ਵਾਸੁਦੇਵ ਸਿੰਘ ਪਰਹਾਰ
25 ਅਕਤੂਬਰ 1923 ਦੀ ਸ਼ਹਾਦਤ
ਪਿੰਡ ਬਹਿਬਲਪੁਰ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੱਦ ਬਸਤ ਨੰ. 95 ਅਤੇ ਰਕਬਾ ਜ਼ਮੀਨ 682 ਏਕੜ ਹੈ। ਇਹ ਪਿੰਡ ਕੋਟ ਫਤੂਹੀ ਤੋਂ ਇੱਕ ਮੀਲ ਕੁ ਚੜ੍ਹਦੇ ਪਾਸੇ ਸਥਿਤ ਹੈ। ਇਹ ਨਾਗਰਾ ਗੋਤ ਦੇ ਜੱਟਾਂ ਦੀ ਮਾਲਕੀ ਵਾਲਾ ਪਿੰਡ ਹੈ। ਨਾਗਰਾ ਗੋਤ, ਚੀਮਾ ਗੋਤ ਦੀ ਹੀ ਇੱਕ ਸ਼ਾਖਾ ਹੈ ਅਤੇ ਚੀਮਾ ਗੋਤ ਰਾਜਪੂਤਾਂ ਦੀ ਚੌਹਾਨ ਗੋਤ ਵਿੱਚੋਂ ਚੌਹਾਨਾਂ ਦੇ ਰਾਜਪੂਤਾਂ ਦੀ ਥਾਂ ਜੱਟਾਂ ਨਾਲ ਆਪਣੇ ਲੜਕੇ-ਲੜਕੀਆਂ ਦੇ ਰਿਸ਼ਤੇ ਕਰਨ ਤੋਂ ਬਾਅਦ ਉਪਜਿਆ। ਚੌਹਾਨ ਗੋਤ ਵਿੱਚੋਂ ਜੱਟਾਂ ਦੇ ਚਾਰ ਗੋਤ ਚਾਹਲ, ਚੀਮੇ, ਨਾਗਰਾ ਅਤੇ ਚੱਠੇ ਉਪਜੇ ਅਤੇ ਇਹ ਕਹਾਵਤ ਪ੍ਰਚੱਲਿਤ ਹੋਈ ਕਿ ”ਚਾਹਲ, ਚੀਮੇ, ਚੱਠੇ, ਖਾਣ-ਪੀਣ ਨੂੰ ‘ਕੱਲੇ-‘ਕੱਲੇ ਲੜਨ-ਭਿੜਨ ਨੂੰ ‘ਕੱਠੇ।”
ਇਸ ਪਿੰਡ ਦੇ ਸ. ਇੰਦਰ ਸਿੰਘ ਦਾ ਸਪੁੱਤਰ ਧੰਨਾ ਸਿੰਘ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਅਤੇ ਅੱਤਿਆਚਾਰਾਂ ਦੀ ਖ਼ਬਰ ਸੁਣ ਕੇ ਬਾਕੀ ਬੱਬਰਾਂ ਦੀ ਤਰ੍ਹਾਂ ਉਸ ਦਾ ਮਨ ਕੁਰਲਾ ਉੱਠਿਆ। ਉਹ ਚੰਗਾ ਪੜ੍ਹਿਆ-ਲਿਖਿਆ ਅਤੇ ਭਾਸ਼ਣ ਕਲਾ ਉਸ ਨੂੰ ਰੱਬੀ ਦਾਤ ਮਿਲੀ ਹੋਈ ਸੀ। ਜਿੱਥੇ ਉਹ ਧਾਰਮਿਕ ਦੀਵਾਨਾਂ ਵਿੱਚ ਬੋਲਦਾ, ਉਸ ਦੇ ਭਾਸ਼ਣਾਂ ਦੀ ਸੂਈ ਅੰਗਰੇਜ਼ ਸਰਕਾਰ ਦੇ ਪਿੱਠੂਆਂ ਦੇ ਸੁਧਾਰ ਵੱਲ ਚਲੇ ਜਾਂਦੀ। ਉਹ ਇੱਕ ਮਿਸਾਲੀ ਉੱਚੇ ਆਚਰਣ ਵਾਲਾ, ਗਰੀਬ-ਗੁਰਬੇ ਦੀ ਮੱਦਦ ਕਰਨ ਵਾਲਾ ਅਤੇ ਧੀਆਂ-ਭੈਣਾਂ ਦੀ ਇੱਜ਼ਤ ਦਾ ਮੁਦਈ ਸੀ। ਚੋਟੀ ਦੇ ਬੱਬਰਾਂ ਵਿੱਚ ਉਸ ਦਾ ਨਾਂਅ ਸ਼ੁਮਾਰ ਸੀ ਅਤੇ ਬੱਬਰਾਂ ਦੀ ਸੁਪਰੀਮ ਕਮੇਟੀ ਵਿੱਚ ਵੀ ਉਸ ਦੀ ਰਾਏ ਨੂੰ ਸਭ ਮੰਨਦੇ ਸਨ।
ਉਸ ਨੇ 16 ਅਤੇ 23 ਜਨਵਰੀ, 1923 ਨੂੰ ਅਰਜਨ ਸਿੰਘ ਪਟਵਾਰੀ ਪਿੰਡ ਹਰੀਪੁਰ ਨੂੰ ਸੋਧਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿੱਚ ਭਾਗ ਲਿਆ ਪਰ ਪਟਵਾਰੀ ਦੋਨੋਂ ਵਾਰ ਬਚ ਗਿਆ। 10 ਫਰਵਰੀ, 1923 ਨੂੰ ਬਿਸ਼ਨ ਸਿੰਘ ਜ਼ੈਲਦਾਰ ਰਾਣੀ ਥੂਹਾ (ਰਾਣੀਪੁਰ) ਦੇ ਕਤਲ ਸਮੇਂ ਬਾਬੂ ਸੰਤਾ ਸਿੰਘ ਛੋਟੀ ਹਰਿਓਂ ਨਾਲ ਰਿਹਾ। 12 ਮਾਰਚ, 1923 ਨੂੰ ਲਾਭ ਸਿੰਘ ਮਿਸਤਰੀ ਗੜ੍ਹਸ਼ੰਕਰੀਏ ਦੇ ਕਤਲ ਵਿੱਚ ਸ਼ਾਮਲ ਸੀ। ਅਪ੍ਰੈਲ 1923 ਵਿੱਚ ਪੰਡੋਰੀ ਨਿੱਝਰਾਂ ਦੇ ਨੰਬਰਦਾਰਾਂ ਅਤੇ ਚੌਂਕੀਦਾਰਾਂ ਨੂੰ ਧਮਕਾਉਣਾ।
21 ਮਈ, 1923 ਨੂੰ ਪਿੰਡ ਕੌਲਗੜ੍ਹ ਦੇ ਨੰਬਰਦਾਰ ਰਲ਼ਾ ਅਤੇ ਉਸ ਦੇ ਭਰਾ ਦਿੱਤੂ ਦੇ ਕਤਲ ਵਿੱਚ ਭਾਗ ਲੈਣਾ। ਬੰਬੇਲੀ ਵਾਲੇ ਪੁਲਿਸ ਮੁਕਾਬਲੇ ਵਿੱਚ ਆਪਣੇ ਸਾਥੀਆਂ ਨਾਲ ਨਰਾਜ਼ ਹੋ ਕੇ ਉਹ ਅਤੇ ਦਲੀਪ ਸਿੰਘ ਧਾਮੀਆਂ ਉਸ ਪਿੰਡ ਨਾ ਜਾ ਕੇ ਬਚ ਗਏ। ਬੱਬਰ ਧੰਨਾ ਸਿੰਘ ਨੇ ਐਲਾਨ ਕੀਤਾ ਹੋਇਆ ਸੀ ਕਿ ਉਹ ਜਿਊਂਦੇ ਜੀਅ ਪੁਲਿਸ ਦੇ ਹੱਥ ਨਹੀਂ ਆਵੇਗਾ ਅਤੇ ਉਸ ਨੇ ਇਹ ਕਰ ਕੇ ਵੀ ਦਿਖਾ ਦਿੱਤਾ। ਜਿਆਣ ਪਿੰਡ ਦਾ ਮਹਾਂ ਗੱਦਾਰ ਬੇਲਾ ਸਿੰਘ ਗਦਰੀ ਬਾਬਿਆਂ ਨਾਲ ਗਦਾਰੀ ਕਰਕੇ ਆਪਣੇ ਪਿੰਡ ਆ ਚੁੱਕਾ ਸੀ। ਉਸ ਨੇ ਆਪਣੇ ਭਰਾ ਜਵਾਲਾ ਸਿੰਘ ਨੂੰ ਵੀ ਬੱਬਰਾਂ ਨੂੰ ਫੜਾ ਕੇ ਜ਼ਮੀਨ ਦੇ ਮੁਰੱਬੇ ਇਨਾਮ ਲੈਣ ਲਈ ਪ੍ਰੇਰਿਆ।
ਕਰਤਾਰ ਸਿੰਘ ਬੂੜੋਬਾੜੀਆਂ ਪਿੰਡ ਵਾਲਾ ਬੱਬਰ ਧੰਨਾ ਸਿੰਘ ਦੇ ਨਾਲ ਬਿਸ਼ਨ ਸਿੰਘ ਜ਼ੈਲਦਾਰ ਰਾਣੀਥੂਹਾ ਦੇ ਕਤਲ ਸਮੇਂ ਨਾਲ ਸੀ। ਉਸ ਨੇ ਜਵਾਲਾ ਸਿੰਘ ਦੇ ਕਹਿਣ ‘ਤੇ ਬੱਬਰ ਧੰਨਾ ਸਿੰਘ ਅਤੇ ਬੱਬਰ ਦਲੀਪ ਸਿੰਘ ਨੂੰ ਉਸ ਨਾਲ ਮਿਲਾਇਆ। ਕਰਤਾਰ ਸਿੰਘ ਨੇ ਬੱਬਰ ਧੰਨਾ ਸਿੰਘ ਨੂੰ ਕਿਹਾ ਸੀ ਕਿ ਉਹ ਅਤੇ ਜਿਆਣ ਵਾਲੇ ਜਵਾਲਾ ਸਿੰਘ ਮਾਮੇ ਭੂਆ ਦੇ ਪੁੱਤ ਹਨ ਅਤੇ ਜਵਾਲਾ ਸਿੰਘ ਬੱਬਰ ਧੰਨਾ ਸਿੰਘ ਦੇ ਵਾਰੰਟ ਗ੍ਰਿਫਤਾਰੀ ਪੁਲਿਸ ਕਪਤਾਨ ਤੱਕ ਪਹੁੰਚ ਕਰਕੇ ਵਾਪਸ ਕਰਵਾ ਦੇਵੇਗਾ। ਜਵਾਲਾ ਸਿੰਘ ਗਦਾਰ ਬੱਬਰ ਧੰਨਾ ਸਿੰਘ ਨੂੰ ਨਾਲ ਲੈ ਕੇ ਪਿੰਡ ਦੇ ਗੁਰਦੁਆਰੇ ਗਿਆ ਅਤੇ ਸੰਤ ਹਰੀ ਸਿੰਘ ਪਾਸੋਂ ਪੰਜ ਰੁਪਏ ਦਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰਵਾਈ ਕਿ ਉਸ ਦਾ ਭਰਾ ਬੇਲਾ ਸਿੰਘ ਕੈਨੇਡਾ ਵਿਖੇ ਗਦਰੀ ਯੋਧਿਆਂ ਨਾਲ ਜੋ ਗਦਾਰੀ ਕਰਕੇ ਆਇਆ ਹੈ, ਉਸ ਦੀ ਮਾਫੀ ਲਈ ਉਹ ਅੱਗੇ ਤੋਂ ਬੱਬਰਾਂ ਦੀ ਮੱਦਦ ਕਰਨਗੇ।
ਬਹਿਬਲਪੁਰ ਦੇ ਨੰਬਰਦਾਰ ਹਜ਼ਾਰਾ ਸਿੰਘ ਨੇ ਪੁਲਿਸ ਕੋਲ ਝੂਠੀ ਸ਼ਿਕਾਇਤ ਕਰਕੇ ਬੱਬਰ ਧੰਨਾ ਸਿੰਘ ਦੇ ਵਾਰੰਟ ਗ੍ਰਿਫਤਾਰੀ ਜਾਰੀ ਕਰਵਾ ਦਿੱਤੇ ਸਨ ਅਤੇ ਉਹ ਭਗੌੜਾ ਹੋ ਗਿਆ ਸੀ। ਉਸ ਨੇ 27 ਮਾਰਚ, 1923 ਨੂੰ ਆਪਣੇ ਬੱਬਰ ਸਾਥੀਆਂ ਨਾਲ ਮਿਲਕੇ ਹਜ਼ਾਰਾ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਹ ਖਬਰ ਬੱਬਰ ਅਕਾਲੀ ਦੁਆਬਾ ਅਖਬਾਰ ਵਿੱਚ ਵੱਡੀ ਸੁਰਖੀ ਨਾਲ ਪ੍ਰਕਾਸ਼ਿਤ ਕੀਤੀ ਕਿ ਅੰਗਰੇਜ਼ ਸਰਕਾਰ ਦੇ ਮੁਖਬਰ ਨੂੰ ਤਿੰਨੇ ਮੁਰੱਬੇ ਜ਼ਮੀਨ (ਭਾਵ ਤਿੰਨ ਗੋਲੀਆਂ) ਇਨਾਮ ਦਿੱਤਾ ਗਿਆ ਹੈ।
ਗਦਾਰ ਕਰਤਾਰ ਸਿੰਘ ਕਿਸੇ ਬਹਾਨੇ ਬੱਬਰ ਧੰਨਾ ਸਿੰਘ ਨੂੰ ਆਪਣੇ ਸਾਲ਼ੇ ਕਰਮ ਸਿੰਘ ਪਾਸ ਪਿੰਡ ਮੰਨਣਹਾਨੇ ਲੈ ਗਿਆ। ਇਸ ਗੱਲ ਦਾ ਗਦਾਰ ਜਵਾਲਾ ਸਿੰਘ ਨੂੰ ਪਤਾ ਸੀ ਅਤੇ ਉਸ ਨੇ ਜਾ ਕੇ ਪੁਲਿਸ ਕਪਤਾਨ ਮਿ. ਹਾਰਟਨ ਨੂੰ ਜਾ ਦੱਸਿਆ ਕਿ ਅੱਜ ਰਾਤ ਬੱਬਰ ਧੰਨਾ ਸਿੰਘ ਪਿੰਡ ਮੰਨਣਹਾਨੇ ਹੈ। ਪੁਲਿਸ ਕਪਤਾਨ ਆਪਣੇ ਨਾਲ ਉਪ ਪੁਲਿਸ ਕਪਤਾਨ ਮਿ. ਡੈਨਕਿਨ ਨੂੰ ਲੈ ਕੇ ਮਾਹਲਪੁਰ ਥਾਣੇ ਪੁੱਜਾ ਅਤੇ ਥਾਣੇਦਾਰ ਗੁਲਜ਼ਾਰਾ ਸਿੰਘ ਅਤੇ ਹੋਰ ਪੁਲਿਸ ਲੈ ਕੇ ਘੋੜਿਆਂ ‘ਤੇ ਅੱਧੀ ਰਾਤ ਨੂੰ ਪਿੰਡ ਮੰਨਣਹਾਨਾ ਪਹੁੰਚੇ।
ਬੱਬਰ ਧੰਨਾ ਸਿੰਘ ਪਿੰਡ ਦੇ ਉੱਤਰ ਬਾਹਰਵਾਰ ਕਰਮ ਸਿੰਘ ਦੇ ਪਸ਼ੂਆਂ ਦੇ ਵਾੜੇ ਦੇ ਵਿਹੜੇ ਵਿੱਚ ਸੁੱਤਾ ਪਿਆ ਸੀ। ਪੁਲਿਸ ਦੀ ਪੈੜ ਸੁਣ ਕੇ ਕਰਮ ਸਿੰਘ ਪਿੰਡ ਵੱਲ ਨੂੰ ਦੌੜ ਗਿਆ। ਮਗਰੇ ਹੀ ਬੱਬਰ ਧੰਨਾ ਸਿੰਘ ਦੌੜਿਆ ਅਤੇ ਉਸ ‘ਤੇ ਥਾਣੇਦਾਰ ਗੁਲਜ਼ਾਰਾ ਸਿੰਘ ਨੇ ਲਾਠੀ ਦਾ ਜ਼ੋਰਦਾਰ ਵਾਰ ਕੀਤਾ ਤੇ ਉਹ ਡਿੱਗ ਪਿਆ ਅਤੇ ਤੁਰੰਤ ਹੀ ਦੋ ਸਿਪਾਹੀਆਂ ਨੇ ਉਸ ਦੇ ਹੱਥਕੜੀ ਲਾ ਲਈ ਅਤੇ ਉਸ ਦਾ ਰਿਵਾਲਵਰ ਵੀ ਉਸ ਦੇ ਗਲੋਂ ਲਾਹ ਲਿਆ।
ਪੁਲਿਸ ਕਪਤਾਨ ਮਿਸਟ ਹਾਰਟਨ ਬੱਬਰ ਨੂੰ ਕਹਿਣ ਲੱਗਾ, ”ਟੁਮ ਟੋ ਬੋਲਟੇ ਠੇ ਕਿ ਜ਼ਿੰਦਾ ਪੁਲਿਸ ਕੇ ਹਾਥ ਨਹੀਂ ਆਏਗਾ, ਅਬ ਬੋਲੋ!” ਇਹ ਸੁਣ ਕੇ ਬੱਬਰ ਨੇ ਜ਼ੋਰ ਨਾਲ ਹੁਝਕਾ ਮਾਰ ਕੇ ਹੱਥਕੜੀਆਂ ਸਿਪਾਹੀਆਂ ਤੋਂ ਛੁਡਾ ਕੇ ਆਪਣੀ ਬਾਂਹ ਵਿੱਚ ਲਟਕ ਰਹੇ ਧਾਗੇ ਨੂੰ ਖਿੱਚਿਆ, ਜਿਸ ਨਾਲ ਕੁੜਤੇ ਵਿੱਚ ਖਾਸ ਤੌਰ ‘ਤੇ ਬਣਾਈ ਜੇਬ ਵਿੱਚੋਂ ਬੰਬ ਫਟ ਗਿਆ। ਇੱਕ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਬੱਬਰ ਦੇ ਸਰੀਰ ਦੇ ਚੀਥੜੇ ਉੱਠ ਗਏ, ਨਾਲ ਹੀ ਪੰਜ ਪੁਲਿਸ ਵਾਲੇ, ਜੋ ਨੇੜੇ ਸਨ, ਉਹ ਵੀ ਥਾਂ ‘ਤੇ ਹੀ ਮਰ ਗਏ। ਮਿ. ਹਾਰਟਨ ਅਤੇ ਮਿ. ਜੈਨਕਿਨ ਸਖਤ ਜ਼ਖਮੀ ਹੋਏ। ਥਾਣੇਦਾਰ ਗੁਲਜ਼ਾਰਾ ਸਿੰਘ ਵੀ ਜ਼ਖਮੀ ਹੋਇਆ। ਤਿੰਨਾਂ ਨੂੰ ਗੱਡਿਆਂ ‘ਤੇ ਪਾ ਕੇ ਮਾਹਲਪੁਰ ਦੇ ਹਸਪਤਾਲ ਪਹੁੰਚਾਇਆ ਗਿਆ।
ਪਹਿਲਾਂ ਹੀ ਮਿ. ਹਾਰਟਨ ਦੀ ਕਾਰ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਇਤਲਾਹ ਭੇਜ ਦਿੱਤੀ ਗਈ ਸੀ ਅਤੇ ਉਹ ਦਿਨ ਚੜ੍ਹਦੇ ਨੂੰ ਸਿਵਲ ਸਰਜਨ ਅਤੇ ਜ਼ਰੂਰੀ ਦਵਾਈਆਂ ਲੈ ਕੇ ਮਾਹਲਪੁਰ ਹਸਪਤਾਲ ਪਹੁੰਚ ਗਏ। ਤਿੰਨਾਂ ਹੀ ਜ਼ਖਮੀਆਂ ਨੂੰ ਜਲੰਧਰ ਦੇ ਮਿਲਟਰੀ ਹਸਪਤਾਲ ਭੇਜਿਆ ਗਿਆ। ਕੁਝ ਚਿਰ ਇਲਾਜ ਤੋਂ ਬਾਅਦ ਮਿ. ਹਾਰਟਨ ਅਤੇ ਥਾਣੇਦਾਰ ਗੁਲਜ਼ਾਰਾ ਸਿੰਘ ਚਲਾਣਾ ਕਰ ਗਏ।
ਮਿ. ਜੈਨਕਿਨ ਦੀਆਂ ਦੋਨੋਂ ਲੱਤਾਂ ਪੱਟਾਂ ਤੋਂ ਕੱਟੀਆਂ ਗਈਆਂ। ਹੱਥਾਂ ਵਿੱਚ ਫਹੁੜੀਆਂ ਆਸਰੇ ਅੱਗੇ ਪਿੱਛੇ ਹੋ ਸਕਦਾ ਸੀ। ਦੋ ਸਿਪਾਹੀ ਇੱਕ ਵੀਲ੍ਹ ਚੇਅਰ ‘ਤੇ ਬਿਠਾ ਕੇ ਲਈ ਫਿਰਦੇ। ਪੁਲਿਸ ਦੇ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰ ਹੋ ਕੇ ਇੰਗਲੈਂਡ ਗਿਆ ਅਤੇ ਉੱਥੇ ਜ਼ਰੂਰ ਬੱਬਰ ਧੰਨਾ ਸਿੰਘ ਦੀ ਬਹਾਦਰੀ ਦਾ ਕਿੱਸਾ ਸੁਣਾਉਂਦਾ ਰਿਹਾ ਹੋਣਾ ਹੈ।
ਵਾਸੁਦੇਵ ਸਿੰਘ ਪਰਹਾਰ
Average Rating