Breaking News

ਮੈਂ ਦਰਿਆਵਾਂ ਦਾ ਹਾਣੀ ਸੀ
ਤਰਨੇ ਪੈ ਗਏ ਖਾਲ ਨੀ ਮਾਏ।

0 0

ਮੈਂ ਮਸਾਂ ਛੇ ਕੁ ਸਾਲ ਦਾ ਸੀ ਜਦੋਂ ਸਿਮਰਨਜੀਤ ਸਿੰਘ ਮਾਨ ਜੇਲ ਤੋਂ ਰਿਹਾਅ ਹੋ ਕੇ ਆਏ । ਪਹਿਲੀ ਰੈਲੀ ਸਾਡੇ ਪਿੰਡ ਵੀਲੇ ਤੇਜੇ ‘ਚ ਸਾਡੇ ਬਜੁਰਗਾਂ ਨੇ ਰੱਖੀ । ਬਾਬਾ ਠਾਕੁਰ ਸਿੰਘ ਨੇ ਵੀ ਆਉਣਾ ਸੀ । ਲੰਗਰ ‘ਚ ਦਾਲ ਫੁਲਕੇ ਨਾਲ ਸਿਰੰਜੀ ਬਤਾਊ, ਰੈਲੀ ਤੋਂ ਦੋ ਦਿਨ ਪਹਿਲਾਂ ਸਾਡੇ ਵਿਹੜੇ ‘ਚ ਮਾਈਆਂ ਬੀਬੀਆਂ ਭਾਜਾ ਕੱਟਦੀਆਂ ਰਹੀਆਂ । ਡੇਰਾ ਭੂਰੀ ਵਾਲੇ ਬਾਬਾ ਨਾਮਦਾਨ ‘ਚ ਪ੍ਰੋਗਰਾਮ ਸੀ । ਬੜਾ ਮੀਹ ਵਰਿਆ, ਪਰ ਬਾਵਯੂਦ ਏਨਾ ਕੱਠ ਸੀ ਕਿ ਵੱਡੇ ਹਾਲ ‘ਚ ਸੰਗਤਾਂ ਨੂੰ ਬੇਨਤੀ ਕਰਨੀ ਪਈ ਕਿ ਖਲੋ ਕੇ ਹਾਜਰੀ ਭਰੋ ਚੌਕੜਾ ਮਰਿਆ ਥਾਂ ਵੱਧ ਮੱਲੀ ਜਾਂਦੀ ਸੀ । ਲੰਗਰ ਵੀ ਮਸਤਾਨੇ ਹੋ ਗਏ । ਮੇਰੇ ਚੇਤੇ ‘ਚ ਸਿਆਸੀ ਚੇਤਨਾ ਦਾ ਇਹ ਮੁੱਢ ਸੀ । ਯਾਦ ਸਿਰਫ ਇਕ ਗੱਲ ਆ ਕਿ ਮਾਨ ਸਾਬ ਦੀ ਪੁੱਟੀ ਹੋਈ ਦਾਹੜੀ ਅੱਖੀ ਵੇਖ ਮਾਈਆਂ ਕਈ ਦਿਨ ਪੁਲਿਸ ਨੂੰ ਲਾਹਨਤਾਂ ਪਾਉਂਦੀਆਂ ਰਹੀਆਂ। ਹੋਰ ਗੱਲਾਂ ਦੁਹਰਾਉਂ ਨਾ ਹੋਣ ਕਰਕੇ ਚੇਤੇ ਨਹੀਂ ।
ਫੇਰ ਸ਼ਹੀਦਾਂ ਦਿਆਂ ਭੋਗਾਂ ਤੇ ਜਾਂਦੇ । ਲਾਸ਼ਾਂ ਲੈਣ ਲਈ ਥਾਣੇ ਘੇਰਨੇ । ਸਾਡੇ ਮੋੜ ਤੋਂ ਟਰਾਲੀਆਂ ਭਰਨੀਆਂ । “ਭੋਗ ਗੁਪਤ ਪਾਏ ਜਾਣਗੇ”, ਘਰਾਂ ‘ਚ ਅਰਦਾਸਾਂ ਕਰਨ ਦਾ ਹੁਕਮ ਹੋਣਾ । ਸ਼ਹੀਦ ਸਤਵੰਤ ਸਿੰਘ ਦੇ ਬਾਪੂ ਤਰਲੋਕ ਸਿੰਘ ਅਗਵਾਨ ਜਦੋਂ ਚੋਣਾਂ ‘ਚ ਖਲੋਤੇ ਤਾਂ ਮੈਂ ਪਹਿਲੀ ਵਾਰ ਵਰਕਰੀ ਕੀਤੀ ।
ਫੇਰ ਆਈਆਂ ਚੋਣਾਂ ਤੇ ਮਾਨ ਦਲ ਦਾ ਬੂਥ ਅਸੀ ਲਾਉਂਦੇ ਪਰ ਜਿੱਤ ਕਦੇ ਨਾ ਨਸੀਬ ਹੋਈ । ਹਾਰ ਨੂੰ ਵੱਡਿਆ ਨੇ ਸਹਿਜ ਹੀ ਮਨ ਲੈਣਾ ਪਰ ਮੈਨੂੰ ਨਿਆਣੇ ਨੂੰ ਹਾਰ ਨਹੀੰ ਸੀ ਹਜਮ ਹੁੰਦੀ । ਬੜੇ ਮਜੂਸ ਹੋਣਾ ।
ਕਿਸੇ ਵੇਲੇ ਬੂਥ ਦਾ ਮਤਲਬ ਇਕ ਦਰੀ ਤੇ ਕੋਰੇ ਕਾਗਜ ਦੀਆਂ ਪਰਚੀਆਂ ਤੇ ਵੋਟਰ ਲਿਸਟਾਂ ਹੁੰਦੀਆਂ ਸੀ । ਅਕਾਲੀਆਂ ਕਾਂਗਰਸੀਆਂ ਦੇ ਬੂਥਾਂ ਤੇ ਟੈਂਟ ਹਾਊਸ ਦਾ ਸਮਾਨ ਆਉਣ ਲੱਗਾ । ਕੁਰਸੀਆਂ, ਸ਼ਮਿਆਨਾ, ਚਾਹ ਵਾਲੀ ਕੇਤਲੀ, ਪਕੌੜੇ ।
ਸਾਡੀ ਪਾਰਟੀ ਦੀ ਦਰੀ ‘ਚ ਥਾਂ ਥਾਂ ਮਗੋਰੇ ਹੋਣੇ । ਸਾਡੇ ਜਥੇਦਾਰ ਨੇ ਆਪ ਆਪਣੇ ਹੱਥੀਂ ਗੰਦੂਈ ਨਾਲ ਲੀਰਾਂ ਦੇ ਰੰਗ ਬਰੰਗੇ ਪੱਚ ਲਾਉਣੇ । ਇਉਂ 1997 ਆ ਗਿਆ । ਮੈਂ 13 ਸਾਲ ਦਾ ਗੱਭਰੂ ਸੀ । ਸਿਮਰਨਜੀਤ ਸਿੰਘ ਮਾਨ ਦੀ ਹਰ ਕੁਰਬਾਨੀ ਯਾਦ ਸੀ , ਸਾਡੇ ਸਾਹਮਣੇ ਕੋਈ ਕ੍ਰਿਪਾਨ ਵਾਲੇ ਮਸਲੇ ਤੇ ਮਾਨ ਦੀ ਅਲੋਚਨਾ ਨਹੀੰਂ ਕਰ ਸਕਦਾ ਸੀ । ਮੇਰੇ ਪਿਉ ਦਾ ਇਕ ਯਾਰ ਮਾਨ ਦੀ ਬਦੀ ਕਰਨ ਖਾਤਰ ਏਨਾ ਕਹਿ ਬੈਠਾ ਕਿ ਸਿਮਰਨਜੀਤ ਸਿੰਘ ਮਾਨ ਦੀ ਕੁੜੀ ਪੈਂਟ ਪਾਉੰਦੀ ਆ, ਮੇਰੇ ਪਿਉਂ ਨੇ ਉਸ ਦੇ ਮੂੰਹ ਤੇ ਚਪੇੜ ਮਾਰ ਪੁਰਾਣੀ ਸਾਂਝ ਪਲ ‘ਚ ਤੋੜ ਦਿਤੀ ਤੇ ਕਦੇ ਮਲਾਲ ਨਾ ਕੀਤਾ ।

ਇਕ ਵਾਰ ਮੇਰੇ ਠੇਡਾ ਲਗ ਕੇ ਪੈਰ ਦੇ ਅੰਗੂਠੇ ਦਾ ਨੌਹ ਪੁਟਿਆ ਗਿਆ । ਮੈਨੂੰ ਮਾਨ ਸਾਬ ਦੇ ਪੁਲਸ ਵੱਲੋਂ ਪੁਟੇ ਨੌਹ ਚੇਤੇ ਆ ਗਏ, ਸੀਅ ਨਹੀਂ ਕੀਤੀ । ਸੰਨ 1997 ‘ਚ ਬਾਦਲਾਂ ਦੀ ਸਰਕਾਰ ਬਣੀ ‘ਤੇ ਸਾਡੇ ਜਥੇਦਾਰ ਨੇ ਕਿਹਾ ਡੋਗਰਿਆਂ ਦਾ ਰਾਜ ਆ ਗਿਆ । ਉਹ ਕਾਂਗਰਸ ਦੇ ਰਾਜ ਨੂੰ ਮੁਗਲ ਰਾਜ ਦੱਸਦੇ ਸੀ ।
ਇਹਨਾਂ ਸਾਲਾਂ ‘ਚ ਹੀ ਸ੍ਰੋਮਣੀ ਕਮੇਟੀ ਦੀ ਚੋਣ ਹੋਈ । ਨਿਰਮਲ ਸਿੰਘ ਕਾਹਲੋਂ ਬੂਥ ਕੈਪਚਰਿੰਗ ਦਾ ਨਾਮੀ ਚਿਹਰਾ ਸੀ, ਸਾਡੇ ਪਿੰਡ ਹਰ ਵਾਰ ਦੀ ਤਰਾਂ ਕਲੇਸ਼ ਹੋਇਆ, ਰੋੜਿਆਂ ਦਾ ਮੀਹ ਵਰਦਾ ਸੀ । ਪਿਛਲੀਆਂ ਸਾਰੀਆਂ ਹਾਰਾਂ ਨੇ ਮੇਰੀ ਰੋੜਾ-ਥਰੋ ਨੂੰ ਬਹੁਤ ਬਲ ਦਿਤਾ । ਭੱਜਦੇ ਕਾਹਲੋਂ ਨੂੰ ਮੱਸ ਫੁਟੀਦੇ ਵੈਹੜਕਿਆਂ ਨੇ ਜੋ ਜਖਮ ਦਿਤੇ ਉਹੀ ਮੇਰੀ ਮੁਖ ਧਰਾਈ ਚੋਣ ਮੁਹਿੰਮਾਂ ਦੀ ਕੁੱਲ ਸਿਆਸੀ ਕਮਾਈ ਏ ।

ਫੇਰ ਇਕ ਦਿਨ ਉਸੇ ਅੱਧੋਰਾਣੀ ਹੋਈ ਦਰੀ ‘ਤੇ ਮੈਂ ਜਥੇਦਾਰ ਨੂੰ ਪੁਛਿਆ ਕਿ ਆਪਾਂ ਕਦੇ ਜਿੱਤਦੇ ਕਿਉਂ ਨਹੀਂ । ਉਹਨਾਂ ਨੇ ਕਿਹਾ ਕਿ ਹੱਕ, ਸੱਚ ਲਈ ਖਲੋਣ ਵਾਲੇ ਹਮੇਸ਼ਾ ਘੱਟ ਗਿਣਤੀ ਹੁੰਦੇ ਨੇ। ਇਹ ਕੂੜ-ਪਸਾਰਾ ਏ । ਜੇ ਅਸੀਂ ਪਾਸਾ ਬਦਲ ਕੇ ਕੁਫਰ ਨਾਲ ਜਾ ਖਲੋਈਏ ਤੇ ਚੋਣਾਂ ਜਿਤ ਜਾਵਾਂਗੇ ਪਰ ਧਰਮ ਤੇ ਇਮਾਨ ਸਣੇ ਬਹੁਤ ਕੁਝ ਹਾਰ ਜਾਵੇਗੇ ।

ਮੈਂ ਕੱਚੀ ਉਮਰ ਦੇ ਮੂੰਹਜੋਰ ਜਜਬਾਤ ਕਾਬੂ ‘ਚ ਨਾ ਰੱਖ ਸਕਿਆ ਤੇ ਦਰੀ ਤੋਂ ਇਹ ਕਹਿੰਦਿਆਂ ਉਠ ਖਲੋਤਾ , ” ਚਾਚਾ ਜੀ, ਜਿਹੜੀ ਖੇਡ ‘ਚ ਅਸੀੰ ਕਦੇ ਜਿੱਤਣਾਂ ਈ ਨਹੀਂ ਉਹ ਖੇਡਣੀ ਕਿਉਂ ਆ ? “
ਮੈਨੂੰ ਉਹ ਦਿਨ ਵੀ ਚੇਤੇ ਨੇ ਜਦੋਂ ਖਾੜਕੂਆਂ ਨੇ ਕੋਈ ਵੱਡਾ ਐਕਸ਼ਨ ਕਰ ਦੇਣਾ ਜਾਂ “ਅੱਜ ਦੀ ਅਵਾਜ” ਅਖਬਾਰ ;ਚ ਮਾਨ ਸਾਬ ਦਾ ਕੋਈ ਤਿਖਾ ਬਿਆਨ ਆ ਜਾਣਾ ਤਾਂ ਜਥੇਦਾਰ ਸਾਬ ਦੀ ਖਾਲਿਸਤਾਨੀ ਪੱਗ ਦਾ ਰੰਗ ਉਨ੍ਹਾਂ ਦੇ ਕਣਕਵੰਨੇ ਰੰਗ ‘ਚ ਮਿਲ ਦੀਵੇ ਦੀ ਲਾਟ ਵਾਂਗ ਦਗਣਾ ਤੇ ਉਨ੍ਹਾਂ ਮੁਸਕਰਾਉਂਦੀਆਂ ਅੱਖਾਂ ਨਾਲ ਕਹਿਣਾ, “ਜੰਗਲ ‘ਚ ਸ਼ੇਰ ਇਕ ਦੋ ਈ ਹੁੰਦੇ ਗਿਦੜਾਂ ਤੇ ਵੱਗ ਫਿਰਦੇ ਨੇ, ਦੁਨੀਆਂ ਸ਼ੇਰਾਂ ਦੀਆਂ ਬਾਤਾਂ ਪਾਉਂਦੀ ਏ “। ਪਰ ਉਦੋਂ ਮੈਨੂੰ ਇਹ ਨਹੀਂ ਸੀ ਸੁਝਦਾ , ਨਹੀਂ ‘ਤੇ ਜਰੂਰ ਪੁਛਦਾ ਕਿ ਜੇ ਸ਼ੇਰ ਜੰਗਲ ਚੋਂ ਚੋਣ ਲੜੇ ਤਾਂ ਗਿੱਦੜ ਜਿਤਣਗੇ ਜਾਂ ਸ਼ੇਰ ?
17ਵੇਂ ਸਾਲ ‘ਚ ਸਰਪੰਚੀ ਦੀ ਚੋਣ ‘ਚ ਪਹਿਲੀ ਤੇ ਆਖਰੀ ਵਾਰ ਆਪਣਾ “ਮੱਤਦਾਨ” ਕਰਕੇ ਆਪਣੀ ਮਤ ਆਪਣੇ ਲਈ ਰਾਖਵੀੰ ਕਰ ਲਈ । ਝੂਠਤੰਤਰ ਦੀਆਂ ਸ਼ਰਤਾ ਮੁਤਾਬਕ 18 ਸਾਲ ਦਾ ਬਾਲਗ ਆਪਣੀ ਵੋਟ ਬਾਰੇ ਚੋਣ ਕਰਨ ਦੇ ਸਮਰੱਥ ਹੁੰਦਾ ।

ਜੋ ਇਹ ਸਿਆਸੀ ਸਫਰ 18ਵੇਂ ਸਾਲ ‘ਚ ਸ਼ੁਰੂ ਕਰਦੇ ਨੇ ਉਨਾਂ ਨੂੰ ਗੱਲ ਚਿਰ ਪਿਛੋਂ ਸਮਝ ਆਊ । ਸਾਨੂੰ ਇਸ ਸਫਰ ਤੇ ਕੱਚੀ ਉਮਰੇ ਨਿਕਲਨਾ ਪਿਆ :

ਮੈਂ ਦਰਿਆਵਾਂ ਦਾ ਹਾਣੀ ਸੀ

ਤਰਨੇ ਪੈ ਗਏ ਖਾਲ ਨੀ ਮਾਏ।

ਚਰਨਜੀਤ ਸਿੰਘ ਤੇਜਾ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply