Breaking News

ਸ਼ਹੀਦ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ

ਖਾਨ ਬਹਾਦਰ ਜ਼ਕਰੀਆ ਖਾਂ ਪੰਜਾਬ ਦਾ ਗਵਰਨਰ ਸੀ। ਉਸ ਨੇ ੧੭੨੬ ਤੋਂ ਲੈ ਕੇ ੧੭੪੫ ਈਸਵੀ ਤੱਕ ਸਿੱਖਾਂ ਉੱਪਰ ਅਕਹਿ ਤੇ ਅਸਹਿ ਜ਼ੁਲਮ ਢਾਏ। ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਸੁਬੇਗ ਸਿੰਘ ਤੇ ਸਾਹਬਾਜ਼ ਸਿੰਘ ਤੇ ਹੋਰ ਅਣਗਿਣਤ ਸਿੰਘ ਸਿੰਘਣੀਆਂ ਨੂੰ ਜ਼ਕਰੀਆ ਖਾਂ ਨੇ ਮੌਤ ਦੇ ਘਾਟ ਉਤਾਰਿਆ। ਸਿੱਖਾਂ ਨੇ ਆਪਣੇ ਜਥੇ ਬਣਾ ਲਏ ਸਨ ਤੇ ਜ਼ਕਰੀਆ ਖਾਂ ਨੇ ਸਿੱਖਾਂ ਨਾਲ ਸੁਲਹ ਕਰਨ ਹਿੱਤ ਜਾਗੀਰ ਵੀ ਦਿੱਤੀ ਸੀ ਪਰ ਜ਼ਾਲਮ ਤੇ ਮਜ਼ਲੂਮ ਦੀ ਸਾਂਝ ਕਾਇਮ ਰਹਿਣੀ ਸੰਭਵ ਨਹੀਂ ਸੀ।
ਜਦੋਂ ੧੭੩੯ ਈਸਵੀ ਵਿਚ ਨਾਦਰ ਸ਼ਾਹ ਨੇ ਜ਼ਕਰੀਆ ਖਾਂ ਨੂੰ ਸਿੱਖਾਂ ਦੀ ਵਧ ਸ਼ਕਤੀ ਬਾਰੇ ਚਿਤਾਵਨੀ ਦਿੱਤੀ ਤਾਂ ਉਸ ਨੇ ਇਕ ਵਾਰ ਫਿਰ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਕਮਰਕੱਸੇ ਕਰ ਲਏ। ਸਿੱਖ ਰਾਜਸਥਾਨ ਤੇ ਸ਼ਿਵਾਲਕ ਦੀਆਂ ਪਹਾੜੀਆਂ ਵੱਲ ਲੁਕ ਛਿਪ ਗਏ। ਸਿੱਖਾਂ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ‘ਚ ਇਸ਼ਨਾਨ ਕਰਨਾ ਮਨ੍ਹਾਂ ਕਰ ਦਿੱਤਾ ਗਿਆ। ਜ਼ਕਰੀਆ ਖਾਂ ਦਾ ਨਿਸਚਾ ਸੀ ਕਿ ਸਿੱਖ ਸਰੋਵਰ ‘ਚ ਇਸ਼ਨਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲੈਂਦੇ ਹਨ।

ਕਲਾਕਾਰੀ – ਪਰਮ ਸਿੰਘ ਪੇਟਿੰਗਸ

ਜ਼ਕਰੀਆ ਖਾਂ ਦੇ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਸਿੱਖ ਨਿਧੜਕ ਹੋ ਕੇ ਰਾਤ-ਬਰਾਤੇ ਸਰੋਵਰ ‘ਚ ਇਸ਼ਨਾਨ ਕਰਨ ਜਾਂਦੇ। ਜ਼ਿਲ੍ਹਾ ਲਾਹੌਰ ਦੇ ਪਿੰਡ ਭੜਾਣਾ ਦਾ ਬੋਤਾ ਸਿੰਘ ਦੇ ਉਹਦਾ ਸਹਿਯੋਗੀ ਗਰਜਾ ਸਿੰਘ ਰੰਘਰੇਟਾ ਅੰਮ੍ਰਿਤਸਰ ਦੇ ਪਵਿੱਤਰ ਸਰੋਵਰ ‘ਚੋਂ ਇਸ਼ਨਾਨ ਕਰਕੇ ਤਰਨ ਤਾਰਨ ਨੇੜੇ ਆ ਰਹੇ ਸਨ। ਉਹਨਾਂ ਨੂੰ ਵੇਖਦੇ ਦੋ ਮੁਸਲਮਾਨ ਘੁਸਰ-ਮੁਸਰ ਕਰਨ ਲੱਗੇ।ਇਕ ਨੇ ਕਿਹਾ “ਇਹ ਸਿੱਖ ਹਨ”।
ਦੂਸਰੇ ਨੇ ਕਿਹਾ: “ਸਿੱਖਾਂ ਦਾ ਤਾਂ ਖਾਨ ਬਹਾਦਰ ਨੇ ਖੁਰਾ-ਖੋਜ ਮਿਟਾ ਦਿੱਤਾ ਹੈ।ਸਿੱਖ ਨਹੀਂ, ਇਹ ਤਾਂ ਬਹੁ-ਰੂਪੀਏ ਲੱਗਦੇ ਹਨ।” ਸਿੰਘਾਂ ਲਈ ਇਸ ਤੋਂ ਵੱਡੀ ਚੁਣੌਤੀ ਕੀ ਹੋ ਸਕਦੀ ਸੀ? ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੀ ਸੜਕ ‘ਤੇ ਤਰਨ ਤਾਰਨ ਤੋਂ ਤਿੰਨ ਕੁ ਮੀਲ ਦੀ ਵਿੱਥ ‘ਤੇ ‘ਸਰਾਏ ਨੂਰ ਦੀ” ਕੋਲ ਆਪਣਾ ਚੁੰਗੀ ਨਾਕਾ ਲਾ ਕੇ ਬੈਠ ਗਏ। ਉਦੋਂ ਇਹ ਦਿੱਲੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਦੇ ਪੱਤਣ ਲੰਘ ਕੇ ਲਾਹੌਰ ਜਾਣ ਲਈ ਆਮ ਵਗਦਾ ਰਸਤਾ ਸੀ। ਖੋਤੇ ‘ਤੇ ਭਾਰ ਲੈ ਕੇ ਜਾਣ ਵਾਲੇ ਨੂੰ ਇਕ ਪੈਸਾ ਤੇ ਗੱਡੇ ਵਾਲੇ ਨੂੰ ਇਕ ਆਨਾ ਚੁੰਗੀ ਲਾ ਕੇ ਉਗਰਾਹੀ ਸ਼ੁਰੂ ਕਰ ਦਿੱਤੀ। ਮੁਗਲ ਸਰਕਾਰ ਲਈ ਇਹ ਨਵੀਂ ਸਿਰਦਰਦੀ ਸੀ। ਸਰਕਾਰ ਦੇ ਅੰਦਰ ਦੀ ਇਕ ਹੋਰ ਸਰਕਾਰੀ ਚੁੰਗੀ ਕਰ ਉਗਰਾਹਿਆ ਜਾ ਰਿਹਾ ਸੀ। ਇਹ ਹੀ ਨਹੀਂ, ਖਾਨ ਬਹਾਦਰ ਦੀ ਬੇਗਮ ਵੱਲ ਇਕ ਚਿੱਠੀ ਵੀ ਲਿਖੀ ਜੋ ਬਗਾਵਤ ਦੀ ਸੂਚਨਾ ਸੀ। ਇਤਿਹਾਸਕਾਰਾਂ ਨੇ ਇਸ ਨੂੰ ਇੰਜ ਲਿਖਿਆ ਹੈ।

ਚਿੱਠੀ ਲਿਖੇ ਯੌ ਸਿੰਘ ਬੋਤਾ
ਹਥ ਹੈ ਸੋਟਾ,
ਵਿਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ
ਪੈਸਾ ਲਾਯਾ ਖੋਤਾ।
ਆਖ ਭਾਬੀ ਖਾਨੇ ਨੂੰ
ਯੇ ਆਖੇ ਸਿੰਘ ਬੋਤਾ।

ਸਿੱਖਾਂ ਦਾ ਪ੍ਰਭਾਵ ਆਮ ਲੋਕਾਂ ‘ਚ ਵਧ ਰਿਹਾ ਸੀ। ਹੈਰਾਨੀ ਦੀ ਗੱਲ ਨਹੀਂ ਕਿ ਬੋਤਾ ਸਿੰਘ ਦੇ ਚੁੰਗੀ ਟੈਕਸ ਦਾ ਕਿਸੇ ਨੇ ਵਿਰੋਧ ਨਾ ਕੀਤਾ ਤੇ ਨਾ ਹੀ ਕਿਸੇ ਨੇ ਲਾਹੌਰ ਦੇ ਸੂਬੇ ਦਾਰ ਕੋਲ ਇਸ ਦਲੇਰੀ ਦੀ ਇਤਲਾਹ ਹੀ ਦਿੱਤੀ। ਆਖ਼ਰ ਭਾਈ ਬੋਤਾ ਸਿੰਘ ਨੂੰ ਆਪ ਹੀ ਚਿੱਠੀ ਲਿਖ ਕੇ ਜ਼ਕਰੀਆ ਖਾਂ ਨੂੰ ਵੰਗਾਰ ਦੇਣੀ ਪਈ।
ਅੰਤ ਖਾਨ ਬਹਾਦਰ ਨੇ ਭਾਈ ਬੋਤਾ ਸਿੰਘ ਨੂੰ ਫੜਨ ਲਈ ਆਪਣੇ ਇਕ ਫੌਜਦਾਰ ਜਲਾਲੁਦੀਨ ਨੂੰ ਸੌ ਘੋੜ-ਸਵਾਰਾਂ ਸਮੇਤ ਭੇਜਿਆ। ਇਕ ਪਾਸੇ ੧੦੧ ਮੁਗਲ ਤੇ ਦੂਸਰੇ ਪਾਸੇ ਦੇ ਨਿਹੱਥੇ ਸਿੱਖ | ਰਾਤ ਭਰ ਯੁੱਧ ਹੁੰਦਾ ਰਿਹਾ | ਜਿਹੜਾ ਮੁਗ਼ਲ ਸਿਪਾਹੀ, ਸਿੰਘਾਂ ਨੂੰ ਮਾਰਨ ਲਈ ਅੱਗੇ ਵਧੇ, ਸਿੱਖ ਦਰੱਖਤਾਂ ਦੀ ਓਟ ‘ਚ ਲੱਕੜ ਦੇ ਅਣਘੜਤ ਸੋਟੇ ਨਾਲ ਉਸ ਦਾ ਸਿਰ ਫੇਹ ਦਿੰਦੇ। ਸਿੱਖਾਂ ਦੀ ਦਲੇਰੀ ਦੀ ਅਜਿਹੀ ਮਿਸਾਲ ਹੋਰ ਕਿਧਰੋਂ ਮਿਲਣੀ ਮੁਸ਼ਕਲ ਹੈ। ਰਾਤ ਭਰ ਦੀ ਲੁਕਣਮੀਟੀ ਪਿਛੋਂ ਮੁਗਲ ਫੌਜ ਦੇ ੮੦ ਜੁਆਨ ਮਾਰੇ ਗਏ। ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ।ਲੋਕ ਹੈਰਾਨ ਸਨ ਕਿ ਦੋ ਨਿਹੱਥੇ ਸਿੱਖਾਂ ਨੇ ਰਾਤ ਭਰ ਮੁਕਾਬਲਾ ਕਰਕੇ ਕਿਸ ਬਲ ਨਾਲ ੮੦ ਸਿਪਾਹੀ ਥਾਂ ਹੀ ਰੱਖੇ? ਅਜਿਹੇ ਸਿਦਕੀ ਤੇ ਸਿਰਲੱਥ ਸੂਰਬੀਰਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾ ਖੋਹਲ ਦਿੱਤਾ ਕਿ ਕਿਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਦੇ ਸਰੋਵਰ ‘ਚ ਇਸ਼ਨਾਨ ਕਰਨ ਵਾਲਿਆਂ ‘ਤੇ ਰੋਕਾਂ ਲਾਉਣ ਵਾਲਿਆਂ ਦਾ ਮੁਕਾਬਲਾ ਕਰਨਾ ਹੈ।
ਇਹਨਾਂ ਨਿਰਭੈ ਯੋਧਿਆਂ ਦੀ ਯਾਦ ਵਿਚ ਸ੍ਰੀ ਤਰਨ ਤਾਰਨ ਸਾਹਿਬ ਤੋਂ ਝਬਾਲ ਵਾਲੀ ਸੜਕ ‘ਤੇ ਪਿੰਡ ਨੂਰਦੀ ਦੇ ਦੱਖਣ ਪਾਸੇ ਬੜਾ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ।

~ ਡਾ ਗੁਰਚਰਨ ਸਿੰਘ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply