ਪਿੰਡ ਸਰਹਾਲੀ ਦਾ ਆਦਿ ਇਤਿਹਾਸ ਗੁਰੂਆਂ ਪੀਰਾਂ ਦੇ ਨਾਲ ਜੁੜਿਆ ਇਆ। ਪਿੰਡ ਦਾ ਵਡੇਰਾ ਨਾਥ, ਜੋਗੀ ਭੀਮ ਨਾਥ ਪਿੰਡ ਦਦੇਹਰ ਤੋਂ ਆਏ ਵਾਗੀ ਅਜੋਕੇ ਸਮੇਂ ਜੋਗੀ ਨਾਥਾਂ ਦੇ ਡੇਰੇ ਕੋਲ ਪੈਂਦੀ ਢਾਬ ‘ਤੇ ਆਪਣੇ ਪਹੂਆਂ ਨੂੰ ਪਾਣੀ ਡਾਹੁਣ ਲਈ ਲੈ ਕੇ ਆਏ ਤੇ ਨੇੜੇ ਧੂਣੀ ਤਪਾਈ ਬੈਠਾ ਵੱਡਾ ਨਾਥ ਬੋਲਿਆ ਕਿ ਸਾਨੂੰ ਦੁੱਧ ਛਕਾਓ।
ਪੀਰ ਜੀ ਇਹ ਸਾਰੀਆਂ ਹੀ ਔਂਸਰਾਂ ਨੇ, ਅੱਗੋਂ ਵਾਗੀਆਂ ਦਾ ਜਵਾਬ ਆਇਆ।
ਪੀਰ ਨੇ ਛੰਨਾ ਦਿੱਤਾ ਤੇ ਬਚਨ ਕੀਤਾ ਕਿ ਥਾਪੀ ਮਾਰ ਕੇ ਬਹਿ ਜਾਓ ਤੇ ਚੋ ਕੇ ਦੁੱਧ ਛਕਾਓ। ਵਾਗੀ ਜੋ ਕਿ ਚਾਚਾ ਭਤੀਜਾ ਸਨ ਨੇ ਇਉਂ ਹੀ ਕੀਤਾ ਤੇ ਛੰਨਾ ਦੁੱਧ ਦਾ ਭਰ ਪੀਰ ਅੱਗੇ ਧਰ ਦਿੱਤਾ। ਦੁੱਧ ਛਕ ਪੀਰ ਦੇ ਮਨ ਵਿਚ ਪਿੰਡ ਦੇ ਵਸੇਬੇ ਦਾ ਫੁਰਨਾ ਫੁਰਿਆ ਜੋ ਵਣ ਦੀ ਮੋੜੀ ਗੱਡ ਪੂਰਾ ਕੀਤਾ ਤੇ ਪਿੰਡ ਵੱਸ ਗਿਆ। ਅੱਜ ਭਾਵੇਂ ਓਸ ਵਣ ਦੀ ਕਰੂਬਲ ਹਰੀ ਕੋਈ ਨੀ ਪਰ ਵਣ ਦਾ ਮੁੱਢ ਤੇ ਨੇੜੇ ਪਈ ਵਣ ਦੀ ਲੱਕੜ ਗਵਾਹੀ ਭਰਦੀ ਇਆ ਕਿ ਇਸਦੇ ਹਰੇ ਹੋਣ ਨਾਲ ਪਿੰਡ ਵੀ ਹਰਿਆ-ਭਰਿਆ ਹੋ ਗਿਆ ਹੀ।
ਪਿੰਡ ਸਰਹਾਲੀ ਸੰਧੂਆਂ ਦੇ ਬਾਹੀਏ ਵਜੋਂ ਵੀ ਮਸ਼ਹੂਰ ਇਆ। ਬਾਬਾ ਵਿਸਾਖਾ ਸਿੰਘ ਦਦੇਹਰ ਆਪਣੀ ਜੀਵਨ ਕਥਾ ਵਿਚ ਇਸ ਪਿੰਡ ਵਿਚੋਂ ਚਾਲੀ ਪਿੰਡ ਨਿਕਲਣ ਦਾ ਜ਼ਿਕਰ ਕਰਦੇ ਨੇ ਪਰ ਮੌਖਿਕ ਪਰੰਪਰਾ ਵਿਚ ਇਹ ਬਾਹੀਆ ਈ ਵੱਜਦਾ ਇਆ। ਖ਼ੈਰ ਇਹ ਤਾਂ ਹੀ ਪਿੰਡ ਦਾ ਸੰਖਿਪਤ ਜਿਹਾ ਇਤਿਹਾਸ।
ਹੁਣ ਪਿੰਡ ਦੇ ਸਪੂਤਾਂ ‘ਚੋਂ ਹੋਣਹਾਰ ਸਪੂਤ ਦੀ ਬਾਤ ਪਾਉਂਦੇ ਇਆਂ। ਜੀਹਦਾ ਨਾਮ ਘਰਦਿਆਂ ਗੁਰਦਿੱਤ ਸਿੰਘ ਰੱਖਿਆ ਤੇ ਦੁਨੀਆ ਤੇ ਉਹ ਆਪਣੇ ਨਾਮ ਦੇ ਨਾਲ ‘ਸਰਹਾਲੀ’ ਤੇ ‘ਕਾਮਾਗਾਟਾਮਾਰੂ’ ਪਿਛੇਤਰ ਲਗਵਾ ਨਾਮਨਾ ਖੱਟ ਗਿਆ।
ਕਇੰਦੇ ਵੱਡਿਆਂ ਬੰਦਿਆਂ ਜਾਂ ਸ਼ਹੀਦਾਂ ਦੇ ਜਨਮ ਦਿਹਾੜੇ ਮਨਾਓ ਜਾਂ ਨਾ ਮਨਾਓ ਪਰ ਉਨ੍ਹਾਂ ਦਾ ਅੰਤਿਮ ਦਿਹਾੜਾ ਯਾਦ ਜ਼ਰੂਰ ਕਰਨਾ ਚਾਹੀਦਾ ਇਆ। ਸਾਡੇ ਪਿੰਡ ਵੀ ਬਾਬਾ ਗੁਰਦਿੱਤ ਸਿੰਘ ਜੀ ਦਾ ਜਨਮ ਦਿਹਾੜਾ ਤਾਂ ਨੀਂ ਮਨਾਇਆ ਜਾਂਦਾ ਪਰ ਅੰਤਿਮ ਦਿਹਾੜੇ ਨੂੰ ਹਰ ਸਾਲ ਉਨ੍ਹਾਂ ਦੇ ਅੰਤਿਮ ਸੰਸਕਾਰ ਵਾਲੀ ਥਾਂ ਜਿੱਥੇ ਉਨ੍ਹਾਂ ਦੇ ਨਾਮ ਦਾ ਨਿਸ਼ਾਨ ਝੂਲਦਾ ‘ਗੁਰਦੁਆਰਾ ਬਾਬਾ ਰਾਮ ਸਿੰਘ ਜੀ’ ਦੇ ਸਥਾਨ ‘ਤੇ ਯਾਦ ਕੀਤਾ ਜਾਂਦਾ ਇਆ।
ਅੱਜ ਦੀ ਤਾਰੀਖ਼ ਨੂੰ ਸੰਨ 1859 (1859 ਸੰਨ ਕਿਤਾਬ, ਜ਼ੁਲਮੀ ਕਥਾ ਦੀ ਸੰਪਾਦਕੀ ਦੇ ਆਧਾਰ ‘ਤੇ ਹੈ, ਵਿਕੀਪੀਡੀਆ ਸੰਨ 1860 ਦੱਸਦਾ ਇਆ।) ਪਿੰਡ ਸਰਹਾਲੀ ਕਲਾਂ ਵਿਖੇ ਸ੍ਰ. ਹੁਕਮ ਸਿੰਘ ਦੇ ਘਰ ਹੋਇਆ। ਆਪਣੀ ਜ਼ਿੰਦਗੀ ਦਾ ਬਹੁਤਾ ਸਫ਼ਰ ਬਾਬਾ ਜੀ ਨੇ ਪੰਥ ਤੇ ਦੇਸ਼ ਦੇ ਲੇਖੇ ਲਾਇਆ। ਇਸੇ ਸਮੇਂ ਦੌਰਾਨ ਹੀ ਉਨ੍ਹਾਂ ਨੇ ਕੁਝ ਰਚਨਾਵਾਂ ਰਚੀਆਂ ਜੋ ਉਨ੍ਹਾਂ ਦੀ ਆਪਣੀ ਜੀਵਨ-ਕਥਾ, ਧਰਮ ਤੇ ਰਾਜਨੀਤੀ ਨਾਲ ਸੰਬੰਧਿਤ ਸਨ।
ਪਿੰਡ ਸਰਹਾਲੀ ਵਿਚ ਉਨ੍ਹਾਂ ਦਾ ਜੱਦੀ ਘਰ ਅੱਜ ਵੀ ਮੌਜੂਦ ਇਆ ਜੋ ਉਨ੍ਹਾਂ ਦੇ ਹੀ ਸਕੇ-ਸੋਦਰਿਆਂ ਦੀ ਦੇਖ-ਰੇਖ ਹੇਠ ਹੈ। ਸਾਡਾ ਪਿੰਡ ਤਕਰੀਬਨ ਉਨ੍ਹਾਂ ਨੂੰ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਕਰਕੇ ਹੀ ਯਾਦ ਕਰਦਾ ਇਆ। ਪਿੰਡ ਵਿਚੋਂ ਕੁਝ ਕੁ ਨੂੰ ਛੱਡ ਬਹੁਤਿਆਂ ਨੂੰ ਇਹ ਵੀ ਧਿਆਨ ਨਹੀਂ ਹੋਣਾਂ ਕਿ ਬਾਬਾ ਜੀ ਨੇ ਆਪਣੀ ਜੀਵਨ-ਕਥਾ (ਦੋ-ਭਾਗ) ਵੀ ਲਿਖੀ ਇਆ ਜੋ ਨਵੇਂ ਰੂਪ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇਕ ਹੀ ਜਿਲਦ ਵਿਚ ਛਾਪੀ ਗਈ ਇਆ। ਇਹ ਕਥਾ ਇਸ ਤੋਂ ਪਹਿਲਾਂ ਹੋਰਨਾਂ ਵੱਲੋਂ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਰਚਨਾ ਦਾ ਨਾਮ ਹੈ ‘ਜ਼ੁਲਮੀਂ ਕਥਾ’। ਇਸ ਰਚਨਾ ਵਿਚ ਬਾਬਾ ਜੀ ਨੇ ਸ੍ਰੀ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੀ ਦਰਦ ਭਰੀ ਕਹਾਣੀ ਤੇ ਆਪਣੇ ਮੁਕੰਮਲ ਬਿਆਨ ਦਰਜ ਕੀਤੇ ਹਨ।
ਇਸ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਕਿਤਾਬਚੇ ਵੀ ਲਿਖੇ ਹਨ ਜਿਨ੍ਹਾਂ ਦਾ ਵੇਰਵਾ ਇਉਂ ਹੈ-
ਗੁਰੂ ‘ ਪੰਥ ਦੀ ਸੇਵਾ ਵਿਚ ਸੱਚੇ ਵਾਕਿਆਤ ਦਾ ਪ੍ਰਕਾਸ਼
ਸੱਚੇ ਸਿੱਖ ਬਣੋ
ਸਿੱਖ ਧਰਮ ਦਰਪਣ
ਦਸ ਗੁਰੂਆਂ ਦੇ ਜੀਵਨ ਫਲਸਫੇ
ਸਿੱਖੀ ਤੇ ਸ਼ਾਂਤਮਈ
ਖਾਲਸਾ ਸਾਜਨ ਦੀ ਲੋੜ
ਪੰਜ ਪਿਆਰੇ
ਸਿੱਖਾਂ ਦੀ ਇਸ਼ਟ ਕਿਰਪਾਨ
ਸਿੱਖ ਧਰਮ ਰਾਜਨੀਤਿਕ ਹੈ
ਗੁਰਦੁਆਰਾ ਰਕਾਬ ਗੰਜ
ਦਸਮੇਸ਼ ਪਿਤਾ ਦੇ ਕੁਝ ਸ਼ਬਦ
ਦਲੀਪ ਸਿੰਘ ਤੇ ਕੋਹਨੂਰ ਹੀਰਾ
ਸਵਾਮੀ ਦਇਆ ਨੰਦ ਦੇ ਭੁਲੇਖੇ
ਆਸਟਰੇਲੀਆ ‘ ਚ ਹਿੰਦੁਸਤਾਨੀਆਂ ਲਈ ਬੰਦਿਸ਼ਾਂ
ਮਹਾਤਮਾ ਗਾਂਧੀ ਤੇ ਦੱਖਣੀ ਅਫਰੀਕਾ
ਇਮੀਗਰੇਸ਼ਨ ਬਿੱਲ
ਡਸਕੇ ਦਾ ਮਾਮਲਾ
ਕਾਂਗਰਸ ਨਾ – ਮਿਲਵਰਤਨ
ਧਰਮ ਤੇ ਦੇਸ਼ ਆਜ਼ਾਦੀ
ਧਰਮ ਤੇ ਰਾਜਨੀਤੀ
ਰੱਬ ਨੂੰ ਕੋਈ ਗਿਆਨ ਮਿਲਿਆ ਹੈ ਕਿ ਨਹੀਂ
ਅਬਾਦਤ ਗਾਹਾਂ ਦੇ ਝਗੜੇ ਕਿਉਂ ?
ਗ਼ੁਲਾਮ ਦਾ ਕੋਈ ਧਰਮ ਨਹੀਂ
ਧਰਮ ਕੀ ਹੈ ? ਆਦਿ।
ਇਸ ਤੋਂ ਇਲਾਵਾ ਨਿੱਜੀ ਡਾਇਰੀਆਂ ਜੋ ਅੰਗਰੇਜ਼ੀ ਅਤੇੇ ਪੰਜਾਬੀ ਵਿਚ ਹਨ ਉਹ ਵੀ ਮਿਲਦੀਆਂ ਹਨ।
ਬਾਬਾ ਗੁਰਦਿੱਤ ਸਿੰਘ ਨੇ ਸਰਹਾਲੀ ਪਿੰਡ ਦਾ ਸਪੂਤ ਬਣ ਪਿੰਡ ਦਾ ਨਾਮਨਾ ਉਚਾ ਕੀਤਾ ਜਿਸ ਲਈ ਪਿੰਡ ਸਰਹਾਲੀ ਉਨ੍ਹਾਂ ਦਾ ਸਦਾ ਰਿਣੀ ਰਹੇਗਾ।
ਗੁਰਵਿੰਦਰ ਸਿੰਘ ਕਰੀਰ
Average Rating