ਭਾਈ ਲਾਲੋ ਜੀ ਗੋਦੜੀ ਦੇ ਲਾਲ ਸਨ। ਉਨ੍ਹਾਂ ਦਾ ਸਿੱਖ ਧਰਮ ਵਿਚ ਬਹੁਤ ਉਚਾ ਅਸਥਾਨ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸਿੱਖਾਂ ਵਿਚੋਂ ਸਨ। ਗੁਰੂ ਜੀ ਨੇ ਉਨ੍ਹਾਂ ਨੂੰ ਆਪ ਵਰਸੋਇਆ ਸੀ। ਭਾਈ ਲਾਲੋ ਜੀ ਧਰਮ ਦੀ ਕਿਰਤ ਕਰਦੇ ਸਨ ਅਤੇ ਰੁਖੀ-ਸੁਕੀ ਵਿਚ ਹੀ ਵਾਹਿਗੁਰੂ ਦਾ ਸ਼ੁਕਰ ਮਨਾਉਂਦੇ ਸਨ।
ਭਾਈ ਲਾਲੋ ਜੀ ਦੇ ਜੀਵਨ ਬਾਰੇ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ।ਕੇਵਲ ਜਨਮ ਸਾਖੀ ਅਤੇ ਕੁਝ ਇਤਿਹਾਸਕ ਪੁਸਤਕਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਏਮਨਾਬਾਦ ਵਿਖੇ ਜਾਣ ਅਤੇ ਬਾਬਰ ਦੇ ਹਮਲੇ ਦੇ ਨਾਲ ਭਾਈ ਲਾਲੋ ਜੀ ਦਾ ਵੀ ਵਰਣਨ ਆਉਂਦਾ ਹੈ।
ਮਹਾਨ ਕੋਸ਼ ਵਿਚ ਭਾਈ ਲਾਲੋ ਬਾਰੇ ਅੰਕਤ ਹੈ ਕਿ ਸੈਦਪੁਰ (ਏਮਨਾਬਾਦ) ਨਿਵਾਸੀ ਘਟਾਉੜਾ ਜਾਤਿ ਦਾ ਇਕ ਪ੍ਰੇਮੀ ਤਰਖਾਣ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਨਿੰਨ ਸਿੱਖ ਹੋਇਆ।ਗੁਰੂ ਜੀ ਇਸ ਦੇ ਘਰ ਬਹੁਤ ਚਿਰ ਬਿਰਾਜੇ ਸਨ, ਇਸੇ ਪ੍ਰੇਮੀ ਨੂੰ ਸੰਬੋਧਨ ਕਰਕੇ
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ (ਪੰਨਾ ੭੨੨)
ਤਿਲੰਗ ਰਾਗ ਵਿਚ ਸ਼ਬਦ ਉਚਾਰਨ ਕੀਤਾ। ਭਾਈ ਲਾਲੇ ਦੇ ਕੋਈ ਪੁੱਤਰ ਨਹੀਂ ਸੀ ਹੋਇਆ।ਕੇਵਲ ਇਕ ਪੁੱਤਰੀ ਸੀ ਜਿਸ ਦੀ ਔਲਾਦ ਹੁਣ ਤਤਲਾ ਪਿੰਡ ਵਿਚ ਰਹਿੰਦੀ ਹੈ।
ਪ੍ਰਿੰਸੀਪਲ ਸਤਿਬੀਰ ਸਿੰਘ ਜੀ ਆਪਣੀ ਪੁਸਤਕ ਬਲਿਊ ਚਰਾਗ ਵਿਚ ਲਿਖਦੇ ਹਨ ਕਿ “ਗੁਰੂ ਨਾਨਕ ਦੇਵ ਜੀ ਨੇ ਸੈਦਪੁਰ ਪੁਜ ਕੇ ਆਪਣਾ ਡੇਰਾ ਸ਼ਹਿਰ ਦੇ ਬਾਹਰ ਕੀਤਾ।ਉਹ ਸਾਰੀ ਧਰਤੀ ਰੋੜਾਂ ਵਾਲੀ ਸੀ ਤੇ ਬਾਬਾ ਜੀ ਦੇ ਪੂਜਣ ਨਾਲ ਪੂਜਣ ਯੋਗ ਹੋ ਗਈ।ਉਹ ਸ਼ਹਿਰ ਵਿਚ ਘਟਾਉੜਾ ਗੋਤ ਦਾ ਇਕ ਤਰਖਾਣ ਰਹਿੰਦਾ ਸੀ, ਜਿਸ ਦਾ ਪਾਵਨ ਨਾਮ ਭਾਈ ਲਾਲੇ ਸੀ। ਉਸ ਦੀ ਸਿਧੀ-ਸਾਦੀ ਸ਼ਖ਼ਸੀਅਤ ਨੇ ਗੁਰੂ ਨਾਨਕ ਨੂੰ ਖਿਚ ਲਇਆ। ਮਹਾਰਾਜ ਨੇ ਉਸ ਪਾਸ ਜਾ ਕੇ ਧੰਨ ਨਿਰੰਕਾਰ ਦੀ ਧੁਨੀ ਲਗਾਈ ਮਿਲਦੇ ਸਾਰ ਜੋ ਵਾਰਤਾਲਾਪ ਹੋਇਆ ਉਹ ਸੁਣਨ ਨਾਲ ਸੰਬੰਧ ਰਖਦਾ ਹੈ:
“ਭਾਈ ਲਾਲੋ।”
“ਜੀ ਮਹਾਰਾਜ”
“ਭਾਈ ਲਾਲੋ ਕੀ ਪਿਆ ਕਰਨਾ ਹੈ?”
“ਜੀ, ਕਿੱਲੇ ਪਿਆ ਘੜਦਾ ਹਾਂ।”
“ਲਾਲੇ ਸਾਰੀ ਉਮਰ ਕਿੱਲੇ ਹੀ ਘੜਦਾ ਰਹੇਂਗਾ?”
ਇਹ ਵਾਰਤਾਲਾਪ ਵਿਚ ਰਹੱਸਮਈ ਚਿਣਗ ਸੀ। ਇਕ ਫਿਕਰੇ ਨਾਲ ਹੀ ਭਾਈ ਲਾਲੇ ਦੀ ਕਾਇਆ ਕਲਪ ਹੋ ਗਈ। ਉਸ ਨੂੰ ਸੋਝੀ ਹੋ ਗਈ। ਇਹ ਇਕ ਉਦੇਸ਼ ਸੀ। ਉਸ ਦੀ ਆਤਮਾ ਨੂੰ ਹਲੂਣਾ ਸੀ। ਹਲੂਣਾ ਸੀ ਆਪਣੇ ਅੰਦਰ ਝਾਤੀ ਮਾਰਨ ਦਾ ਜਲ ਰਹੀ ਲੋਕਾਈ ਨੂੰ ਨਾਮ ਦੇ ਛਿੱਟੇ ਮਾਰ ਕੇ ਸੀਤਲ ਕਰਨ ਦਾ। ਸਾਰੀ ਉਮਰ ਕਿਰਤ ਕਰ ਕੇ ਉਦਰ-ਪੂਰਨਾ ਤਾਂ ਹਰ ਕੋਈ ਕਰਦਾ ਹੈ।ਪ੍ਰੰਤੂ ਕਿਰਤ ਦੇ ਨਾਲ ਨਾਲ ਨਾਮ ਜਪਣਾ, ਵੰਡ ਛਕਣਾ ਅਤੇ ਸਾਧ ਸੰਗਤ ਦੀ ਸੇਵਾ ਕਰਨੀ ਕਿਸੇ ਭਾਗਾਂ ਵਾਲੇ ਦੇ ਹਿੱਸੇ ਹੀ ਆਉਂਦੀ ਹੈ। ਉਪਰੰਤ ਉਹੀ ਵਿਅਕਤੀ ਮਜ਼ਲੂਮ ਲਈ ਢਾਲ ਬਣਦਾ ਹੈ।
ਭਾਈ ਲਾਲੋ ਜੀ ਨੂੰ ਗੁਰੂ ਜੀ ਦੀ ਰਮਜ਼ ਦੀ ਸੋਝੀ ਆ ਗਈ। ਉਹ ਆਪ ਅਨੁਭਵੀ ਪੁਰਸ਼ ਸੀ।ਗੁਰੂ ਦੇ ਦਰਸ਼ਨਾਂ ਨੇ ਉਸ ਦੀ ਆਤਮਿਕ ਜੋਤ ਨੂੰ ਜਗਾ ਦਿੱਤਾ ਸੀ | ਜਦੋਂ ਗੁਰੂ ਕਿਰਪਾ ਨਾਲ ਕਿਸੇ ਵਿਅਕਤੀ ਦੀ ਆਤਮਾ ਜਾਗ ਪਏ ਤਾਂ ਉਹ ਹੋਰ ਕਈ ਆਤਮਾਵਾਂ ਨੂੰ ਜਗਾਉਣ ਦਾ ਸਾਧਨ ਬਣਦੀ ਹੈ।
ਗੁਰੂ ਨਾਨਕ ਸਾਹਿਬ ਸੈਦਪੁਰ ਵਿਖੇ ਇਕ ਖਾਸ ਮਿਸ਼ਨ ਨੂੰ ਲੈ ਕੇ ਆਏ ਸਨ। ਹਾਕਮ ਲੁੱਟ ਘਸੁੱਟ ਕਰ ਰਹੇ ਸਨ। ਗਰੀਬ ਜਨਤਾ ਨਿੱਤ ਨਵੀਆਂ ਵਗਾਰਾਂ ਅਤੇ ਜ਼ੁਲਮ ਦੀ ਚੱਕੀ ਵਿਚ ਪੀਸੀ ਜਾ ਰਹੀ ਸੀ। ਇਸ ਦੇ ਨਾਲ ਹੀ ਧਾਰਮਿਕ ਵਿਅਕਤੀ ਕਿਰਤੀ ਅਤੇ ਕਿਰਸਾਨਾਂ ਪਾਸੋਂ ਜ਼ਬਰੀ ਦਾਨ ਵਸੂਲ ਕਰਦੇ ਸਨ। ਗੁਰੂ ਨਾਨਕ ਦੇਵ ਜੀ ਦਾ ਮੁਖ ਕਰਤਬ ਜ਼ੁਲਮ ਵਿਰੁਧ ਅਵਾਜ਼ ਉਠਾਉਣਾ ਸੀ। ਸਾਰੇ ਦੇਸ਼ ਦੀ ਇਸ ਤਰ੍ਹਾਂ ਹੋ ਰਹੀ ਇਸ ਦੁਰਦਸ਼ਾ ਤੋਂ ਉਹ ਦੇਸ਼ ਵਾਸੀਆਂ ਨੂੰ ਬਚਾਉਣਾ ਚਾਹੁੰਦੇ ਸਨ। ਉਨ੍ਹਾਂ ਭਾਈ ਲਾਲੋ ਦੀ ਪਵਿੱਤਰ ਆਤਮਾ ਵਿਚ ਨਿਡਰਤਾ ਅਤੇ ਪਵਿੱਤਰਤਾ ਦੀ ਝਲਕ ਵੇਖੀ ਜਿਹੜੀ ਜ਼ੁਲਮ ਦਾ ਸਬਰ ਨਾਲ ਮੁਕਾਬਲਾ ਕਰ ਸਕਦੀ ਸੀ। ਭਾਈ ਲਾਲੋ ਦਾ ਘਰ ਧਰਮਸ਼ਾਲਾ ਬਣ ਗਿਆ। ਇਹ ਨਾਮ ਦਾਨ ਅਤੇ ਆਤਮ ਕਲਿਆਣ ਦਾ ਵੱਡਾ ਕੇਂਦਰ ਸੀ ਜਿਥੇ ਗੁਰੂ ਸਾਹਿਬ ਦੇ ਵੇਲੇ ਤੋਂ ਹੀ ਨਾਮ ਦਾਨ ਤੇ ਆਤਮਿਕ ਕਲਿਆਣ ਦੀ ਦਾਤ ਦਬੀ-ਕੁਚਲੀ ਜਨਤਾ ਨੂੰ ਬਖਸ਼ਿਸ਼ ਕੀਤੀ ਜਾਂਦੀ ਸੀ।
ਭਾਈ ਲਾਲੋ ਵਿਚ ਇਕ ਹੀਣ-ਭਾਵ ਸੀ। ਉਹ ਆਪਣੇ ਆਪ ਨੂੰ ਦੂਸਰਿਆਂ ਦੇ ਬਰਾਬਰ ਨਹੀਂ ਸੀ ਸਮਝਦਾ। ਗੁਰੂ ਨਾਨਕ ਦੇਵ ਜੀ ਨੇ ਉਸ ਦੇ ਘਰ ਰਹਿ ਕੇ ਜਾਤ-ਅਭਿਮਾਨੀਆਂ ਦੇ ਅਭਿਮਾਨ ਤੋੜਨੇ ਸਨ ਅਤੇ ਉਸ ਵਿਚੋਂ ਵੀ ਜਾਤ-ਪਾਤ ਦੇ ਭੇਦ ਨੂੰ ਕੱਢਣਾ ਸੀ।
ਇਤਿਹਾਸ ਵਿਚ ਹਵਾਲਾ ਮਿਲਦਾ ਹੈ ਕਿ ਭਾਈ ਲਾਲੋ ਨੇ ਗੁਰੂ ਸਾਹਿਬ ਦਾ ਪ੍ਰਸ਼ਾਦ ਤਿਆਰ ਕਰਨ ਅਤੇ ਛਕਣ ਲਈ ਵੱਖਰਾ ਚੌਂਕਾ ਤਿਆਰ ਕੀਤਾ ਅਤੇ ਗੁਰੂ ਜੀ ਨੂੰ ਉਥੇ ਪ੍ਰਸਾਦ ਛਕਣ ਲਈ ਬੇਨਤੀ ਕੀਤੀ।
ਗੁਰੂ ਜੀ ਨੇ ਉੱਤਰ ਦਿੱਤਾ, ਕਿ ਸਾਰੀ ਧਰਤੀ ਹੀ ਉਹਨਾਂ ਦਾ ਚੁੱਲਾ ਹੈ। ਜਿਹੜਾ ਵਿਅਕਤੀ ਸੱਚ ਨਾਲ ਪਿਆਰ ਕਰਦਾ ਹੈ ਉਹ ਸੁੱਚਾ ਹੈ। ਭਾਈ ਲਾਲੋ ਨੇ ਗੁਰੂ ਜੀ ਦੀ ਪਿਆਰ ਭਾਵਨਾ ਨੂੰ ਅਨੁਭਵ ਕਰ ਲਿਆ।ਉਸ ਦੇ ਮਨ ਵਿਚੋਂ ਊਚ ਨੀਚ ਦਾ ਭੇਦ ਭਾਵ ਮਿਟ ਗਿਆ।ਗੁਰੂ ਸਾਹਿਬ ਨੇ ਸਾਰੀਆਂ ਜਾਤੀਆਂ ਨੂੰ ਉਸ ਦੇ ਘਰ ਰਹਿ ਕੇ ਉਪਦੇਸ਼ ਦਿੱਤਾ, ਕਿ ਕੋਈ ਵੀ ਵਿਅਕਤੀ ਜਾਤ ਕਰਕੇ ਉੱਚਾ-ਨੀਵਾਂ ਨਹੀਂ।ਕਰਮ ਕਰਕੇ ਹੀ ਵਿਅਕਤੀ ਉੱਚਾ ਜਾਂ ਨੀਵਾਂ ਬਣਦਾ ਹੈ।
ਸੈਦਪੁਰ ਦਾ ਇੱਕ ਖੱਤਰੀ ਮਲਕ ਭਾਗੋ, ਜੇਹੜਾ ਏਮਨਾਬਾਦ ਦੇ ਹਾਕਮ ਦਾ ਅਹਿਲਕਾਰ ਸੀ, ਬ੍ਰਹਮ ਭੋਜ ਕਰ ਰਿਹਾ ਸੀ। ਉਸ ਨੇ ਗੁਰੂ ਜੀ ਨੂੰ ਇਸ ਭੋਜ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਗੁਰੂ ਜੀ ਮਲਕ ਭਾਗੋ ਵਲੋਂ ਜਨਤਾ ਨਾਲ ਕੀਤੀਆਂ ਜਾ ਰਹੀਆਂ ਸਾਰੀਆਂ ਵਧੀਕੀਆਂ ਨੂੰ ਦੇਖ ਤੇ ਸੁਣ ਰਹੇ ਸਨ। ਉਹਨਾਂ ਬ੍ਰਹਮ ਭੋਜ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਮਹਾਨ ਕੋਸ਼ ਵਿਚ ਇਸ ਘਟਨਾ ਦਾ ਵੇਰਵਾ ਇਸ ਪ੍ਰਕਾਰ ਅੰਕਿਤ ਹੈ। ਮਲਕ ਭਾਗੋ, ਇਹ ਖੱਤਰੀ ਸੈਦਪੁਰ (ਏਮਨਾਬਾਦ) ਦੇ ਹਾਕਮ ਜ਼ਾਲਿਮ ਖਾਨ ਦਾ ਅਹਿਲਕਾਰ, ਭਾਰੀ ਰਿਸ਼ਵਤ-ਖੋਰ ਸੀ, ਇਕ ਵਾਰ ਇਸ ਨੇ ਬ੍ਰਹਮ ਭੋਜ ਕੀਤਾ। ਉਸ ਵੇਲੇ ਗੁਰੂ ਸਾਹਿਬ ਲਾਲੇ ਤਰਖਾਣ ਦੇ ਘਰ ਠਹਿਰੇ ਹੋਏ ਸਨ।ਜਦ ਸਤਿਗੁਰੂ ਜੀ ਇਸ ਦਾ ਨਿਉਂਦਾ ਨਾ ਮੰਨ ਕੇ ਭੇਜ ਨਾ ਕਰਨ ਗਏ ਤਦ ਇਸ ਨੇ ਆਪਣਾ ਅਪਮਾਨ ਸਮਝ ਕੇ ਗੁਰੂ ਜੀ ਨੂੰ ਹਕੂਮਤ ਨਾਲ ਤਲਬ ਕੀਤਾ। ਗੁਰੂ ਨੇ ਭਰੀ ਸਭਾ ਵਿਚ ਭਾਗੋ ਦਾ ਅੰਨ ਲਹੂ’ ਅਤੇ ਲਾਲੇ ਦਾ ‘ਦੁੱਧ’ ਸਿੱਧ ਕਰਕੇ ਸ਼ੁਭ ਸਿਖਿਆ ਦਿੱਤੀ।
ਇਹ ਘਟਨਾ ਇਕ ਚਮਤਕਾਰ ਸੀ। ਗਰੀਬ ਜਨਤਾ ਨੂੰ ਹਾਕਮ ਸ਼੍ਰੇਣੀ ਦੇ ਜ਼ੁਲਮਾਂ ਤੋਂ ਰਾਹਤ ਦਿਵਾਉਣ, ਅਤੇ ਭਾਈ ਲਾਲੋ ਦੀ ਸੱਚੀ ਤੇ ਸੁੱਚੀ ਕਿਰਤ ਨੂੰ ਵਡਿਆਉਣ ਲਈ ਇਕ ਕ੍ਰਿਸ਼ਮਾ ਸੀ। ਰੱਬੀ ਸ਼ਕਤੀ ਦੀ ਇਹ ਮਹਾਨ ਜਿੱਤ ਸੀ।
ਮੁਗਲ ਮੀਰ ਦੇ ਇਰਾਦਿਆਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲ ਚੁਕੀ ਸੀ। ਉਹ ਏਮਨਾਬਾਦ ਪੁਜ ਕੇ ਆਪਣੇ ਸਾਦਿਕ ਸੇਵਕ ਭਾਈ ਲਾਲੋ ਦੇ ਪ੍ਰੇਮ ਬੰਧਨਾਂ ਵਿਚ ਬੰਧੇ ਉਸ ਪਾਸ ਰਹਿ ਰਹੇ ਸਨ।ਉਨ੍ਹਾਂ ਦਾ ਮਾਨਵ ਦਰਦ ਨਾਲ ਭਰਿਆ ਮਨ ਸੈਦਪੁਰ ਦੀ ਕਤਲੇਆਮ ਕਰ ਕੇ ਵਹਿ ਤੁਰਿਆ।ਗੁਰੂ ਜੀ ਨੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਵਾਹਿਗੁਰੂ ਵਲੋਂ ਹੋ ਰਹੇ ਆਦੇਸ਼ ਦਾ ਗਾਇਨ ਕੀਤਾ। ਭਾਈ ਲਾਲੋ ਉਨ੍ਹਾਂ ਦੇ ਮਨ ਅੰਤਰ ਦੀ ਪੀੜਾ ਨੂੰ ਅਨੁਭਵ ਕਰਦਾ ਸੀ। ਕਿਸੇ ਅਤਿ ਪਿਆਰੇ ਨਾਲ ਹੀ ਆਪਣੇ ਮਨ ਦਾ ਦਰਦ ਸਾਂਝਿਆਂ ਕੀਤਾ ਜਾ ਸਕਦਾ ਹੈ।
ਸੈਦਪੁਰ ਦੀ ਕਤਲੇਆਮ ਦਾ ਦ੍ਰਿਸ਼ ਮਨ ਨੂੰ ਕੰਬਾ ਦੇਣ ਵਾਲਾ ਸੀ। ਇਹ ਉਥੋਂ ਦੀ ਜਨਤਾ ਉੱਤੇ ਕਹਿਰ ਵਾਪਰਿਆ ਸੀ। ਇਹ ਸਾਰੀ ਖੇਡ ਜਨਤਾ ਵਲੋਂ ਵਾਹਿਗੁਰੂ ਦਾ ਸਿਮਰਨ ਨਾ ਕਰਨ ਅਤੇ ਆਪਣੇ ਫਰਜ਼ਾਂ ਦੀ ਪਾਲਣਾ ਨਾ ਕਰਨ ਕਰਕੇ ਉਨ੍ਹਾਂ ਜ਼ੋਰ ਦੇ ਜ਼ੁਲਮ ਕਰਨ ਵਾਲਿਆਂ ਪ੍ਰਤੀ ਵਾਹਿਗੁਰੂ ਦੀ ਭਵਿੱਖਬਾਣੀ ਦੱਸੀ। ਇਕ ਜ਼ਾਲਮ ਨੂੰ ਮਾਰਨ ਲਈ ਉਸ ਤੋਂ ਤਗੜਾ ਵਾਹਿਗੁਰੂ ਵਲੋਂ ਭੇਜਿਆ ਜਾਵੇਗਾ। “ਜੈਸੀ ਮੈ ਆਵੈ ਖਸਮ ਕੀ ਬਾਣੀ” ਵਾਲੇ ਸ਼ਬਦ ਵਿਚ ਗੁਰੂ ਸਾਹਿਬ ਨੇ ਭਾਈ ਲਾਲੋ ਨੂੰ ਸਜੀਵ ਕਰ ਦਿੱਤਾ। ਇਹ ਭਾਈ ਲਾਲੋ ਲਈ ਪੂਰਨੇ ਸਨ।ਉਹ ਇਸ ਸ਼ਬਦ ਦੀ ਭਾਵਨਾ ਉਤੇ ਚਲ ਕੇ ਨਿਮਾਣੀ ਤੇ ਨਿਤਾਣੀ ਜਨਤਾ ਵਿਚ ਸਾਹਸ ਪੈਦਾ ਕਰਨ ਲਈ ਉਤੇਜਤ ਹੋਇਆ। ਬਾਬਰ ਨੇ ਆਪਣੇ ਏਮਨਾਬਾਦ ਦੇ ਹੱਲੇ ਉਪਰੰਤ ਉਥੋਂ ਦੇ ਸਾਰੇ ਵਸਨੀਕਾਂ ਨੂੰ ਉਸ ਦਾ ਮੁਕਾਬਲਾ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ।
ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਅਤੇ ਭਾਈ ਲਾਲੋ ਜੀ ਬੰਦੀਖਾਨੇ ਵਿਚ ਵੀ ਵਾਹਿਗੁਰੂ ਦੀ ਉਸਤਤ ਗਾਇਨ ਕਰ ਰਹੇ ਸਨ ਅਤੇ ਜਨਤਾ ਦੇ ਜ਼ਖ਼ਮਾਂ ਉਤੇ ਨਾਮ ਬਾਣੀ ਨਾਲ ਮਲ੍ਹਮ ਪੱਟੀ ਕਰ ਰਹੇ ਸਨ। ਬੰਦੀਖਾਨੇ ਦੇ ਦੁੱਖ ਨਾਮ ਬਾਣੀ ਦੀ ਵਰਖਾ ਨਾਲ ਸਹਿਲ ਹੋ ਰਹੇ ਸਨ। ਗੁਰੂ ਜੀ ਦੇ ਉਦੇਸ਼ ਇਹ ਅਨੁਭਵ ਕਰਵਾਉਣਾ ਸੀ ਕਿ ਜੇਕਰ ਆਪਣੇ ਆਪ ਨੂੰ ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਜਾਂਦਾ ਤਾਂ ਇਹ ਘਟਨਾ ਕਦੀ ਵੀ ਨਾ ਵਾਪਰਦੀ।
ਪੁਰਾਤਨ ਜਨਮ ਸਾਖੀ ਵਿਚ ਅੰਕਤ ਹੈ ਕਿ ਬਾਬਰ ਨੂੰ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਦੀ ਅਲੌਕਿਕ ਰਹੱਸਮਈ ਦਸ਼ਾ ਦਾ ਪਤਾ ਲਗਾ ਤਾਂ ਉਹ ਜੇਲ੍ਹ ਵਿਚ ਆਪ ਚਲ ਕੇ ਮਹਾਂ ਪੁਰਖਾਂ ਦੇ ਦਰਸ਼ਨ ਕਰਨ ਲਈ ਆਇਆ।
ਉਹ ਗੁਰੂ ਜੀ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸ ਗੁਰੂ ਜੀ ਨੂੰ ਤੁਰੰਤ ਹੀ ਰਿਹਾਅ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਸਾਰੇ ਬੰਦੀਆਂ ਨੂੰ ਨਿਰਦੇਸ਼ ਹੋਣ ਦੇ ਕਾਰਨ ਰਿਹਾਅ ਕਰਨ ਲਈ ਕਿਹਾ। ਉਹ ਗੁਰੂ ਜੀ ਤੋਂ ਏਨਾ ਪ੍ਰਭਾਵਤ ਹੋਇਆ ਕਿ ਤੁਰੰਤ ਹੀ ਮੈਦਪੁਰ ਦੇ ਸਾਰੇ ਵਾਸੀਆਂ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਉਸ ਕਿਹਾ ਨਾਨਕ ਵਿਚੋਂ ਖੁਦਾ ਦੇ ਦੀਦਾਰ ਹੁੰਦੇ ਹਨ।”
ਭਾਈ ਲਾਲੋ ਗੁਰੂ ਜੀ ਦੀ ਮੇਹਰ ਸਦਕਾ ਉੱਚੇ ਜੀਵਨ ਵਾਲਾ ਸਿੱਖ ਬਣ ਗਿਆ। ਉਹ ਸਿੱਖੀ ਪਰਚਾਰ ਵਿਚ ਜੁਟ ਗਿਆ।ਉਹ ਅੰਦਰੋਂ ਬਾਹਰੋਂ ਸੱਚਾ ਸੀ। ਇਸ ਕਰਕੇ ਗੁਰੂ ਜੀ ਨੇ ਉਸ ਨੂੰ ਸੈਦਪੁਰ ਦੀ ਸੰਗਤ ਦਾ ਮੁਖੀ ਨੀਯਤ ਕਰ ਦਿੱਤਾ।
ਜਿਥੇ ਭਾਈ ਲਾਲੋ ਆਪ ਸੰਤੋਖੀ ਸੀ, ਉਥੇ ਉਹਨਾਂ ਦੀ ਪਤਨੀ ਵੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਿੱਖ ਸੰਗਤ ਦੀ ਤਨੋਂ ਮਨੋਂ ਸੇਵਾ ਕਰਦੀ ਸੀ। ਭਾਈ ਲਾਲੋ ਪਾਸ ਗੁਰੂ ਨਾਨਕ ਦੇਵ ਜੀ ਕਾਫੀ ਸਮਾਂ ਟਿਕੇ। ਉਸ ਸਿਦਕੀ ਸਿੱਖ ਨੇ ਇਸ ਸਮੇਂ ਵਿਚ ਨਾਮ ਜਪ ਕੇ, ਸਾਧ ਸੰਗਤ ਦੀ ਰੰਜ ਕੇ ਸੇਵਾ ਕੀਤੀ।ਸਾਹਾ ਸਿੱਖ ਸੰਸਾਰ, ਖਾਸ ਕਰਕੇ ਕਿਰਤੀ, ਕਿਰਸਾਨ ਭਾਈ ਲਾਲੋ ਪ੍ਰਤੀ ਬੜੀ ਸ਼ਰਧਾ ਰੱਖਦੇ ਸਨ।
~ ਡਾ ਕੁਲਦੀਪ ਸਿੰਘ
Average Rating