Breaking News

ਭਾਈ ਮਰਦਾਨਾ ਜੀ

0 0

ਜਨਮ ਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਮਹੱਤਵਪੂਰਨ ਪਾਤਰ ਹੈ, ਭਾਈ ਮਰਦਾਨਾ। ਜਨਮ ਸਾਖੀਆਂ ਦਾ ਇਹ ਪਾਤਰ ਪਾਠਕਾਂ ਦੇ ਮਨਾਂ ਉੱਪਰ ਆਪਣਾ ਗਹਿਰਾ ਪ੍ਰਭਾਵ ਛੱਡ ਜਾਂਦਾ ਹੈ। ਨਿਰਸੰਦੇਹ, ਭਾਈ ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਸਹਾਇਕ ਪਾਤਰ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪਹਿਲਾ ਸਥਾਨ ਦਿੱਤਾ ਹੈ ਤੇ ਭਾਈ ਮਰਦਾਨਾ ਜੀ ਨੂੰ ਦੂਜਾ “ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ”।
ਇਸ ਮਹਾਂਪੁਰਸ਼ ਨੂੰ ਜੀਵਨ ਭਰ ਗੁਰੂ ਨਾਨਕ ਦੇਵ ਜੀ ਦੀ ਨਿਕਟਤਾ ਪ੍ਰਾਪਤ ਹੋਈ। ਜੇ ਇਹ ਵੀ ਕਹਿ ਲਈਏ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਸਦਾ ਆਪਣੇ ਅੰਗ ਸੰਗ ਰਖਿਆ ਤਾਂ ਕੋਈ ਅਤਿਕਥਨੀ ਨਹੀਂ। ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨੇ ਬਾਰੇ ਜਾਣਕਾਰੀ ਦੇਣ ਤੋਂ ਹਿਚਕਿਚਾਹਟ ਹੀ ਵਰਤੀ ਹੈ। ਜਿਹੜੀ ਸਮੱਗਰੀ ਉਪਲੱਭਧ ਹੈ, ਉਹ ਭੁਲੇਖਾ-ਪਾਊ ਅਤੇ ਅਧੂਰੀ ਤਾਂ ਹੈ ਹੀ, ਇਹ ਭਾਈ ਮਰਦਾਨੇ ਦੀ ਸ਼ਖ਼ਸੀਅਤ ਨਾਲ ਨਿਆਂ ਕਰਨ ਵਿਚ ਵੀ ਅਸਮਰਥ ਹੈ?

image credit: p. kaur

ਭਾਈ ਮਰਦਾਨੇ ਦੇ ਜੀਵਨ ਬਾਰੇ ਠੋਸ ਸਮੱਗਰੀ ਪ੍ਰਾਪਤ ਨਾ ਹੋਣ ਕਰਕੇ ਭਾਈ ਮਰਦਾਨਾ ਜੀ ਬਾਰੇ ਬਹੁਤ ਕੁਝ ਲਿਖਣਾ ਅਸੰਭਵ ਹੀ ਹੈ। ਫਿਰ ਵੀ ਅਸੀਂ ਭਾਈ ਮਰਦਾਨਾ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਸਬੰਧੀ ਇਉਂ ਵਿਚਾਰ ਕਰ ਸਕਦੇ ਹਾਂ।
ਭਾਈ ਮਰਦਾਨਾ ਜੀ ਸਿੱਖ ਕਰੋਨੋਲਾਜੀ ਵਿਚ ਸਭ ਤੋਂ ਪਹਿਲਾਂ ਆਉਂਦੇ ਹਨ।ਆਪ ਜੀ ਦਾ ਜਨਮ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲਗਭਗ ੧੦ ਸਾਲ ਪਹਿਲਾਂ, ਫੱਗਣ ਸੰਮਤ ੧੫੧੬ (ਸੰਨ ੧੪੫੯ਈ:) ਨੂੰ ਰਾਇ ਭੋਇ ਦੀ ਤਲਵੰਡੀ (ਜ਼ਿਲ੍ਹਾ ਸ਼ੇਖੂਪੁਰਾ) ਵਿਚ ਹੋਇਆ।ਆਪ ਜੀ ਦੀ ਮਾਤਾ ਦਾ ਨਾਂ ਬੀਬੀ ਲੱਖੋ ਅਤੇ ਪਿਤਾ ਦਾ ਨਾਂ ਬਾਦਰ ਸੀ, ਜੋ ਜਾਤ ਦਾ ਮਿਰਾਸੀ ਸੀ।ਆਪ ਜੀ ਆਪਣੇ ਮਾਤਾ-ਪਿਤਾ ਦੀ ਸਤਵੀਂ ਸੰਤਾਨ ਸਨ। ਪਰ ਪਹਿਲੇ ੬ ਬੱਚੇ ਪੈਦਾ ਹੋ ਕੇ ਮਰ ਗਏ ਸਨ। ਇਕ ਵਿਚਾਰ ਅਨੁਸਾਰ ਇਸੇ ਕਰਕੇ ਸੁਭਾਵਿਕ ਤੌਰ ‘ਤੇ ਆਪ ਜੀ ਨੂੰ ‘ਮਰ ਜਾਣਾ’ ਕਿਹਾ ਜਾਂਦਾ ਸੀ। ਪਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦਾ ਨਾਂ ਮਰਦਾਨਾ ਭਾਵ ‘ਮਰਦਾ ਨਾ’ ਰਖਿਆ। ਪਰ ਇਹ ਗੱਲ ਮੰਨਣ ਵਿਚ ਨਹੀਂ ਆ ਸਕਦੀ ਕਿਉਂਜੁ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਤੋਂ ੧੦ ਸਾਲ ਬਾਅਦ ਪੈਦਾ ਹੋਏ ਸਨ।ਪ੍ਰਿੰਸੀਪਲ ਸਤਿਬੀਰ ਸਿੰਘ ਦਾ ਵਿਚਾਰ ਹੈ ਕਿ ਭਾਈ ਮਰਦਾਨੇ ਦਾ ਬਚਪਨ ਦਾ ਨਾਂ ‘ਦਾਨਾ’ ਸੀ ਅਤੇ ਗੁਰੂ ਨਾਨਕ ਸਾਹਿਬ ਨੇ ਉਸ ਦਾ ਨਾਂ ‘ਮਰਦਾਨਾ’ (ਮਰਦ ਦੇ ਅਰਥਾਂ ਵਿਚ) ਉਸ ਨੂੰ ਉੱਚਾ ਜੀਵਨ ਜੀਊਣ ਦੀ ਪ੍ਰੇਰਨਾ ਵਜੋਂ ਦਿੱਤਾ। ਅਸੀਂ ਇਸ ਮੱਤ ਨਾਲ ਸਹਿਮਤ ਹੈ ਸਕਦੇ ਹਾਂ।
ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਇਕ ਹੀ ਪਿੰਡ ਵਿਚ ਰਹੇ ਹੋਣ ਕਰਕੇ ਬਚਪਨ ਤੋਂ ਹੀ ਇਕ ਦੂਜੇ ਦੇ ਮਿੱਤਰ ਸਨ। ਭਾਈ ਮਰਦਾਨਾ ਜੀ ਮਿਰਾਸੀਆਂ ਦੀ ਰਬਾਬੀ ਭਾਈਚਾਰਕ ਸ਼੍ਰੇਣੀ ਨਾਲ ਸੰਬੰਧਤ ਹੋਣ ਕਰਕੇ ਰਬਾਬ ਦੇ ਚੰਗੇ ਵਜੰਤ੍ਰੀ ਸਨ। ਇਹ ਕਲਾ ਉਨ੍ਹਾਂ ਨੂੰ ਵਿਰਾਸਤ ਵਿਚੋਂ ਹੀ ਮਿਲੀ ਸੀ। ਗੁਰੂ ਨਾਨਕ ਦੇਵ ਜੀ ਉਸ ਦੀ ਇਸ ਕਲਾ ਦੇ ਪ੍ਰਸ਼ੰਸਕ ਸਨ। ਇਸ ਕਾਰਨ ਵੀ ਦੋਹਾਂ ਦਾ ਪ੍ਰੇਮ ਸੀ। ਇਹ ਵੀ ਸਪੱਸ਼ਟ ਹੈ ਕਿ ਭਾਈ ਮਰਦਾਨਾ ਜੀ ਸ਼ਾਦੀਸ਼ੁਦਾ ਸਨ।ਪਰ ਇਹ ਸ਼ਾਦੀ ਕਦੋਂ ਅਤੇ ਕਿਸ ਨਾਲ ਹੋਈ, ਇਸ ਬਾਰੇ ਸਾਡੇ ਕੋਲ ਕੋਈ ਜਾਣਕਾਰੀ ਨਹੀਂ। ਉਨ੍ਹਾਂ ਦੀ ਘੱਟੋ-ਘੱਟ ਇਕ ਸੰਤਾਨ ਦਾ ਨਾਂ ਇਤਿਹਾਸ ਨੇ ਨਹੀਂ ਵਿਸਾਰਿਆ। ਉਨ੍ਹਾਂ ਦਾ ਸਪੁੱਤਰ ਭਾਈ ਸਜ਼ਾਦਾ, ਜੋ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿਚ ਕੀਰਤਨ ਕਰਦਾ ਰਿਹਾ।
ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਗੁਰੂ ਨਾਨਕ ਦੇਵ ਜੀ ਨੇ ਮੋਦੀ ਦੀ ਨੌਕਰੀ ਤਿਆਗ ਕੇ, ਜਗਤ ਜਲੰਦੇ ਨੂੰ ਤਾਰਨ ਅਤੇ ਠਾਰਨ ਲਈ ਮਨ ਬਣਾ ਲਿਆ । ਤਲਵੰਡੀ ਤੋਂ ਮਹਿਤਾ ਕਾਲੂ ਨੇ ਭਾਈ ਮਰਦਾਨੇ ਨੂੰ ਸੁਲਤਾਨਪੁਰ ਗੁਰੂ ਨਾਨਕ ਸਾਹਿਬ ਦੀ ਖਬਰ ਲੈਣ ਭੇਜਿਆ। ਪਰ ਮਰਦਾਨਾ ਜੀ, ਗੁਰੂ ਜੀ ਦੇ ਪ੍ਰੇਮ ਬੰਧਨ ਵਿਚ ਬੱਝ ਗਏ। ਗੁਰੂ ਨਾਨਕ ਜੀ ਨੇ ਭਾਈ ਮਰਦਾਨੇ ਜੀ ਤੋਂ ਉਨ੍ਹਾਂ ਦੀਆਂ ਸੇਵਾਵਾਂ ਮੰਗ ਲਈਆਂ। ਜਿਵੇਂ ਮਰਦਾਨੇ ਦੀਆਂ ਸੇਵਾਵਾਂ ਬਿਨਾਂ ਗੁਰੂ ਨਾਨਕ ਦੇਵ ਜੀ ਤੁਰਨਾ ਹੀ ਨਹੀਂ ਚਾਹੁੰਦੇ ਸਨ। ਇਧਰ ਬਾਣੀ ਆਉਂਦੀ, ਉਧਰ ਭਾਈ ਮਰਦਾਨੇ ਦੀ ਰਬਾਬ ਦੀਆਂ ਤਾਰਾਂ ਦੀ ਝੁਨਝਨਾਹਟ ਸ਼ੁਰੂ ਹੋ ਜਾਂਦੀ। ਧੁਰ ਦਾ ਸ਼ਬਦ ਸੱਚਖੰਡ ਵਿਚੋਂ ਅਗੰਮੀ ਧੁਨੀ ਲਹਿਰਾਂ ਉਪਰ ਬਿਰਾਜਮਾਨ ਹੋ ਕੇ ਗੁਰੂ ਨਾਨਕ ਦੇਵ ਜੀ ਦੇ ਅਧਿਆਤਮ ਵਿਚ ਉਤਰਦਾ ਤਾਂ ਗੁਰੂ ਨਾਨਕ ਦੇਵ ਜੀ ਉਸ ਸ਼ਬਦ ਨੂੰ ਮੁੜ ਪ੍ਰਸਾਰਿਤ ਕਰਦੇ।ਇਹ ਪ੍ਰਸਾਰਣ ਮਰਦਾਨੇ ਦੀ ਰਬਾਬ ਰਾਹੀਂ ਹੁੰਦਾ ਜੋ ਅਗੰਮੀ ਧੁਨਾਂ ਦਾ ਦੁਨਿਆਵੀ ਧੁਨਾਂ ਵਿਚ ਰੂਪਾਂਤਰਣ ਕਰ ਦਿੰਦੀ।
ਭਾਈ ਮਰਦਾਨੇ ਨੇ ਗੁਰੂ ਜੀ ਤੋਂ ਫਕੀਰ ਬਣਨ ਦਾ ਕਾਰਨ ਪੁੱਛਿਆ ਤਾਂ ਗੁਰੂ ਬਾਬੇ ਨੇ ਕਿਹਾ “ਸੁਣ ਮਰਦਾਨਿਆਂ, ਅਸਾਂ ਤੈਨੂੰ ਤਾਰ ਗੁਣ ਦਿੱਤਾ ਸੀ। ਸੋ ਅਜ ਦਿਨ ਵਾਸਤੇ ਅਸੀਂ ਤੈਨੂੰ ਉਡੀਕਦੇ ਆਹੇ। ਆਉ ਭਲਾ ਕੀਤੋ।” ਗੁਰੂ ਜੀ ਨੇ ਉਸ ਨੂੰ ਸਪੱਸ਼ਟ ਕੀਤਾ “ਮਰਦਾਨਿਆਂ ਸਾਡੇ ਨਾਲ ਭੁਖ-ਨੰਗ ਹੋਈ। ਅਤੇ ਜੋ ਸੁਖ ਭੋਗ ਮੰਗੇ ਤਾਂ ਜਾਹਿ ਤਲਵੰਡੀ।” ਗੁਰੂ ਬਾਬੇ ਨੇ ਕਰਤਾਰਪੁਰ ਆਸਣ ਜੋ ਲਾਉਣਾ ਸੀ। ਤਲਵੰਡੀ ਦਾ ਤਿਆਗ ਕੀਤੇ ਬਿਨਾਂ ਮਰਦਾਨਾ ਕਰਤਾਰਪੁਰ ਜਾ ਕਿਵੇਂ ਸਕਦਾ ਹੈ?
‘ਤਲਵੰਡੀ’ ਮੋਹ ਦਾ, ਪਰਿਵਾਰਿਕ ਚਿੰਤਾਵਾਂ ਦਾ ਅਤੇ ਸੁਆਰਥ ਦਾ ਪ੍ਰਤੀਕ ਹੈ ਪਰ ‘ਕਰਤਾਰਪੁਰ’ ਕਰਤੇ ਦਾ ਸਥਾਨ, ਪਰਉਪਕਾਰ, ਸੇਵਾ, ਸਿਮਰਨ ਅਤੇ ਆਨੰਦ ਦਾ ਪ੍ਰਤੀਕ ਹੈ ਮਰਦਾਨੇ ਨੇ ਤਲਵੰਡੀ ਦਾ ਮੋਹ ਤਿਆਗ ਦਿੱਤਾ, ਕਹਿਣ ਲੱਗਾ, ਜੀ ਮੈਨੂੰ ਜਾਣਾ ਹੁਣ ਅਉਖਾ ਹੋਇਆ। ਹੁਣ ਮੈਂ ਕਿਥੇ ਜਾਵਾਂ। ਮੈਨੂੰ ਤਾਂ ਤੁਸੀਂ ਜੇਹਾ ਸੰਸਾਰ ‘ਤੇ ਨਜ਼ਰ ਨਹੀਂ ਆਉਂਦਾ। ਭਾਈ ਮਰਦਾਨਾ ਜੀ ਨੇ ਖੁਦ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਮਿਸ਼ਨ ਲਈ ਸਮਰਪਿਤ ਕਰ ਦਿੱਤਾ।ਨਿਰਸੰਦੇਹ, ਉਹ ਪਹਿਲੇ ਮਹਾਂਪੁਰਸ਼ ਸਨ, ਜਿਨ੍ਹਾਂ ਖ਼ੁਦ ਨੂੰ ਸਿੱਖ ਮਤ ਲਈ ਸਮਰਪਿਤ ਕੀਤਾ। ਭਾਈ ਮਰਦਾਨਾ ਜੀ ਦੀ ਦੂਰ-ਦ੍ਰਿਸ਼ਟੀ ਅਤੇ ਕਲਿਆਣਕਾਰੀ ਨਜ਼ਰ ਨੇ ‘ਭੁੱਖ-ਨੰਗ ਭਾਵ ਅਤੇ ਮੁਸ਼ਕਲ ਰਸਤੇ ਦੀ ਚੋਣ ਕੀਤੀ।
ਭਾਈ ਮਰਦਾਨਾ ਜੀ ਅਤੇ ਸਾਦਾ, ਪਵਿੱਤਰ, ਸੰਜੀਦਾ ਅਤੇ ਮਿਲਾਪੜੇ ਸੁਭਾਅ ਜਿਹੇ ਉੱਚ ਗੁਣਾਂ ਦਾ ਮੁਜੱਸਮਾ ਸਨ। ਭਾਈ ਮਰਦਾਨਾ ਜੀ ਬੱਚਿਆਂ ਵਾਂਗ ਜਿਦਾਂ ਕਰਦੇ ਅਤੇ ਉਹ ਮਨ ਦੀ ਗੱਲ ਨੂੰ ਕਦੇ ਛੁਪਾਉਂਦੇ ਨਾ। ਗੁਰੂ ਨਾਨਕ ਦੇਵ ਜੀ ਉਸ ਦੇ ਐਸੇ ਸੁਭਾਅ ਕਾਰਨ ਖਿਝਦੇ ਨਹੀਂ ਸਨ।ਉਹ ਉਸ ਨਾਲ ਹਮੇਸ਼ਾਂ ਪਿਆਰ ਤੇ ਨਿਮਰਤਾ ਨਾਲ ਪੇਸ਼ ਆਉਂਦੇ। ਭਾਈ ਮਰਦਾਨਾ ਜੀ ਵਿਚ ਜਗਿਆਸੂ ਵਾਲੇ ਸਾਰੇ ਗੁਣ ਮੌਜੂਦ ਸਨ। ਇਸ ਕਰਕੇ ਉਹ ਸੰਭਾਵਿਤ ਸ਼ੰਕਿਆਂ ਅਤੇ ਪ੍ਰਸ਼ਨਾਂ ਦਾ ਹੱਲ ਗੁਰੂ ਬਾਬੇ ਤੋਂ ਕਰਵਾ ਲੈਂਦੇ ਸਨ। ਇਸ ਤਰ੍ਹਾਂ ਉਹ ਗੁਰੂ ਬਾਬੇ ਤੋਂ ਰਹੱਸ ਦੀਆਂ ਗੱਲਾਂ ਸਮਝ ਲੈਂਦੇ।
ਭਾਈ ਮਰਦਾਨੇ ਦੀ ਸ਼ਖ਼ਸੀਅਤ ਸਾਧਾਰਣ ਜਗਿਆਸੂ ਵਾਲੀ ਸੀ ਤਾਂ ਗੁਰੂ ਨਾਨਕ ਦੇਵ ਜੀ ਅਲੌਕਿਕ ਸ਼ਕਤੀਆਂ ਦੇ ਮਾਲਕ ਅਤੇ ਲੋਕ-ਪ੍ਰਲੋਕ ਦੇ ਜਾਣੂ ਸਨ। ਭਾਈ ਮਰਦਾਨਾ ਜੀ ਖੁਦ ਨਿਮਰਤਾ ਰੱਖਦਿਆਂ ਜਗਤ-ਗੁਰੂ ਦੀ ਦਿੱਬਤਾ ਨੂੰ ਪ੍ਰਗਟ ਕਰ ਦਿੰਦੇ। ਹਉਮੈ ਨਾ ਮਾਤਰ ਵੀ ਆਪ ਵਿਚ ਨਹੀਂ ਸੀ। ਭਾਈ ਮਰਦਾਨਾ ਜੀ ਨੂੰ ਇਹ ਅਹਿਸਾਸ ਸੀ ਕਿ ਜਿਸ ਮਹਾਂਪੁਰਸ਼ ਨਾਲ ਉਹ ਰਹਿ ਰਿਹਾ ਹੈ, ਉਹ ਕੋਈ ਸਾਧਾਰਨ ਪੁਰਸ਼ ਨਹੀਂ। ਉਹ ਹਰ ਸਮੇਂ ਗੁਰੂ ਬਾਬੇ ਦੇ ਹੁਕਮ ਵਿਚ ਰਹਿੰਦਾ। ਉਸ ਦਾ ਗੁਰੂ ਬਾਬੇ ਵਿਚ ਦ੍ਰਿੜ੍ਹ ਵਿਸ਼ਵਾਸ ਸੀ। ਇਨ੍ਹਾਂ ਸਭ ਗੁਣਾਂ ਕਰਕੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਖੁਦ ਤੋਂ ਕਦੇ ਵੱਖ ਨਾ ਕੀਤਾ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਉਪਰ ਅਪਾਰ ਬਖਸ਼ਿਸ਼ਾਂ ਕੀਤੀਆਂ?
ਗੁਰੂ ਆਖਿਆ, “ਮਰਦਾਨਿਆਂ ਤੂ ਨਿਹਾਲ ਹੋਆ। ਦੀਨ-ਦੁਨੀਆ ਭੀ।” ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਸਦਕਾ ਅਗਮ ਨਿਗਮ ਦੀ ਸੋਝੀ ਹੋ ਚੁਕੀ ਸੀ।
ਇਕ ਹੋਰ ਮਾਣ ਭਾਈ ਮਰਦਾਨਾ ਜੀ ਨੂੰ ਅਜਿਹਾ ਮਿਲਿਆ ਜੋ ਬਾਅਦ ਦੇ ਕਿਸੇ ਹੋਰ ਸਿੱਖ ਨੂੰ ਪ੍ਰਾਪਤ ਨਹੀਂ ਹੋਇਆ। ਬਿਹਾਗੜੇ ਦੀ ਵਾਰ ਵਿਚਲੇ ਦੇ ਸਲੋਕ ਮਰਦਾਨਾ ਜੀ ਨੂੰ ਸਮਰਪਿਤ ਹਨ। ਇਸ ਤੋਂ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਮਨ ਵਿਚ ਭਾਈ ਮਰਦਾਨਾ ਜੀ ਲਈ ਕਿਤਨਾ ਪਿਆਰ ਸੀ।
ਜਨਮ-ਸਾਖੀਆਂ ਵਿਚ ਭਾਈ ਮਰਦਾਨਾ ਜੀ ਦਾ ਵਿਅਕਤੀਤਵ ਸਹਾਇਕ ਪਾਤਰ ਵਾਲਾ ਹੈ।ਸਹਾਇਕ ਪਾਤਰ ਵਜੋਂ ਉਹ ਨਾਇਕ ਗੁਰੂ ਨਾਨਕ ਸਾਹਿਬ ਤੋਂ ਕੁਝ ਅਖਵਾਉਣ ਲਈ ਪਲਾਟ ਤਿਆਰ ਕਰਦਾ ਹੈ।
ਉਸ ਦਾ ਭੁੱਖ ਨੂੰ ਜਰ ਨਾ ਸਕਣਾ, ਬਾਰ-ਬਾਰ ਘਰ ਜਾਣ ਲਈ ਕਹਿਣਾ, ਲਾਲਚੀ ਹੋਣਾ, ਡਰੂ ਹੋਣਾ, ਰੱਬੀ ਗਿਆਨ ਨੂੰ ਨਾ ਸਮਝਣਾ ਆਦਿ ਨਾਲ ਉਹ ਪ੍ਰਤੀਕਾਤਮਿਕ ਪਾਤਰ ਹੋ ਨਿਬੜਦਾ ਹੈ। ਇਹ ਸਾਰੇ ਲੱਛਣ ਉਸ ਮਨੁੱਖ ਦੇ ਹੀ ਹਨ, ਜੇਹੜਾ ਇਨ੍ਹਾਂ ਦੁਰਗੁਣਾਂ ਨੂੰ ਤਾਂ ਤਿਆਗਦਾ ਨਹੀਂ, ਪਰ ਪਰਮ ਸਤ ਦਾ ਅਭਿਲਾਸ਼ੀ ਹੈ। ਭਾਵ ਕਿ ਜਨਮ-ਸਾਖੀਆਂ ਵਾਲਾ ਮਰਦਾਨਾ, ਅਸਲ ਮਰਦਾਨੇ ਤੋਂ ਭਿੰਨ ਹੈ। ਸਾਖੀਕਾਰਾਂ ਨੇ ਮਰਦਾਨੇ ਦੇ ਪਾਤਰ ਨੂੰ ਸਾਖੀਆਂ ਵਿਚ ਇਕ ਪ੍ਰਤੀਕ ਵਜੋਂ ਵਰਤ ਲਿਆ ਹੈ। ਡਾਕਟਰ ਗੁਰਚਰਨ ਸਿੰਘ ਦਾ ਕਹਿਣਾ ਠੀਕ ਹੈ ਇਸ ਪਾਤਰ ਨੂੰ ਲੇਖਕਾਂ ਨੇ ਗੁਰੂ ਨਾਨਕ ਸਾਹਿਬ ਦੀ ਦਿੱਬਤਾ ਦੇ ਵਿਰੋਧ ਵਿਚ ਲਿਆ ਕੇ ਨਾ ਕੇਵਲ ਗੁਰੂ ਨਾਨਕ ਦੀ ਦਿੱਬਤਾ ਨੂੰ ਹੀ ਵਧੇਰੇ ਤੀਖਣਤਾ ਵਿਚ ਮਰਦਾਨੇ ਦੀਆਂ ਨਿੱਕੀਆਂ-ਨਿੱਕੀਆਂ ਇਹ ਲੋਕਿਕ ਚਿੰਤਾਵਾਂ ਤੇ ਵਿਵਹਾਰ ਸਾਰੀ ਰਚਨਾ ਵਿਚ ਇਕ ਸੁਹਜ ਦਾ ਤੱਤ ਭਰ ਦਿੰਦਾ ਹੈ।
ਭਾਈ ਮਰਦਾਨਾ ਜੀ ਦਾ ਦੇਹਾਂਤ ਕਦੋਂ ਅਤੇ ਕਿਥੇ ਹੋਇਆ, ਇਸ ਬਾਰੇ ਵੀ ਅੰਤਮ ਨਿਰਣੈ ਉਪਰ ਪਹੁੰਚ ਸਕਣਾ ਮੁਸ਼ਕਲ ਹੈ। ਭਾਈ ਕਾਨ੍ਹ ਸਿੰਘ ਨੇ ਆਪ ਜੀ ਦਾ ਦੇਹਾਂਤ ੧੩ ਮੱਘਰ ਸੰਮਤ ੧੫੯੧ ਨੂੰ ਅਫ਼ਗਾਨਿਸਤਾਨ ਦੇ ਦਰਿਆ ਕੁਰੱਮ ਦੇ ਕਿਨਾਰੇ ਹੋਣਾ ਦੱਸਿਆ ਹੈ, ਨਾਲ ਹੀ ਇਹ ਵੀ ਮੰਨਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਸਕਾਰ ਆਪ ਕੀਤਾ। ਇਸ ਕਥਨ ਨਾਲ ਸਹਿਮਤ ਹੋਣਾ ਇਸ ਕਰਕੇ ਮੁਸ਼ਕਿਲ ਹੈ ਕਿਉਂਕਿ ਸੰਮਤ ੧੫੯੧ ਵਿਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ, ਉਨ੍ਹਾਂ ਦਾ ਸਸਕਾਰ ਲਈ ਮੁੜ ਅਫਗਾਨਿਸਤਾਨ ਜਾਣ ਦਾ ਉਲੇਖ ਕਿਧਰੇ ਨਹੀਂ ਮਿਲਦਾ। ਦੂਜੇ ਪਾਸੇ ਕੁਝ ਇਤਿਹਾਸਕਾਰਾਂ ਨੇ ਭਾਈ ਮਰਦਾਨਾ ਜੀ ਦਾ ਦੇਹਾਂਤ ਕਰਤਾਰਪੁਰ ਵਿਖੇ, ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਸਮਾਉਣ ਤੋਂ ੮ ਦਿਨ ਬਾਅਦ ਦੱਸਿਆ ਹੈ। ਉਧਰ ਹਰੀ ਰਾਮ ਗੁਪਤਾ ਨੇ ਬਗਦਾਦ ਵਿਖੇ ਲੱਗੇ ਸ਼ਿਲਾਲੇਖ ਵਿਚਲੇ ‘ਮੁਰਾਦ’ ਨੂੰ ਮਰਦਾਨਾ ਦੱਸਦਿਆਂ ਲਿਖਿਆ ਹੈ ਕਿ ਮਰਦਾਨੇ ਦਾ ਦੇਹਾਂਤ ਬਗਦਾਦ ਫੇਰੀ ਸਮੇਂ ਹੋ ਗਿਆ।
ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਭਾਈ ਮਰਦਾਨਾ ਜੀ ਉੱਚ ਅਧਿਆਤਮਿਕ ਗੁਣਾਂ ਵਾਲੇ ਮਹਾਂਪੁਰਸ਼ ਸਨ, ਪਰ ਜਨਮ ਸਾਖੀ ਸਾਹਿਤ ਵਿਚ ਭਾਈ ਮਰਦਾਨਾ ਜੀ ਦਾ ਜੋ ਵਿਅਕਤੀਤਵ ਸਾਨੂੰ ਮਿਲਦਾ ਹੈ, ਉਹ ਉਹਨਾਂ ਦੀ ਸ਼ਖਸੀਅਤ ਦੇ ਅਨੁਕੂਲ ਨਾ ਹੁੰਦਿਆਂ ਹੋਇਆਂ ਵੀ ਉਹਨਾਂ ਦੇ ਮਹੱਤਵ ਨੂੰ ਘੱਟ ਨਹੀਂ ਹੋਣ ਦਿੰਦਾ।
ਭਾਈ ਮਰਦਾਨਾ ਜੀ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਵੀ ਸਨ।ਭਾਈ ਮਰਦਾਨਾ ਜੀ ਦੀ ਰਬਾਬ ਅੱਜ ਵੀ ਕੀਰਤਨੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਭਾਈ ਜੀ ਦੇ ਤਿਆਗ ਅਤੇ ਨਿਸ਼ਕਾਮਤਾ-ਭਰੇ ਜੀਵਨ ਤੋਂ ਸਾਡੇ ਕੀਰਤਨੀ ਅਤੇ ਸਿੱਖ ਵੱਡੀ ਸਿਖਿਆ ਗ੍ਰਹਿਣ ਕਰ ਸਕਦੇ ਹਨ।

ਲੇਖਕ – ਡਾ ਗੁਰਸ਼ਰਨਜੀਤ ਸਿੰਘ

ਹਵਾਲੇ:
੧. ਭਾਈ ਗੁਰਦਾਸ ੧:੩੫
੨. ਸ਼ਮਸ਼ੇਰ ਸਿੰਘ ਅਸ਼ੋਕ: ਮਿਰਾਸੀਆਂ ਦਾ ਪਿਛੋਕੜ ਅਤੇ ਭਾਈ ਮਰਦਾਨਾ, ਪੰਨਾ ੨੦ ੩. ਪ੍ਰਿੰ: ਸਤਿਬੀਰ ਸਿੰਘ: ਪੁਰਾਤਨ ਇਤਿਹਾਸਕ ਜੀਵਨੀਆਂ, ਪੰਨਾ ੬।
੪. ਸੁਰਿੰਦਰ ਸਿੰਘ ਕੋਹਲੀ (ਸੰਪਾ:) ‘ਜਨਮ ਸਾਖੀ ਭਾਈ ਬਾਲਾ, ਪੰਨਾ ੯੧-੯੨
੫. ਕੁਝ ਵਿਦਵਾਨਾਂ ਨੇ ਇਨ੍ਹਾਂ ਸਲੋਕਾਂ ਨੂੰ ਭਾਈ ਮਰਦਾਨੇ ਦੀ ਰਚਨਾ ਦੱਸਿਆ ਹੈ। ਪਰ ਸਲੋਕਾਂ ਉਪਰਲਾ ਸਿਰਲੇਖ ਸਲੋਕ ਮਹਲਾ ੧ ਵਿਚਲਾ ਮਹਲਾ ੧ ਇਹ ਸੁਝਾਉਂਦਾ ਹੈ ਕਿ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਡਾ: ਪਿਆਰ ਸਿੰਘ (ਸੰਪਾ): ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ ੪੯
੬. ਡਾ: ਗੁਰਚਰਨ ਸਿੰਘ, ਮੱਧਕਾਲੀਨ ਪੰਜਾਬੀ ਵਾਰਤਕ, ਪੰਨਾ ੬
੭. ‘ਮਹਾਨ ਕੋਸ਼’, ਪੰਨਾ ੯੫੪
੮. ਹਰੀ ਰਾਮ ਗੁਪਤਾ, ਹਿਸਟਰੀ ਆਫ ਦਾ ਸਿੱਖਸ, ਪੰਨਾ ੬੯

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply