ਮੇਰੇ ਦੋਸਤ ਹੁਣ ਵਾਪਸੀ ਦੀ ਉਡੀਕ ਨਾ ਰੱਖਣਾ
ਕਿ ਮੈਂ ਪਰਤ ਆਵਾਂਗਾ
ਸ਼ਮ੍ਹਾ 'ਤੇ ਗਿਆ ਪਤੰਗਾ ਤੇ ਬੀਤਿਆ ਵਕਤ
ਕਦੀ ਪਰਤ ਕੇ ਨਹੀਂ ਆਉਂਦੇ
ਹੁਣ ਮੈਂ ਢਾਲਿਆ ਹੈ ਆਪਣੇ ਆਪ ਨੂੰ
ਵਾਤਾਵਰਣ ਦੇ ਅਨੁਕੂਲ ਹੀ
ਤੇ ਰੋਕ ਲਏ ਹਨ ਕਦਮ ਤੇਰੀਆਂ ਜੂਹਾਂ ਵੱਲੋਂ
ਅਤੇ ਸਿੱਖ ਲਿਆ ਪਰਿੰਦਿਆਂ ਵਾਂਗ ਰਹਿਣਾ
ਪਰਿੰਦੇ ਜੋ ਗੁਜ਼ਾਰਦੇ ਨੇ ਟਹਿਣੀਆਂ ਉੱਪਰ ਰਾਤਾਂ
ਤੇ ਲਾਉਂਦੇ ਹਨ ਖੁੱਲ੍ਹੇ ਆਕਾਸ਼ੀਂ ਉਡਾਰੀਆਂ
ਨਹੀਂ ਭਾਉਂਦੇ ਉਨ੍ਹਾਂ ਨੂੰ ਸੋਨੇ ਦੇ ਪਿੰਜਰੇ
ਤੇ ਨਾ ਹੀ ਘਿਓ ਦੀਆਂ ਚੂਰੀਆਂ
ਮੇਰੇ ਅਜ਼ੀਜ਼ ਪਿੰਜਰਾ ਤਾਂ ਪਿੰਜਰਾ ਹੀ ਹੈ ਨਾ
ਭਾਵੇਂ ਸੋਨੇ, ਲੋਹੇ ਜਾਂ ਲਿਟਾਂ ਦਾ ਹੋਵੇ
ਪਸੰਦ ਹੈ ਸਾਨੂੰ ਕੰਕਰਾਂ ਦਾ ਚੁਗਣਾ
ਤੇ ਗੁਟਕਣਾ ਜਲਾ ਥਲਾਂ ਦੇ ਕੰਢਿਆਂ ਤੇ
ਕਿਉਂ ਤੂੰ ਝੂਰਦਾ ਦੋਸਤਾਂ ’ਤੇ ਨਾ ਟੁਕ ਬੁੱਲ੍ਹੀਆਂ
ਸਾਡੀ ਸੋਚ ਦਾ ਹੀ ਅਹਿਸਾਸ ਕਰ
ਅਸੀਂ ਇੱਕ ਸੰਕਲਪ ਚਿਤਵ ਕੇ ਨਿਕਲੇ ਹਾਂ
ਪੂਰਤੀ ਬਿਨਾਂ ਵਾਪਸੀ ਨਹੀਂ ਹੋ ਸਕਦੀ
ਤੇਰੀ ਸੁਲਘਦੀ ਅੱਗ ਦਾ ਵੀ ਮੈਨੂੰ ਅਹਿਸਾਸ ਹੈ
ਤੇ ਤੂੰ ਵੀ ਉਦਾਸ ਨਾ ਹੋਵੀਂ
ਮੈਂ ਕੋਈ ਗੌਤਮ ਬੁੱਧ ਵਾਂਗ ਸੰਨਿਆਸ ਨਹੀਂ ਲਿਆ
ਮੈਨੂੰ ਤਾਂ ਚਾਹੀਦੀ ਹੈ ਸੰਕਲਪ ਦੀ ਪੂਰਤੀ
ਨਾ ਮੈਂ ਬੀਤਿਆ ਵਕਤ ਹਾਂ
ਤੇ ਨਾ ਹੀ ਪੱਤਣਾਂ ਤੋਂ ਲੰਘਿਆ ਨੀਰ
ਕਿ ਪਰਤ ਕੇ ਨਹੀਂ ਆ ਸਕਦਾ
ਮੈਂ ਆਵਾਂਗਾ
ਖ਼ੁਸ਼ਗਵਾਰ ਮਾਹੌਲ ਤੇ ਬਹਾਰਾਂ ਨੂੰ ਸੰਗ ਲੈ ਕੇ
ਤੇ ਤੇਰੇ ਖੇੜੇ ਤੈਨੂੰ ਮੋੜਾਂਗਾ।
~
ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ
Happy
0
0 %
Sad
0
0 %
Excited
0
0 %
Sleepy
0
0 %
Angry
0
0 %
Surprise
0
0 %
Like this:
Like Loading...
Average Rating