ਸਿੱਖ ਨਜ਼ਰੀਆ
ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਹੋਰ ਸੇਵਾਮੁਕਤ ਪੁਲੀਸ ਅਫ਼ਸਰਾਂ ਖ਼ਿਲਾਫ਼ ਦਰਜ ਫ਼ੌਜਦਾਰੀ ਮਾਮਲੇ ਦੀ ਸੁਣਵਾਈ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਵਿੱਚ ਹੋਈ। ਅਦਾਲਤ ਨੇ ਅਗਲੀ ਸੁਣਵਾਈ ਲਈ 7 ਅਗਸਤ ਦਾ ਦਿਨ ਮੁਕੱਰਰ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਸੈਣੀ ਕੇਸ ਦੀ ਪੈਰਵੀ ਲਈ ਨਿਯੁਕਤ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ, ਜ਼ਿਲ੍ਹਾ ਅਟਾਰਨੀ ਸੰਜੀਵ ਬੱਤਰਾ ਅਤੇ ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਯੂਟੀ ਪੁਲੀਸ ਦੇ ਦੋ ਸੇਵਾਮੁਕਤ ਇੰਸਪੈਕਟਰਾਂ ਅਨੋਖ ਸਿੰਘ ਅਤੇ ਜਗੀਰ ਸਿੰਘ ਨੂੰ ਪਹਿਲਾਂ ਦਿੱਤੀ ਕੱਚੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ। ਬਚਾਅ ਪੱਖ ਦੇ ਵਕੀਲ ਐੱਚਐੱਸ ਧਨੋਆ ਨੇ ਮੁਲਜ਼ਮਾਂ ਨੂੰਪਹਿਲਾਂ ਦਿੱਤੀ ਕੱਚੀ ਜ਼ਮਾਨਤ ਬਰਕਰਾਰ ਰੱਖਣ ਲਈ ਕਿਹਾ। ਬਚਾਅ ਪੱਖ ਨੇ ਸਰਕਾਰੀ ਵਕੀਲ ਵੱਲੋਂ ਮੁਲਜ਼ਮਾਂ ਦੀਆਂ ਜ਼ਮਾਨਤਾਂ ਰੱਦ ਕਰਨ ਸਬੰਧੀ ਦਾਖ਼ਲ ਕੀਤੀ ਅਰਜ਼ੀ ਬਾਰੇ ਆਪਣਾ ਜਵਾਬ ਦਾਅਵਾ ਪੇਸ਼ ਕਰਨ ਲਈ ਅਦਾਲਤ ਤੋਂ ਕੁਝ ਦਿਨਾਂ ਦੀ ਮੋਹਲਤ ਮੰਗੀ ਗਈ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਾਮਲੇ ਦੀ ਸੁਣਵਾਈ 7 ਅਗਸਤ ’ਤੇ ਅੱਗੇ ਪਾ ਦਿੱਤੀ। ਉਧਰ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਹੇਠਲੀ ਅਦਾਲਤ ਵੱਲੋਂ ਪਹਿਲਾਂ ਦਿੱਤੀ ਪੱਕੀ ਜ਼ਮਾਨਤ ਰੱਦ ਕਰਵਾਉਣ ਲਈ ਪੰਜਾਬ ਸਰਕਾਰ ਦੀ ਹਾਈ ਕੋਰਟ ਵਿੱਚ ਪਟੀਸ਼ਨ ਸੁਣਵਾਈ ਅਧੀਨ ਹੈ।ਅਦਾਲਤ ਵਿੱਚ ਸਾਬਕਾ ਪੁਲੀਸ ਅਧਿਕਾਰੀ ਖ਼ਿਲਾਫ਼ ਪੁਰਾਣੇ ਗਵਾਹ ਨੂੰ ਧਮਕਾਉਣ ਦਾ ਮਾਮਲਾ ਵੀ ਉੱਠਿਆ। ਨਾਮਜ਼ਦ ਸਾਬਕਾ ਪੁਲੀਸ ਅਫ਼ਸਰਾਂ ਅਨੋਖ ਸਿੰਘ ਅਤੇ ਜਗੀਰ ਸਿੰਘ ਖ਼ਿਲਾਫ਼ ਕਥਿਤ ਤੌਰ ’ਤੇ ਗਵਾਹ ਨੂੰ ਧਮਕਾਉਣ ਦੇ ਦੋਸ਼ ਹੇਠ ਪਿਛਲੇ ਦਿਨੀਂ ਧਾਰਾ 195ਏ ਅਤੇ 500 ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
Average Rating