Breaking News

ਪੰਜਾਬ ਚੋਣਾਂ:ਵਿਚਾਰਧਾਰਾ ਉੱਤੇ ਢਲਦੀਆਂ ਸ਼ਾਮਾਂ।

0 0

ਪੰਜਾਬ ਚੋਣਾਂ:ਵਿਚਾਰਧਾਰਾ ਉੱਤੇ ਢਲਦੀਆਂ ਸ਼ਾਮਾਂ।

ਸਿੱਖ ਕੌਮ ਵਿਚਾਰਧਾਰਾ ਤੋਂ ਦੂਰ ਦੂਰ,ਪਰ ਬਿਪਰ ਸੰਸਕਾਰ ਦੇ ਨੇੜੇ ਨੇੜੇ।

ਇਹ ਦਿਸਦਾ ਸੰਸਾਰ ਕਿੱਧਰ ਨੂੰ?

ਚਾਰੇ ਪਾਰਟੀਆਂ ਦੀ ਵਿਚਾਰਧਾਰਾ ਨੂੰ ਅਲਵਿਦਾ

ਪਰ ਸਿਮਰਨਜੀਤ ਸਿੰਘ ਮਾਨ ਦਾ ਦੀਪ ਅਜੇ ਵੀ ਜਗਦਾ ਹੈ।

ਕਰਮਜੀਤ ਸਿੰਘ ਚੰਡੀਗੜ੍ਹ
99150-91063

ਦੋਸਤੋ!ਜੇ ਮੈਂ ਇਹ ਕਿਹਾ ਕਿ ਵਿਚਾਰਧਾਰਾ (ideology)ਦੀ ਮਹਾਨਤਾ,ਵਿਚਾਰਧਾਰਾ ਦਾ ਇਤਿਹਾਸਕ ਰੋਲ ਜਾਂ ਵਿਚਾਰਧਾਰਾ ਦੀ ਮਹਿਮਾ ਦਾ ਹੁਣ ਭੋਗ ਪੈ ਗਿਆ ਹੈ ਤਾਂ ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਅਸਹਿਮਤੀ ਦਾ ਤੂਫ਼ਾਨ ਉੱਠ ਖੜ੍ਹਾ ਹੋਵੇਗਾ, ਕਿਉਂਕਿ ਇਨ੍ਹਾਂ ਚੋਣਾਂ ਵਿੱਚ ਹਰੇਕ ਪਾਰਟੀ,ਹਰ ਇੱਕ ਉਮੀਦਵਾਰ ਕਦੇ ਵੀ ਨਹੀਂ ਮੰਨਣ ਲੱਗਾ ਕਿ ਉਸ ਦੀ ਕੋਈ ਵਿਚਾਰਧਾਰਾ ਹੀ ਨਹੀਂ ਜਾਂ ਉਹ ਵਿਚਾਰਧਾਰਾ ਤੋਂ ਬਿਨਾਂ ਹੀ ਤੁਰਿਆ ਫਿਰਦਾ ਹੈ। ਉਹ ਸਮਝੇਗਾ ਜਿਵੇਂ ਉਸ ਨੂੰ ਕਿਸੇ ਨੇ ਕੋਈ ਗਾਲ੍ਹ ਕੱਢ ਦਿੱਤੀ ਹੋਵੇ।

ਪਰ ਜੇਕਰ ਇਸੇ ਗੱਲ ਨੂੰ ਸਵਾਲ ਦੀ ਸ਼ਕਲ ਵਿਚ ਪੇਸ਼ ਕੀਤਾ ਜਾਵੇ ਕਿ “ਕੀ ਪੰਜਾਬ ਵਿਚ ਵਿਚਾਰਧਾਰਾ ਦਾ ਮੁਕੰਮਲ ਭੋਗ ਪੈ ਗਿਆ ਹੈ?”ਤਾਂ ਹਰ ਕੋਈ ਮੇਰੀ ਗਲ ਸੁਣਨ ਲਈ ਤਿਆਰ ਜ਼ਰੂਰ ਹੋ ਜਾਵੇਗਾ।

ਵਿਚਾਰਧਾਰਾ ਦੀ ਗੱਲ ਕਰਨ ਤੋਂ ਪਹਿਲਾਂ ਰਤਾ ਕੁ ਆਪਣੇ ਪੁਰਾਣੇ ਸੁਭਾਅ,ਬਣ ਚੁੱਕੀਆਂ ਪੁਰਾਣੀਆਂ ਆਦਤਾਂ ਤੋਂ ਖਹਿੜਾ ਛੁਡਾ ਕੇ ਆਪਣੇ ਆਪ ਨੂੰ “ਅੰਤਰਰਾਸ਼ਟਰੀ ਵਿਹੜੇ” ਵਿਚ ਲੈ ਜਾਈਏ ਤਾਂ ਗੱਲਾਂ ਹੋਰ ਵੀ ਸਪਸ਼ਟ ਹੋਣਗੀਆਂ ਅਤੇ ਦਿਲਚਸਪ ਵੀ।

ਦੋਸਤੋ 1992 ਵਿੱਚ ਇੱਕ ਮਸ਼ਹੂਰ ਕਿਤਾਬ ਆਈ ਜਿਸ ਨੇ ਸਾਰੀ ਦੁਨੀਆਂ ਦੇ ਰਾਜਨੀਤਕ ਤੇ ਸਮਾਜ ਵਿਗਿਆਨੀਆਂ ਵਿੱਚ ਤਹਿਲਕਾ ਮਚਾ ਦਿੱਤਾ ਸੀ।ਇੱਥੋਂ ਤਕ ਕਿ ਪੜ੍ਹੇ ਲਿਖੇ ਬੁਧੀਜੀਵੀਆਂ ਅਤੇ ਜਗਦੇ ਮਘਦੇ ਵਿਦਿਆਰਥੀਆਂ ਦੇ ਵੀ ਕੰਨ ਖੜ੍ਹੇ ਹੋ ਗਏ।

ਉਸ ਸਮੇਂ ਬਰਲਿਨ ਦੀਵਾਰ ਡਿੱਗ ਚੁੱਕੀ ਸੀ। ਸੋਵੀਅਤ ਯੂਨੀਅਨ ਦਾ ਭੋਗ ਪੈ ਗਿਆ ਸੀ ਅਤੇ ਇੰਜ ਦੂਜੀ ਵਿਸ਼ਵ ਜੰਗ ਤੋਂ ਪਿੱਛੋਂ ਸ਼ੁਰੂ ਹੋਈ ਠੰਢੀ ਜੰਗ ਇੱਕ ਤਰ੍ਹਾਂ ਨਾਲ ਖ਼ਤਮ ਹੋ ਗਈ ਸੀ ਅਤੇ ਦੁਨੀਆਂ ਇਹ ਕਹਿਣ ਲੱਗ ਪਈ ਸੀ ਕਿ ਹੁਣ ਇਹ ਦਿਸਦਾ ਸੰਸਾਰ unipolar ਹੈ ਅਤੇ ਇਸ ਦੀ ਅਗਵਾਈ ਅਮਰੀਕਾ ਕਰ ਰਿਹਾ ਹੈ। ਉਸ ਤੋਂ ਪਹਿਲਾਂ ਸੰਸਾਰ ਬਾਈਪੋਲਰ ਸੀ, ਅਰਥਾਤ ਦੋ ਥੰਮ੍ਹਾਂ ਉੱਤੇ ਖੜ੍ਹਾ ਸੀ ਜਿਸ ਵਿੱਚ ਇੱਕ ਪਾਸੇ ਅਮਰੀਕਾ ਸੀ ਤੇ ਦੂਜੇ ਪਾਸੇ ਸੋਵੀਅਤ ਯੂਨੀਅਨ ਸੀ। ਦੋਸਤੋ, ਕਿਤਾਬ ਦਾ ਨਾਂ ਸੀ “end of history and the last man”ਲੇਖਕ ਅਮਰੀਕਾ ਦਾ ਸੀ ਜਿਸ ਦਾ ਨਾਂ ਫਰਾਂਸਿਸ ਫੂਕੋਯਾਮਾ ਹੈ।

ਇਹ ਵਿਦਵਾਨ ਇਹ ਕਹਿਣਾ ਚਾਹੁੰਦਾ ਸੀ ਕਿ ਵਿਚਾਰਧਾਰਾ ਯਾਨੀ ਪੂੰਜੀਵਾਦ, ਮਾਰਕਸਵਾਦ,ਸਮਾਜਵਾਦ ਆਦਿ ਸਿਸਟਮ ਹੁਣ ਆਖ਼ਰੀ ਸਾਹ ਗਿਣ ਰਹੇ ਹਨ ਅਤੇ “ਉਦਾਰਵਾਦ ਜਮਹੂਰੀਅਤ” ਦਾ ਨਵਾਂ ਸੂਰਜ ਇਸ ਧਰਤੀ ਤੇ ਚਡ਼੍ਹਿਆ ਹੈ ਜਿਸ ਦਾ ਅਮਰੀਕਾ ਖ਼ੂਬਸੂਰਤ ਪ੍ਰਤੀਕ ਹੈ।ਹੁਣ ਕੋਈ ਜੰਗ ਨਹੀਂ ਹੋਵੇਗੀ ਅਤੇ ਸਭ ਮਸਲੇ ਸੁੱਖੀ ਸਾਂਦੀ ਗਲਬਾਤ ਦੀ ਮੇਜ਼ ਤੇ ਹਲ ਹੋਣਗੇ। ਵੈਸੇ ਅਮਰੀਕਾ ਉਨ੍ਹਾਂ ਦਿਨਾਂ ਵਿਚ ਪੂਰੀ ਫੂਕ ਛਕ ਰਿਹਾ ਸੀ ਕਿਉਂ ਕਿ ਕੋਈ ਵੀ ਸ਼ਰੀਕ ਹੁਣ ਉਸ ਦੇ ਸਾਹਮਣੇ ਨਹੀਂ ਸੀ। ਇਸ ਕਿਤਾਬ ਦੀ ਭਰਪੂਰ ਆਲੋਚਨਾ ਵੀ ਹੋਈ ਅਤੇ ਭਰਪੂਰ ਹਮਾਇਤ ਵੀ।

ਲਗਪਗ ਉਸੇ ਸਮੇਂ ਇਕ ਹੋਰ ਕਿਤਾਬ clash of civilizations ਆਈ ਜਿਸ ਦਾ ਲੇਖਕ ਸੈਮੂਅਲ ਹੰਟਿੰਗਟਨ ਸੀ ਅਤੇ ਉਹ ਵੀ ਅਮਰੀਕਾ ਦਾ ਹੀ ਸੀ।ਇਸ ਕਿਤਾਬ ਨੇ ਤਾਂ ਕਾਮਰੇਡ ਭਰਾਵਾਂ ਦੇ ਹਲਕਿਆਂ ਵਿੱਚ ਸੱਥਰ ਵਿਛਾ ਦਿੱਤਾ ਸੀ। ਉਂਜ ਇਨ੍ਹਾਂ ਦੋਵਾਂ ਕਿਤਾਬਾਂ ਵਿਚ ਚੀਰਫਾੜ ਕਿਸੇ ਹੋਰ ਸਮੇਂ ਕਰਾਂਗੇ,ਹੁਣ ਤਾਂ ਕੇਵਲ ਪੰਜਾਬ ਦੀਆਂ ਚੋਣਾਂ ਵਿਚ ਦੱਸਣ ਵਾਲੀ ਪਰ ਭੇਤ ਭਰੀ ਗੱਲ ਇਹ ਦੱਸਾਂਗੇ ਕਿ ਪੰਜਾਬ ਵਿੱਚ ਵਿਚਾਰਧਾਰਾ ਦਾ ਭੋਗ ਪੈ ਗਿਆ ਹੈ?

ਦੋਸਤੋ! ਇਸ ਸਵਾਲ ਦਾ ਜਵਾਬ ਇਕ “ਉਦਾਸ ਹਾਂ”ਵਿੱਚ ਦੇਣਾ ਪੈ ਰਿਹਾ ਹੈ।

ਖੈਰ, ਆਪਾਂ ਇਤਿਹਾਸ ਵੱਲ ਮੁੜਦੇ ਹਾਂ। ਮੇਰੀ ਉਮਰ ਦੇ ਜਾਗਦੇ ਬੰਦੇ ਇਹ ਜਾਣਦੇ ਹਨ ਕਿ ਪੰਜਾਬੀ ਸੂਬੇ ਦੀ ਲਹਿਰ ਸਮੇਂ ਸਿੱਖ ਚੇਤਨਾ ਦਾ ਪੱਧਰ ਇਸ ਹੱਦ ਤਕ ਉੱਚਾ-ਸੁੱਚਾ ਸੀ ਕਿ ਉਹ ਕਾਂਗਰਸ ਅਤੇ ਕਾਂਗਰਸੀਆਂ ਦੇ ਨੇਡ਼ੇ ਜਾਣਾ ਵੀ ਇੱਕ ਤਰ੍ਹਾਂ ਨਾਲ ਗੁਨਾਹ ਸਮਝਦੇ ਸਨ। ਇਥੋਂ ਤਕ ਕਿ ਰਿਸ਼ਤੇ ਵੀ ਨਹੀਂ ਸਨ ਕਰਦੇ।ਉਸ ਸਮੇਂ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਜੋ ਜ਼ੁਲਮ ਅਕਾਲੀ ਭਰਾਵਾਂ ਉਤੇ ਕੀਤੇ ਅਤੇ ਜਿਵੇਂ ਜਥੇਦਾਰ ਮੋਹਨ ਸਿੰਘ ਤੁੜ ਤੇ ਪਰਿਵਾਰ ਨੂੰ ਇਸ ਜ਼ੁਲਮ ਦਾ ਨਿਸ਼ਾਨਾ ਬਣਾਇਆ ਸੀ, ਉਸ ਤੋਂ ਅਕਾਲੀ ਬਹੁਤ ਗੁੱਸੇ ਵਿੱਚ ਸਨ। ਵੈਸੇ ਉਸ ਸਮੇਂ “ਅਕਾਲੀ ਤੇ ਸਿੱਖ” ਇੱਕ ਦੂਜੇ ਦੇ ਪੂਰਕ ਸਨ।ਪਰ ਉਹ ਕਾਂਗਰਸੀ ਸਿੱਖਾਂ ਨੂੰ ਇਸ ਸ਼ਰੀਕਾ ਬਰਾਦਰੀ ਵਿੱਚ ਸ਼ਾਮਲ ਨਹੀਂ ਸਨ ਕਰਦੇ।ਕਿੰਨੇ ਚੰਗੇ ਦਿਨ ਸਨ ਅਤੇ ਅਜ?

ਫਿਰ ਦੋਸਤੋ,ਖ਼ਾਲਸਾ ਪੰਥ ਉੱਤੇ ਪਤਝੜ ਦੀ ਉਦਾਸ ਰੁੱਤ ਆ ਗਈ।ਹੌਲੀ ਹੌਲੀ ਸਿੱਖ ਚੇਤਨਾ ਵਿਚ ਰਲਾ ਆਉਣਾ ਸ਼ੁਰੂ ਹੋ ਗਿਆ।

ਤੁਹਾਨੂੰ ਸ਼ਾਇਦ ਯਾਦ ਨਾ ਹੋਵੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਕੈਰੋਂ ਪਰਿਵਾਰ ਨਾਲ ਰਿਸ਼ਤਾ ਗੰਢ ਲਿਆ ਜੋ ਅਕਾਲੀ ਲਹਿਰ ਉੱਤੇ ਕੀਤੇ ਜ਼ੁਲਮਾਂ ਦਾ ਪ੍ਰਤੀਕ ਬਣ ਗਿਆ ਸੀ। ਹੈ ਨਾ ਹੈਰਾਨ ਹੋਣ ਵਾਲੀ ਗੱਲ!

ਇੱਥੇ ਇਹ ਯਾਦ ਕਰਵਾਉਣਾ ਵੀ ਜ਼ਰੂਰੀ ਹੈ ਕਿ ਜਦੋਂ ਸੰਤ ਜਰਨੈਲ ਸਿੰਘ ਨੂੰ ਬਾਦਲਾਂ ਦੇ ਬੰਦੇ ਕਾਂਗਰਸੀ ਏਜੰਟ ਕਹਿ ਕੇ ਸਿੱਖ ਲਹਿਰ ਨਾਲੋਂ ਤੋੜਨਾ ਚਾਹੁੰਦੇ ਸਨ,ਉਸ ਸਮੇਂ ਸੰਤਾਂ ਨੇ ਬਾਦਲਾਂ ਨੂੰ ਯਾਦ ਕਰਾਇਆ ਕਿ ਭਾਈ ਮੈਂ ਕਾਂਗਰਸੀ ਨਹੀਂ ਪਰ ਇਹ ਤਾਂ ਦੱਸੋ ਕਿ ਕਾਂਗਰਸੀਆਂ ਨਾਲ ਰਿਸ਼ਤੇ ਕੌਣ ਕਰਦਾ ਹੈ? ਇਸ ਦੀ ਟਕੋਰ ਬਾਦਲਾਂ ਉੱਤੇ ਸੀ।

ਦੋਸਤੋ ਇਹ ਉਹ ਦੌਰ ਸੀ ਜਦੋਂ ਕਾਂਗਰਸ ਤੇ ਅਕਾਲੀ ਦਲ ਰਾਜਨੀਤਕ ਤੌਰ ਤੇ ਸਹਿਜੇ ਸਹਿਜੇ ਨੇਡ਼ੇ ਹੋਣ ਲੱਗੇ ਸਨ। ਉਂਜ ਇਹ ਸਾਂਝ ਉਦੋਂ ਵੀ ਆਰੰਭ ਹੋ ਗਈ ਸੀ ਜਦੋਂ ਅਕਾਲੀ ਦਲ ਭੰਗ ਕਰ ਕੇ ਸਾਰੇ ਅਕਾਲੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਪਰ ਉਹ ਗੱਲ ਕਿਸੇ ਹੋਰ ਸਮੇਂ ਕਰਾਂਗੇ।

ਹੁਣ ਹਾਲਤਾਂ ਵਿੱਚ ਬਹੁਤ ਤਬਦੀਲੀ ਆ ਗਈ ਹੈ ।ਹੁਣ ਦੋਵੇਂ ਪਾਰਟੀਆਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਹੈ।ਰਿਸ਼ਤੇ ਵੀ ਹੁੰਦੇ ਹਨ ਤੇ ਇਹ ਵੀ ਹੁੰਦਾ ਹੈ ਕਿ ਜੇਕਰ ਇੱਕ ਭਰਾ ਕਾਂਗਰਸੀ ਹੈ ਤੇ ਦੂਜਾ ਅਕਾਲੀ ਹੋ ਸਕਦਾ ਹੈ।ਹੋਰ ਤਾਂ ਹੋਰ ਰਾਧਾ ਸੁਆਮੀਆਂ ਨਾਲ ਵੀ ਰਿਸ਼ਤੇ ਆਮ ਹੋ ਗਏ ਹਨ। ਇਹ ਸਿਲਸਿਲਾ ਹੇਠਾਂ ਤੋਂ ਉੱਪਰ ਤਕ ਚੱਲ ਰਿਹਾ ਹੈ।ਦੂਜੇ ਸ਼ਬਦਾਂ ਵਿੱਚ ਵਿਚਾਰਧਾਰਾ ਨੂੰ ਹੁਣ ਕੋਈ ਥਾਂ ਜਾਂ ਸਤਿਕਾਰ ਨਹੀਂ ।ਇੱਥੇ ਕੈਪਟਨ ਕਾਂਗਰਸੀ ਤੋਂ ਅਕਾਲੀ ਬਣ ਸਕਦਾ ਹੈ ਅਤੇ ਫਿਰ ਅਕਾਲੀ ਤੋਂ ਕਾਂਗਰਸੀ ਵੀ ਬਣ ਸਕਦਾ ਹੈ ਤੇ ਫਿਰ ਇਕ ਸਵੇਰ ਨੂੰ ਭਾਜਪਾ ਵੱਲ ਵੀ ਜਾ ਸਕਦਾ ਹੈ।

ਦੋਸਤੋ,ਫਿਰ ਉਹ ਸਮਾਂ ਆਇਆ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਧਰਤੀ ਤੇ ਪੈਰ ਰੱਖੇ ।ਤੁਸੀਂ ਊਠ ਨਾਲ ਜੁੜੀ ਕਹਾਵਤ ਸੁਣੀ ਹੀ ਹੋਵੇਗੀ ਕਿ ਉਸ ਨੇ ਤਰਲਾ ਲਿਆ ਕਿ ਮੈਨੂੰ ਇੱਕ ਵਾਰ ਤੰਬੂ ਵਿੱਚ ਸਿਰ ਲੁਕਾਉਣ ਲਈ ਥਾਂ ਦੇ ਦਿਓ, ਬੈਠਣ ਲਈ ਮੈਂ ਆਪੇ ਥਾਂ ਬਣਾ ਲਵਾਂਗਾ। ਹੁਣ ਇਹ ਪਾਰਟੀ ਆਮ ਦੀ ਥਾਂ ਖ਼ਾਸ ਬਣ ਚੁੱਕੀ ਹੈ ਅਤੇ ਇਸ ਨੇ ਆਪਣਾ ਸਾਰਾ “ਰਾਜਨੀਤਿਕ ਜਿਸਮ” ਤੰਬੂ ਵਿੱਚ ਕਰ ਲਿਆ ਹੈ ਅਤੇ ਸਿਖਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਉਹ ਲੁੱਟੇ ਜਾ ਰਹੇ ਹਨ।

ਪਰ ਅਸੀਂ ਤਾਂ ਗੱਲ ਵਿਚਾਰਧਾਰਾ ਦੀ ਕਰਨ ਜਾ ਰਹੇ ਹਾਂ। ਏਸ ਪਾਰਟੀ ਨੇ ਵੀ ਰਾਜਨੀਤਕ ਚੁਫ਼ੇਰਗੜ੍ਹੀਆ ਨੂੰ ਵਿਧਾਇਕ ਬਣਨ ਲਈ ਸੱਦਾ ਪੱਤਰ ਦੇ ਦਿੱਤੇ ਹਨ।

ਦੋਸਤੋ ਹੁਣ ਉਪਰੋਕਤ ਤਿੰਨੇ ਪਾਰਟੀਆਂ ਇੱਕ ਦੂਜੇ ਨਾਲ ਘਿਓ ਖਿਚੜੀ ਹਨ,ਜਦ ਕਿ ਸਾਰੇ ਇਹ ਦਾਅਵਾ ਕਰਦੇ ਥਕਦੇ ਨਹੀਂ ਕਿ ਸਾਡੀ ਵਿਚਾਰਧਾਰਾ ਤਾਂ ਦੂਜਿਆਂ ਨਾਲੋਂ ਵੱਖਰੀ ਹੈ। ਹਕੀਕਤ ਇਹ ਹੈ ਕਿ ਵਿਚਾਰਧਾਰਾ ਦਾ ਭੋਗ ਪੈ ਰਿਹੈ।
ਦੋਸਤੋ ਆਖ਼ਰੀ ਗੱਲ। ਯਾਦ ਕਰੋ ਉਹ ਸਮਾਂ ਜਦੋਂ ਭਾਰਤੀ ਜਨਤਾ ਪਾਰਟੀ (ਸਾਬਕਾ ਜਨਸੰਘ) ਤੇ ਅਕਾਲੀਆਂ ਦਾ ਇੱਟ ਕੁੱਤੇ ਦਾ ਵੈਰ ਸੀ।ਜਨਸੰਘ ਪੰਜਾਬੀ ਨੂੰ ਹੱਦੋਂ ਵੱਧ ਨਫ਼ਰਤ ਕਰਦੇ ਸਨ। ਉਂਜ ਅੱਜ ਵੀ ਕਰਦੇ ਹਨ ਪਰ ਬਹੁਤੀ ਨਫ਼ਰਤ “ਲੁਕੀ” ਰਹਿੰਦੀ ਹੈ ਤੇ ਥੋੜ੍ਹੀ ਨਫ਼ਰਤ “ਪ੍ਰਤੱਖ” ਹੈ।ਨਵੀਂ ਪੀੜ੍ਹੀ ਨੂੰ ਇਹ ਵੀ ਯਾਦ ਕਰਾਉਣਾ ਚਾਹੀਦਾ ਹੈ ਕਿ ਇਸੇ ਪਾਰਟੀ ਨੇ ਚਾਰ ਜ਼ਿਲ੍ਹਿਆਂ ਦੇ ਕਾਲਜਾਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੋੜਨ ਦੇ ਮੁੱਦੇ ਤੇ ਵਜ਼ਾਰਤ ਤੋਂ ਅਸਤੀਫਾ ਦੇ ਦਿੱਤਾ ਸੀ ,ਕਿਉਂਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲੋਂ ਇਹ ਲੋਕ ਪੰਜਾਬ ਯੂਨੀਵਰਸਿਟੀ ਨੂੰ ਪਹਿਲ ਦਿੰਦੇ ਸਨ। ਅੱਜ ਵੀ ਪੰਜਾਬ ਯੂਨੀਵਰਸਿਟੀ ਵਿਚ 90 ਫੀਸਦੀ ਤੋਂ ਉੱਪਰ ਪ੍ਰੋਫ਼ੈਸਰ ਤੇ ਮੁਲਾਜ਼ਮ ਭਾਰਤ ਦੀ ਬਹੁ ਗਿਣਤੀ ਨਾਲ ਜੁੜੇ ਲੋਕ ਹੀ ਹਨ।ਇਸ ਯੂਨੀਵਰਸਿਟੀ ਬਾਰੇ ਵੀ ਅੰਕੜਿਆਂ ਸਮੇਤ ਤੁਹਾਡੇ ਦਰਬਾਰ ਵਿੱਚ ਦਾਖਲ ਹੋਵਾਂਗੇ।

ਪਰ ਹੁਣ ਕਹਿੰਦੇ ਕਹਾਉਂਦੇ ਸਿੱਖ ਧੜਾ ਧੜ ਭਾਜਪਾ ਵਿਚ ਜਾ ਰਹੇ ਹਨ।ਉਨ੍ਹਾਂ ਵਿੱਚੋਂ ਕਈ ਰਸਸ ਦੇ ਵੀ ਗੁਣ ਗਾਉਂਦੇ ਹਨ। ਮੱਥੇ ਤੇ ਹਥ ਮਾਰਨ ਵਾਲੀ ਗਲ ਇਹ ਹੈ ਕਿ ਟਕਸਾਲ ਨਾਲ ਜੁੜਿਆ ਇਕ ਪ੍ਰੋਫੈਸਰ ਭਾਜਪਾ ਦੀ ਸ਼ਰਨ ਵਿੱਚ ਚਲੇ ਗਿਆ ਹੈ। ਹੈਰਾਨ ਹੋ ਰਹੇ ਹੋਵੋਗੇ ਕਿ ਭਾਜਪਾ-ਰਸਸ ਕਿਥੋਂ ਤਕ ਘੁਸ ਪੈਂਠ ਕਰ ਗਈ ਹੈ।

ਅੱਧੇ ਸਿੱਖ ਭਾਜਪਾ ਦੇ ਉਮੀਦਵਾਰ ਬਣ ਕੇ ਚੋਣ ਲੜ ਰਹੇ ਹਨ।ਇਸ ਵਾਰ ਭਾਵੇਂ ਭਾਜਪਾ ਬਹੁਤੀ ਕਾਮਯਾਬ ਨਾ ਹੋਵੇ ਪਰ 2027 ਦੀਆਂ ਚੋਣਾਂ ਵਿੱਚ ਨੰਬਰ ਦੋ ਜਾਂ ਨੰਬਰ ਇੱਕ ਦੀ ਪਾਰਟੀ ਬਣ ਕੇ ਉੱਭਰ ਸਕਦੀ ਹੈ।ਵਿਚਾਰਧਾਰਾ ਦਾ ਭੋਗ ਪੈ ਗਿਆ ਹੈ। ਵਿਚਾਰਧਾਰਾ ਦਾ ਭੋਗ ਭਾਵੇਂ ਪੈ ਜਾਵੇ,ਸਾਨੂੰ ਇਸ ਗੱਲ ਦੀ ਚਿੰਤਾ ਨਹੀਂ ਪਰ ਜਦੋਂ ਇਹ ਸੁਣਦੇ ਹਾਂ ਕਿ ਸਿੱਖ- ਵਿਚਾਰਧਾਰਾ ਦਾ ਭੋਗ ਪੈਣ ਵਾਲਾ ਹੈ ਤਾਂ ਗੁੱਸਾ ਆਉਂਦਾ ਹੈ ਜਿਸ ਵਿੱਚ ਬੇਵਸੀ ਤੇ ਮਜਬੂਰੀ ਦੀ ਝਲਕ ਆਪ ਮੁਹਾਰੇ ਆ ਜਾਂਦੀ ਹੈ।

ਵੈਸੇ ਵਿਚਾਰਧਾਰਾ ਦਾ ਇੱਕ ਦੀਪ ਅਜੇ ਵੀ ਹਨੇਰੀਆਂ ਵਿੱਚ ਜਗ ਰਿਹਾ ਹੈ ਅਤੇ ਉਹ ਸਿਮਰਨਜੀਤ ਸਿੰਘ ਮਾਨ ਦਾ ਦੀਪ ਹੈ। ਉਸ ਦਾ ਵਿਚਾਰਧਾਰਕ-ਦੀਪ ਜਿਵੇਂ ਪੰਜਾਬ ਦੀਆਂ ਤਮਾਮ ਰਾਜਨੀਤਕ ਪਾਰਟੀਆਂ ਨੂੰ ਮਿਹਣਾ ਮਾਰ ਰਿਹਾ ਹੋਵੇ ਕਿ:
ਦੋ ਬੇੜੀਆਂ ਖਡ਼੍ਹੀਆਂ ਨੇ,
ਤੁਸੀਂ ਕੰਢੇ ਢੂੰਡ ਲਏ,
ਮੈਂ ਲਹਿਰਾਂ ਫੜੀਆਂ ਨੇ।
•••••••••••••••••••
ਵਹੀ ਚਰਾਗ਼ ਹਵਾ ਕਾ ਜ਼ੋਰ ਤੋੜੇਂਗੇ,
ਕਿ ਬਾਜ਼ੀ ਹਾਰ ਕੇ ਵੀ ਜਿਸ ਕੇ ਹੌਸਲੇ ਨਾ ਗਏ।

ਦੋਸਤੋ ਆਰਮੇਨੀਆ ਦੇ ਸਿਆਣੇ ਬਜ਼ੁਰਗਾਂ ਵਿਚ ਇਕ ਕਹਾਵਤ ਮਸ਼ਹੂਰ ਹੈ ਕਿ “ਪਾਲੇ ਵਿਚ ਆਕੜ ਗਏ ਸੱਪ ਨੂੰ ਜੇ ਨਿੱਘ ਦਿਓਗੇ ਤਾਂ ਉਹ ਤੁਹਾਨੂੰ ਹੀ ਡੰਗ ਮਾਰੇਗਾ” ਪਰ ਮੇਰਾ ਖਿਆਲ ਹੈ ਕਿ ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਨੂੰ ਇਸ ਸੱਚਾਈ ਤੇ ਵੀ ਕਦੇ ਕਦੇ ਅਮਲ ਕਰਨਾ ਚਾਹੀਦਾ ਹੈ ਕਿ ਸਾਨ ਨੂੰ ਚਿੱਕੜ ਤੋਂ ਬਾਹਰ ਨਿਕਲਣ ਵਿਚ ਮਦਦ ਕਰੋਗੇ ਤਾਂ ਸਾਨ ਬਾਹਰ ਆ ਕੇ ਤੁਹਾਨੂੰ ਹੀ ਟੱਕਰ ਮਾਰੇਗਾ।

ਵੱਡੇ ਤੇ ਛੋਟੇ ਬਾਦਲ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਭਾਜਪਾ ਨਾਲ ਪਾਈ ਯਾਰੀ ਦਾ ਨਜ਼ਾਰਾ ਹੁਣ ਦੇਖ ਹੀ ਰਹੇ ਹੋਣਗੇ ਕਿ ਸਾਨ ਹੁਣ ਉਨ੍ਹਾਂ ਨੂੰ ਹੀ ਟੱਕਰ ਮਾਰ ਰਿਹਾ ਹੈ।ਅਤੇ ਕੌਣ ਜਾਣੇ ਕਿ 2027 ਦੀਆਂ ਚੋਣਾਂ ਵਿਚ ਸੁਖਬੀਰ ਇਹ ਅਰਦਾਸ ਕਰਨ ਲਈ ਮਜਬੂਰ ਹੋ ਜਾਵੇਗਾ ਕਿ “ਰੱਬਾ ਮੈਨੂੰ ਉਸ ਤੋਂ ਬਚਾਈ ਜਿਸ ਨੂੰ ਕਦੇ ਮੈਂ ਬਚਾਇਆ ਸੀ। ਪਰ ਦੋਸਤੋ।ਓ ਅਰਦਾਸ ਨੀਲੀ ਛੱਤ ਵਾਲਾ ਜ਼ਰੂਰ ਹੀ ਅਣਸੁਣੀ ਕਰੇਗਾ।


ਸਰਦਾਰ ਕਮਜੀਤ ਸਿੰਘ ( ਸੀਨੀਅਰ ਪੱਤਰਕਾਰ)

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply