Breaking News

ਜੰਗਲਾਂ ਦੀ ਹੋਣੀ ਅਤੇ ਪੰਜਾਬ ਦਾ ਭੂਗੋਲਕ ਅਵਚੇਤਨ
(ਮੱਤੇਵਾੜਾ ਜੰਗਲ ਦੇ ਸੰਦਰਭ ਵਿਚ)

0 0

੧੯੪੭ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦਾ ਜੰਗਲ ਹੇਠਲਾ ਰਕਬਾ ੨੪ ਪ੍ਰਤੀਸ਼ਤ ਦੇ ਨੇੜੇ ਸੀ। ਫਾਰੈਸਟ ਸਰਵੇ ਆਫ ਇੰਡੀਆ ਦੀ ੨੦੧੯ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਇਹ ਰਕਬਾ ਘਟ ਕੇ ਸਿਰਫ ੩.੬੭ ਪ੍ਰਤੀਸ਼ਤ ਰਹਿ ਗਿਆ ਹੈ।ਇਸਦੇ ਮੁਕਾਬਲੇ ਸਮੁੱਚੇ ਭਾਰਤ ਦਾ ਜੰਗਲ ਹੇਠਲਾ ਰਕਬਾ ੨੧.੬੭ ਪ੍ਰਤੀਸ਼ਤ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦਾ ਜੰਗਲ ਹੇਠਲਾ ਰਕਬਾ ੬੦ ਪ੍ਰਤੀਸ਼ਤ ਤੋਂ ਉੱਤੇ ਹੈ। ਇਹਨਾਂ ਅੰਕੜਿਆਂ ਤੋਂ ਸਹਿਜੇ ਹੀ ਪਤਾ ਲੱਗਦਾ ਹੈ ਕਿ ਇਸ ਮਾਮਲੇ ਵਿਚ ਪੰਜਾਬ ਦੀ ਸਥਿਤੀ ਪਹਿਲਾਂ ਹੀ ਕਿੰਨੀ ਭਿਆਨਕ ਹੈ।

ਏਨੀ ਮਾੜੀ ਸਥਿਤੀ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਜੰਗਲਾਂ ਦੇ ਰੱਖ-ਰਖਾਅ ਲਈ ਗੰਭੀਰ ਨਾ ਹੋਣਾ ਅਜੋਕੇ ਪੰਜਾਬ ਦੀ ਸੱਭਿਆਚਾਰਕ ਅਤੇ ਰਾਜਨੀਤਕ ਦੁਰਦਸ਼ਾ ਦੀ ਦੱਸ ਪਾਉਂਦਾ ਹੈ। ਇਹ ਫੈਸਲਾ ਦੱਸਦਾ ਹੈ ਕਿ ਪੰਜਾਬ ਦਾ ਰਾਜਨੀਤਕ ਵਰਗ ਇਸ ਧਰਤੀ ਦਾ ਰਖਵਾਲਾ ਨਹੀਂ, ਬਲਕਿ ਇਸਨੂੰ ਉਜਾੜਨ ਵਾਲਾ ਹੈ। ਇਹ ਵੇਲਾ ਜਿੱਥੇ ਸਰਕਾਰ ਦੇ ਇਸ ਨਾਅਹਿਲ ਵਤੀਰੇ ਦੇ ਵਿਰੋਧ ਵਿਚ ਲਾਮਬੰਦੀ ਕਰਨ ਦਾ ਹੈ, ਉੱਥੇ ਹੀ ਜੰਗਲ ਦੀ ਹਸਤੀ ਬਾਰੇ ਅਤੇ ਇਸਦੀ ਸਾਡੇ ਸਮੂਹਕ ਜੀਵਨ ਵਿਚਲੀ ਥਾਂ ਬਾਰੇ ਪੁਨਰ-ਵਿਚਾਰ ਕਰਨ ਦਾ ਵੀ ਹੈ।

ਜੰਗਲ ਕਿਸੇ ਇਲਾਕੇ ਦੇ ਮਹਿਜ਼ ਕੁਦਰਤੀ ਸਰੋਤ ਹੀ ਨਹੀਂ ਹੁੰਦੇ, ਇਹ ਉਸ ਇਲਾਕੇ ਦੇ ਭੂਗੋਲਕ ਅਵਚੇਤਨ ਦੇ ਲਖਾਇਕ ਵੀ ਹੁੰਦੇ ਹਨ। ਪੰਜਾਬ ਦੇ ਲੋਕਾਂ ਦਾ ਇਸ ਧਰਤੀ ਨਾਲ ਇਕ ਅਪਣੱਤ-ਭਰਪੂਰ ਰਿਸ਼ਤਾ ਹੈ। ਇੱਥੋਂ ਦੇ ਰੁੱਖਾਂ ਅਤੇ ਜੰਗਲਾਂ ਦਾ ਉਜਾੜਾ ਇਸ ਰਿਸ਼ਤੇ ਨੂੰ ਵੀ ਤਾਰ-ਤਾਰ ਕਰਦਾ ਹੈ।
ਜੰਗਲ ਬਹੁਤ ਸਾਰੇ ਦਰੱਖਤਾਂ ਦਾ ਸਮੂਹ ਹੀ ਨਹੀਂ ਹੁੰਦਾ, ਜੰਗਲ ਦੀ ਆਪਣੀ ਇਕ ਹਸਤੀ ਹੁੰਦੀ ਹੈ। ਜੰਗਲ ਵਿਚ ਜੀਵਨ ਆਪਣੀ ਬੇਪਰਵਾਹੀ ਵਿਚ ਮੌਲਦਾ ਹੈ। ਤਕਨਾਲੋਜੀ ਦੇ ਕਹਿਰ ਤੋਂ ਦੂਰ, ਜੰਗਲ ਜੀਵਨ ਦੇ ਖੇੜੇ ਲਈ ਅਜਿਹਾ ਮਾਹੌਲ ਪ੍ਰਦਾਨ ਕਰਦਾ ਹੈ ਜਿੱਥੇ ਬਨਸਪਤੀ ਅਤੇ ਪਸ਼ੂ-ਪੰਛੀਆਂ ਦੀ ਸਮਾਜਕਤਾ ਇਕ ਸਹਿਜ ਰੂਪ ਗ੍ਰਹਿਣ ਕਰਦੀ ਹੈ।

ਜੰਗਲਾਂ ਨੂੰ ਕੇਵਲ ਕੁਦਰਤੀ ਸਰੋਤਾਂ ਵਜੋਂ ਵੇਖਣਾ ਇਕ ਬੱਜਰ ਗੁਨਾਹ ਹੈ। ਅਜਿਹਾ ਕਰਨਾ ਇਕ ਆਧੁਨਿਕ ਅਲਾਮਤ ਹੈ। ਸਾਡੀ ਪ੍ਰੰਪਰਾ ਵਿਚ ਅਜਿਹਾ ਕਦੇ ਵੀ ਨਹੀਂ ਸੀ ਕੀਤਾ ਗਿਆ। ਸਾਡੀ ਪ੍ਰੰਪਰਾ ਤਾਂ ਬਿਰਖਾਂ ਨੂੰ ਗਾਉਣ, ਮਾਨਣ, ਅਤੇ ਉਹਨਾਂ ਦੇ ਸ਼ੁਕਰਗੁਜ਼ਾਰ ਹੋਣ ਦੀ ਪ੍ਰੰਪਰਾ ਹੈ। ਸਾਡਾ ਬਿਰਖਾਂ ਨਾਲ ਰਿਸ਼ਤਾ ਪਦਾਰਥਕ ਅਤੇ ਆਰਥਕ ਨਹੀਂ, ਰੂਹਾਨੀ ਹੈ। ਇਸੇ ਲਈ ਅਸੀਂ ਗਾਉਂਦੇ ਹਾਂ:

ਬਿਰਖਾਂ ਦੇ ਗੀਤ ਸੁਣ ਕੇ,
ਮੇਰੇ ਦਿਲ ਵਿਚ ਚਾਨਣ ਹੋਇਆ।

ਉਪਰੋਕਤ ਪੰਜਾਬੀ ਲੋਕ-ਗੀਤ ਸਾਨੂੰ ਦੱਸਦਾ ਹੈ ਕਿ ਬਿਰਖ ਪੰਜਾਬੀ ਲੋਕਾਂ ਦੇ ਅਧਿਆਤਮਕ ਰਹਿਬਰ ਵੀ ਹਨ। ਸਾਡੀ ਰਹਿਤਲ ਅੰਦਰਲਾ ਅਮੁਕ ਸਬਰ, ਜਿਸਨੂੰ ਕੁਲਵੰਤ ਸਿੰਘ ਵਿਰਕ ਨੇ ਆਪਣੀ ਕਹਾਣੀ ‘ਧਰਤੀ ਹੇਠਲਾ ਬਲਦ’ ਰਾਹੀਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਰੂਪਮਾਨ ਕੀਤਾ ਹੈ, ‘ਰੁੱਖਾਂ ਦੀ ਜੀਰਾਂਦ’ ਦਾ ਹੀ ਮਨੁੱਖੀ ਪ੍ਰਗਟਾਵਾ ਹੈ। ਬਿਰਖ ਸਾਨੂੰ ਜਿਉਣਾ ਸਿਖਾਉਂਦੇ ਹਨ। ਇਕ ਬਿਰਖ ਜਿਵੇਂ ਜੰਗਲ ਵਿਚ ਮੌਲ ਸਕਦਾ ਹੈ, ਉਵੇਂ ਅਲਿਹਦਗੀ ਵਿਚ ਨਹੀਂ ਜਿਉਂ ਸਕਦਾ। ਜੰਗਲ ਬਿਰਖਾਂ ਦੀ ਸਮਾਜਕਤਾ ਦਾ ਸਹਿਜ ਪ੍ਰਗਟਾਵਾ ਹੁੰਦਾ ਹੈ। ਇਹ ਗੱਲ ਕਿਤੇ ਨਾ ਕਿਤੇ ਸਾਡੇ ਪੁਰਖਿਆਂ ਨੂੰ ਅਚੇਤ ਹੀ ਪਤਾ ਸੀ, ਇਸੇ ਲਈ ਉਹ ਗਾਉਂਦੇ ਰਹੇ ਹਨ:

ਕੱਲਾ ਰੁੱਖ ਨਾ ਰੋਹੀ ਦੇ ਵਿੱਚ ਹੋਵੇ,
ਤੇ ਕੱਲਾ ਨਾ ਹੋਵੇ ਪੁੱਤ ਜੱਟ ਦਾ।

ਜਰਮਨ ਜੰਗਲਵਾਨ ਪੀਟਰ ਵੋਹਲੇਬੇਨ ਆਪਣੀ ਜਗਤ-ਪ੍ਰਸਿੱਧ ਪੁਸਤਕ ‘ਬਿਰਖਾਂ ਦਾ ਗੁਪਤ ਜੀਵਨ’ ਵਿਚ ਸਾਨੂੰ ਦੱਸਦਾ ਹੈ ਕਿ ਰੋਹੀ-ਬੀਆਬਾਨ ਵਿਚ ਕੱਲਾ ਰੁੱਖ ਕਿਉਂ ਨਹੀਂ ਹੋਣਾ ਚਾਹੀਦਾ। ਉਸਦਾ ਕਹਿਣਾ ਹੈ ਕਿ ਜੰਗਲ ਇਕ ਜਿਉਂਦੀ-ਜਾਗਦੀ ਸ਼ੈਅ ਹੁੰਦਾ ਹੈ। ਜੰਗਲ ਵਿਚਲੇ ਬਿਰਖ ਇਕ ਦੂਜੇ ਨਾਲ ਦੋਸਤੀਆਂ ਵੀ ਪਾਉਂਦੇ ਹਨ, ਇਕ ਦੂਜੇ ਨੂੰ ਖਤਰਿਆਂ ਬਾਰੇ ਜਾਣੂੰ ਵੀ ਕਰਵਾਉਂਦੇ ਹਨ, ਅਤੇ ਇਕ ਦੂਜੇ ਨੂੰ ਬਿਪਤਾ ਸਮੇਂ ਖੁਰਾਕ ਵੀ ਮੁਹੱਈਆ ਕਰਵਾਉਂਦੇ ਹਨ। ਵੋਹਲੇਬੇਨ ਅਨੁਸਾਰ ਦਰੱਖਤਾਂ ਦੀ ਵੀ ਇਕ ਬੋਲੀ ਹੁੰਦੀ ਹੈ ਜਿਹੜੀ ਹਰ ਇਲਾਕੇ ਵਿਚ ਵੱਖਰੀ-ਵੱਖਰੀ ਹੋ ਸਕਦੀ ਹੈ। ਉਹ ਦੱਸਦਾ ਹੈ ਕਿ ਜੰਗਲਾਂ ਦੇ ਮਿਜ਼ਾਜ ਵੀ ਹੁੰਦੇ ਹਨ ਜਿਹੜੇ ਸਮੇਂ ਅਨੁਸਾਰ ਬਦਲਦੇ ਰਹਿੰਦੇ ਹਨ। ਜਿਵੇਂ ਬਾਬਾ ਫਰੀਦ ਜੀ ਦਾ ਫੁਰਮਾਨ ਹੈ:

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ॥

ਭਾਵ ਇਹ ਕਿ ਵਣ ਨੂੰ ਵੀ ਰੁੱਤ ਬਦਲਣ ਦਾ ਸਾਡੇ ਜਿੰਨਾ ਹੀ, ਸ਼ਾਇਦ ਸਾਡੇ ਤੋਂ ਵੀ ਵਧੇਰੇ, ਅਹਿਸਾਸ ਹੁੰਦਾ ਹੈ। ਜੰਗਲ ਵੀ ਬਹੁਤ ਸ਼ਿੱਦਤ ਨਾਲ ਚੀਜ਼ਾਂ ਨੂੰ ਮਹਿਸੂਸ ਕਰਦੇ ਹਨ। ਵੋਹਲੇਬੇਨ ਦਾ ਕਹਿਣਾ ਹੈ ਕਿ ਜਦੋਂ ਜੰਗਲ ਕੱਟਣ ਵਾਲੀ ਭਾਰੀ ਮਸ਼ੀਨਰੀ ਨੂੰ ਜੰਗਲ ਵਿਚ ਲਿਜਾਇਆ ਜਾਂਦਾ ਹੈ ਤਾਂ ਇਸਦਾ ਉਹਨਾਂ ਰੁੱਖਾਂ ਉੱਤੇ ਵੀ ਨਾਂਹਪੱਖੀ ਪ੍ਰਭਾਵ ਪੈਂਦਾ ਹੈ ਜਿਹਨਾਂ ਨੂੰ ਕੱਟਿਆ ਨਹੀਂ ਜਾਂਦਾ। ਇਸੇ ਲਈ ਵੋਹਲੇਬੇਨ ਨੇ ਆਪਣੇ ਪਿੰਡ ਵਾਲਿਆਂ ਨੂੰ ਨੇੜਲੇ ਇਕ ਜੰਗਲ ਵਿਚ ਮਸ਼ੀਨਰੀ ਦੇ ਦਾਖਲੇ ਉੱਤੇ ਪਾਬੰਦੀ ਲਾਉਣ ਲਈ ਰਾਜ਼ੀ ਕਰ ਲਿਆ। ਜੰਗਲ ਵਿਚਲੇ ਰੁੱਖ ਅਲਿਹਦਗੀ ਵਿਚ ਨਹੀਂ ਜਿਉਂਦੇ ਸਗੋਂ ਇਕ ਸੋਸ਼ਲ ਨੈੱਟਵਰਕ ਵਿਚ ਬੱਝੇ ਹੁੰਦੇ ਹਨ। ਜੰਗਲ ਵਿਚ ਮਨੁੱਖਾਂ ਵੱਲੋਂ ਪਾਇਆ ਜਾਣ ਵਾਲਾ ਖਲਲ ਸਮੁੱਚੇ ਚੁਗਿਰਦੇ ਨੂੰ ਪ੍ਰਭਾਵਤ ਕਰਦਾ ਹੈ।

ਵੋਹਲੇਬੇਨ ਦਾ ਆਖਣਾ ਹੈ ਕਿ ਜੰਗਲੀ ਦਰੱਖਤ ਇਕ ਦੂਜੇ ਨਾਲ ਸੁਗੰਧ ਅਤੇ ਜੜ੍ਹਾਂ ਦੇ ਨੈੱਟਵਰਕ ਰਾਹੀਂ ਗੱਲ-ਬਾਤ ਕਰਦੇ ਹਨ। ਅਫਰੀਕਾ ਦੇ ਅਕੇਸ਼ੀਆ ਨਾਂ ਦੇ ਰੁੱਖ ਦੇ ਪੱਤਿਆਂ ਨੂੰ ਜਦੋਂ ਕੋਈ ਜਿਰਾਫ ਖਾਣ ਲੱਗਦਾ ਹੈ ਤਾਂ ਉਹ ਰੁੱਖ ਆਪਣੇ ਆਲੇ-ਦੁਆਲੇ ਦੇ ਹੋਰ ਅਕੇਸ਼ੀਆ ਰੁੱਖਾਂ ਨੂੰ ਆਗਾਹ ਕਰਨ ਲਈ ਇਕ ਰਸਾਇਣ ਛੱਡਦਾ ਹੈ ਜਿਸਦੀ ਗੰਧ ਤੋਂ ਬਾਕੀ ਰੁੱਖਾਂ ਨੂੰ ਖਤਰੇ ਦਾ ਅਹਿਸਾਸ ਹੋ ਜਾਂਦਾ ਹੈ। ਇਹ ਪਤਾ ਲੱਗਦਿਆਂ ਹੀ ਉਹ ਆਪਣੇ ਪੱਤਿਆਂ ਰਾਹੀਂ ਇਕ ਹੋਰ ਰਸਾਇਣ ਛੱਡਣ ਲੱਗਦੇ ਹਨ ਜਿਸਦੀ ਗੰਧ ਜਿਰਾਫ ਨੂੰ ਚੰਗੀ ਨਹੀਂ ਲੱਗਦੀ ਤੇ ਉਹ ਭੱਜ ਜਾਂਦਾ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੀ ਜੰਗਲਵਾਨ ਸੁਜ਼ੈਨ ਸੀਮਰਦ ਨੇ ਤਾਂ ਇਹ ਵੀ ਸਾਬਤ ਕੀਤਾ ਹੈ ਕਿ ਜੰਗਲੀ ਦਰੱਖਤ ਆਪਣੇ ਮੁੱਢਾਂ ਦੇ ਆਲੇ-ਦੁਆਲੇ ਜੰਮੀ ਉੱਲੀ ਰਾਹੀਂ ਵੀ ਰਸਾਇਣੀ ਸੁਨੇਹੇ ਭੇਜ ਕੇ ਇਕ ਦੂਜੇ ਨਾਲ ਸੰਪਰਕ ਸਥਾਪਤ ਕਰ ਸਕਦੇ ਹਨ। ਇਸੇ ਤਰ੍ਹਾਂ ਰੁੱਖ ਜੜ੍ਹਾਂ ਰਾਹੀਂ ਸੰਚਾਰ ਸਥਾਪਤ ਕਰਨ ਦੇ ਨਾਲ-ਨਾਲ ਇਕ ਦੂਜੇ ਨਾਲ ਖੁਰਾਕ ਦਾ ਵਟਾਂਦਰਾ ਵੀ ਕਰਦੇ ਹਨ।

ਵੋਹਲੇਬੇਨ ਨੇ ਜਰਮਨੀ ਦੇ ਇਕ ਜੰਗਲ ਵਿਚ ਪੰਜ ਸਦੀਆਂ ਪਹਿਲਾਂ ਵੱਢੇ ਗਏ ਇਕ ਬਿਰਖ ਦਾ ਮੁੱਢ ਵੇਖਿਆ ਜਿਹੜਾ ਅਜੇ ਵੀ ਹਰਾ ਸੀ। ਉਸਨੂੰ ਇਹ ਵੇਖ ਕੇ ਅਤਿਅੰਤ ਹੈਰਾਨੀ ਹੋਈ ਕਿ ਏਨਾ ਲੰਮਾ ਸਮਾਂ ਕੋਈ ਬਿਰਖ ਪੱਤਿਆਂ ਤੋਂ ਬਗੈਰ ਕਿਵੇਂ ਜਿਉਂਦਾ ਰਹਿ ਸਕਦਾ ਹੈ। ਥੋੜ੍ਹੀ ਛਾਣਬੀਣ ਤੋਂ ਬਾਅਦ ਪਤਾ ਲੱਗਿਆ ਕਿ ਆਲੇ-ਦੁਆਲੇ ਦੇ ਬਿਰਖ ਉਸਨੂੰ ਜਿਉਂਦਾ ਰੱਖਣ ਲਈ ਖੁਰਾਕ ਪ੍ਰਦਾਨ ਕਰ ਰਹੇ ਸਨ। ਵੋਹਲੇਬੇਨ ਦੱਸਦਾ ਹੈ ਕਿ ਜੰਗਲੀ ਬਿਰਖ ਅਜਿਹਾ ਕਿਸੇ ਕਿਸੇ ਖਾਸ ਬਿਰਖ ਲਈ ਹੀ ਕਰਦੇ ਹਨ, ਜਿਸ ਲਈ ਉਹਨਾਂ ਅੰਦਰ ਵਧੇਰੇ ਸਤਿਕਾਰ ਹੁੰਦਾ ਹੈ।

ਵੋਹਲੇਬੇਨ ਇਕ ਖਾਸ ਗੱਲ ਇਹ ਵੀ ਦੱਸਦਾ ਹੈ ਕਿ ਕੁਦਰਤਨ ਉੱਗੇ ਜੰਗਲਾਂ ਵਿਚਲੇ ਰੁੱਖਾਂ ਵਿਚ ਇਕ ਦੂਜੇ ਨਾਲ ਸੰਪਰਕ ਬਣਾਉਣ ਦੀ ਤਾਕਤ ਯੋਜਨਾਬੱਧ ਤਰੀਕੇ ਨਾਲ ਉਗਾਏ ਜੰਗਲਾਂ ਵਿਚਲੇ ਰੁੱਖਾਂ ਨਾਲੋਂ ਵਧੇਰੇ ਹੁੰਦੀ ਹੈ। ਜੇ ਕਿਸੇ ਕੁਦਰਤੀ ਜੰਗਲ ਨੂੰ ਉਜਾੜ ਕੇ ਓਨੇ ਹੀ ਰਕਬੇ ਵਿਚ ਰੁੱਖ ਲਾ ਵੀ ਦਿੱਤੇ ਜਾਣ ਤਾਂ ਵੀ ਉਹ ਗੱਲ ਨਹੀਂ ਬਣਦੀ ਜਿਹੜੀ ਕੁਦਰਤੀ ਜੰਗਲ ਵਿਚ ਹੁੰਦੀ ਹੈ। ਉਹ ਕਹਿੰਦਾ ਹੈ ਕਿ ਮਸਨੂਈ ਜੰਗਲਾਂ ਵਿਚਲੇ ਦਰੱਖਤ ਸ਼ਹਿਰੀ ਨਿਆਣਿਆਂ ਵਰਗੇ ਹੁੰਦੇ ਹਨ, ਭੀੜ ਵਿਚ ਹੁੰਦਿਆਂ ਹੋਇਆਂ ਵੀ ਕੱਲਮ-ਕੱਲੇ।

ਉਪਰੋਕਤ ਵਿਚਾਰਾਂ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਜੰਗਲ ਦਾ ਉਜਾੜਾ ਵੀ ਨਸਲਘਾਤ ਤੋਂ ਘੱਟ ਨਹੀਂ ਹੁੰਦਾ। ਜਦੋਂ ਅਸੀਂ ਕਿਸੇ ਜੰਗਲ ਨੂੰ ਤਬਾਹ ਕਰਦੇ ਹਾਂ ਤਾਂ ਅਸੀਂ ਇਕ ਪੂਰਾ ਸਮਾਜਕ ਤਾਣਾ-ਬਾਣਾ ਉਜਾੜ ਦਿੰਦੇ ਹਾਂ ਜਿਹੜਾ ਸਾਡੀਆਂ ਨਜ਼ਰਾਂ ਦੇ ਸਾਹਮਣੇ ਹੁੰਦਾ ਹੋਇਆ ਵੀ ਸਾਡੇ ਲਈ ਅਦਿੱਖ ਹੁੰਦਾ ਹੈ। ਅਜਿਹਾ ਕਰਦਿਆਂ ਅਸੀਂ ਸਿਰਫ ਕੁਦਰਤ ਦਾ ਹੀ ਉਜਾੜਾ ਨਹੀਂ ਕਰ ਰਹੇ ਹੁੰਦੇ, ਅਸੀਂ ਆਪਣੇ ਭੂਗੋਲਕ ਅਵਚੇਤਨ ਦਾ ਕਤਲ ਵੀ ਕਰ ਰਹੇ ਹੁੰਦੇ ਹਾਂ।

ਭੂਗੋਲਕ ਅਵਚੇਤਨ ਤੋਂ ਮੇਰਾ ਭਾਵ ਕਿਸੇ ਖਿੱਤੇ ਦੇ ਉਹਨਾਂ ਕੁਦਰਤੀ ਨਕਸ਼ਾਂ ਤੋਂ ਹੈ ਜਿਹੜੇ ਉੱਥੋਂ ਦੇ ਵਾਤਾਵਰਣ ਦਾ ਅਟੁੱਟ ਅੰਗ ਹੋਣ ਦੇ ਨਾਲ ਨਾਲ ਉੱਥੋਂ ਦੇ ਸੱਭਿਆਚਾਰਕ ਅਵਚੇਤਨ ਨੂੰ ਘੜਨ ਵਿਚ ਵੀ ਆਪਣਾ ਯੋਗਦਾਨ ਪਾਉਂਦੇ ਹੋਣ। ਜਿਹਨਾਂ ਇਲਾਕਿਆਂ ਨਾਲ ਸਮੁੰਦਰ ਲੱਗਦਾ ਹੋਵੇ, ਓਥੋਂ ਦੇ ਲੋਕਾਂ ਲਈ ਉਹ ਸਿਰਫ ਖੁਰਾਕ (ਮੱਛੀਆਂ) ਅਤੇ ਆਵਾਜਾਈ ਦਾ ਸਾਧਨ ਹੀ ਨਹੀਂ ਹੁੰਦਾ ਬਲਕਿ ਓਥੋਂ ਦੀ ਰਹਿਤਲ, ਬੋਲੀ ਅਤੇ ਮਨੌਤਾਂ ਨੂੰ ਵੀ ਪ੍ਰਭਾਵਤ ਕਰਦਾ ਹੈ। ਇਸੇ ਤਰ੍ਹਾਂ ਹੀ ਮਾਰੂਥਲ ਹੁੰਦਾ ਹੈ। ਭਾਵੇਂ ਮਾਰੂਥਲ ਵਿਚ ਕੁਝ ਵੀ ਪੈਦਾ ਨਹੀਂ ਹੁੰਦਾ, ਪਰ ਮਾਰੂਥਲ ਵਿਚ ਰਹਿਣ ਵਾਲੇ ਲੋਕਾਂ ਦਾ ਰਹਿਣ-ਸਹਿਣ ਮਾਰੂਥਲ ਤੋਂ ਬਿਨਾਂ ਚਿਤਵਿਆ ਨਹੀਂ ਜਾ ਸਕਦਾ। ਕੈਨੇਡਾ ਦੇ ਮੂਲ-ਨਿਵਾਸੀ ਲੋਕਾਂ ਦੀ ਰਹਿਤਲ ਬਰਫ਼ ਦੇ ਅਨੁਭਵ ਤੋਂ ਬਿਨਾਂ ਹੋਂਦ ਨਹੀਂ ਰੱਖਦੀ। ਆਧੁਨਿਕ ਵਿਗਿਆਨਕ ਨਜ਼ਰ ਲਈ ਕੁਦਰਤ ਦੇ ਇਹ ਨਕਸ਼ ਸਮੱਸਿਆਵਾਂ ਤੋਂ ਵੱਧ ਕੋਈ ਦਰਜਾ ਨਹੀਂ ਰੱਖਦੇ ਜਿਹਨਾਂ ਨੂੰ ਤਕਨਾਲੋਜੀ ਦੇ ਆਸਰੇ ਹੱਲ ਕੀਤਾ ਜਾਣਾ ਹੁੰਦਾ ਹੈ। ਪਰ ਅਸਲ ਵਿਚ ਕੁਦਰਤ ਦੇ ਇਹਨਾਂ ਨਕਸ਼ਾਂ ਰਾਹੀਂ ਹੀ ਕਿਸੇ ਕੌਮ ਦਾ ਸੱਭਿਆਚਾਰਕ ਅਵਚੇਤਨ ਘੜਿਆ ਜਾਂਦਾ ਹੈ।
ਪੰਜਾਬ ਦੇ ਸੱਭਿਆਚਾਰਕ ਅਵਚੇਤਨ ਨੂੰ ਘੜਨ ਵਿਚ ਇੱਥੋਂ ਦੇ ਦਰਿਆਵਾਂ, ਮਿੱਟੀ ਦੇ ਉਪਜਾਊਪਣ, ਧਰਤੀ ਹੇਠਲੇ ਪਾਣੀ, ਅਤੇ ਜੰਗਲ-ਬੇਲਿਆਂ ਨੇ ਬਹੁਤ ਅਹਿਮ ਰੋਲ ਨਿਭਾਇਆ ਹੈ। ਅੱਜ ਇਹ ਚਾਰੇ ਨਕਸ਼ ਹੀ ਖੁਰਨ ਦੇ ਕੰਢੇ ਉੱਤੇ ਖੜ੍ਹੇ ਹਨ। ਕੁਦਰਤ ਦੇ ਇਹਨਾਂ ਨਕਸ਼ਾਂ ਤੋਂ ਬਗੈਰ ਪੰਜਾਬ ਦੀ ਨਿਵੇਕਲੀ ਸੱਭਿਆਚਾਰਕ ਹੋਂਦ ਨੂੰ ਬਹੁਤੀ ਦੇਰ ਜੀਵਤ ਨਹੀਂ ਰੱਖਿਆ ਜਾ ਸਕਦਾ।

ਪੁਰਾਤਨ ਪੰਜਾਬ ਵਿਚ ਬਹੁਤੇ ਪਿੰਡਾਂ ਦੇ ਨਾਲ ਇਕ ਸੰਘਣਾ ਵਣ ਹੁੰਦਾ ਸੀ, ਜਿਸਨੂੰ ਮਾਲਵੇ ਵਿਚ ਆਮ ਕਰਕੇ ਝਿੜੀ ਕਿਹਾ ਜਾਂਦਾ ਹੈ। ਇਹ ਝਿੜੀਆਂ ਜੀਵ-ਜੰਤੂਆਂ ਦੀ ਪਨਾਹਗਾਹ ਵਜੋਂ ਕੰਮ ਕਰਨ ਦੇ ਨਾਲ-ਨਾਲ ਪਿੰਡ ਦੀ ਆਬੋ-ਹਵਾ ਨੂੰ ਸਾਫ ਰੱਖਣ ਅਤੇ ਮੀਂਹ ਦਾ ਪਾਣੀ ਧਰਤੀ ਵਿਚ ਜਜ਼ਬ ਕਰਨ ਵਿਚ ਵੀ ਯੋਗਦਾਨ ਪਾਉਂਦੀਆਂ ਸਨ। ਪਰ ਇਹਨਾਂ ਝਿੜੀਆਂ ਦੀ ਸਭ ਤੋਂ ਵੱਡੀ ਦੇਣ ਲੋਕ-ਮਨਾਂ ਅੰਦਰ ਕੁਦਰਤ ਦੇ ਨਾਯਾਬ ਹੁਸਨ ਦੀ ਤਸਵੀਰ ਨੂੰ ਧੁੰਦਲਾ ਨਾ ਪੈਣ ਦੇਣਾ ਸੀ। ਜਦੋਂ ਨਿਆਣੇ ਝਿੜੀ ਕੋਲ ਦੀ ਲੰਘਦੇ ਤਾਂ ਵਡੇਰਿਆਂ ਤੋਂ ਸੁਣੀਆਂ ਬਾਤਾਂ ਵਿਚਲੇ ਭੂਤ-ਪ੍ਰੇਤ ਤੇ ਆਤਮਾਵਾਂ ਉਹਨਾਂ ਦੀ ਕਲਪਨਾ ਵਿਚ ਸਜੀਵ ਹੋ ਉਠਦੀਆਂ। ਇਹ ਝਿੜੀਆਂ ਸਾਡੀ ਲੋਕ-ਧਾਰਾ ਦਾ ਅਟੁੱਟ ਅੰਗ ਸਨ। ਇਹਨਾਂ ਝਿੜੀਆਂ ਉੱਤੇ ਮੇਲੇ ਵੀ ਲੱਗਦੇ ਸਨ। ਮਸ਼ੀਨੀਕਰਨ ਅਤੇ ਉਦਯੋਗੀਕਰਨ ਨੇ ਇਹਨਾਂ ਦਾ ਵੱਡਾ ਹਿੱਸਾ ਤਬਾਹ ਕਰ ਦਿੱਤਾ। ਜਿਹੜਾ ਥੋੜ੍ਹਾ ਜਿਹਾ ਬਚਿਆ ਹੈ, ਜੇ ਉਹ ਵੀ ਉੱਜੜ ਗਿਆ ਤਾਂ ਸਾਡੇ ਲਈ ਵੱਡੀ ਸ਼ਰਮ ਦੀ ਗੱਲ ਹੋਵੇਗੀ।

ਪੰਜਾਬ ਦੇ ਜੰਗਲਾਂ ਨੂੰ ਬਚਾਉਣ ਦਾ ਸੰਘਰਸ਼ ਪੰਜਾਬ ਦੇ ਸੱਭਿਆਚਾਰਕ ਅਤੇ ਭੂਗੋਲਕ ਅਵਚੇਤਨ ਨੂੰ ਬਚਾਉਣ ਦਾ ਸੰਘਰਸ਼ ਹੈ। ਸਮੂਹ ਪੰਜਾਬ-ਹਿਤੈਸ਼ੀਆਂ ਨੂੰ ਵਿਚਾਰਧਾਰਕ ਵਲਗਣਾਂ ਵਿਚੋਂ ਬਾਹਰ ਆ ਕੇ ਇਹ ਸੰਘਰਸ਼ ਲੜਣਾ ਚਾਹੀਦਾ ਹੈ। ਸਰਕਾਰ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ ਕਿ ਪੰਚਾਇਤੀ ਜ਼ਮੀਨਾਂ ਦੇ ਤੀਜੇ ਹਿੱਸੇ ਉੱਤੇ ਜੰਗਲ ਲਗਾਏ ਜਾਣ। ਇਸਦੇ ਨਾਲ ਹੀ ਸਮੂਹ ਪਰਵਾਸੀ ਵੀਰਾਂ-ਭੈਣਾਂ ਨੂੰ ਵੀ ਬੇਨਤੀ ਹੈ ਕਿ ਆਪਣੀਆਂ ਪੰਜਾਬ ਵਿਚਲੀਆਂ ਜ਼ਮੀਨਾਂ ਦੇ ਘੱਟੋ-ਘੱਟ ਤੀਜੇ ਹਿੱਸੇ ਉੱਤੇ ਜੰਗਲ ਜਰੂਰ ਲਾਉਣ। ਜੰਗਲ ਹੇਠਲਾ ਰਕਬਾ ਵਧਣ ਨਾਲ ਪੰਜਾਬ ਦੀ ਆਬੋ-ਹਵਾ ਦਾ ਸੁਧਾਰ ਤਾਂ ਹੋਵੇਗਾ ਹੀ, ਪੰਜਾਬ ਦੇ ਸੁੱਕ ਰਹੇ ਸੱਭਿਆਚਾਰਕ ਅਵਚੇਤਨ ਦੀ ਹਰਿਆਵਲ ਵੀ ਵਾਪਸ ਆਵੇਗੀ।

-ਪ੍ਰਭਸ਼ਰਨਬੀਰ ਸਿੰਘ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply