ਜੁਝਾਰ ਸਿੰਘ
ਆਪਣੀ ਉਮਰ ਵਿਹਾ ਚੁੱਕੇ ਆਰਥਿਕ ਮਾਡਲ ਪੂੰਜੀਵਾਦ ਨੇ ਵਿਸ਼ਵ ਪੱਧਰ ਤੇ ਵੱਡੀ ਤਬਾਹੀ ਕੀਤੀ ਹੈ ਜਿਸ ਦੀ ਤੀਬਰਤਾ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪੂੰਜੀ ਦੇ ਵਾਧੇ ਲਈ ਘੜੇ ਗਏ ਇਸ ਮਾਡਲ ਲਈ ਕੁਦਰਤੀ ਸੋਮੇ ਮਹਿਜ ‘ਇਨਪੁਟ ਕੰਟੈਂਟ’ ਹਨ ਜਿੰਨ੍ਹਾਂ ਦੀ ਬੇਤਹਾਸ਼ਾ ਖਪਤ ਚੋਂ ਮਨੁੱਖ ਪੂੰਜੀ ਪੈਦਾ ਕਰ ਰਿਹਾ ਹੈ। ਮਨੁੱਖ ਨੂੰ ਪੀਣ ਵਾਲੇ ਪਾਣੀ ਤੇ ਸਾਹ ਲੈਣ ਲਈ ਹਵਾ ਤੱਕ ਮੁੱਲ ਵੇਚਣ ਵਾਲੇ ਇਸ ਮਾਡਲ ਦਾ ਕਰੂਰ ਚਿਹਰਾ ਦਿਨੋ ਦਿਨ ਨੰਗਾ ਹੋ ਰਿਹਾ ਹੈ।
ਇਕੋ ਸਮੇਂ ਦਰਜਨਾਂ ਜੰਗਲਾਂ ਨੂੰ ਅੱਗ, ਗਲੇਸ਼ੀਅਰਾਂ ਦਾ ਧੜਾਧੜ ਪਿਘਲਣਾ, ਪਹਾੜਾਂ ਦਾ ਮੈਦਾਨਾਂ ਵਲ ਨੂੰ ਰਿੜਨਾ, ਜਮੀਨ ਹੇਠਲੇ ਪਾਣੀ ਦਾ ਖਤਮ ਹੋਣਾ, ਜੰਗਲ ਹੇਠੋਂ ਰਕਬਾ ਘਟਣਾ, ਜੰਗਲੀ ਜੀਵਾਂ ਦੀਆਂ ਜਾਤੀਆਂ ਲੁਪਤ ਹੋਣਾ ਆਦਿਕ ਅਨੇਕਾਂ ਵਰਤਾਰੇ ਹਨ ਜੋ ਦਸਦੇ ਹਨ ਕਿ ਮਾਇਆਵੀ ਲਾਲਸਾ ਨੇ ਇਸ ਖੂਬਸੂਰਤ ਗ੍ਰਹਿ ਨੂੰ ਰਹਿਣ ਯੋਗ ਨਹੀਂ ਛੱਡਣਾ।
ਪੂੰਜੀਵਾਦ ਦੇ ਆਪਣੇ ਅਦਾਰੇ ਦਸਦੇ ਹਨ ਕਿ 2050 ਤੱਕ ਯੁੱਗਾਂ ਪੁਰਾਣੇ ਹਿਮਾਲਿਆ ਦੇ ਗਲੇਸ਼ੀਅਰ ਪਿਘਲਣ ਦੀ ਤੀਬਰਤਾ ਦੀ ਸਿਖਰ ਛੂਹ ਲੈਣਗੇ। ਆਸਟ੍ਰੇਲੀਆ, ਬ੍ਰਾਜ਼ੀਲ, ਅਮਰੀਕਾ, ਮਿਸਰ, ਭਾਰਤ, ਤੁਰਕੀ, ਅਲਜੀਰੀਆ, ਟੁਨੀਸ਼ੀਆ, ਸਾਈਬੇਰੀਆ(ਰੂਸ), ਇੰਗਲੈਂਡ, ਫਰਾਂਸ, ਬੋਲੇਵੀਆ, ਸਾਈਰਾ ਲਿਓਨ ਸਮੇਤ ਅਨੇਕਾਂ ਮੁਲਕਾਂ ਚ ਇਕੋ ਵਰ੍ਹੇ ਦੌਰਾਨ ਲੱਖਾਂ ਹੈਕਟੇਅਰ ਜੰਗਲ ਸਾੜ ਸੁੱਟਣ ਵਾਲੀ ਅੱਗ ਖਤਰੇ ਦਾ ਆਖਰੀ ਘੁੱਗੂ ਜਾਪਦਾ ਹੈ। ਬਰਸਾਤ-ਔੜ ਦੇ ਵਿਗੜ ਰਹੇ ਤਵਾਜਨ ਕਾਰਣ ਆਉਣ ਵਾਲੇ ਸਮੇਂ ਅੰਦਰ ਦੁਨੀਆਂ ਦੀ ਅੱਧਿਓਂ ਵੱਧ ਅਬਾਦੀ ਪੀਣ ਵਾਲੇ ਪਾਣੀ ਲਈ ਘੁਲੇਗੀ। ਸਾਹ ਲੈਣ ਲਈ ਸ਼ੁਧ ਹਵਾ ਦੁਨੀਆਂ ਦੇ ਚੰਦ ਹਿੱਸਿਆਂ ਵਿਚ ਹੀ ਬਚੀ ਹੈ।
ਜੰਮਣ ਤੋਂ ਲੈ ਕੇ ਮਰਨ ਤੱਕ ਹਰ ਲੋੜ ਪੂਰੀ ਕਰਨ ਵਾਲੀ ਕੁਦਰਤ ਦੀ ਤਬਾਹੀ ਪੂੰਜੀਵਾਦ ਅਜੋਕੇ ਆਰਥਿਕ ਮਾਡਲਾਂ ਦੀ ਕਰੂਰਤਾ ਪ੍ਰਗਟ ਕਰਦੀ ਹੈ। ਅੱਜ ਸਮੇਂ ਦੀ ਲੋੜ ਹੈ ਕਿ ਪੂੰਜੀਵਾਦ ਦੇ ਇਸ ਗਲੋਬਲ ਮਾਡਲ ਨੂੰ ਫਤਹਿ ਬੁਲਾਈ ਜਾਵੇ। ਸਾਰੇ ਕੁਦਰਤੀ ਸੋਮੇ ਲੂਹ ਕੇ ਕਮਾਈ ਪੂੰਜੀ ਵੀ ਚੰਦ ਜੇਬਾਂ ਅੰਦਰ ਜਾਣ ਕਾਰਣ ਪੂੰਜੀਵਾਦ ਆਪਣਾ ਆਖਰੀ ਖੂੰਖਾਰ ਰੂਪ ਦਿਖਾਉਣ ਵਲ ਵਧ ਰਿਹਾ ਹੈ। ਇਹ ਇਸਦੀ ਮਰਨ ਤੋਂ ਪਹਿਲਾਂ ਵਾਲੀ ਤੜਪਨਾ ਹੈ ਜੋ ਹੋਰ ਵੱਡੀ ਤਬਾਹੀ ਲਿਆ ਸਕਦੀ ਹੈ।
ਇਸ ਤੋਂ ਇਲਾਵਾ ਦੂਜਾ ਪ੍ਰਚਲਤ ਮਾਡਲ ਸਮਾਜਵਾਦ ਵੀ ਪੂੰਜੀਵਾਦ ਦਾ ਬਦਲਵਾਂ ਰੂਪ ਹੈ ਜਿਥੇ ਪੂੰਜੀਪਤੀਆਂ ਦੀ ਗਿਣਤੀ ਤੇ ਅਕਾਰ ਵੱਡੇ ਛੋਟੇ ਹੋ ਸਕਦੇ ਹਨ ਪਰ ਅਖੀਰੀ ਮਕਸਦ ਪੂੰਜੀ ਪੈਦਾ ਕਰਨਾ ਹੀ ਹੈ।
ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤ ਨੂੰ ਮਾਤਾ ਮੰਨਣ ਵਾਲੇ ਗੁਰਬਾਣੀ ਦੇ ਸੰਕਲਪ ਉਪਰ ਖੜਾ ਸਿੱਖ ਆਰਥਿਕ ਮਾਡਲ ਅੱਜ ਦੁਨੀਆਂ ਸਾਹਵੇਂ ਪੇਸ਼ ਕਰਨ ਦਾ ਵੇਲਾ ਹੈ। ਸਿੱਖ ਰਹੁ ਰੀਤਾਂ ਵਿਚ ਸਬਰ ਸੰਤੋਖ ਵੱਡੀ ਸ਼ੈਅ ਹੈ ਜਿਸਦੀ ਅਣ ਹੋਂਦ ਹੀ ਸਭ ਪਾਸੇ ਤਬਾਹੀ ਕਰ ਰਹੀ ਹੈ। ਅੱਜ ਸਿੱਖਾਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਗੁਰਧਾਮਾਂ ਦਾ ਸਹਿਜੇ ਹੀ ਚਲਦਾ ਪ੍ਰਬੰਧ ਇਸ ਮਾਡਲ ਦਾ ਛੋਟਾ ਰੂਪ ਸਮਝਿਆ ਜਾ ਸਕਦਾ ਜਿਥੇ ਸਾਰੇ ਕਾਰ ਵਿਹਾਰ ਦੀ ਜਿੰਮੇਵਾਰੀ ਕਿਸੇ ਮਨੁੱਖ ਦੇ ਮੋਢਿਆਂ ਤੇ ਨਾ ਹੋ ਕੇ ਉਸ ਅਣਦਿਸਦੀ ਸਿਰਜਣਹਾਰ ਸ਼ਕਤੀ ਸਿਰ ਹੈ।
Average Rating