Breaking News

ਬੇਬੇ ਨਾਨਕੀ – ਪ੍ਰਿੰ. ਕੁਲਦੀਪ ਸਿੰਘ ਹਉਰਾ

ਬੇਬੇ ਨਾਨਕੀ ਕੇਵਲ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਹੀ ਨਹੀਂ ਸੀ, ਸਗੋਂ ਗੁਰੂ ਨਾਨਕ ਦੇਵ ਜੀ ‘ਤੇ ਵਿਸ਼ਵਾਸ ਲਿਆਉਣ ਅਤੇ ਉਹਨਾਂ ਦੇ ਧਰਮ ਨੂੰ ਸਭ ਤੋਂ ਪਹਿਲੇ ਧਾਰਣ ਕਰਨ ਵਾਲੀ ਵੀ ਬੇਬੇ ਨਾਨਕੀ ਹੀ ਸੀ। ਬੇਬੇ ਨਾਨਕੀ ਦਾ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਅਤਿ ਨਿਕਟਤਾ ਵਾਲਾ ਸਬੰਧ ਰਿਹਾ। ਉਹ ਕੇਵਲ ਉਹਨਾਂ ਦੇ ਭੈਣ ਜੀ ਹੀ ਨਹੀਂ ਸਨ, ਸਗੋਂ ਉਹਨਾਂ ਦੇ ਸਲਾਹਕਾਰ, ਪਾਲਣ-ਪੋਸਣ ਕਰਨ, ਵਾਲੇ ਮਾਤਾ ਸਮਾਨ, ਵੀਰ ਨਾਨਕ ਦੇ ਦਿਲ ਦੀਆਂ ਜਾਨਣ ਵਾਲੇ ਉਸ ਦੇ ਦੁਖਾਂ-ਸੁਖਾਂ ਦੇ ਭਾਈਵਾਲ ਅਤੇ ਵੀਰ ਦੀ ਗੈਰ-ਹਾਜ਼ਰੀ ਵਿਚ ਉਸ ਦੇ ਪਰਿਵਾਰ ਦੀ ਸਾਂਭ-ਸੰਭਾਲ ਕਰਨ ਵਾਲੇ ਵੀ ਸਨ। ਬੇਬੇ ਨਾਨਕੀ ਦਾ ਸਿੱਖ-ਇਤਿਹਾਸ ਵਿਚ ਸਰੇਸ਼ਠ ਸਥਾਨ ਹੈ।

ਬੇਬੇ ਨਾਨਕੀ ਜੀ ਦੇ ਪਿਤਾ ਦਾ ਨਾਮ ਮਹਿਤਾ ਕਲਿਆਣ ਦਾਸ (ਕਾਲੂ ਜੀ) ਤੇ ਮਾਤਾ ਜੀ ਦਾ ਨਾਮ ਤ੍ਰਿਪਤਾ ਜੀ ਸੀ। ਮਾਤਾ ਤ੍ਰਿਪਤਾ ਜੀ ਦਾ ਪੇਕਾ ਪਿੰਡ ਚਾਹਲ, ਤਹਿਸੀਲ ਜ਼ਿਲ੍ਹਾ ਲਾਹੌਰ ਸੀ ਜਦੋਂ ਕਿ ਮਹਿਤਾ ਕਲਿਆਣ ਦਾਸ ਦਾ ਜੱਦੀ ਪਿੰਡ ਡੇਹਰਾ ਜਾਮਾ ਰਾਏ ਤਹਿਸੀਲ ਤਰਨ ਤਾਰਨ ਜ਼ਿਲ੍ਹਾ ਅੰਮ੍ਰਿਤਸਰ ਸੀ। ਕਲਿਆਣ ਦਾਸ ਦੇ ਪਿਤਾ ਸ਼ਿਵ ਰਾਮ ਜੀ ਇਸ ਪਿੰਡ ਦੇ ਵਸਨੀਕ ਸਨ, ਪਰ ਕਲਿਆਣ ਦਾਸ ਜੀ ਮਹਿਕਮਾ ਮਾਲ ਵਿਚ ਪਟਵਾਰੀ ਲੱਗ ਕੇ ਰਾਏ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ) ਜ਼ਿਲ੍ਹਾ ਸ਼ੇਖੂਪੁਰੇ ਵਿਚ ਆ ਗਏ ਤੇ ਰਾਏ ਬੁਲਾਰ ਪਾਸ ਨੌਕਰੀ ਕਰਦੇ ਰਹੇ। ਉਹਨਾਂ ਦੇ ਛੋਟੇ ਭਰਾ ਲਾਲ ਚੰਦ ਆਪਣੇ ਜੱਦੀ ਪਿੰਡ ਜਾਮਾ ਰਾਏ ਹੀ ਰਹੇ। ਪੰਜਾਬ ਦੇ ਪਿੰਡਾਂ ਵਿਚ ਪੁਰਾਣਾ ਰਿਵਾਜ ਹੈ ਕਿ ਪਹਿਲੇ ਜਣੇਪੇ ਸਮੇਂ ਲੜਕੀ ਆਪਣੇ ਪੇਕੇ ਚਲੀ ਜਾਂਦੀ ਹੈ। ਇਸੇ ਤਰ੍ਹਾਂ ਆਪਣੇ ਪਹਿਲੇ ਬੱਚੇ ਸਮੇਂ ਬੀਬੀ ਤ੍ਰਿਪਤਾ ਜੀ ਆਪਣੇ ਪੇਕੇ ਪਿੰਡ ਚਾਹਲ’ ਆਈ ਹੋਈ ਸੀ, ਜਿਥੇ ਸੰਮਤ ੧੫੨੧ ਮੁਤਾਬਕ ੧੪੬੪ ਈਸਵੀ ਨੂੰ ਉਸ ਦੇ ਘਰ ਇਕ ਬੱਚੀ ਨੇ ਜਨਮ ਲਿਆ। ਬੱਚੀ ਦਾ ਜਨਮ ਨਾਨਕੇ ਪਿੰਡ ਹੋਣ ਕਰਕੇ ਉਸ ਦਾ ਨਾਂ ‘ਨਾਨਕੀ’ ਪੈ ਗਿਆ। ਇਹੋ ਭਾਗਾਂ ਵਾਲੀ ‘ਨਾਨਕੀ’ ਸੀ ਜਿਸ ਨੇ ਘਰ ਦੇ ਸਾਰੇ ਜੀਆਂ ਦਾ ਪਿਆਰ ਮਾਣਿਆ। ਪਿਤਾ ਜੀ (ਮਹਿਤਾ ਕਲਿਆਣ ਦਾਸ) ਦਾ ਸੁਭਾਅ ਕੁੱਝ ਕਰੜਾ ਸੀ। ਇਸ ਗੱਲ ਨੂੰ ਜਾਣਦਿਆਂ ਹੋਇਆਂ ਬੇਬੇ ਨਾਨਕੀ ਦਾ ਚਾਚਾ ਮਹਿਤਾ ਲਾਲ ਚੰਦ ਆਪ ਬਾਲੜੀ ਨਾਨਕੀ ਦੇ ਚਾਅ ਮਲ੍ਹਾਰ ਕਰਨ ਲਈ ਰਾਇ ਭੋਇ ਕੀ ਤਲਵੰਡੀ ਆਇਆ, ਜਦੋਂ ਤ੍ਰਿਪਤਾ ਜੀ ਸਵਾ ਮਹੀਨੇ ਪਿਛੋਂ ‘ਪਲੇਠੀ-ਜਾਈ’ ਲੈ ਕੇ ਪੇਕਿਉਂ ਤਲਵੰਡੀ ਆ ਗਈ ਸੀ। ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸਮੇਂ ਬੇਬੇ ਨਾਨਕੀ ਜੀ ਦੀ ਉਮਰ ਲਗ-ਭਗ ਪੰਜ ਸਾਲ ਸੀ।

ਕਰਤਾ ‘ਮਹਾਨ ਕੋਸ਼’ ਅਨੁਸਾਰ ‘ਨਾਨਕ’ ਦੇ ਅਰਥ ਹਨ, ‘ਦਵੈਤ ਤੋਂ ਰਹਿਤ, ਅਦਵੈਤ ਰੂਪ।ਜੋ ਨਾਨਕ ਨਾਮ ਦੀ ਆਪਣੀ ਵਿਲੱਖਣਤਾ ਹੈ ਤਾਂ ‘ਨਾਨਕੀ’ ਵੀ ਆਮ ਕੁੜੀਆਂ ਵਰਗੀ ਕੁੜੀ ਨਹੀਂ ਸੀ। ਉਹ ਬੜੇ ਗੰਭੀਰ ਸੁਭਾਅ ਦੀ ਸੀ। ਭਾਵੇਂ ਉਹ ਪੇਕੇ ਘਰ ਰਹੀ ਜਾਂ ਵਿਆਹ ਤੋਂ ਪਿਛੋਂ ਸੁਲਤਾਨਪੁਰ ਆਪਣੇ ਪਤੀ ਜੈ ਰਾਮ ਜੀ ਪਾਸ, ਉਸ ਨੇ ਆਪਣੇ ਫਰਜ਼ਾਂ ਦੀ ਪਾਲਣਾ ਬੜੇ ਸੋਹਣੇ ਢੰਗ ਨਾਲ ਕੀਤੀ।ਮਾਪਿਆਂ ਦੇ ਘਰ ਰਹਿ ਕੇ, ਵਿਆਹ ਤੋਂ ਪਹਿਲੋਂ ਉਸ ਨੇ ਆਪਣੇ ਸੋਹਣੇ ਵੀਰ ਦੇ ਬਚਪਨ ਦੇ ਕੌਤਕ ਵੇਖੇ। ਉਹ ‘ਨਾਨਕ-ਵੀਰ’ ਤੇ ‘ਨਾਨਕ ਗੁਰੂ’ ਨੂੰ ਦਿਲ ਦੀਆਂ ਡੂੰਘਾਈਆਂ ਤੋਂ ਵੇਖ ਕੇ ਬਲਿਹਾਰ ਹੁੰਦੀ ਸੀ। ਉਹ ਆਪਣੇ ਨੂਰੀ ਮੁਖੜੇ ਵਾਲੇ ਵੀਰੇ ਨੂੰ ਲਾਡ ਲਡਾਂਦੀ, ਕੁਛੜ ਚੁਕ ਕੇ ਖਡਾਂਦੀ, ਆਂਢ-ਗੁਆਂਢ ਵਿਚ ਲੈ ਲੈ ਜਾਂਦੀ। ਜਦੋਂ ਪਲ-ਛਿਨ ਲਈ ਵੀਰ ਨਾ ਦਿੱਸਦਾ ਤਾਂ ਤਰਲੋਮੱਛੀ ਹੁੰਦੀ ਆਵਾਜ਼ਾਂ ਮਾਰਦੀ, ‘ਵੀਰ ਨਾਨਕ, ਨਾਨਕ ਵੀਰ ਕਿਥੇ ਵੇਂ? ਜਦੋਂ ਉਸ ਦਾ ਵੀਰ ਪਾਂਧੇ ਪਾਸ ਪੜ੍ਹਨ ਗਿਆ, ਜਦੋਂ ਵੀਰ ਨੇ ਮੱਝੀਆਂ ਚਾਰੀਆਂ, ਜਦੋਂ ਵੀਰ ਦੇ ਮੱਥੇ ‘ਤੇ ਨਾਗ ਨੇ ਛਾਂ ਕੀਤੀ, ਜਦੋਂ ਨਾਨਕ ਵੀਰ ਨੇ ਪੈਲੀ ਬੀਜੀ, ਜਦੋਂ ਵੀਰ ਨਾਨਕ ਨੇ ਖਰਾ ਸੌਦਾ ਕੀਤਾ ਤਾਂ ਭੈਣ ਨਾਨਕੀ ਸਭ ਕਉਤਕ ਵੇਖਦੀ ਰਹਿੰਦੀ ਤੇ ਵੀਰ ਦੇ ਵਾਰਨੇ ਜਾਂਦੀ ਰਹਿੰਦੀ। ਅਸਲ ਵਿਚ ਭੈਣ ਨਾਨਕੀ ਦਾ ਲਾਡਲਾ ਵੀਰ, ਮਾਤਾ ਤ੍ਰਿਪਤਾ ਦਾ ਸੋਹਣਾ ਲਾਲ, ਵਿਹੜੇ ਦਾ ਸ਼ਿੰਗਾਰ ਸੀ। ਛੋਟੀ ਉਮਰ ਵਿਚ ਭੈਣ ਨਾਨਕੀ ਨੇ ਵੀਰ ਨਾਨਕ ਨੂੰ ਕੁੱਛੜ ਚੁੱਕ ਖਿਡਾਇਆ ਸੀ।ਉਹ ਵੀਰ ਦੇ ਸ਼ਗਨ-ਸੁਆਰਥ ਕਰਦੀ ਨਾ ਥੱਕਦੀ। ਜਦੋਂ ਉਸ ਦਾ ਵੀਰ ਉਸ ਦੇ ਕੁੱਛੜੋਂ ਉਤਰ ਕੇ ਵਿਹੜੇ ਵਿਚ ਤੁਰਦਾ ਨਸਦਾ ਤਾਂ ਵੀਰ ਅੱਗੇ ਅੱਗੇ ਤੇ ਭੈਣ ਪਿਛੇ ਪਿਛੇ। ਭੈਣ ਜਾਣ ਕੇ ਵੀਰ ਨੂੰ ਨਾ ਫੜਦੀ, ਜਦੋਂ ਵੇਖਦੀ ਹੁਣ ਵੀਰ ਵੀ ਥੱਕ ਗਿਆ ਤਾਂ ਵੀਰ ਨੂੰ ਚੁੱਕ ਲੈਂਦੀ, ਲੇਟ ਕੇ ਉਸਨੂੰ ਛਾਤੀ ‘ਤੇ ਪਾ ਲੈਂਦੀ ਤੇ ਲੋਰੀਆਂ ਦੇ ਦੇ ਕੇ ਸੁਆ ਦੇਂਦੀ।

ਭਾਈ ਜੈ ਰਾਮ ਜੀ ਖਾਨਪੁਰ ਦੇ ਰਹਿਣ ਵਾਲੇ ਉੱਪਲ ਖੱਤਰੀ ਸਨ ਅਤੇ ਨਵਾਬ ਦੌਲਤ ਖਾਨ ਲੋਧੀ ਪਾਸ ਮਾਲ ਦੇ ਮਹਿਕਮੇ ਵਿਚ ਆਮਿਲ ਸਨ। ਬਾਬਾ ਕਾਲੂ ਜੀ ਤਲਵੰਡੀ ਦੇ ਪਟਵਾਰੀ ਸਨ।ਕਈ ਵਾਰੀ ਭਾਈ ਜੈ ਰਾਮ ਜੀ ਨੂੰ ਆਪਣੇ ਮਹਿਕਮੇ ਦੇ ਕੰਮ ਤਲਵੰਡੀ ਜਾਣਾ ਪੈਂਦਾ ਸੀ।ਇਕੋ ਮਹਿਕਮੇ ਦੇ ਹੋਣ ਕਰਕੇ ਦੋਹਾਂ ਦੀ ਸਾਂਝ ਬਣਦੀ ਗਈ ਤੇ ਆਖਰ ਬਾਬਾ ਕਾਲੂ ਜੀ ਨੇ ਆਪਣੀ ਲੜਕੀ ਦੀ ਸ਼ਾਦੀ ਉਨ੍ਹਾਂ ਨਾਲ ਕਰ ਦਿੱਤੀ।
ਪੁਰਾਣੇ ਸਮਿਆਂ ਵਿਚ ਕੁੜੀਆਂ ਦਾ ਵਿਆਹ ਛੋਟੀ ਉਮਰ ਵਿਚ ਕਰਨ ਦਾ ਰਿਵਾਜ ਸੀ, ਜਦੋਂ ਯੋਗ ਬਰਸਰੇ ਰੋਜ਼ਗਾਰ ਸ਼ਰੀਫ ਮੁੰਡਾ ਬਾਬਾ ਕਾਲੂ ਜੀ ਦੀ ਨਜ਼ਰੇ ਚੜ੍ਹਿਆ, ਉਨ੍ਹਾਂ ਉਦੋਂ ਹੀ ਆਪਣੀ ਲਾਡਲੀ ਬੱਚੀ ਦਾ ਵਿਆਹ ਕਰ ਦਿੱਤਾ। ਇਕ ਅਨੁਮਾਨ ਅਨੁਸਾਰ ਉਦੋਂ ਬੇਬੇ ਨਾਨਕੀ ਦੀ ਉਮਰ ਗਿਆਰਾਂ ਸਾਲ ਦੀ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਬੇਬੇ ਨਾਨਕੀ ਦਾ ਵਿਆਹ ਸੰਮਤ ੧੫੩੨ ਵਿਚ ਹੋਇਆ ਜਦੋਂ ਕਿ ਉਸ ਦਾ ਜਨਮ ੧੫੨੧ ਵਿਚ ਹੋਇਆ ਸੀ। ਵਿਆਹ ਤੋਂ ਕੁਝ ਚਿਰ ਪਿਛੋਂ ਰਾਇ ਬੁਲਾਰ ਤੇ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜਿਆ। ਭੈਣ ਆਪਣੇ ਲਾਡਲੇ ਵੀਰ ਤੋਂ ਪਹਿਲੀ ਵਾਰ ਵਿਛੜੀ ਸੀ ਤੇ ਉਹ ਵੀਰ ਦੇ ਵਿਛੋੜੇ ਵਿਚ ਉਦਾਸ ਸੀ। ਵੈਸੇ ਵੀ ਕਿਸੇ ਨੂੰ ਭੇਜਣਾ ਤਾਂ ਹੈ ਹੀ ਸੀ, ਬੇਬੇ ਨਾਨਕੀ ਨੂੰ ਸੌਹਰਿਓਂ ਲੈਣ! ਸੋ ਸਲਾਹ ਕਰਕੇ ਨਾਨਕ ਦੇਵ ਜੀ ਨੂੰ ਭੇਜਿਆ ਗਿਆ।ਲਾਡਲਾ ਵੀਰ ਪਿਆਰੀ ਭੈਣ ਨੂੰ ਲੈਣ ਬੜੇ ਚਾਅ ਨਾਲ ਗਿਆ। ਦੋਹਾਂ ਪਾਸੇ ਖਿੱਚਾਂ ਬਣੀਆਂ ਹੋਈਆਂ ਸਨ।ਭੈਣ ਦੇ ਚਾਅ ਦਾ ਤਾਂ ਕੋਈ ਅੰਤ ਹੀ ਨਹੀਂ ਸੀ।ਭੈਣ-ਭਰਾ ਧਾਹ ਕੇ ਮਿਲੇ।ਭੈਣ ਨੇ ਲਾਡਲੇ ਵੀਰ ਨੂੰ ਗਲਵਕੜੀ ਵਿਚ ਲਿਆ।ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬੇਬੇ ਨਾਨਕੀ ਨੂੰ ਲੈ ਕੇ ਆ ਗਏ। ਕੁਝ ਮਹੀਨੇ ਬੇਬੇ ਨਾਨਕੀ ਪੇਕੇ ਟਿਕੀ। ਜਦੋਂ ਵੈਸਾਖ ਦੇ ਮਹੀਨੇ ਫੇਰ ਭਾਈਆ ਜੈ ਰਾਮ ਜ਼ਮੀਨਾਂ ਕੱਢਣ ਤਲਵੰਡੀ ਆਏ ਤਾਂ ਕੁਝ ਦਿਨ ਠਹਿਰ ਕੇ ਮੁਕਲਾਵਾ ਲੈ ਕੇ ਮੁੜ ਸੁਲਤਾਨਪੁਰ ਆ ਗਏ।

ਵੀਰ-ਭੈਣ ਦੀ ਦਿਲਾਂ ਦੀ ਤਾਰ ਤਾਂ ਸਾਂਝੀ ਸੀ ਪਰ ਸਰੀਰਕ ਤੌਰ ‘ਤੇ ਕੁਝ ਚਿਰ ਲਈ ਫੇਰ ਵਿਛੋੜਾ ਹੋ ਗਿਆ। ਬੇਬੇ ਨਾਨਕੀ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਉਸ ਦਾ ਪਿਆਰਾ ਵੀਰ ਸਦਾ ਉਸ ਦੀਆਂ ਨਜ਼ਰਾਂ ਸਾਹਮਣੇ ਰਹੇ। ਅਸਲ ਵਿਚ ਭੈਣ-ਭਰਾ ਵਿਚ ਕੋਈ ਅਲਾਹੀ ਪਿਆਰ ਸੀ। ਬੇਬੇ ਨੇ ਇਸ ਜਜਬੇ ਦਾ ਪ੍ਰਗਟਾਵਾ ਆਪਣੇ ਭਰਤੇ ਭਾਈਆ ਜੈ ਰਾਮ ਪਾਸ ਕੀਤਾ। ਉਹ ਬੜਾ ਸਿਆਣਾ ਤੇ ਸੁਹਿਰਦ ਵਿਅਕਤੀ ਸੀ। ਉਸ ਨੇ ਸੋਚਿਆ ਕਿ ਜਦ ਤਕ ਨਾਨਕ ਇਕੱਲਾ ਹੈ ਉਸ ਦਾ ਭੈਣ ਦੇ ਘਰ ਰਹਿਣਾ ਦੁਨੀਆਂ ਦੀਆਂ ਨਜ਼ਰਾਂ ਵਿਚ ਚੰਗਾ ਨਹੀਂ ਲੱਗੇਗਾ।ਦੰਪਤੀ ਨੇ ਕਈ ਦਿਨ ਇਸ ਮਾਮਲੇ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ ਤੇ ਉਹ ਇਸ ਸਿੱਟੇ ‘ਤੇ ਪੁੱਜੇ ਕਿ ਗੁਰੂ ਨਾਨਕ ਨੂੰ ਗ੍ਰਹਿਸਤੀ ਬਣਾਈਏ। ਤੇ ਫੇਰ ਉਸ ਨੂੰ ਆਪਣੇ ਕੋਲ ਸੁਲਤਾਨਪੁਰ ਹੀ ਕਿਸੇ ਕੰਮ-ਕਾਰ ‘ਤੇ ਲਗਵਾਈਏ ਤਾਂਕਿ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਵੀ ਖੁਸ਼ ਹੋ ਜਾਣ ਤੇ ਭੈਣ-ਭਰਾ ਨੂੰ ਵੀ ਇਕ ਦੂਸਰੇ ਦੇ ਨਿਕਟ ਹੋ ਜਾਣ ਦਾ ਮੌਕਾ ਮਿਲ ਜਾਵੇ।

ਗਿਆਨੀ ਈਸ਼ਰ ਸਿੰਘ ਨਾਗ ਨੇ ਆਪਣੀ ਪੁਸਤਕ ਇਤਿਹਾਸ ਬਾਬਾ ਸ੍ਰੀ ਚੰਦ ਦੇ ਪੰਨਾ ੨੭੫ ‘ਤੇ ਲਿਖਿਆ ਹੈ ਕਿ ਮਾਤਾ ਸੁਲੱਖਣੀ ਦਾ ਜਨਮ ੧੪ ਕਤਕ ਸੰਮਤ ੧੫੩੩ ਦਿਨ ਵੀਰਵਾਰ ਪਖੋਕੇ ਵਿਚ ਹੋਇਆ। ਆਪ ਦੇ ਪਿਤਾ ਦਾ ਨਾਮ ਸ੍ਰੀ ਮੂਲ ਚੰਦ ਸੀ। ਆਪ ਦੇ ਜਨਮ ‘ਤੇ ਜਦੋਂ ਸ੍ਰੀ ਮੂਲ ਚੰਦ ਨੇ ਪੰਡਿਤ ਕੋਲੋਂ ਕੁੰਡਲੀ ਬਣਵਾਈ ਤਾਂ ਉਸ ਨੇ ਨਾਂ ਸ਼ੁਭ ਲੱਖਣੀ ਤਜਵੀਜ਼ ਕੀਤਾ, ਜਿਹੜਾ ਬਾਅਦ ਵਿਚ ਸੁਲੱਖਣੀ ਕਰਕੇ ਪ੍ਰਸਿੱਧ ਹੋ ਗਿਆ।
ਪ੍ਰੋਫੈਸਰ ਸਾਹਿਬ ਸਿੰਘ ਨੇ ਲਿਖਿਆ ਹੈ ਕਿ ਗੁਰੂ ਨਾਨਕ ਸਾਹਿਬ ਦੀ ਕੁੜਮਾਈ ਸੰਮਤ ੧੫੪੨ ਵਿਚ ਹੋਈ ਪਰ ਜਨਮ ਸਾਖੀ ਅਨੁਸਾਰ ਕੁੜਮਾਈ ਸੰਮਤ ੧੫੪੪ ਮਿਤੀ ਮਾਘ ਵਦੀ ੫ ਨੂੰ ਮੂਲੇ ਚੋਣੇ ਰੰਧਾਵੇ ਦੇ ਘਰ ਹੋਈ। ਜੈ ਰਾਮ ਤੇ ਬੇਬੇ ਨਾਨਕੀ ਮਹਿਤਾ ਕਾਲੂ ਤੇ ਅੰਮਾ ਬੀਬੀ ਨੂੰ ਖ਼ਬਰ ਅਤੇ ਵਧਾਈ ਦਿਵਾਇ ਭੇਜੀ”। ਇਸ ਤੋਂ ਇਹ ਗੱਲ ਭਲੀ ਭਾਂਤ ਸਿੱਧ ਹੋ ਜਾਂਦੀ ਹੈ ਕਿ ਬੇਬੇ ਨਾਨਕੀ ਤੇ ਭਾਈਆ ਜੈ ਰਾਮ ਨੇ ਗੁਰੂ ਨਾਨਕ ਸਾਹਿਬ ਨੂੰ ਗ੍ਰਹਿਸਤ ਵਿਚ ਪ੍ਰਵੇਸ਼ ਕਰਨ ਦਾ ਪ੍ਰਬੰਧ ਕੀਤਾ। ਸੰਮਤ ੧੫੪੫ ਹਾੜ ਸੁਦੀ ਸਤਵੀਂ ਦਾ ਸਾਹਾ ਲਿਖਿਆ ਆਇਆ।ਬੇਬੇ ਨਾਨਕੀ ਜੀ ਘਰ ਵਧਾਈ ਕੀਤੀ ਅਤੇ ਨਿਧੇ ਬ੍ਰਾਹਮਣ ਹੱਥ ਚਿੱਠੀ ਲਿਖ ਭੇਜੀ, ਰੰਗੁ ਨਾਲ ਛਿੜਕ ਕੇ ਪਤਾਸੇ ਅਤੇ ਲਾਚੀਦਾਨੋ ਅਤੇ ਪੰਜ ਰੁਪੇ ਰੋਕ ਤਲਵੰਡੀ ਕਾਲੂ ਦੇ ਘਰ ਭੇਜ ਦਿਤੇ। ਕਾਲੂ ਦੇ ਘਰ ਆਨੰਦ ਅਤੇ ਮੰਗਲਾਚਾਰ ਲਗੇ ਹੋਵਣ।

ਸਭ ਤੋਂ ਵਿਸ਼ੇਸ਼ ਗੱਲ ਜੋ ਗੁਰੂ ਨਾਨਕ ਸਾਹਿਬ ਤੇ ਬੇਬੇ ਨਾਨਕੀ ਦੇ ਆਪਸੀ ਸੰਬੰਧਾਂ ‘ਤੇ ਚਾਨਣਾ ਪਾਉਣ ਵਾਲੀ ਹੈ ਉਹ ਇਹ ਹੈ ਕਿ ਗੁਰੂ ਨਾਨਕ ਸਾਹਿਬ ਵਿਆਹ ਕਰਵਾ ਕੇ ਡੋਲੀ ਲੈ ਕੇ ਪਹਿਲਾਂ ਆਪਣੇ ਮਾਤਾ-ਪਿਤਾ ਪਾਸ ਤਲਵੰਡੀ ਨਹੀਂ ਗਏ ਸਗੋਂ ਸੁਲਤਾਨਪੁਰ ਆਪਣੇ ਭੈਣ ਭਣਵਈਏ ਪਾਸ ਗਏ। ਜਨਮ ਸਾਖੀ ਦੇ ਕਹਿਣ ਅਨੁਸਾਰ ‘ਤੇ ਦਿਨ ਜੰਞ ਰਹੀ ਚੌਥੇ ਦਿਨ ਵਿਦਾ ਹੋਈ। ਡੋਲੀ ਲੈ ਕਰ ਸੁਲਤਾਨਪੁਰ ਆਏ। ਕਾਲੂ ਨੂੰ ਆਖਣ ਜੋ ਨੀਂਗਰ ਵਹੁਟੀ ਘਰ ਲੈ ਚਲਣਾ। ਅਤੇ ਗੁਰੂ ਨਾਨਕ ਜੀ ਕਹਯਾ ਏਥੇ ਹੀ ਰਹਿੰਦੇ ਹਾਂ ਅਤੇ ਨਾਨਕੀ ਤੇ ਜੈ ਰਾਮ ਭੀ ਆਖੋ ਏਥੇ ਹੀ ਰਹਣ ਕਿਉਂਕਿ ਮੋਦੀਖਾਨੇ ਦਾ ਵੀ ਕੰਮ ਹੈ ਪਿਛੇ ਕੌਣ ਚਲਾਵੇਗਾ। ਕਾਲੁ ਕਹਯਾ ਪੁੱਤ ਨਾਨਕੀ ਤੇਰੀ ਮਾਇ ਭੀ ਉਡੀਕਵਾਨ ਬੈਠੀ ਹੈ ਉਸ ਦੀ ਸਿਕ ਮੁਰਾਦ ਹੈ। (ਜਨਮਸਾਖੀ, ਪੰਨਾ ੪੬)

ਫੇਰ ਪਰਮਾ ਨੰਦ ਦੇ ਕਹਿਣ ‘ਤੇ ਡੋਲੀ ਤਲਵੰਡੀ ਲੈ ਗਏ। ਗੁਰੂ ਨਾਨਕ ਸਾਹਿਬ ਲਗਪਗ ਇਕ ਮਹੀਨਾ ਤਲਵੰਡੀ ਰਹਿ ਕੇ ਜਦੋਂ ਵਾਪਸ ਸੁਲਤਾਨਪੁਰ ਆਏ ਤਾਂ ਜਨਮ ਸਾਖੀ ਵਾਲਾ ਲਿਖਦਾ ਹੈ “ਗੁਰੂ ਨਾਨਕ ਜੀ ਤਲਵੰਡੀਓ ਸੁਲਤਾਨਪੁਰ ਆਏ। ਆਇ ਨਾਨਕੀ ਭੈਣ ਨੂੰ ਅਤੇ ਜੈ ਰਾਮ ਨੂੰ ਮਿਲੇ। ਮਾਤਾ ਸੁਲੱਖਣੀ ਨਿਨਾਨ ਦੀ ਪੈਰੀ ਪੇਈ ਅਗੋਂ ਬੇਬੇ ਨਾਨਕੀ ਕਹਯਾ ਠੰਡੀ ਰਹੁ। ਮਾਤਾ ਚੋਣੀ (ਸੁਲੱਖਣੀ) ਦਾ ਮੱਥਾ ਚੁੰਮਿਆ ਗਲ ਨਾਲ ਲਾਇ ਕੇ ਪਾਸ ਲੈ ਬੈਠੀ ਅਗਲੇ ਦਿਨ ਗੁਰੂ ਨਾਨਕ ਜੀ ਮੋਦੀਖਾਨੇ ਆਇ ਬੈਠੇ।” (ਜਨਮਸਾਖੀ ਪੰਨਾ ੪੭)

ਇਸ ਤੋਂ ਪਹਿਲਾਂ ਵੀ ਗੁਰੂ ਨਾਨਕ ਦੇਵ ਜੀ ਮੋਦੀ ਦਾ ਕੰਮ ਕਰ ਚੁਕੇ ਸਨ ਅਤੇ ਸੁਲਤਾਨਪੁਰ ਰਹਿ ਚੁਕੇ ਸਨ। ਫਰਕ ਸਿਰਫ ਇਤਨਾ ਸੀ ਕਿ ਉਦੋਂ ਬੀਬੀ ਸੁਲੱਖਣੀ ਉਨ੍ਹਾਂ ਦੇ ਨਾਲ ਨਹੀਂ ਸਨ, ਕਿਉਂਕਿ ਅਜੇ ਉਨ੍ਹਾਂ ਦੀ ਸ਼ਾਦੀ ਨਹੀਂ ਸੀ ਹੋਈ। ਭੈਣ ਨਾਨਕੀ ਨੇ ਉਨ੍ਹਾਂ ਦੇ ਕਾਰ ਵਿਹਾਰ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਆਪਣੇ ਪਾਸ ਸੁਲਤਾਨਪੁਰ ਹੀ ਸੱਦ ਲਿਆ ਸੀ।

ਜਨਮ ਸਾਖੀ ਅਨੁਸਾਰ “ਸੰਮਤ ੧੫੪੪ ਮਿਤੀ ਮੱਘਰ ਸੁਦੀ ਤਿੰਨ ਨੂੰ ਗੁਰੂ ਨਾਨਕ ਜੀ ਜੈ ਰਾਮ ਪਾਸ ਆ ਗਏ। ਤਲਵੰਡੀ ਤੋਂ ਚੱਲ ਕੇ ਪੰਜਵੇਂ ਦਿਨ ਸੁਲਤਾਨਪੁਰ ਪੁੱਜੇ | ਮੱਘਰ ਸੁਦੀ ਸਤਵੀਂ ਨੂੰ ਭੈਣ ਨਾਨਕੀ ਨੂੰ ਜਾ ਮਿਲੇ। ਸਾਖੀਕਾਰ ਦੇ ਸ਼ਬਦਾਂ ਵਿਚ “ਬੇਬੇ ਨਾਨਕੀ ਗੁਰੂ ਨਾਨਕ ਜੀ ਨੂੰ ਦੇਖ ਕੇ ਪੈਰਾਂ ਉਪਰ ਢਹਿ ਪਈ ਪਰ ਗੁਰੂ ਨਾਨਕ ਜੀ ਕਹਯਾ “ਬੇਬੇ ਜੀ ਤੂੰ ਵੱਡੀ ਹੈ ਸਗੋਂ ਮੈਂ ਤੇਰੇ ਪੈਰਾਂ ਤੇ ਪਵਾਂ ਕਿ ਤੂੰ ਮੇਰਿਆਂ ਪੈਰਾਂ ਤੇ ਪਵੋ।” ਫੇਰ ਨਾਨਕੀ ਜੀ ਕਯਾ “ਭਾਈ ਤੂੰ ਸੱਚ ਆਖਦਾ ਹੈਂ ਪਰ ਜੇ ਤੂੰ ਸਧਾਰਣ ਆਦਮੀ ਹੋਵੇ।ਤੂੰ ਤਾਂ ਮੈਨੂੰ ਪਰਮੇਸ਼ੁਰ ਨਜ਼ਰ ਆਂਵਦਾ ਹੈ।”

ਉਪਰਲੇ ਵਾਕ ਦੱਸਦੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲੋਂ ਬੇਬੇ ਨਾਨਕੀ ਨੋ ਪਹਿਚਾਣਿਆ ਸੀ।ਉਹ ਦਿਲੋਂ ਉਸ ਨੂੰ ਪਰਮੇਸਰ ਦਾ ਰੂਪ ਮੰਨਦੇ ਸਨ। ਬੇਬੇ ਨਾਨਕੀ ਦੀ ਗੱਲ ਸੁਣ ਕੇ ਜੋ ਉੱਤਰ ਗੁਰੂ ਨਾਨਕ ਸਾਹਿਬ ਨੇ ਦਿੱਤਾ ਉਹ ਉਨ੍ਹਾਂ ਦੇ ਸ਼ੁਭ ਵਿਚਾਰਾਂ ਦਾ ਪ੍ਰਤੀਬਿੰਬ ਹੈ।ਉਹ ਵਿਹਲੇ ਬਹਿ ਕੇ ਖਾਣ ਨਾਲੋਂ ਕਿਰਤ ਕਰ ਕੇ ਖਾਣ ਵਿਚ ਵਿਸ਼ਵਾਸ ਰੱਖਦੇ ਸਨ। ਸਿੱਖ ਧਰਮ ਦੇ ਮੁਢਲੇ ਅਸੂਲ ਜੇ ਗੁਰੂ ਸਾਹਿਬ ਨੇ ਮਿੱਥੇ, ਉਹ ਸਨ, ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ ਗੁਰੂ ਨਾਨਕ ਕਯਾ- “ਬੀਬੀ ਜੀ ਕਿਰਤ ਕਰ ਖਾਈਏ ਤਾਂ ਪਵਿਤ੍ਰ ਹੋਵੀਏ ਹੈ।” (ਜਨਮ ਸਾਖੀ ਪੰਨਾ ੨੮)

ਇਹ ਗੱਲ ਸੁਣ ਕੇ ਬੇਬੇ ਨਾਨਕੀ ਨੇ ਆਪਣੇ ਪਤੀ ਸ੍ਰੀ ਜੈ ਰਾਮ ਜੀ ਨੂੰ ਆਖਿਆ ਇਸ ਦੀ ਕਿਥਾਊ ਕਹਾਣੀ ਕਰੀਏ ਤਾਂ ਇਸ ਦਾ ਗ੍ਰਿਹਸਤ ਨਾਲ ਮੋਹ ਲੱਗੇ ਤਾਂ ਇਸ ਪਾਸੋਂ ਕਿਰਤ ਹੋਇ ਆਵੇ।” “ਜੋ ਇਹ ਕਿਰਤ ਲੱਗੇ ਤਾਂ ਕਿਥਾਉ ਕਹਾਣੀ ਭੀ ਹੋਇ ਜਾਸੀ ਤੂੰ ਉਤਾਵਲੀ ਨਾ ਹੇਹ। ਪਰਮੇਸਰ ਨੂੰ ਚਿਤ ਕਰ” ਤਾਂ ਬੇਬੇ ਨਾਨਕੀ ਕਹਯਾ- “ਭਲਾ ਜੀ ਮੈਂ ਤੁਧ ਕੋਲੋਂ ਸਿਆਣੀ ਤਾਂ ਨਹੀਂ ਪਰ ਤੁਸਾਂ ਨੂੰ ਆਖ ਛੱਡਨਾ ਸੀ। ਜੈ ਰਾਮ ਮਘਰ ਸੁਦੀ ੧੪ ਨੂੰ ਮੋਦੀ ਖਾਨਾ ਦਵਾਇਆ।” (ਜਨਮ ਸਾਖੀ ਪੰਨਾ ੨੮)

ਉਪਰਲੀ ਗੱਲ-ਬਾਤ ਤੋਂ ਸਪੱਸ਼ਟ ਹੁੰਦਾ ਹੈ ਕਿ ਬੇਬੇ ਨਾਨਕੀ ਜੀ ਆਪਣੇ ਵੀਰ ਗੁਰੂ ਨਾਨਕ ਦੇ ਕਾਰਜਾਂ ਵਿਚ ਕਿਤਨੀ ਦਿਲਚਸਪੀ ਲੈਂਦੀ ਸੀ। ਉਸ ਨੂੰ ਫਿਕਰ ਰਹਿੰਦਾ ਸੀ ਕਿ ਉਸ ਦੇ ਵੀਰ ਦਾ ਕਾਰ-ਵਿਹਾਰ ਹੋਵੇ ਤੇ ਉਸ ਦੀ ਸ਼ਾਦੀ ਹੋਵੇ ਅਤੇ ਉਸ ਦਾ ਘਰ-ਬਾਰ ਵੱਸੇ। ਮੋਦੀ ਖਾਨੇ ਦੀ ਨੌਕਰੀ ਵੀ ਗੁਰੂ ਸਾਹਿਬ ਨੂੰ ਭਾਈਆ ਜੈ ਰਾਮ ਦੀ ਕੋਸ਼ਿਸ਼, ਸਿਫਾਰਸ਼ ਤੇ ਜ਼ਿੰਮੇਵਾਰੀ ਤੇ ਮਿਲੀ ਸੀ।

ਮੋਦੀ ਖਾਨੇ ਵਿਚ ਮੋਦੀ ਲੱਗਣ ‘ਤੇ ਉਥੇ ਕੀਤੇ ਕੌਤਕ ਵੀ ਗੁਰੂ ਨਾਨਕ ਜੀ ਦੇ ਜੀਵਨ ਦੇ ਵਿਸ਼ੇਸ਼ ਕਾਰਜ ਸਨ। ਗੁਰੂ ਨਾਨਕ ਸਾਹਿਬ ਦੇ ਮੋਦੀ ਲੱਗਣ ਤੋਂ ਕੁਝ ਚਿਰ ਪਿਛੋਂ ਹੀ ਚਰਚੇ ਸੁਰੂ ਹੋ ਗਏ ਕਿ ਗੁਰੂ ਨਾਨਕ ਸਰਕਾਰੀ ਮੋਦੀਖਾਨਾ ਲੁਟਾਈ ਜਾਂਦਾ ਹੈ। ਸ੍ਰੀ ਜੈ ਰਾਮ ਨੇ ਅਜਿਹੀਆਂ ਗੱਲਾਂ ਸੁਣੀਆਂ।ਫਿਕਰਮੰਦ ਹੋਇਆ ਤੇ ਆਪਣੀ ਪਤਨੀ ਬੇਬੇ ਨਾਨਕੀ ਨਾਲ ਗੱਲਾਂ ਕਰਨ ਲੱਗਾ। ਮੋਦੀ-ਨਾਨਕ ਦੀਆਂ ਵਚਿੱਤਰ ਕਾਰਜ ਵਿਧੀਆਂ ਕਿ ਤੇਰਾਂ ਤੋਂ ਬਾਅਦ “ਤੇਰਾ ਹਾਂ, ਤੇਰਾ ਹਾਂ’ ਆਖੀ ਜਾਂਦੈ ਤੇ ਤੋਲ ਤੋਲ ਭਰੀਆਂ ਪਾਈ ਜਾਂਦੈ— ਜੈ ਰਾਮ ਨੇ ਬੇਬੇ ਨਾਨਕੀ ਨੂੰ ਦੱਸੀਆਂ। ਪਰ ਬੇਬੇ ਨਾਨਕੀ ਨੂੰ ਤਾਂ ਆਪਣੇ ਵੀਰ ਉਤੇ ਪੂਰਨ ਭਰੋਸਾ ਸੀ। ਉਹ ਕਹਿਣ ਲੱਗੀ “ਜਿਥੋਂ ਤੋੜੀਂ ਸੰਸਾਰ ਦੀ ਮਾਯਾ ਹੈ ਸੋ ਸਭ ਗੁਰੂ ਨਾਨਕ ਜੀ ਦੇ ਹੱਥਾਂ ਵਿਚੋਂ ਨਿਕਲਦੀ ਹੈ ਪਰ ਭਲਾ ਜੀ ਤੁਸਾਡੇ ਜੀ ਵਿਚ ਵਰਤੀ ਹੈ, ਤੁਸੀਂ ਇਕ ਵਾਰੀ ਲੇਖਾ ਸਮਾਲੇ।”

ਜੈ ਰਾਮ ਕਹਯਾ, “ਮੈਂ ਨਹੀਂ ਸੰਭਾਲਦਾ ਜੇ ਤੁਸਾਂ ਨੂੰ ਪਰਤੀਤ ਹੈ ਤਾਂ ਮੈਂ ਕਿਆ ਕਰਣਾ ਹੈ। ਤਾਂ ਨਾਨਕੀ ਕਹਯਾ ਜੀ ਹੁਣ ਤੁਸੀਂ ਰਈ ਨਾ ਕਰੋ| ਹੁਣ ਗੁਰੂ ਨਾਨਕ ਜੀ ਨੂੰ ਮੈਂ ਸਦਵਾਂਵਦੀ ਹਾਂ।” ਬੀਬੀ ਨਾਨਕੀ ਨੇ ਤੁਲਸਾਂ ਦਾਸੀ ਨੂੰ ਭੇਜ ਕੇ ਗੁਰੂ ਨਾਨਕ ਜੀ ਨੂੰ ਸਦਵਾਇਆ ਤੇ ਮੋਦੀਖਾਨੇ ਦੀ ਗਲ ਤੋਰੀ ਤਾਂ ਗੁਰੂ ਜੀ ਨੇ ਕਿਹਾ, “ਹਿਸਾਬ ਕਿਤਾਬ ਵਿਚ ਕਿਸੇ ਦਾ ਕੋਈ ਲਿਹਾਜ਼ ਨਹੀਂ ਹੋਣਾ ਚਾਹੀਦਾ, ਇਹ ਲੇਖਾ ਹੋ ਹੀ ਜਾਣਾ ਚਾਹੀਦਾ ਹੈ।” ਜਨਮ ਸਾਖੀ ਅਨੁਸਾਰ ਮੱਘਰ ਦੀ ਪੰਦਰਾਂ ਸੰਮਤ ੧੫੪੪ ਨੂੰ ਲੇਖਾ ਕੀਤਾ ਗਿਆ ਤਾਂ ੧੩੫ ਰੁਪਏ ਗੁਰੂ ਨਾਨਕ ਜੀ ਦੇ ਖਾਤੇ ਵਿਚ ਵੱਧ ਨਿਕਲੇ| ਭਾਵੇਂ ਗੱਲ ਗੁਰੂ ਸਾਹਿਬ ਦੇ ਹੱਕ ਵਿਚ ਗਈ ਪਰ ਉਨ੍ਹਾਂ ਮੋਦੀ ਖਾਨਾ ਛੱਡ ਦੇਣ ਦਾ ਫੈਸਲਾ ਕਰਦਿਆਂ ਕਿਹਾ ਇਹ ਮੋਦੀਖਾਨਾ ਕਿਸੇ ਹੋਰਸ ਨੂੰ ਸਉਂਪਉ ਅਸਾਡਾ ਕਰਤਾਰ ਹੈ, ਤਾਂ ਜੈ ਰਾਮ ਪੈਰਾਂ ‘ਤੇ ਢਹਿ ਪਿਆ ਤੇ ਬੇਬੇ ਨਾਨਕੀ ਕਹਿਣ ਲੱਗੀ-ਮੈਨੂੰ ਛੱਡ ਕੇ ਨਾ ਜਾਈਂ।” (ਜਨਮ ਸਾਖੀ ਪੰਨਾ ੩੪–੩੫)

ਇਸ ਤੋਂ ਪਤਾ ਲਗਦਾ ਹੈ ਕਿ ਭਾਈਆ ਜੈ ਰਾਮ ਤੇ ਭੈਣ ਨਾਨਕੀ ਦਾ ਗੁਰੂ ਜੀ ਉਤੇ ਰੱਬ ਜਿੰਨਾ ਵਿਸ਼ਵਾਸ ਸੀ। ਗੁਰੂ ਨਾਨਕ ਤਾਂ ਅਲਬੇਲੇ ਸਾਂਈਂ-ਲੋਕ ਸਨ। ਉਨ੍ਹਾਂ ਦਾ ਕੋਮਲ ਹਿਰਦਾ ਤਾਂ ਜਗਤ ਜਲੰਦੇ ਨੂੰ ਠਾਰਣ ਲਈ ਸਦਾ ਤੜਪਦਾ ਰਹਿੰਦਾ ਸੀ। ਉਹ ਸਰਬ-ਸਾਂਝੀ ਮਨੁੱਖਤਾ ਦਾ ਉਧਾਰ ਕਰਨ ਲਈ ਕਲਜੁਗ ਵਿਚ ਆਏ ਸਨ। ਉਨ੍ਹਾਂ ਦੇ ਮਾਤਾ-ਪਿਤਾ ਉਸਨੂੰ ਆਪਣਾ ਪੁੱਤਰ ਹੀ ਸਮਝਦੇ ਸਨ ਤੇ ਇਸੇ ਤਰ੍ਹਾਂ ਸੱਸ-ਸਹੁਰਾ ਵੀ ਉਸ ਨੂੰ ਦੁਨਿਆਵੀ ਪੱਖੋਂ ਆਪਣਾ ਜੁਆਈ ਹੀ ਸਮਝਦੇ ਸਨ। ਇਹ ਤਾਂ ਭੈਣ ਨਾਨਕੀ ਤੇ ਜੀਜਾ ਜੈ ਰਾਮ ਹੀ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇ ਅਸਲ ਸਰੂਪ ਨੂੰ ਪਹਿਚਾਣਿਆ ਸੀ। ਇਕ ਦਿਨ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਦੇ ਘਰ ਮਿਲਣ ਗਏ ਤਾਂ ਬੇਬੇ ਨਾਨਕੀ ਨੇ ਕਿਹਾ: “ਅੱਜ ਤਾਂ ਪ੍ਰਮੇਸ਼ਰ ਨੇ ਸਾਡੇ ‘ਤੇ ਬੜੀ ਕਿਰਪਾ ਕੀਤੀ ਹੈ ਜੋ ਤੁਸੀਂ ਦਰਸ਼ਨ ਦੇਣ ਆਏ ਹੋ।’ ਤਾਂ ਅੱਗੇ ਜੇ ਗੱਲ-ਬਾਤ ਦੋਹਾਂ ਭੈਣ-ਭਰਾਵਾਂ ਵਿਚ ਹੋਈ, ਉਸ ਤੋਂ ਇਕ ਦੂਜੇ ਪ੍ਰਤੀ ਉਨ੍ਹਾਂ ਦਾ ਪਿਆਰ ਤੇ ਸਤਿਕਾਰ ਪ੍ਰਗਟ ਹੁੰਦਾ ਹੈ।”

ਗੁਰੂ ਨਾਨਕ ਜੀ ਕਿਹਾ “ਬੇਬੇ ਜੀ ਤੂੰ ਸੱਚੀ ਹੈ ਪਰ ਇਹ ਪਰਮੇਸਰ ਨੇ ਤੁਧੁ ਨੂੰ ਬੁਝਾਈ ਹੈ, ਤੇਰੇ ਉਤੇ ਪਰਮੇਸਰ ਮਿਹਰਵਾਨ ਹੈ।” ਬੇਬੇ ਨਾਨਕੀ ਜੀ ਕਹਿਯਾ “ਭਾਈ ਜੀ! ਪਰਮੇਸਰ ਮੇਰੇ ਉਤੇ ਮਿਹਰਵਾਨ ਤਦ ਜਾਣਾਂਗੀ ਜਾਂ ਤੂੰ ਮੇਰਾ ਕਯਾ ਮੰਨੇ।” ਗੁਰੂ ਨਾਨਕ ਜੀ ਕਯਾ ਆਖ ਬੇਬੇ, ਜੋ ਕੁਝ ਤੂੰ ਆਖੇਂਗੀ ਸੋ ਮੈਂ ਮੰਨਾਂਗਾ ਤੂੰ ਮੇਰੀ ਵੱਡੀ ਭੈਣੀ ਹੈਗੀ, ਤੇਰਾ ਮੇਰਾ ਪਿਛਲਾ ਸਾਕ ਭੈਣ ਭਰਾਉ ਦਾ ਆਹ, ਤੂੰ ਮੇਰੀ ਸੇਵਾ ਪਿਛੇ ਭੀ ਬਹੁਤ ਕੀਤੀ ਆਹੀ।ਤੇਰਾ ਭਾਰ ਮੇਰੇ ਸਿਰ ‘ਤੇ ਹੈਗਾ।ਜੋ ਤੂੰ ਇਸ ਮੂੰਹੋਂ ਕਹੇਂਗੀ, ਸੋ ਮੈਂ ਮੰਨਾਂਗਾ।” (ਜਨਮ ਸਾਖੀ ਪੰਨਾ ੫੧)

ਉਪਰਲੀ ਗੱਲ-ਬਾਤ ਵਿਚੋਂ ਗੁਰਮਤਿ ਦਾ ਮਹਾਨ ਸਿਧਾਂਤ ਉਘੜ ਕੇ ਸਾਹਮਣੇ ਆਉਂਦਾ ਹੈ ਕਿ “ਵੱਡਾ ਸੋ ਜੋ ਕਰਮਾਂ ਵਿਚ ਵੱਡਾ ਹੋਵੇ।” ਗੁਰਮਤਿ ਅਨੁਸਾਰ ਉਮਰ, ਰਿਸ਼ਤਾ ਜਾਂ ਪਦਵੀ ਵੱਡੀ ਨਹੀਂ ਸਗੋਂ ਕਰਣੀ ਵੱਡੀ ਹੈ। ਮਾਤਾ ਸੁਲੱਖਣੀ ਜੀ ਬਾਰਾਂ ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਸੁਲਤਾਨਪੁਰ ਵਿਚ ਰਹੇ।ਬੇਬੇ ਨਾਨਕੀ ਜੀ ਹੀ ਉਨ੍ਹਾਂ ਕੋਲ ਵੱਡੇ ਸਨ।ਸੱਸ ਤੇ ਨਣਾਨ ਦੇ ਰੂਪ ਵਿਚ ਉਹ ਸਦਾ ਆਪਣੀ ਭਰਜਾਈ ਦੇ ਦੁੱਖ ਸੁਖ ਦੇ ਭਾਈਵਾਲ ਬਣੇ ਰਹੇ। ਜਦੋਂ ਗੁਰੂ ਨਾਨਕ ਸਾਹਿਬ ਮੋਦੀਖਾਨੇ ਚਲੇ ਜਾਂਦੇ ਤੇ ਭਾਈਆ ਜੈ ਰਾਮ ਆਪਣੇ ਕੰਮ ‘ਤੇ ਹੁੰਦੇ ਤਾਂ ਨਣਾਨ-ਭਰਜਾਈ ਚਲ ਬਹਿੰਦੀਆਂ ਤੇ ਗੱਲਾਂ-ਬਾਤਾਂ ਕਰਦੀਆਂ ਰਹਿੰਦੀਆਂ। ਬੇਬੇ ਨਾਨਕੀ ਨੇ ਭਰਜਾਈ ਨੂੰ ਵੀਰ ਨਾਨਕ ਦੀਆਂ ਬੇਪ੍ਰਵਾਹੀਆਂ ਦੀਆਂ ਗੱਲਾਂ ਸੁਣਾਈਆਂ ਤੇ ਮੋਦੀ ਦਾ ਕਾਰਜ ਕਰਦਿਆਂ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਦਿਆਂ ਦੀਆਂ ਵਿਥਿਆਵਾਂ ਵੀ ਦੱਸੀਆਂ।ਉਥੇ ਹੀ ਮਾਤਾ ਸੁਲੱਖਣੀ ਜੀ ਦੇ ਘਰ ਦੇ ਸਾਹਿਬਜ਼ਾਦੇ ਪੈਦਾ ਹੋਏ।

ਆਮ ਤੌਰ ‘ਤੇ ਇਹ ਦੋਵੇਂ ਸਾਹਿਬਜ਼ਾਦੇ ਆਪਣੇ ਭੂਆ ਬੇਬੇ ਨਾਨਕੀ ਜੀ ਪਾਸ ਚਲੇ ਜਾਂਦੇ ਸਨ, ਜਿਥੇ ਭੂਆ ਨਾਨਕੀ ਸਾਹਿਬਜ਼ਾਦਿਆਂ ਨਾਲ ਅਤੁੱਟ ਪਿਆਰ ਕਰਦੀ, ਉਨ੍ਹਾਂ ਨੂੰ ਵੇਖ ਵੇਖ ਜੀਉਂਦੀ। ਬੇਬੇ ਨਾਨਕੀ ਜੀ ਦੀ ਆਪਣੀ ਕੋਈ ਔਲਾਦ ਨਹੀਂ ਸੀ।ਗੁਰੂ ਨਾਨਕ ਸਾਹਿਬ ਨੇ ਸ੍ਰੀ ਚੰਦ ਨੂੰ ਬੇਬੇ ਨਾਨਕੀ ਦੀ ਝੋਲੀ ਪਾ ਕੇ ਕਿਹਾ, “ਬੇਬੇ ਜੀ, ਇਹ ਤੁਹਾਡਾ ਹੀ ਪੁੱਤਰ ਹੈ।” ਸੁਲਤਾਨਪੁਰ ਲੋਧੀ ਨੂੰ ਗਿਆਰਵੀਂ ਸਦੀ ਵਿਚ ਸੁਲਤਾਨ ਖਾਨ ਲੋਧੀ ਨੇ ਵਸਾਇਆ ਸੀ।ਉਸ ਦੇ ਨਾਂ ‘ਤੇ ਨਗਰ ਦਾ ਨਾਮ “ਸੁਲਤਾਨਪੁਰ ਲੋਧੀ” ਪ੍ਰਸਿੱਧ ਹੋਇਆ। ਇਸ ਨਗਰ ਵਿਚ ਜਿਥੇ ਬੇਬੇ ਨਾਨਕੀ ਦਾ ਰਿਹਾਇਸ਼ੀ ਘਰ ਸੀ, ਉਸ ਅਸਥਾਨ ਦਾ ਨਾਮ ‘ਗੁਰੂ ਕਾ ਬਾਗ਼’ ਹੈ।ਕਈ ਵਿਦਵਾਨਾਂ ਦੇ ਕਥਨ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਇਥੇ ਹੀ ਪੈਦਾ ਹੋਏ ਸਨ।

ਵੇਈਂ ਪ੍ਰਵੇਸ਼ ਸਮੇਂ:
ਸ੍ਰੀ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕ ਜੀ ਤੋਂ ਸਿਵਾ ਸਭ ਨੂੰ ਇਹ ਖਿਆਲ ਬਣ ਗਿਆ ਕਿ ਉਹ ਹੜ੍ਹ ਵਿਚ ਰੁੜ੍ਹ ਗਏ ਹਨ ਜਾਂ ਡੁੱਬ ਗਏ ਹਨ। ਜਦੋਂ ਗੁਰੂ ਸਾਹਿਬ ਸੰਸਾਰ ਦੇ ਕਲਿਆਣ ਹਿੱਤ ਉਦਾਸੀਆਂ ‘ਤੇ ਨਿਕਲਣ ਲੱਗੇ ਤਾਂ ਬੇਬੇ ਨਾਨਕੀ ਵੈਰਾਗਵਾਨ ਹੋ ਕੇ ਕਹਿਣ ਲੱਗੀ, “ਤੁਸੀਂ ਮੇਰੇ ਪਾਸ ਹੀ ਰਹੋ, ਬਾਹਰ ਨਾ ਜਾਉ।” ਤਾਂ ਗੁਰੂ ਨਾਨਕ ਜੀ ਕਹਯਾ, “ਬੇਬੇ ਜੀ, ਅਸੀਂ ਤੁਹਾਡੇ ਪਾਸ ਹੀ ਹਾਂ, ਜਿਤ ਵੇਲੇ ਤੁਸੀਂ ਯਾਦ ਕਰੋਗੇ ਤਿਤ ਵੇਲੇ ਹਾਜ਼ਰ ਹੀ ਰਹਾਂਗੇ।” (ਜਨਮ ਸਾਖੀ,ਪੰਨਾ ੬੧) ਜਨਮ ਸਾਖੀ ਦੀ ਇਕ ਟੂਕ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਭੈਣ ਨਾਨਕੀ ਨੂੰ ‘ਬੇਬੇ’ ਕਹਿੰਦੇ ਸਨ ਤੇ ਉਸ ਦਾ ਬੜਾ ਸਤਿਕਾਰ ਕਰਦੇ ਸਨ ਤੇ ਭੈਣ ਨਾਨਕੀ ਵੀਰ ਨਾਨਕ ਨੂੰ ਪਰਮੇਸਰ ਤੁਲ ਸਮਝ ਕੇ ਉਨ੍ਹਾਂ ਦਾ ਸਤਿਕਾਰ ਕਰਦੀ ਸੀ।
ਇਕ ਵਾਰੀ ਜਦੋਂ ਬੇਬੇ ਨਾਨਕੀ ਦੀ ਖਿੱਚ ਦੇ ਖਿੱਚੇ ਹੋਏ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਆਏ ਤਾਂ ਬੇਬੇ ਨਾਨਕੀ ਨੇ ਕਿਹਾ ‘ਮਾਤਾ ਪਿਤਾ ਜੀ ਦੇ ਦਿਲ ਵੀ ਬਹੁਤ ਤੜਪਦੇ ਹਨ। ਇਸੇ ਤਰ੍ਹਾਂ ਸੁਲੱਖਣੀ ਤੇ ਲਖਮੀ ਚੰਦ ਵੀ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਹਨ। ਉਨ੍ਹਾਂ ਨੂੰ ਵੀ ਦਰਸ਼ਨ ਦਿਉ।” ਅੱਗੋਂ ਗੁਰੂ ਜੀ ਨੇ ਉੱਤਰ ਦਿੱਤਾ – “ਬੇਬੇ ਜੀ ਅਜਿਹਾ ਸਮਾਂ ਛੇਤੀ ਹੀ ਆਉਣ ਵਾਲਾ ਹੈ। ਜ਼ਰੂਰ ਦਰਸ਼ਨ ਮੇਲੇ ਹੋਣਗੇ।” ਸੰਮਤ ੧੫੭੫ ਦੇ ਸ਼ੁਰੂ ਵਿਚ ਪਹਿਲੋਂ ਭਾਈ ਜੈ ਰਾਮ ਤੇ ਕੁਝ ਦਿਨਾਂ ਪਿਛੋਂ ਬੇਬੇ ਨਾਨਕੀ ਜੀ ਚੜ੍ਹਾਈ ਕਰ ਗਏ। ਗੁਰੂ ਨਾਨਕ ਸਾਹਿਬ ਉਸ ਸਮੇਂ ਉਦਾਸੀ ‘ਤੇ ਗਏ ਸਨ। ਉਨ੍ਹਾਂ ਦੋਹਾਂ ਦੀ ਅੰਤਿਮ-ਸੰਭਾਲ ਸ੍ਰੀ ਚੰਦ ਜੀ ਨੇ ਹੀ ਕੀਤੀ।ਮਾਤਾ ਸੁਲੱਖਣੀ ਜੀ ਨੇ ਭਾਵੇਂ ਉਸ ਤੋਂ ਪਿਛੋਂ ਵੀਹ ਸਾਲ ਦੀ ਹੋਰ ਆਯੂ ਭੋਗੀ ਤੇ ਉਹ ੨੪ ਮੱਘਰ ਸੰਮਤ ੧੫੯੬ ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਸਮਾਏ, ਪਰ ਜੇ ਧੀਰਜ, ਹੌਸਲਾ ਤੇ ਪਿਆਰ ਸਤਿਕਾਰ ਉਨ੍ਹਾਂ ਨੂੰ ਬੇਬੇ ਨਾਨਕੀ ਜੀ ਪਾਸੋਂ ਮਿਲਿਆ ਸੀ, ਉਸ ਨੂੰ ਉਹ ਆਪਣੇ ਅੰਤਲੇ ਸੁਆਸਾਂ ਤੱਕ ਨਾ ਭੁਲਾ ਸਕੇ।

ਬੇਬੇ ਨਾਨਕੀ ਸਿੱਖ ਇਤਿਹਾਸ ਦੀ ਉਹ ਸ਼ਖ਼ਸੀਅਤ ਹੋਈ ਹੈ, ਜਿਸ ਨੇ ਆਪਣੇ ਅੰਦਾਜ਼ ਵਿਚ ਸਿੱਖ ਧਰਮ ਦੇ ਪ੍ਰਚਾਰ ਵਿਚ ਆਪਣਾ ਉਹ ਯੋਗਦਾਨ ਪਾਇਆ ਜੋ ਕਿਸੇ ਕੀਮਤ ‘ਤੇ ਭੁਲਾਇਆ ਜਾ ਸਕਣ ਵਾਲਾ ਨਹੀਂ।ਉਹ ਗੁਰੂ ਨਾਨਕ ਸਾਹਿਬ ਤੇ ਪਰਿਵਾਰ ਦੇ ਹੋਰ ਜੀਆਂ ਵਿਚਕਾਰ ਐਸੀ ਕੁੜੀ ਸੀ, ਜਿਸ ਨੇ ਪਰਿਵਾਰਕ ਸਬੰਧ ਖੁਸ਼ਗਵਾਰ ਬਨਾਣ ਵਿਚ ਸਦਾ ਸੁਝ ਤੇ ਸਿਆਣਪ ਤੋਂ ਕੰਮ ਲਿਆ।ਜੋ ਉਹ ਵੀਰ ਨਾਨਕ ਦੇ ਰਾਹ ਹਮਵਾਰ ਬਣਾਉਣ ਵਿਚ ਆਪਣਾ ਯੋਗਦਾਨ ਨਾ ਪਾਉਂਦੀ ਤਾਂ ਹੋ ਸਕਦਾ ਸੀ ਕਿ ਜਗਤ-ਜਲੰਦੇ ਦੇ ਕਲਿਆਣ ਲਈ ਘਰੋਂ ਨਿਕਲਣ ਵਾਸਤੇ ਬਾਬਾ ਨਾਨਕ ਜੀ ਦੇ ਰਸਤੇ ਵਿਚ ਕੁਝ ਅੰਕੜਾ ਆ ਖੜ੍ਹੀਆਂ ਹੁੰਦੀਆਂ ਤੇ ਉਹ ਕੁਝ ਸਮਾਂ ਹੋਰ ਆਪਣੇ ਮਿਸ਼ਨ ‘ਤੇ ਨਾ ਨਿਕਲ ਸਕਦੇ।

~ ਪ੍ਰਿੰ. ਕੁਲਦੀਪ ਸਿੰਘ ਹਉਰਾ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply