Breaking News

ਅਫਗਾਨੀਸਤਾਨ, ਤਾਲੀਬਾਨ, ਦੁਨੀਆ, ਸਿੱਖ ਅਤੇ ਭਵਿੱਖ (ਸੰਖੇਪ)

0 0

ਜੁਝਾਰ ਸਿੰਘ
ਅਫਗਾਨੀਸਤਾਨ ਦੇ ਤਖ਼ਤ ‘ਤੇ ਤਾਲੀਬਾਨ ਦੇ ਕਾਬਜ ਹੋ ਜਾਣ ਤੋਂ ਬਾਅਦ ਦੁਨੀਆਂ ਵੱਖ ਵੱਖ ਕੌਮਾਂ ਦੀ ਇਸ ਬਾਰੇ ਅੱਡਰੀ ਰਾਏ ਹੈ।
ਪੂੰਜੀਵਾਦ-ਬਸਤੀਵਾਦ ਦੇ ਝੰਡਾ ਬਰਦਾਰਾਂ ਨੂੰ ਇਹ ਗੱਲ ਹਲਕ ਤੋਂ ਹੇਠਾਂ ਨਹੀਂ ਉਤਰ ਰਹੀ ਕਿ ਕਿਵੇਂ ਕਿਸੇ ਖਿਤੇ ਦੇ ਲੋਕ ਰਿਵਾਇਤੀ ਜਥੇਬੰਦਕ ਢੰਗ ਨਾਲ ਉਹਨਾਂ ਦੀ ਅਤਿ ਨਫੀਸ (most sophisticated) ਨਾਟੋ ਤੇ ਅਮਰੀਕਨ ਫੌਜ ਨੂੰ ਹਰਾ ਸਕਦੇ ਹਨ। ਪੱਛਮ ਅਫਗਾਨੀਸਤਾਨ ਚ ਪੱਛਮੀ ਢੰਗ ਨਾਲ ਚੱਲਦੀ ਹਕੂਮਤ ਦਾ ਇੰਝ ਉਜਾੜਾ ਨਹੀਂ ਸਹਾਰ ਸਕਦਾ ਕਿਉਂਕਿ ਇਹ ਮਾਡਰਨ ਸਟੇਟ ਤੇ ਵੋਟ ਲੋਕਤੰਤਰ (poll democracy) ਦਾ ਪੁੱਠਾ ਗੇਅਰ ਸਾਬਤ ਹੋ ਸਕਦਾ ਹੈ ਜਿਸਦੀ ਜ਼ਦ ਚ ਹੋਰ ਵੀ ਖਿਤੇ ਆ ਸਕਦੇ ਹਨ। ਆਧੁਨਿਕਤਾ (Modernity) ਦੇ ਮੋਢਿਆਂ ਤੇ ਸਵਾਰ ਹੋ ਕੇ ਪੱਛਮ ਨੇ ਆਪਣੇ ਰਾਜ ਕਰਨ ਦੇ ਢੰਗ ਨੂੰ ਸਾਰੀ ਦੁਨੀਆਂ ਤੋੰ ਮਨਜੂਰ ਕਰਾ ਲਿਆ ਤੇ ਬਾਕੀ ਵੱਖ ਵੱਖ ਰਾਜ ਕਰਨ ਦੇ ਢੰਗਾਂ ਨੂੰ ‘ਤਾਨਾਸ਼ਾਹੀ’ ‘ਰਾਜਸ਼ਾਹੀ’ ‘ਜਗੀਰੂਵਾਦ’ ਆਦਿ ਨਾਮ ਦੇ ਕੇ ਇਹਨਾਂ ਨਾਲ ਨਕਰਾਤਮਕ ਲੱਖਣ (negative connotations) ਨਾਲ ਜੋੜ ਦਿੱਤੀਆਂ।
ਇਸ ਤੋਂ ਬਾਅਦ ਖੱਬੇਪੱਖੀ ਪ੍ਰਭਾਵ ਵਾਲੇ ਮੁਲਕ ਖਾਸਕਰ ਰੂਸ ਅਤੇ ਚੀਨ ਲਈ ਕਿਸੇ ਧਰਮ ਅਧਾਰਿਤ ਰਾਜ ਦੀ ਸਥਾਪਨਾ ਪਚਾਉਣੀ ਸੌਖੀ ਨਹੀਂ। ਪਰ ਇਸ ਮਾਮਲੇ ਚ ਅਫਗਾਨੀਸਤਾਨ ਦੀ ਕਮਾਲ ਦੀ ਭੂਗੋਲਿਕ ਸਥਿਤੀ (Geo-location) ਦੋਹਾਂ ਨੂੰ ਚੁੱਪ ਕਰਾਉਣ ਲਈ ਕਾਰਗਰ ਹੈ। ਦੋਵੇਂ ਇਸ ਖਿੱਤੇ ਚੋਂ ਅਮਰੀਕਾ ਦੇ ਜਾਣ ਤੋਂ ਖੁਸ਼ ਹਨ ਤੇ ਭਵਿੱਖ ਵਿਚ ਇਸ ਖਿੱਤੇ ਤੋਂ ਵਪਾਰਕ ਲਾਹੇ ਦੀ ਉਮੀਦ ਰੱਖਦੇ ਹਨ। ਜੇ ਤਾਲੀਬਾਨ ਇਹਨਾਂ ਦੋਹਾਂ ਮੁਲਕਾਂ ਨਾਲ ਸੁਰ ਮਿਲਾ ਕੇ ਨਹੀਂ ਚਲਦਾ ਤਾਂ ਟਕਰਾਅ ਲਾਜ਼ਮ ਹੈ। ਰੂਸ ਉਂਝ ਵੀ ਤਾਲੀਬਾਨਾਂ ਕੋਲੋਂ ਤਿੰਨ ਦਹਾਕੇ ਪਹਿਲਾਂ ਭੰਨਾਈਆਂ ਨਾਸਾਂ ਦੀ ਕੌੜ ਤਾਲੀਬਾਨ ਨਾਲ ਰੱਖਦਾ ਹੈ।
ਮੁਸਲਿਮ ਮੁਲਕਾਂ ਚੋਂ ਅਜੇ ਪਾਕਿਸਤਾਨ ਖੁਲ ਕੇ ਤਾਲੀਬਾਨ ਦਾ ਸਮਰਥਨ ਕਰ ਰਿਹਾ ਹੈ। ਇਹ ਪਾਕਿਸਤਾਨ ਦੀ ਲੋੜ ਵੀ ਹੈ ਤੇ ਰਣਨੀਤੀ ਵੀ। ਪਾਕਿਸਤਾਨ ਨੂੰ ਇਕ ਪਾਸੇ ਚੀਨ ਤੇ ਦੂਜੇ ਪਾਸੇ ਤਾਲੀਬਾਨ ਨਾਲ ਹੱਥ ਮਿਲਾ ਕੇ ਭਾਰਤ ਤੋਂ ਤਕੜਾ ਹੋਣ ਦਾ ਮੌਕਾ ਮਿਲਿਆ ਹੈ। ਆਪਣੇ ਕਬੀਲੇ ਤੱਕ ਮਤਲਬ ਰੱਖਣ ਵਾਲੇ ਮੁਸਲਿਮ ਮੁਲਕ ਅਜੇ ਕੋਈ ਫੈਸਲਾ ਤੋਂ ਪਹਿਲਾਂ ਵੱਡੀਆਂ ਤਾਕਤਾਂ ਦਾ ਰੁਖ ਦੇਖਣਗੇ।
ਹਿੰਦੁਸਤਾਨ ਲਈ ਤਾਲੀਬਾਨ ਦਾ ਉਭਾਰ ਜ਼ਹਿਰ ਵਰਗਾ ਹੈ ਜੋ ਉਸਨੂੰ ਹੁਣ ਨਿਗਲਣਾ ਹੀ ਪੈਣਾ ਹੈ। ਹਿੰਦੁਸਤਾਨ ਨੇ ਵਪਾਰ ਦੇ ਪੱਖ ਤੋਂ ਅਫਗਾਨੀਸਤਾਨ ਦੀ ਭੂਗੋਲਿਕ ਸਥਿਤੀ ਨੂੰ ਸਮਝਦਿਆਂ ਅਮਰੀਕਾ ਦੇ ਆਸਰੇ ਉਥੇ ਖਰਬਾਂ ਦਾ ਨਿਵੇਸ਼ ਕੀਤਾ ਹੈ। ਹੁਣ ਜਦੋਂ ਥੱਕਿਆ ਹੰਭਿਆ ਅਮਰੀਕਾ ਉਥੋਂ ਪੱਤਰਾ ਵਾਚ ਗਿਆ ਹੈ ਤਾਂ ਭਾਰਤ ਦੀ ਹਾਲਤ ਕਾਵਾਂ ਚ ਘਿਰੀ ਫੋੜੇ ਵਾਲੀ ਗਾਂ ਵਰਗੀ ਹੈ ਜਿਸ ਨੂੰ ਚੁਫੇਰਿਓਂ ਠੁੰਗੇ ਵੱਜਦੇ ਹਨ। ਪਰ ਸ਼ਾਤਰ ਦਮਾਗ ਬਿਪਰ ਨੇ ਮੌਕੇ ਦੀ ਨਜਾਕਤ ਸਮਝਦਿਆਂ ਤਾਲੀਬਾਨ ਨਾਲ ਕਤਰ ਵਿਚ ਤਿੰਨ ਬੈਠਕਾਂ ਕਰ ਲਈਆਂ ਹਨ। ਦੂਜੇ ਪਾਸੇ ਪਾਕਿਸਤਾਨ ਤੋਂ ਅਫਗਾਨੀਸਤਾਨ ਜਾ ਕੇ ਲੜਨ ਵਾਲੇ ਲੜਾਕੇ ਤਾਲੀਬਾਨ ਦੇ ਸਥਾਪਤ ਹੋਣ ਪਿਛੋੰ ਚਿੱਟੇ ਵਿਹਲੇ ਹੋ ਜਾਣਗੇ ਜੋ ਕਸ਼ਮੀਰ ਨੂੰ ਵੀ ਟੱਕਰ ਸਕਦੇ ਹਨ।
ਸਿੱਖਾਂ ਲਈ ਤਾਲੀਬਾਨ ਦਾ ਉਭਾਰ ਸਭ ਤੋਂ ਮਹੱਤਵਪੂਰਨ ਹੈ। ਸਭ ਤੋਂ ਪਹਿਲਾ ਤੌਖਲਾ ਜੋ ਸਿੱਖਾਂ ਵਲੋਂ ਪ੍ਰਗਟ ਕੀਤਾ ਜਾ ਰਿਹਾ ਹੈ ਉਹ ਉਥੇ ਵੱਸਦੇ ਮੁੱਠੀ ਭਰ ਸਿੱਖਾਂ ਦਾ ਹੈ। ਸਿੱਖਾਂ ਲਈ ਅਫਗਾਨੀਸਤਾਨ ਦੀ ਧਰਤੀ ਇਤਿਹਾਸਕ ਪੱਖ ਤੋੰ ਵੀ ਖਾਸ ਹੈ। ਇਸ ਸਮੇਂ ਤਾਲੀਬਾਨ ਵਲੋਂ ਸਿੱਖਾਂ ਦੀ ਸੁਰੱਖਿਆ ਦੀ ਗੱਲ ਕਹੀ ਜਾ ਰਹੀ ਹੈ। ਤਾਲੀਬਾਨ ਦੋ ਕਾਰਣਾਂ ਕਰਕੇ ਸਿੱਖਾਂ ਨੂੰ ਰਹਿਣ ਦੀ ਇਜਾਜਤ ਦੇ ਸਕਦੇ ਹਨ; ਪਹਿਲਾ ਕਾਰਣ ਇਹ ਕਿ ਤਿੰਨ ਚਾਰ ਸੌ ਸਿੱਖ ਤਾਲੀਬਾਨ ਲਈ ਕੋਈ ਚੁਣੌਤੀ ਨਹੀਂ ਤੇ ਮੁੱਠੀ ਭਰ ਸਿੱਖਾਂ ਦੀ ਰਾਖੀ ਨਾਲ ਉਹ ਆਪਣਾ ਅਕਸ ਸੁਧਾਰ ਸਕਦਾ ਹੈ। ਦੂਜਾ ਕਾਰਣ ਖਾਸ ਮਹੱਤਵ ਰੱਖਦਾ ਹੈ, ਜੇਕਰ ਤਾਲੀਬਾਨ ਸਿੱਖਾਂ ਦੇ ਇਤਿਹਾਸ, ਤਕੜਾ diaspora ਅਤੇ ਹਿੰਦੁਸਤਾਨ ਦੇ ਅੰਦਰ ਸਿੱਖਾਂ ਦੇ ਹਲਾਤ ਤੋਂ ਵਾਕਫ ਹੈ ਤਾਂ ਉਹ ਭਵਿੱਖ ਦੀ ਰਣਨੀਤੀ ਤਹਿਤ ਸਿੱਖਾਂ ਨਾਲ ਕਦੇ ਨਹੀਂ ਵਿਗਾੜੇਗਾ। ਜੇ ਤਾਲੀਬਾਨ ਦੂਜੇ ਕਾਰਣ ਤਹਿਤ ਸਿੱਖਾਂ ਨਾਲ ਆਦਰ ਨਾਲ ਪੇਸ਼ ਆਉਂਦਾ ਹੈ ਤਾਂ ਵਿਦੇਸ਼ਾਂ ਚ ਵਸਦੇ ਸਿੱਖਾਂ ਦੀ ਰਣਨੀਤਕ ਪਰਖ ਦੀ ਘੜੀ ਜਲਦ ਨੇੜੇ ਆਵੇਗੀ। ਪੱਛਮੀ ਤੇ ਹਿੰਦੁਤਵੀ ਮੀਡੀਏ ਦੇ ਪ੍ਰਭਾਵ ਹੇਠ ਪਿਛਲੇ 70 ਸਾਲ ਚ ਸਿੱਖਾਂ ਦੀ ਅਫਗਾਨੀਸਤਾਨ ਚ ਘਟੀ ਜਨਸੰਖਿਆ ਨੂੰ ਅਧਾਰ ਬਣਾ ਗਾਲਾਂ ਕੱਢਣ ਵਾਲੇ ਨੋਟ ਕਰਨ ਕਿ ਇਹਨਾਂ 70 ਸਾਲਾਂ ਚ ਤਾਲੀਬਾਨ ਕੋਲ ਸਿਰਫ ਪੰਜ ਸਾਲ ਹੀ ਸੱਤਾ ਰਹੀ ਹੈ। ਸਿੱਖਾਂ ਲਈ ਇਸ ਸਾਰੇ ਵਰਤਾਰੇ ਚੋਂ ਸਿੱਖਣ ਵਾਲੀ ਗੱਲ ਇਹ ਹੈ ਕਿ ਸਾਡੇ ਪੁਰਖਿਆਂ ਨੂੰ ਸਾਵੇਂ ਟਕਰਣ ਵਾਲੇ ਅਫਗਾਨ ਜੇ ਰਵਾਇਤੀ ਢੰਗ ਨਾਲ ਮਾਡਰਨ ਤਾਕਤਾਂ ਤੇ ਢਾਂਚੇ ਖਿਲਾਫ਼ ਲੜਦਿਆਂ ਰਾਜ ਸਥਾਪਤ ਕਰ ਸਕਦੇ ਹਨ ਤਾਂ ਸਿੱਖਾਂ ਨੂੰ ਵੀ ਕਿਸੇ ਬਹੁ ਗਿਣਤੀ ਤੇ ਤਕੜੀ ਸਟੇਟ ਦੇ ਭੈਅ ਨੂੰ ਗਲੋਂ ਲਾਹੁਣਾ ਪਵੇਗਾ।
ਇਸ ਸਮੇਂ ਕਿਸੇ ਵੀ ਸਰੋਤ ਤੋਂ ਆਉਣ ਵਾਲੀ ਖ਼ਬਰ ਨੂੰ ਬਰੀਕ ਨਿਗ੍ਹਾ ਨਾਲ ਪਰਖਣ ਦੀ ਲੋੜ ਹੈ। ਉਥੇ ਰਹਿੰਦੇ ਸਿੱਖਾਂ ਦੇ ਮਾਲ ਅਸਬਾਬ ਨੂੰ ਖਤਰਾ ਦਸ ਕੇ ਭਾਰਤ ਬੁਲਾਉਣ ਦੀ ਸਲਾਹ ਇਕ ਵਾਰ ਤਾਂ ਜਚਦੀ ਹੈ ਪਰ ਭਾਰਤ ਦੇ ਸੱਤਰ ਸਾਲਾ ਇਤਿਹਾਸ ਚ ਸਿੱਖ ਕਿਵੇਂ ਦਿਨ ਕੱਟੀ ਕਰ ਰਹੇ ਹਨ ਤਾਂ ਉਹ ਦੇਖ ਲੈਣ ਤੇ ਭਾਰਤ ਬੁਲਾਉਣਾ ਵੀ ਕੋਈ ਸੁਰੱਖਿਆ ਨਹੀੰ।
ਤਾਲੀਬਾਨਾਂ ਨੂੰ ਔਰਤਾਂ ਦੀ ਅਜਾਦੀ ਖਿਲਾਫ ਦਸਣ ਵਾਲੇ ਪੱਛਮੀ ਵਿਚਾਰਧਾਰਕ ਆਪਣੇ ਅੰਦਰ ਝਾਤ ਮਾਰ ਕੇ ਦਸਣ ਕਿ ਕੀ ਪੂੰਜੀਵਾਦ ਨੇ ਔਰਤ ਨੂੰ ਵਸਤੂ ਬਣਾ ਕੇ ਨਹੀਂ ਵੇਚਿਆ? ਤਾਲੀਬਾਨ ਦੀ ਸਰਕਾਰ ਵਾਲੇ ਇਸ ਮੁਲਕ ਨੂੰ ਫਿਲਹਾਲ ਦਰਜਨਾਂ ਦੂਜੇ ਮੁਸਲਿਮ ਮੁਲਕਾਂ ਵਾਂਗ ਹੀ ਦੇਖਿਆ ਜਾਵੇ।
ਬਾਕੀ ਸਿੱਖਾਂ ਨੂੰ ਦੁਨੀਆਂ ਦੀ ਕਿਸੇ ਵੀ ਤਾਕਤ ਕੋਲੋਂ ਸਰਬਤ ਦੇ ਭਲੇ ਦੀ ਉਮੀਦ ਰੱਖਣੀ ਸਿਆਣਪ ਨਹੀਂ ਪਰ ਰਾਜਨੀਤਕ ਦ੍ਰਿਸ਼ਟੀ ਜਰੂਰ ਨਿਖਾਰ ਲੈਣੀ ਚਾਹੀਦੀ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply