Breaking News

ਭਗਤ ਪੂਰਨ ਸਿੰਘ ਜੀ ਪਿੰਗਲਵਾੜਾ – ਡਾ ਰੂਪ ਸਿੰਘ

ਜੀਅਹੁ ਨਿਰਮਲੁ ਬਾਹਰਹੁ ਨਿਰਮਲ, ਫੱਕਰ ਦਰਵੇਸ਼ ਸ਼ਖ਼ਸੀਅਤ ਭਗਤ ਪੂਰਨ ਸਿੰਘ ਬਾਰੇ ਜੋ ਲਿਖਣਾ ਅਸੰਭਵ ਨਹੀਂ ਤਾਂ ਮੁਸ਼ਕਲ ਜ਼ਰੂਰ ਹੈ| ਭਗਤ ਜੀ ਨੇ ਆਪਣਾ ਆਪਾ ਦੁਖੀ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਸੀ। ਅਜਿਹੀ ਅਵਸਥਾ ਨੂੰ ਪਹੁੰਚਿਆ ਹੋਇਆ ਵਿਅਕਤੀ ਹੀ ਉਨ੍ਹਾਂ ਦੀ ਰਹੱਸਮਈ ਜੀਵਨ ਕਹਾਣੀ ਨੂੰ ਵਿਅਕਤ ਕਰ ਸਕਦਾ ਹੈ। ਅਸੀਂ ਇਸ ਲੇਖ ਵਿਚ ਉਨ੍ਹਾਂ ਦੇ ਜੀਵਨ ਦੀਆਂ ਕੁਝ ਇਕ ਘਟਨਾਵਾਂ ਨੂੰ ਯਾਦ ਕਰਨ ਦਾ ਯਤਨ ਕਰਾਂਗੇ।

੩ ਜੂਨ ੧੯੦੪ ਈ: ਨੂੰ ਪਿੰਡ ਰਾਜੇਵਾਲ ਤਹਿਸੀਲ, ਸਮਰਾਲਾ, ਜ਼ਿਲ੍ਹਾ ਲੁਧਿਆਣਾ ਦੇ ਇਕ ਹਿੰਦੂ ਪਰਿਵਾਰ ਵਿਚ ਪੈਦਾ ਹੋਏ ‘ਰਾਮ ਜੀ ਦਾਸ’ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ ਦੀ ਪੜ੍ਹਾਈ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਪੰਨਾ ਵਿਚੋਂ ਪ੍ਰਾਪਤ ਕੀਤੀ। ਦਸਵੀਂ ਵਿਚੋਂ ਫੇਲ੍ਹ ਹੋ ਜਾਣ ‘ਤੇ ਖਾਲਸਾ ਹਾਈ ਸਕੂਲ ਲਾਹੌਰ ਵਿਚ ਦਾਖਲ ਹੋ ਗਏ। ਲਾਹੌਰ ਵਿਚ ਹੀ ਉਨ੍ਹਾਂ ਦੀ ਮਾਤਾ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰਦੀ ਸੀ। ਸਕੂਲ ਦੀ ਪੜ੍ਹਾਈ ਸਮੇਂ ਅਕਸਰ ਪੂਰਨ ਸਿੰਘ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਆਉਂਦੇ। ਇਹ ਗੱਲ ੧੯੩੨ ਦੀ ਹੈ, ਜਦ ਪੂਰਨ ਸਿੰਘ ਆਪਣੇ ਜੀਵਨ ਆਦਰਸ਼ ਦੀ ਪ੍ਰਾਪਤੀ ਸਬੰਧੀ ਗੁਰਦੁਆਰਾ ਸਾਹਿਬ ਦੇ ਮਹੰਤ ਗੋਪਾਲ ਸਿੰਘ ਅਤੇ ਗ੍ਰੰਥੀ ਜਥੇਦਾਰ ਅੱਛਰ ਸਿੰਘ ਨੂੰ ਮਿਲੇ। ਮਹੰਤ ਗੋਪਾਲ ਸਿੰਘ ਨੌਜੁਆਨ ਪੂਰਨ ਸਿੰਘ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਸਥਾਨਕ ਪ੍ਰਬੰਧਕ ਪਾਸ ਗਿਆ ਤੇ ਕਿਹਾ ਕਿ ਇਹ ਨੌਜੁਆਨ ਆਪਣਾ ਜੀਵਨ ਬੇ-ਸਹਾਰਾ, ਪਾਗਲਾਂ, ਲੂਲ੍ਹਿਆਂ-ਲੰਗੜਿਆਂ, ਪਿੰਗਲਿਆਂ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦਾ ਹੈ। ਪ੍ਰਬੰਧਕਾਂ ਦੇ ਇਹ ਪੁਛਣ ‘ਤੇ ਕਿ ਇਹ ਵਿਚਾਰ ਤੁਹਾਡੇ ਮਨ ਵਿਚ ਕਿਵੇਂ ਆਇਆ, ਪੂਰਨ ਸਿੰਘ ਨੇ ਕਿਹਾ, ਉਹ ਇਕ ਹਿੰਦੂ ਪਰਿਵਾਰ ਵਿਚੋਂ ਹਨ, ਮੇਰੀ ਮਾਤਾ ਜੀ ਧਾਰਮਿਕ ਬਿਰਤੀ ਰੱਖਦੇ ਹੋਏ ਹਮੇਸ਼ਾਂ ਰਾਹਗੀਰਾਂ ਲੋੜਵੰਦਾਂ ਦੀ ਜਲ ਪਾਣੀ ਨਾਲ ਸੇਵਾ ਕਰਿਆ ਕਰਦੀ ਹੈ ਅਤੇ ਰੋਜ਼ਾਨਾ ‘ਜਪੁ ਜੀ’ ਸਾਹਿਬ ਦਾ ਪਾਠ ਨੇਮ ਨਾਲ ਕਰਦੀ ਹੈ। ਜਿਸ ਤੇ ਮੈਂ ਵੀ ਕਾਲਜ ਦੀ ਪੜ੍ਹਾਈ ਕਰਨ ਦੀ ਥਾਂ ਇਹ ਪੜ੍ਹਾਈ ਕਰਨ ਦਾ ਮਨ ਬਣਾ ਲਿਆ।ਮੈਂ ਆਪਣਾ ਜੀਵਨ ਲੋੜਵੰਦ ਦੁਖੀਆਂ ਦੀ ਮਦਦ ਕਰਨ ਲਈ ਸਮਰਪਣ ਕਰਨਾ ਚਾਹੁੰਦਾ ਹਾਂ। ਇਸ ਆਦਰਸ਼ ਦੀ ਪ੍ਰਾਪਤੀ ਲਈ ਮੈਂ ਘਰ ਤਿਆਗ, ਗੁਰਦੁਆਰਾ ਸਾਹਿਬ ਠਹਿਰ ਸੋਵਾ, ਸਿਮਰਨ, ਪਰਉਪਕਾਰ ਦੀ ਸਿਖਿਆ ਲੈਣਾ ਚਾਹੁੰਦਾ ਹਾਂ। ਇਹ ਉਚ ਵਿਚਾਰ ਸੁਣਦਿਆਂ ਹੀ ਪ੍ਰਬੰਧਕਾਂ ਨੇ ਪੂਰਨ ਸਿੰਘ ਦੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਪ੍ਰਬੰਧ ਕਰ ਦਿੱਤਾ।

ਇਹ ਆਰੰਭ ਸੀ ਉਸ ਆਦਰਸ਼ ਦਾ ਜਿਸ ਦੀ ਪ੍ਰਾਪਤੀ ਲਈ ਪੂਰਨ ਸਿੰਘ ਘਰੋਂ ਤੁਰਿਆ ਸੀ।ਗੁਰਦੁਆਰਾ ਡੇਹਰਾ ਸਾਹਿਬ ਵਿਖੇ ਜਲ-ਪਾਣੀ, ਲੰਗਰ, ਸਫਾਈ, ਬਰਤਨਾਂ ਆਦਿ ਦੀ ਨਿਤ-ਪ੍ਰਤੀ ਸੇਵਾ ਕਰ ਪੂਰਨ ਸਿੰਘ ਬਜਾਰ ਵਿਚ ਘੁੰਮਣ ਨਿਕਲ ਤੁਰਦਾ, ਮੁੱਖ ਨਿਸ਼ਾਨਾ ਸੜਕਾਂ ਤੋਂ ਸ਼ੀਸ਼ੋ-ਪੱਥਰ, ਰੋੜੇ, ਕਿਲ ਕਾਂਟੇ ਆਦਿ ਲਾਂਭੇ ਕਰਨਾ ਸੀ ਤਾਂ ਕਿ ਰਾਹੀਆਂ ਨੂੰ ਕਿਸੇ ਕਿਸਮ ਦਾ ਕਸ਼ਟ ਨਾ ਪਹੁੰਚੇ। ਫਿਰ ਲਾਇਬਰੇਰੀ ਬੈਠ ਉੱਚ ਖਿਆਲਾਂ ਨੂੰ ਪੜ੍ਹਨਾ-ਲਿਖਣਾ ਤੇ ਪ੍ਰਚਾਰ ਹਿਤ ਵੰਡਣਾ ਪੂਰਨ ਸਿੰਘ ਦਾ ਨਿਤ ਦਾ ਕਾਰਜ ਸੀ। ਗੁਰਮਤਿ ਮਾਰਗ ਦੇ ਇਸ ਬੇਪਰਵਾਹ ਅਦੁੱਤੀ ਪਾਂਧੀ ਨੂੰ ਤੱਕ ਕੁਝ ਅਲਪ ਬੁੱਧੀ ਵਾਲੇ ਇਨ੍ਹਾਂ ਨੂੰ ਪਾਗਲ ਵੀ ਕਹਿੰਦੇ, ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਤਾਂ ਪਿੰਗਲਿਆਂ-ਪਾਗਲਾਂ ਦਾ ਪਾਲਣਹਾਰਾ ਬਣਨਾ ਹੈ।

ਸੰਨ ੧੯੩੪ ਈ: ਵਿਚ ਗੁਰਦੁਆਰਾ ਡੇਹਰਾ ਸਾਹਿਬ ਦੇ ਦਰਸ਼ਨੀ ਦੀਵਾਰ ‘ਤੇ ਕੋਈ ਨਿਰਦਈ ਦਿਲ ਇਕ ਚਾਰ ਕੁ ਸਾਲ ਦਾ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ।ਪੂਰਨ ਸਿੰਘ ਨੇ ਉਸ ਨੂੰ ਗੋਦ ਲੈ ਸਾਂਭ-ਸੰਭਾਲ ਸ਼ੁਰੂ ਕਰ ਦਿੱਤੀ ਪਰ ਆਪਣੀ ਨਿਤ ਦੀ ਕਿਰਤ ਵੀ ਜਾਰੀ ਰੱਖੀ।ਲਗਭਗ ੧੪ ਸਾਲ ਉਸ ਬੱਚੇ ਦੀ ਸੇਵਾ-ਸੰਭਾਲ ਕਰਦੇ ਰਹੇ ਅਤੇ ਦੇਸ਼-ਵੰਡ ਸਮੇਂ ਪਿੰਗਲੇ ਨੂੰ ਵਿਰਾਸਤੀ ਪੂੰਜੀ ਵਜੋਂ ਨਾਲ ਲੈ ਅੰਮ੍ਰਿਤਸਰ ਆ ਗਏ। ਖਾਲਸਾ ਕਾਲਜ ਅੰਮ੍ਰਿਤਸਰ ਵਿਚ ਸ਼ਰਨਾਰਥੀ ਕੈਂਪ ਲੱਗਾ ਹੋਇਆ ਸੀ, ਜਿਥੇ ਭਗਤ ਜੀ ਨੇ ਤਨ-ਮਨ ਨਾਲ ਸੇਵਾ ਕੀਤੀ।

ਭਗਤ ਪੂਰਨ ਸਿੰਘ ਜੀ ਦੇ ਲਿਖਣ ਅਨੁਸਾਰ, ਦੋਸ਼ ਵੰਡ ਸਮੇਂ ਮੈਂ ਆਪਣੇ ਨਾਲ ਇਕ ਰੁਪਇਆ ਪੰਜ ਆਨੇ ਲੈ ਕੇ ਆਇਆ ਸਾਂ, ਕਛਹਿਰਾ ਮੈਂ ਪਹਿਨਿਆ ਹੋਇਆ ਸੀ ਅਤੇ ਫੁਲਕਾਰੀ ਮੇਰੇ ਪਿੰਡੇ ‘ਤੇ ਸੀ। ਇਸ ਤੋਂ ਇਲਾਵਾ ਮੇਰੇ ਕੋਲ ਇਕ ਲੋਹੇ ਦਾ ਬਾਟਾ, ਦੋ ਵੱਡੀਆਂ ਕਾਪੀਆਂ, ਦੋ ਅੰਗਰੇਜ਼ੀ ਰਸਾਲੇ ਸਨ ਤੇ “ਲੂਲ੍ਹਾ” ਮੇਰੀ ਪਿਠ ਤੇ ਸੀ। ਮੈਂ ਸਦਾ ਹੀ ਵਾਹਿਗੁਰੂ ਨੂੰ ਹਾਜ਼ਰ-ਨਾਜ਼ਰ ਸਮਝਦਾ ਰਿਹਾ ਹਾਂ, ਇਸ ਭਰੋਸੇ ‘ਤੇ ਮੈਂ ਹਰ ਕੰਮ ਨੂੰ ਬਿਨਾਂ ਝਿਜਕ ਦੇ ਹੱਥ ਪਾ ਲਿਆ।

ਭਗਤ ਜੀ ਦਾ ਇਸ ਪਿੰਗਲੇ-ਲੂਲ੍ਹੋ ਬੱਚੇ ਨਾਲ ਕਿਤਨਾ ਪਿਆਰ ਸੀ, ਉਨ੍ਹਾਂ ਦੀ ਜ਼ਬਾਨੀ ਜਿਗਰ ਦਾ ਟੁਕੜਾ ਲੂਲਾ ਬੱਚਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਹਾਰਾ ਰਿਹਾ ਹੈ, ਉਹ ਜੋ ਮੈਨੂੰ ਨਾ ਮਿਲਦਾ ਤਾਂ ਮੈਂ ਉਹ ਕੁਝ ਨਾ ਕਰ ਸਕਦਾ ਜੋ ਮੈਂ ਪਿੰਗਲਵਾੜੇ ਦੇ ਰੂਪ ਵਿਚ ਕਰ ਦੁਨੀਆਂ ਦਾ ਪਿਆਰ ਅਤੇ ਸਤਿਕਾਰ ਜਿੱਤਿਆ ਹੈ।” ਇਹ ਪਿੰਗੁਲਾ ਪਿਆਰਾ ਸਿੰਘ ਹੀ ਭਗਤ ਪੂਰਨ ਸਿੰਘ ਦੀ ਪਹਿਲੀ ਪੂੰਜੀ ਸੀ, ਜਿਸ ਦੀ ਭਗਤ ਜੀ ਅੰਤਮ ਸੁਆਸਾਂ ਤੱਕ ਆਪਣੀ ਹੱਥੀਂ ਸੇਵਾ-ਸੰਭਾਲ ਕਰਦੇ ਰਹੇ।

ਪਿਆਰਾ ਸਿੰਘ ਨਾਮੀ ਲੂਲ੍ਹੇ ਬੱਚੇ ਨੂੰ ਭਗਤ ਜੀ ੧੪ ਸਾਲ ਪਿਠ ਪਿੱਛੇ ਚੁੱਕੀ ਫਿਰਦੇ ਰਹੇ ਅਤੇ ਉਸਦੇ ਖਾਣ-ਪੀਣ ਤੇ ਸਿਹਤ-ਸੰਭਾਲ ਦਾ ਪ੍ਰਬੰਧ ਕਰਦੇ ਰਹੇ। ਦੇਸ਼ ਵੰਡ ਪਿੱਛੇ ਪੂਰਨ ਸਿੰਘ ਨੇ ਕੁਝ ਸਮਾਂ ਖਾਲਸਾ ਕਾਲਜ ਦੇ ਸ਼ਰਨਾਰਥੀ ਕੈਂਪ ਵਿਚ ਸਫਲਾ ਕੀਤਾ। ਸ਼ਰਨਾਰਥੀ ਕੈਂਪ ਖਤਮ ਹੋ ਜਾਣ ‘ਤੇ ਭਗਤ ਪੂਰਨ ਸਿੰਘ ਨੇ ਰੇਲਵੇ ਸਟੇਸ਼ਨ ‘ਤੇ ਕੁਝ ਸਮੇਂ ਲਈ ਨਿਵਾਸ ਕੀਤਾ ਤੇ ਵਿਚ ਕੁਝ ਸਮਾਂ ਦਰੱਖਤਾਂ ਦੀ ਛੱਤ ਹੇਠ ਗੁਜ਼ਾਰਿਆ। ਸਹਿਜੇ ਸਹਿਜੇ ਭਗਤ ਪੂਰਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗਿਣਤੀ ਵਧਦੀ ਗਈ, ਜਿਸ ਲਈ ਕਿਸੇ ਪੱਕੇ ਟਿਕਾਣੇ ਦੀ ਜ਼ਰੂਰਤ ਸੀ, ਜਿਥੇ ਟਿਕ ਕੇ ਇਨ੍ਹਾਂ ਲਵਾਰਸ-ਅਪਾਹਜਾਂ ਦੀ ਸੇਵਾ-ਸੰਭਾਲ ਤੇ ਇਲਾਜ ਦਾ ਪ੍ਰਬੰਧ ਹੋ ਸਕੇ। ਇਸ ਸਮੇਂ ਇਨ੍ਹਾਂ ਦਾ ਨਿਵਾਸ ਇਕ ਬੰਦ ਪਏ . ਸਿਨੇਮੇ ਦੀ ਇਮਾਰਤ ਵਿਚ ਸੀ।ਕੁਦਰਤ ਦੇ ਰੰਗ ਦੇਖੋ, ਉਸ ਸਿਨੇਮੇ ਦੀ ਬੋਲੀ ੩੫੦੦੦ ਰੁਪਏ ਹੋ ਗਈ।ਭਗਤ ਜੀ ਪਾਸ ਤਾਂ ਜਮਾਂ-ਪੂੰਜੀ ਨਹੀਂ ਸੀ, ਜਿਸ ਨਾਲ ਇਮਾਰਤ ਖਰੀਦੀ ਜਾਂਦੀ। ਸਹਿਯੋਗ ਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਚਲ ਰਹੀ ਸੀ। ਭਗਤ ਜੀ ਨੇ ਕਮੇਟੀ ਮੈਂਬਰਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਕਿ “ਇਸ ਵੇਲੇ ਸਾਨੂੰ ਇਮਾਰਤ ਦੀ ਸਖ਼ਤ ਜ਼ਰੂਰਤ ਹੈ ਜਿਸ ਲਈ ਘੱਟੋ ਘੱਟ ੫੦੦੦੦ ਰੁਪਏ ਦੀ ਜ਼ਰੂਰਤ ਹੈ, ਜੋ ਮੈਂ ਇਕੱਠੀ ਨਹੀਂ ਕਰ ਸਕਦਾ।” ਭਗਤ ਦੇ ਵਿਚਾਰ ਸੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਵਿਚੋਂ ਇਹ ਮਾਇਆ ਦੇਣ ਦਾ ਬਹੁ-ਪਰਉਪਕਾਰੀ ਫੈਸਲਾ ਕਰ ਦਿੱਤਾ ਜਿਸ ਨਾਲ ਪਿੰਗਲਵਾੜੇ ਦੀ ਵਿਸ਼ਾਲ ਇਮਾਰਤ ਦਾ ਅਰੰਭ ਹੋਇਆ।

ਆਪਣੇ ਜੀਵਨ ਦੀਆਂ ਕਹਾਣੀਆਂ ਲਿਖਣ ਦਾ ਮਨੋਰਥ ਭਗਤ ਜੀ ਲਿਖਦੇ ਹਨ ਕਿ “ਜੇ ਮੈਂ ਜੀਵਨ ਦਾ ਲੰਮਾ ਚੌੜਾ ਇਤਿਹਾਸ ਨਾ ਲਿਖ ਸਕਿਆ ਤਾਂ ਮੈਂ ਆਪਣੀ ਮਾਂ ਤੇ ਸਿੱਖ ਗੁਰਦੁਆਰਿਆਂ ਨਾਲ ਭਾਰੀ ਬੇਇਨਸਾਫੀ ਕਰ ਰਿਹਾ ਹੋਵਾਂਗਾ। ਮੇਰੀ ਮਾਂ ਨੇ ਮੇਰੇ ਬਚਪਨ ਸਮੇਂ ਮੇਰੇ ਮਨ ਵਿਚ ਪਰਉਪਕਾਰ ਦੇ ਪ੍ਰਬਲ ਸੰਸਕਾਰ ਪਾਏ ਸਨ। ਇਸ ਲਈ ਮੈਂ ਦੇਸ਼ ਅਤੇ ਦੁਨੀਆਂ ਲਈ ਵੱਡੇ ਵੱਡੇ ਅਦੁੱਤੀ ਕੰਮ ਕਰ ਸਕਿਆ ਹਾਂ। ਜੇ ਮੈਂ ਆਪਣਾ ਜੀਵਨ ਸਿੱਖ ਗੁਰਦੁਆਰਿਆਂ ਦੀ ਛਤਰ-ਛਾਇਆ ਹੇਠ ਬਿਤਾਇਆ ਨਾ ਹੁੰਦਾ ਤਾਂ ਮੇਰੇ ਜੀਵਨ ਦਾ ਵਿਕਾਸ ਨਾ ਹੁੰਦਾ ਅਤੇ ਨਾ ਦੇਸ਼ ਦੀ ਸਿਰਕੱਢ ਸੰਸਥਾ, ਪਿੰਗਲਵਾੜੇ ਦੇ ਰੂਪ ਵਿਚ ਵਿਕਸਤ ਹੁੰਦੀ।

ਪਿੰਗਲਵਾੜੇ ਦੇ ਬਾਨੀ ਹੋਣ ਤੋਂ ਇਲਾਵਾ ਭਗਤ ਜੀ ਉਚ ਕੋਟੀ ਦੇ ਵਿਦਵਾਨ ਲਿਖਾਰੀ ਵੀ ਸਨ। ਅਤਿ ਸੂਖਮ ਵਿਚਾਰਾਂ ਨੂੰ ਲੋਕ ਭਾਸ਼ਾ ਵਿਚ ਲਿਖ ਆਮ ਲੋਕਾਂ ਤਕ ਪਹੁੰਚਾਣਾ ਭਗਤ ਜੀ ਵੱਲੋਂ ਕੀਤਾ ਜਾਂਦਾ ਪਰਉਪਕਾਰ ਦਾ ਦੂਸਰਾ ਵੱਡਾ ਕਾਰਜ ਸੀ। ਪੰਜਾਬੀ, ਹਿੰਦੀ, ਅੰਗਰੇਜ਼ੀ ਆਦਿ ਭਾਸ਼ਾਵਾਂ ਵਿਚ ਅਣਗਿਣਤ ਟ੍ਰੈਕਟ, ਸੰਦੇਸ਼, ਪੁਸਤਕਾਂ ਪ੍ਰਕਾਸ਼ਤ ਕਰਨਾ ਕੋਈ ਅਸਾਨ ਕੰਮ ਨਹੀਂ। ਇਨ੍ਹਾਂ ਲਿਖਤਾਂ ਦਾ ਮੁੱਖ ਵਿਸ਼ਾ ਗੁਰਮੁਖ ਜੀਵਨ ਗੁਰਬਾਣੀ ਦੇ ਰਹੱਸਮਈ ਭੇਦ ਦੱਸਣਾ, ਐਟਮੀ ਵਿਨਾਸ਼, ਪ੍ਰਦੂਸ਼ਣ, ਸਿਗਰਟਨੋਸ਼ੀ ਆਦਿ ਦੇ ਬੁਰੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਤ ਕਰਨਾ ਸੀ।

ਭਗਤ ਪੂਰਨ ਸਿੰਘ ਦੇ ਸੇਵਾ ਕਾਰਜਾਂ ਨੂੰ ਤੱਕ ਭਾਰਤ ਸਰਕਾਰ ਵੱਲੋਂ ਭਗਤ ਜੀ ਨੂੰ ‘ਪਦਮ ਸ੍ਰੀ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ, ਪਰ ਭਗਤ ਜੀ ਨੇ ਇਹ ਸਨਮਾਨ ਉਸ ਸਮੇਂ ਵਾਪਸ ਕਰ ਦਿੱਤਾ ਜਦ ਜਾਬਰ ਸਰਕਾਰ ਨੇ ਮਾਨਵਤਾ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਫੌਜੀ ਹਮਲੇ ਸਮੇਂ ਭਾਰੀ ਹਾਨੀ ਪਹੁੰਚਾਈ।

ਭਗਤ ਪੂਰਨ ਸਿੰਘ ਜੀ ਨੂੰ ਬਹੁਤ ਸਾਰੀਆਂ ਲੋਕ ਪ੍ਰਤੀਨਿਧ ਸੰਸਥਾਵਾਂ ਵੱਲੋਂ ਸਮੇਂ ਸਮੇਂ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਉਹ ਪੂਰਨ ਰੂਪ ਵਿਚ ਹੱਕਦਾਰ ਸਨ।

ਇਸ ਵੇਲੇ ਪਿੰਗਲਵਾੜੇ ਵਿਚ ਪਾਗਲ ਮਰਦ, ਇਸਤਰੀਆਂ, ਬੱਚੇ-ਬੱਚੀਆਂ ਤੋਂ ਇਲਾਵਾ ਬੇਸਹਾਰਾ ਅਪਾਹਜ ਬੱਚੇ-ਬੱਚੀਆਂ ਦੀ ਗਿਣਤੀ ਸੈਂਕੜਿਆਂ ਵਿਚ ਹੈ ਜਿਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਤੋਂ ਦਵਾ-ਦਾਰੂ ਦੀ ਲੋੜ ਹੈ। ਇਸ ਸਮੇਂ ਇਸ ਸੰਸਥਾ ਦਾ ਰੋਜ਼ਾਨਾ ਖਰਚ ਹਜ਼ਾਰਾਂ ਵਿਚ ਹੈ। ਸਰਕਾਰ ਵੱਲੋਂ ਲੋਕ ਕਲਿਆਣ ਹਿਤ ਚਲ ਰਹੀ ਇਸ ਸੰਸਥਾ ਨੂੰ ਨਾ-ਮਾਤਰ ਦੀ ਸਹਾਇਤਾ ਮਿਲਦੀ ਹੈ ਤੇ ਉਹ ਵੀ ਪਤਾ ਨਹੀਂ ਕਿਸੇ ਸਮੇਂ ਬੰਦ ਹੋ ਜਾਵੇ। ਸਰਕਾਰ ਪਾਸੇ ਕਿਸੇ ਕਿਸਮ ਦੀ ਆਸ ਰੱਖਣੀ ਆਪਣੇ ਆਪ ਨਾਲ ਧੋਖਾ ਹੈ, ਕਿਉਂਕਿ ਉਹ ਸਰਕਾਰ ਜੋ ਭਗਤ ਜੀ ਦੇ ਅਕਾਲ ਚਲਾਣੇ ‘ਤੇ ਚਲ ਰਹੇ ਸੈਸ਼ਨ ਵਿਚ ਸੋਗ ਵਜੋਂ ਇਕ ਸ਼ਬਦ ਵੀ ਨਹੀਂ ਉਚਾਰਦੀ, ਉਸ ਪਾਸੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ?

ਅੰਤਮ ਅਰਦਾਸ ਵਿਚ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਵੱਲੋਂ ਤਿੰਨ ਐਲਾਨ ਕੀਤੇ ਗਏ ਜੋ ਪ੍ਰਸੰਸਾਯੋਗ ਹਨ— ਪਹਿਲਾ, ਕਿ ਇਸ ਸੰਸਥਾ ਨੂੰ ਸ਼੍ਰੋਮਣੀ ਕਮੇਟੀ ਵਲੋਂ ੨੫੦੦੦ ਰੁਪਏ ਮਾਸਿਕ ਸਹਾਇਤਾ ਦਿੱਤੀ ਜਾਵੇਗੀ, ਦੂਸਰਾ, ਭਗਤ ਪੂਰਨ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣੀ ਅਤੇ ਤੀਸਰਾ, ਕਿ ਭਗਤ ਪੂਰਨ ਸਿੰਘ ਦੇ ਨਾਮ ‘ਤੇ ਸ਼੍ਰੋਮਣੀ ਸੇਵਾ ਸਨਮਾਨ ਸ਼ੁਰੂ ਕੀਤਾ ਜਾਵੇਗਾ। (ਪਹਿਲਾ ਸ਼੍ਰੋਮਣੀ ਸੇਵਾ ਸਨਮਾਨ ਡਾ: ਰਾਜਿੰਦਰ ਕੌਰ ਨੂੰ ਅਕਾਲ-ਚਲਾਣੇ ਉਪਰੰਤ ਦਿੱਤਾ ਗਿਆ ਤੇ ਦੂਸਰਾ ਸ਼੍ਰੋਮਣੀ ਸੇਵਾ ਸਨਮਾਨ ਸ੍ਰ. ਭਗਵੰਤ ਸਿੰਘ ਦਿੱਤਾ ਗਿਆ ਹੈ

ਅਨਾਥਾਂ ਦੇ ਨਾਥ, ਬੇਸਹਾਰਿਆਂ ਨੂੰ ਸਹਾਰਾ ਪਹੁੰਚਾਣ ਵਾਲੇ ਭਗਤ ਪੂਰਨ ਸਿੰਘ ਭਾਵੇਂ ਸਰੀਰਕ ਰੂਪ ਵਿਚ ਇਸ ਸੰਸਾਰ ਵਿਚ ਨਹੀਂ ਰਹੇ ਪਰ ਉਨ੍ਹਾਂ ਦੇ ਅਰੰਭੇ ਕਾਰਜ ਹਮੇਸ਼ਾਂ ਉਨ੍ਹਾਂ ਨੂੰ ਜੀਵਤ ਰੱਖਣਗੇ। ਲੋੜ ਹੈ ਇਸ ਸੰਸਥਾ ਨੂੰ ਲੋਕਾਂ ਦੇ ਸਹਿਯੋਗ ਦੀ, ਤਾਂ ਜੋ ਇਹ ਮਾਨਵ ਸੇਵਾ ਦਾ ਅਮੋਲਕ ਕਾਰਜ ਨਿਰੰਤਰ ਜਾਰੀ ਰਹਿ ਸਕੇ।

~ ਡਾ ਰੂਪ ਸਿੰਘ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply