹਾਦਰ ਜੀ ਨੇ ੫੦੦ ਮੋਹਰਾਂ ਦੀ ਗੱਲ ਕਹਿ ਸੁਣਾਈ। ਮੱਖਣ ਸ਼ਾਹ ਕੋਠੇ ਉਪਰ ਚੜ੍ਹ ਗਿਆ ਤੇ ‘ਗੁਰੂ ਲਾਧੋ ਰੇ’ ਦਾ ਢੰਡੋਰਾ ਦੇ ਦਿੱਤਾ। ਸੰਗਤਾਂ ਨੂੰ ਸੱਚ ਦਾ ਪਤਾ ਲਗ ਗਿਆ। ਸੰਗਤਾਂ ਦੰਭੀ ਗੁਰੂਆਂ ਤੋਂ ਹਟ ਕੇ, ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਆਉਣ ਲੱਗ ਪਈਆਂ।

ਧੀਰ ਮੱਲ ਸ਼ਾਂਤ ਨਾ ਹੋਇਆ।ਉਹ ਬੁਖਲਾ ਉਠਿਆ।ਉਹ ਹੰਕਾਰੀ ਤੇ ਜਿੱਦੀ ਵੀ ਸੀ। ਉਸ ਨੇ ਆਪਣੇ ਮਸੰਦ ਸ਼ੀਂਹੇ ਨਾਲ ਮਿਲ ਕੇ ਸੌ ਕੁ ਗੁੰਡਿਆਂ ਦਾ ਜਥਾ ਤਿਆਰ ਕੀਤਾ। ਇਕ ਦਿਨ ਦੁਪਹਿਰ ਨੂੰ ਗੁਰੂ ਸਾਹਿਬ ਥੋੜ੍ਹੇ ਜਿਹੇ ਗੁਰਸਿੱਖਾਂ ਨਾਲ ਬੈਠੇ ਸਨ ਕਿ ਅਚਾਨਕ ਸ਼ੀਹੇ ਮਦ ਨੇ ਨੇੜਿਉਂ ਹੋ ਕੇ ਗੁਰੂ ਜੀ ਉਪਰ ਗੋਲੀ ਚਲਾ ਦਿੱਤੀ ਪਰੰਤੂ ਨਿਸ਼ਾਨਾ ਮੈਚ ਗਿਆ। ਗੁਰੂ ਜੀ ਦੇ ਮੋਢੇ ਉਪਰ ਮਾਮੂਲੀ ਚੋਟ ਲੱਗੀ।ਸੀਹੇ ਦੇ ਦੂਜੀ ਗੋਲੀ ਚਲਾਉਣ ਤੋਂ ਪਹਿਲਾਂ ਹੀ ਮੌਜੂਦ ਸਿੱਖਾਂ ਵਿਚੋਂ ਇਕ ਨੇ ਉਸ ਤੋਂ ਬੰਦੂਕ ਖੋਹ ਲਈ। ਸ਼ੀਂਹੇ ਦੇ ਆਦਮੀਆਂ ਨੇ ਗੁਰੂ ਦਰਬਾਰ ਨੂੰ ਲੁੱਟ ਲਿਆ। ਜਦੋਂ ਮੱਖਣ ਸ਼ਾਹ ਅਤੇ ਉਸ ਦੇ ਆਦਮੀਆਂ ਨੇ ਇਹ ਸੁਣਿਆ ਤਾਂ ਉਹ ਘਟਨਾ ਵਾਲੀ ਥਾਂ ਉਪਰ ਪੁੱਜਾ।

ਕੁਝ ਚਰਚਾ ਮਗਰੋਂ ਇਹ ਫੈਸਲਾ ਕੀਤਾ ਗਿਆ ਕਿ ਹਮਲੇ ਦਾ ਜਵਾਬ ਹਮਲੇ ਨਾਲ ਦੇਣਾ ਚਾਹੀਦਾ ਹੈ। ਧੀਰ ਮੱਲ ਬਕਾਲੇ ਤੋਂ ਭੱਜਣ ਹੀ ਵਾਲਾ ਸੀ ਕਿ ਮੱਖਣ ਸ਼ਾਹ ਦੀ ਅਗਵਾਈ ਵਿਚ ਕੁਝ ਸ਼ਰਧਾਲੂਆਂ ਨੇ ਉਸ ਉਪਰ ਹੱਲਾ ਬੋਲ ਦਿੱਤਾ। ਧੀਰ ਮੱਲ ਦੇ ਭਾੜੇ ਦੇ ਬੰਦੇ ਮੁਕਾਬਲਾ ਨਾ ਕਰ ਸਕੇ। ਉਨ੍ਹਾਂ ਸਭ ਨੂੰ ਬੰਦੀ ਬਣਾ ਲਿਆ ਗਿਆ।ਇਸ ਤੋਂ ਇਲਾਵਾ ਉਸ ਦੇ ਘਰੋਂ ਬਹੁਤ ਸਾਰਾ ਕੀਮਤੀ ਮਾਲ ਵੀ ਚੁੱਕ ਕੇ ਗੁਰੂ ਦਰਬਾਰ ਵਿਚ ਪੇਸ਼ ਕੀਤਾ ਗਿਆ, ਪਰ ਗੁਰੂ ਤੇਗ ਬਹਾਦਰ ਜੀ ਨੇ ਸਭ ਉਪਰ ਰਹਿਮ ਕਰਦਿਆਂ ਸਾਰੇ ਬੰਦੀਆਂ ਨੂੰ ਰਿਹਾਅ ਅਤੇ ਲੁੱਟੇ ਮਾਲ ਦੀ ਵਾਪਸੀ ਧੀਰ ਮੱਲ ਨੂੰ ਕਰਨ ਦੀ ਹਦਾਇਤ ਕੀਤੀ। ਭਾਈ ਮੱਖਣ ਸ਼ਾਹ ਹੁਰੀਂ ਇਸ ਮਾਲ ਉਪਰ ਗੁਰੂ-ਘਰ ਦਾ ਹੀ ਹੱਕ ਸਮਝਦੇ ਸਨ, ਕਿਉਂ ਜੋ ਧੀਰ ਮੱਲ ਨੇ ਭੋਲੀਆਂ ਸੰਗਤਾਂ ਨੂੰ ਗੁਮਰਾਹ ਕਰ ਕੇ ਹੀ ਇਹ ਮਾਲ ਇਕੱਠਾ ਕੀਤਾ ਸੀ। ਗੁਰੂ ਜੀ ਦੇ ਹੁਕਮ ਅਨੁਸਾਰ ਸਾਰੇ ਬੰਦੀਆਂ ਨੂੰ ਰਿਹਾਅ ਅਤੇ ਸਾਮਾਨ ਦੀ ਵਾਪਸੀ ਕਰ ਦਿੱਤੀ।

ਗੁਰੂ ਤੇਗ ਬਹਾਦਰ ਜੀ ਨੇ ਪ੍ਰਚਾਰ ਯਾਤਰਾ ਆਰੰਭੀ ਤਾਂ ਆਪ ਜੀ ਭਾਈ ਮੱਖਣ ਸ਼ਾਹ ਨੂੰ ਵੀ ਨਾਲ ਲੈ ਗਏ। ਇਸ ਬਾਅਦ ਦਿੱਲੀ ਫੇਰੀ ਸਮੇਂ ਵੀ ਭਾਈ ਮੱਖਣ ਸ਼ਾਹ ਗੁਰੂ ਜੀ ਦੇ ਨਾਲ ਸੀ।

੧੧ ਨਵੰਬਰ ੧੬੭੫ ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ।ਦਿੱਲੀ ਦੇ ਸਾਰੇ ਸਿੱਖ ਨਾਨੂ ਰਾਇ ਛੀਂਬੇ ਦੇ ਘਰ ਇਕੱਠੇ ਹੋਏ। ਉਹਨਾਂ ਨੇ ਗੁਰੂ ਜੀ ਦੇ ਸੀਸ ਅਤੇ ਦੇਹ ਦੇ ਸਸਕਾਰ ਬਾਰੇ ਯੋਜਨਾ ਬਣਾਈ। ਭਾਈ ਨਾਨੂ, ਜੈਤਾ, ਭਾਈ ਆਗਿਆ ਤੇ ਭਾਈ ਊਦਾ ਚਾਂਦਨੀ ਚੌਂਕ ਗਏ ਅਤੇ ਸੀਸ ਚੁਕ ਕੇ ਲੈ ਗਏ।ਪਿਛੋਂ ਭਾਈ ਲਖੀ ਦਾਸ ਤੇ ਉਸ ਦਾ ਪੁੱਤਰ ਦੇਹ ਲੈ ਗਏ।ਕੁਝ ਫਾਰਸੀ ਸਰੋਤਾਂ ਅਨੁਸਾਰ ਗੁਰੂ ਸਾਹਿਬ ਦੇ ਸਿਰ ਨੂੰ ਮੱਖਣ ਸ਼ਾਹ ਆਪਣੇ ਘਰ ਲੈ ਗਿਆ ਸੀ। ਪਿਆਰ ਸਿੰਘ ਇਸ ਨਾਲ ਸਹਿਮਤ ਨਹੀਂ ਸਨ ਕਿਉਂਕਿ ਸਿੱਖ ਪਰੰਪਰਾ ਅਨੁਸਾਰ ਸੀਸ ਨੂੰ ਭਾਈ ਜੈਤਾ, ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਗਏ ਸਨ। ਤਵਾਰੀਖ ਹਿੰਦ ਦੇ ਕਥਨ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਸਿੰਘ ਨੂੰ ਗੁਰੂ ਜੀ ਦਾ ਸੀਸ ਲਿਆਉਣ ਲਈ ਦਿੱਲੀ ਭੇਜਿਆ।ਉਹ ਸਿੱਖ ਮੱਖਣ ਸ਼ਾਹ ਦੇ ਘਰ ਠਹਿਰਿਆ। ਉਸ ਨੇ ਗੁਰੂ ਜੀ ਦੀ ਦੇਹ ਨੂੰ ਮੱਖਣ ਸ਼ਾਹ ਦੇ ਹਵਾਲੇ ਕੀਤਾ ਅਤੇ ਸੀਸ ਗੁਰੂ ਜੀ ਕੋਲ ਗਿਆ।

ਤਵਾਰੀਖ ਪੰਜਾਬ ਦੇ ਕਰਤਾ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਮੱਖਣ ਸਾਹ ਲੈ ਗਿਆ ਸੀ। ਤਵਾਰੀਖ ਪੰਜਾਬ ਵਿਚ ਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆ ਸਿੱਖ ਨੂੰ ਸੀਸ ਲਿਆਉਣ ਲਈ ਦਿੱਲੀ ਭੇਜਣ ਦਾ ਵੇਰਵਾ ਹੈ। ਇਥੇ ਦੋ ਫਰਕ ਹਨ
(ੳ) ਉਸ ਸਿੱਖ ਦਾ ਨਾਂ ਰੰਗਰੇਟਾ ਦੱਸਿਆ ਹੈ।
(ਅ) ਰੰਗਰੇਟੇ ਨੇ ਦੇਹ ਤੇ ਸੀਸ ਚੁਕ ਕੇ ਛਿਪਾ ਦਿੱਤੇ। ਬਾਅਦ ਵਿਚ ਦੇਹ ਮੱਖਣ ਸ਼ਾਹ ਦੇ ਹਵਾਲੇ ਕਰਕੇ ਆਪ ਸੀਸ ਲੈ ਕੇ ਚਲਾ ਗਿਆ।

ਯਾਦ ਰਹੇ ਭਾਈ ਜੈਤਾ ਵੀ ਰੰਗਰੇਟਾ ਸੀ। ਇਉਂ ਜਾਪਦਾ ਹੈ ਕਿ ਫਾਰਸੀ ਸਰੋਤ ਭਿੰਨ ਹੁੰਦਿਆਂ ਹੋਇਆਂ ਵੀ ਮਹੱਤਵਪੂਰਨ ਹਨ।ਇਹਨਾਂ ਸਰੋਤਾਂ ਅਨੁਸਾਰ ਮੱਖਣ ਸ਼ਾਹ ਦੀ ਭੂਮਿਕਾ ਬੜੀ ਅਹਿਮ ਹੈ। ਇਨ੍ਹਾਂ ਅਨੁਸਾਰ ਗੁਰੂ ਜੀ ਦੀ ਦੇਹ ਦਾ ਸੰਸਕਾਰ ਵੀ ਭਾਈ ਮੱਖਣ ਸ਼ਾਹ ਨੇ ਆਪਣੀ ਹੱਥੀਂ ਕੀਤਾ ਸੀ।

ਪੰਜਾਬੀ ਸਰੋਤਾਂ ਵਿਚ ਮੱਖਣ ਸ਼ਾਹ ਲੁਬਾਣੇ ਵਾਲੀ ਸਾਖੀ ਸਭ ਤੋਂ ਪਹਿਲਾਂ ਕਵੀ ਕੰਕਣ ਰਚਿਤ ‘ਦਸ ਗੁਰੂ ਕਥਾ’ ਵਿਚ ਮਿਲਦੀ ਹੈ।ਭਾਵੇਂ ਕਿ ਉਥੋ ਮੱਖਣ ਸ਼ਾਹ ਦੇ ਨਾਂ ਦੇ ਥਾਂ ‘ਨਾਇਕ’ ਹੈ। ਮੱਖਣ ਸ਼ਾਹ ਦਾ ਨਾਂ ਸੇਵਾ ਦਾਸ ਦੀ ‘ਪਰਚੀਆਂ ਵਿਚ ਤੇ ਕੁਝ ਹੋਰ ਗ੍ਰੰਥਾਂ ਵੀ ਵਿਚ ਆਇਆ ਹੈ।

ਮੱਖਣ ਸ਼ਾਹ ਲੁਬਾਣਾ, ਬਕਾਲੇ ੯ ਅਕਤੂਬਰ ੧੬੬੪ ਈਸਵੀ ਨੂੰ ਦੀਵਾਲੀ ਵਾਲੇ ਦਿਨ ਪਹੁੰਚਾ। ਉਸ ਨੇ ਦੇਖਿਆ ਕਿ ਕੁਝ ਸੰਗਤ ਧੀਰ ਮੱਲ ਦੇ ਪਾਸੇ ਤੇ ਕੁਝ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿਖੇ ਜਾ ਰਹੀ ਹੈ। ਮਹਿਮਾ ਪ੍ਰਕਾਸ਼ ਅਨੁਸਾਰ:

ਤਿਸ ਸਮੇਂ ਬਕਾਲਾ ਪਹੁੰਚਾ ਆਇ ॥
ਤਹਾ ਸਿਖ ਸੰਗਤ ਦੇਖੇ ਦੋ ਭਾਇ ॥
ਕਛੁ ਸੰਗਤ ਧੀਰ ਮਲ ਘਰ ਜਾਵੈ ॥
ਗੁਰੂ ਤੇਗ ਬਹਾਦਰ ਕਲਾ ਪੂਜਨ ਆਵੈ॥
~ ਮਹਿਮਾ ਪ੍ਰਕਾਸ਼ ੧੯੩-੧੦

ਇਹ ਉਸ ਦੇ ਮਨ ਦੀ ਨਿਜੀ ਦੁਬਿਧਾ ਸੀ।ਮੱਖਣ ਸ਼ਾਹ ਇਕ ਵੱਡਾ ਵਪਾਰੀ ਸੀ ਤੋਂ ਧੀਰ ਮੱਲ ਦੀ ਪੂਰੀ ਕੋਸ਼ਿਸ਼ ਸੀ ਕਿ ਉਸ ਨੂੰ ‘ਵਸ ਕਰ ਲਿਆ ਜਾਵੇ। ਮੱਖਣ ਸ਼ਾਹ ਵਲੋਂ ਗੁਰੂ ਜੀ ਦੀ ਮਾਨਤਾ, ਵਿਰੋਧੀਆਂ ਲਈ ਵੱਡੀ ਸੱਟ ਸੀ। ਇਹ ਮੱਖਣ ਸ਼ਾਹ ਹੀ ਸੀ ਜਿਸ ਨੇ ਵਿਰੋਧੀਆਂ ਦੇ ਕੈਂਪਾਂ ਨੂੰ ਉਖਾੜ ਸੁੱਟਿਆ ਸੀ।

ਕੋਈ ਸ਼ੱਕ ਨਹੀਂ ਕਿ ਮੱਖਣ ਸ਼ਾਹ ਦੀ ਸਿੱਖ-ਧਰਮ ਲਈ ਬੜੀ ਘਾਲਣਾ ਹੈ।

~ ਬੀਬੀ ਹਰਸਿਮਰਨ ਕੌਰ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply