― ਗੁਰਤੇਜ ਸਿੰਘ
ਦੀਨੋਂ ਨੰਗ ਨੌਰੰਗੇ ਤੁਰਕੜੇ ਨੇ ਆਪਣੀਆਂ ਨਾਜਾਇਜ਼ ਸਿਆਸੀ ਖਾਹਸ਼ਾਂ ਨੂੰ ਪੂਰਾ ਕਰਨ ਲਈ ਇਸਲਾਮ ਦੀ ਮਨਭਾਉਂਦੀ ਵਿਆਖਿਆ ਕਰ ਕੇ ਇਸਲਾਮ ਦੀ ਇੱਕ ਖੂੰਖਾਰ, ਇਖ਼ਲਾਕਹੀਣ, ਰੱਤ-ਭਿੱਜੀ ਵੰਨਗੀ ਸਿਰਜੀ, ਜਿਸ ਨੂੰ ਓਸ ਨੇ ਆਪਣੀ ਫ਼ੌਜ ਦੇ ਬਲ ਨਾਲ ਲਾਗੂ ਕੀਤਾ। ਬੇਹੱਦ ਵਹਿਸ਼ਤ ਅਤੇ ਦਰਿੰਦਗੀ ਨਾਲ ਓਸ ਨੀਤੀ ਉੱਤੇ ਉਸ ਨੇ ਪਹਿਰਾ ਦਿੱਤਾ। ਏਸ ਕਾਰਣ ਉਹ ਹਿੰਦੂ ਮਨਾਂ ਵਿੱਚ ਇੱਕ ਦਹਸਦੀ ਦੇ ਗੁਲਾਮੀ-ਵਰਤਾਰੇ ਦਾ ਪ੍ਰਤੀਕ ਬਣ ਗਿਆ। ਆਮ ਹਿੰਦੂ ਓਸ ਨੂੰ ਨਫ਼ਰਤ ਕਰਦਾ-ਕਰਦਾ ਆਪਣੇ-ਆਪ ਓਸ ਦੇ ਨਰਕੀ ਕਰਮਾਂ ਦਾ ਮਨੋ-ਮਨ ਉਪਾਸ਼ਕ ਬਣ ਗਿਆ। ਜਦੋਂ 1947 ਤੋਂ ਬਾਅਦ ਹਿੰਦੂਆਂ ਹੱਥ ਰਾਜਸੀ ਤਾਕਤ ਆਈ ਤਾਂ ਇਨ੍ਹਾਂ ਆਗੂਆਂ ਨੇ ਵੀ ਹਿੰਦੂ ਧਰਮ ਦਾ ਨਿਹਾਇਤ ਕਰੂਰ ਸਰੂਪ ਸਿਰਜ ਲਿਆ, ਜਿਸ ਨੂੰ ਇਹਨਾਂ ਨੌਰੰਗੇ ਵਾਂਙੂੰ ਹੀ ਲਾਗੂ ਕਰਨ ਲਈ ਲੱਕ ਬੰਨ੍ਹ ਲਿਆ। ਪਵਿੱਤਰ ਹਿੰਦੂ ਧਰਮ ਦੇ ਨਿਰਮਲ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਸਿਆਸੀ ਹਿੰਦੂ ਵਰਗ ਨੇ ਤਕਰੀਬਨ ਨੌਰੰਗੇ ਦੇ ਇਸਲਾਮ ਦੀ ਵੰਨਗੀ ਨੂੰ ਹੀ, ਹੱਥ ਤ੍ਰਿਸ਼ੂਲ ਤੇ ਡਮਰੂ ਫੜਾ ਕੇ ਅਤੇ ਮੱਥੇ ਮਨੁੱਖੀ ਖ਼ੂਨ ਦਾ ਤਿਲਕ ਲਾ ਕੇ, ਹਿੰਦੂਤਵ ਜਾਂ ਉਗਰ ਹਿੰਦੂ ਮੱਤ ਬਣਾ ਧਰਿਆ। ਹਿੰਦੂ ਧਰਮ ਦੀ ਅਜਿਹੀ ਵੰਨਗੀ ਦੇ ਉਪਾਸ਼ਕਾਂ ਨੂੰ ਨੌਰੰਗੀਏ ਹਿੰਦੂ ਆਖਣਾ ਹੀ ਵਾਜਬ ਹੈ।
ਨੌਰੰਗੀਏ ਹਿੰਦੂਆਂ (ਨੌਹਿੰਦੂਆਂ) ਨੂੰ ਆਪਣੀ 80-85% ਆਬਾਦੀ ਦੇ ਬਲਬੂਤੇ ਮਨਮਰਜ਼ੀ ਦੇ ਆਈਨ ਰਾਹੀਂ ਲੋਕਰਾਜੀ ਢੰਗ ਨਾਲ ਮਿਲੀ ਅਥਾਹ ਤਾਕਤ ਉੱਤੇ ਨਾ ਤਸੱਲੀ ਹੋਈ, ਨਾ ਇਹਨਾਂ ਦੀ ਸਦੀਆਂ ਦੀ ਸਿਆਸੀ ਭੁੱਖ ਮਿਟੀ। ਉਹ ਨੌਰੰਗੇ ਵਾਂਙੂੰ ਧਾਰਮਕ ਭਾਵਨਾਵਾਂ ਭੜਕਾ ਕੇ ਬੇਮੁਹਾਰੀ ਸਿਆਸੀ ਤਾਕਤ ਹਾਸਲ ਕਰਨ ਦੇ ਰਾਹ 1947 ਤੋਂ ਹੀ ਤੁਰ ਪਏ।
ਗਿਣਤੀਆਂ-ਮਿਣਤੀਆਂ ਕਰ ਕੇ ਆਪਣੀ ਤਾਕਤ ਅਜਮਾਉਣ ਅਤੇ ਨੌਹਿੰਦੂ ਜਜ਼ਬੇ ਨੂੰ ਪੁਖਤਾ ਕਰਨ ਦਾ ਜ਼ਰੀਆ ਇਹਨਾਂ ਨੇ ਸਿੱਖ ਪੰਥ ਨੂੰ ਚੁਣਿਆ ਜਿਸ ਦੀ ਆਬਾਦੀ ਡੇਢ ਪ੍ਰਤਿ ਸੌ ਤੋਂ ਘੱਟ ਸੀ। ਏਸ ਕੌਮ ਕੋਲ ਨਾ ਸਰਮਾਇਆ ਸੀ, ਨਾ ਸਿਆਸੀ ਤਾਕਤ, ਨਾ ਮੀਡੀਆ; ਨਾ ਹੀ ਨੌਹਿੰਦੂ ਦੇ ਮੁਕਾਬਲੇ ਵਿੱਚ ਦੂਜੇ ਮੁਲਕਾਂ ਦੀ ਹਮਦਰਦੀ ਹਾਸਲ ਕਰ ਸਕਦਾ ਸੀ। ਤਾਰੀਖੀ ਹਕੀਕਤ ਆਖਦੀ ਸੀ ਕਿ ਸਿੱਖ ਪੰਜ ਸਦੀਆਂ ਤੋਂ ਮਾਨਵਤਾ ਅਤੇ ਹਿੰਦੂਆਂ ਦੇ ਖੈਰਖਵਾਹ ਰਹੇ ਸਨ। ਇਹਨਾਂ ਦੇ ਬਜ਼ੁਰਗਾਂ ਨੇ ਮਨੁੱਖੀ ਧਰਾਤਲ ਤੋਂ ਉੱਚੇ ਉੱਠ ਕੇ ਘਾਲਣਾਵਾਂ ਘਾਲੀਆਂ ਸਨ, ਯੁੱਧ ਲੜੇ ਸਨ; ਸ਼ਹੀਦੀਆਂ ਦੇ ਕੇ ਅਜਿਹਾ ਰਾਜ ਸਿਰਜਿਆ ਸੀ ਜਿਸ ਨੇ ਸਦੀਆਂ ਬਾਅਦ ਹਿੰਦੂ ਨੂੰ ਸੁੱਖ ਦਾ ਸਾਹ ਲੈਣ ਜੋਗਾ ਕੀਤਾ ਸੀ ਅਤੇ ਉਸ ਦੇ ਸਵੈਮਾਣ ਨੂੰ ਠੁੰਮ੍ਹਣਾ ਦਿੱਤਾ ਸੀ; ਗੁਲਾਮੀ ਵਿੱਚੋਂ ਨਿਕਲਣ ਦੇ ਸੁਪਨੇ ਲੈਣ ਜੋਗਾ ਕੀਤਾ ਸੀ। ਨੌਹਿੰਦੂ ਆਪਣਿਆਂ ਉੱਤੇ ਪਰਸਾ ਚੁੱਕ ਕੇ ਨੌਰੰਗੇ ਦੀਆਂ ਪਾਈਆਂ ਪੈੜਾਂ ਉੱਤੇ ਹੀ ਚੱਲ ਰਿਹਾ ਸੀ ― ਜਿਸ ਨੇ ਸੱਤਾ ਹਾਸਲ ਕਰਨ ਲਈ ਸਭ ਤੋਂ ਪਹਿਲੇ ਵਾਰ ਆਪਣੇ ਪਿਉ, ਭੈਣਾਂ ਤੇ ਭਰਾਵਾਂ ਉੱਤੇ ਕੀਤੇ ਸਨ।
ਨੌਹਿੰਦੂ ਨੇ ਆਈਨ ਦੇ ਪਹਿਲੇ ਖਰੜੇ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਮਿਲੇ ਸੰਵਿਧਾਨਕ ਹੱਕ-ਹਕੂਕ ਰੱਦ ਕਰ ਦਿੱਤੇ। ਦੂਜੇ ਪੜਾਅ ਵਿੱਚ ਏਸ ਨੇ ਅਬਾਦੀ ਨਾ ਵਟਾ ਕੇ ਤਕਰੀਬਨ ਚਾਰ ਲੱਖ ਸਿੱਖਾਂ ਦਾ ਕਤਲੇਆਮ ਕਰਵਾਇਆ। 10 ਅਕਤੂਬਰ 1947 ਦੀ ਗਸ਼ਤੀ ਚਿੱਠੀ ਵਰਗੇ ਹੁਕਮ ਲਾਗੂ ਕਰ ਕੇ ਅਤੇ ਹੋਰ ਅਨੇਕ ਵਿਧੀਆਂ ਰਾਹੀਂ ਸਿੱਖਾਂ ਨੂੰ ਨੌਹਿੰਦੂ ਲੋਕਰਾਜ ਦੇ ਗੁਲਾਮ ਹੋਣ ਦਾ ਅਹਿਸਾਸ ਕਰਵਾਇਆ। ਇੱਕ ਸਭ ਤੋਂ ਤਾਕਤਵਰ ਸਿੱਖਨਾਸ਼-ਮੰਤਰ ਦੇ ਰੂਪ ਵਿੱਚ ਸੰਕਲਪ ਤਿਆਰ ਕੀਤਾ ਜਿਸ ਅਧੀਨ ਆਉਂਦੇ ਯੁੱਗਾਂ ਵਿੱਚ ਸਿੱਖਾਂ ਨੂੰ ‘ਖ਼ਾਲਿਸਤਾਨੀ, ਦੇਸ਼ ਵਿਰੋਧੀ, ਹਿੰਸਕ, ਮੁਲਕ ਨੂੰ ਤੋੜਨ ਵਾਲੇ, ਹਿੰਦੂ ਧਰਮ ਲਈ ਖ਼ਤਰਾ’ ਪ੍ਰਚਾਰਨਾ ਸੀ। ਨਵੀਂ ਮਿਲੀ ਸਿਆਸੀ ਤਾਕਤ ਅਤੇ ਮੀਡੀਆ ਦੀ ਸਰਦਾਰੀ ਰਾਹੀਂ ਇਸ ਮੰਤਰ ਨੂੰ ਪੂਰੇ ਹਿੰਦੂ ਸਮਾਜ ਨੂੰ ਰਟਾ ਦਿੱਤਾ ਗਿਆ ਜੋ ਅੱਜ ਤੱਕ ਐਨੀਮਲ ਫ਼ਾਰਮ ਦੀਆਂ ਭੇਡਾਂ ਵਾਂਙੂੰ ਨੌਹਿੰਦੂ ਰਟਦੇ ਆ ਰਹੇ ਹਨ। ਇਸ ਦੇ ਪ੍ਰਛਾਵੇਂ ਪੰਜਾਬ ਦੀ ਲੁੱਟ ਖਸੁੱਟ ਬੇਖ਼ੌਫ਼ ਅਤੇ ਬੇਕਿਰਕ ਹੋ ਕੇ ਕੀਤੀ ਗਈ। ਸਿੱਖਾਂ ਨੇ ਅਨੇਕਾਂ ਪ੍ਰਮਾਣ ਦਿੱਤੇ ਜਿਨ੍ਹਾਂ ਤੋਂ ਸਾਬਤ ਹੁੰਦਾ ਸੀ ਕਿ ਸਿੱਖ 80 ਪ੍ਰਤੀ ਸੌ ਆਬਾਦੀ ਦੇ ਮੁਕਾਬਲੇ ਵਿੱਚ ਵੀ ਓਸ ਤੋਂ ਵੱਡੇ ਦੇਸ਼ ਦੇ ਹਮਦਰਦ, ਰਾਖੇ ਅਤੇ ਪਾਲਣਹਾਰ ਹਨ। ਪਰ ਮੁਆਮਲਾ ਸੱਚ-ਨਿਆਂ ਦਾ ਨਹੀਂ ਸੀ ਰਿਹਾ, ਆਸਥਾ ਦਾ ਬਣਾ ਦਿੱਤਾ ਗਿਆ ਸੀ ― ਓਸ ਆਸਥਾ ਦਾ ਜਿਸ ਨੇ ਭੀਮ ਕੋਲੋਂ ਪੁਲਾੜ ਵਿੱਚ ਹਾਥੀ ਸੁੱਟਵਾਏ ਸਨ, ਜਿਸ ਨੇ ਬਾਲ ਹਨੂੰਮਾਨ ਕੋਲੋਂ ਸੂਰਜ ਨਿਗਲਵਾਇਆ ਸੀ, ਜਿਸ ਨੇ ਲੱਖਾਂ ਸਾਲ ਪਹਿਲਾਂ ਖਰਬਾਂ ਦੀ ਫ਼ੌਜ ਦਾ ਕੁਰੂਕਸ਼ੇਤਰ ਦੇ ਛੋਟੇ ਜਿਹੇ ਮੈਦਾਨ ਵਿੱਚ ਘਾਣ ਕਰਵਾਇਆ ਸੀ। ਪਚ੍ਹੱਤਰ ਵਰ੍ਹਿਆਂ ਤੋਂ ਹੋ ਰਹੇ ਮੰਤਰ ਦੇ ਜਾਪ ਨੂੰ ਜ਼ਮਾਨਾ ਅੱਜ ਵੀ ਹਰ ਗਲੀ-ਮੁਹੱਲੇ, ਸੱਤਾ ਦੇ ਗਲਿਆਰੇ ਵਿੱਚ ਸੁਣ ਸਕਦਾ ਹੈ। ਨਤੀਜੇ ਵਜੋਂ ਸਿੱਖ ਗੁਲਾਮ ਅਤੇ ਪੰਜਾਬ ਨੌਹਿੰਦੂਵਾਦ ਦੀ ਬਸਤੀ ਬਣ ਕੇ ਰਹਿ ਗਿਆ।
ਪਿਛਲੇ ਸਮਿਆਂ ਵਿੱਚ ਕਈ ਮੌਕੇ ਐਸੇ ਆਏ ਜਦੋਂ ਏਸ ਝੂਠੇ ਮੰਤਰ ਦਾ ਪਰਦਾ ਫ਼ਾਸ਼ ਹੋਇਆ ਪਰ ਨਾ-ਅਹਿਲ ਸਿੱਖ ਆਗੂ ਮੌਕਾ ਸੰਭਾਲ ਕੇ ਸੱਚ ਨੂੰ ਪ੍ਰਗਟ ਨਾ ਕਰ ਸਕੇ। ਅੱਜ ਫੇਰ, ਲੰਮੇ ਅਰਸੇ ਬਾਅਦ, ਸਿੱਖਾਂ ਨੂੰ ਅਤੇ ਪੰਜਾਬੀਆਂ ਨੂੰ ਕੁਦਰਤ ਨੇ ਅਨੇਕਾਂ ਕਰਿਸ਼ਮਿਆਂ ਦੇ ਹਾਣ ਦੇ ਢੋਅ ਢੁਕਾ ਕੇ ਮੌਕਾ ਦਿੱਤਾ ਹੈ ਕਿ ਉਹ ਏਸ ਵਿਨਾਸ਼ਕਾਰੀ ਮੰਤਰ ਦਾ ਤੋੜ ਲਾਗੂ ਕਰ ਕੇ ਪੰਜਾਬ ਅਤੇ ਹਿੰਦ ਨੂੰ ਆਉਣ ਵਾਲੀ ਗੁਲਾਮੀ ਤੋਂ ਸਦਾ ਲਈ ਨਿਜਾਤ ਦਿਵਾ ਸਕਣ। ਜਿੰਨਾਂ ਸੌਖਾ ਇਹ ਅੱਜ ਹੈ ਏਨਾਂ ਸੌਖਾ ਪਹਿਲਾਂ ਕਦੇ ਵੀ ਨਹੀਂ ਸੀ।
ਪੰਜਾਬੀ ਹਿੰਦੂ ਗੁੰਮਰਾਹਕੁੰਨ ਪ੍ਰਚਾਰ ਦੇ ਅਸਰ ਹੇਠੋਂ ਨਿਕਲਦਾ ਪ੍ਰਤੀਤ ਹੋ ਰਿਹਾ ਹੈ ― ਹੁਣ ਮੰਤਰਮੁਗਧ ਨਹੀਂ ਰਿਹਾ। ਨੌਹਿੰਦੂ ਦੀਆਂ ਦੇਸ਼ ਮਾਰੂ ਨੀਤੀਆਂ ਨੂੰ ਕਿਰਸਾਣ ਅੰਦੋਲਨ ਨੰਗਾ ਕਰ ਚੁੱਕਿਆ ਹੈ; ਆਰਥਕ ਨੀਤੀਆਂ ਮੁਕੰਮਲ ਤੌਰ ਉੱਤੇ ਘਾਤਕ ਸਿੱਧ ਹੋ ਚੁੱਕੀਆਂ ਹਨ; ਨੌਹਿੰਦੂ ਹਰ ਪੱਖੋਂ ਆਪਣੇ-ਆਪ ਨੂੰ ਨਿਰੋਲ ਲੱਛਮੀ-ਪੂਜਕ ਸਿੱਧ ਕਰ ਚੁੱਕਿਆ ਹੈ। ਮਾਮੂਲੀ ਮੱਤਭੇਦਾਂ ਨੂੰ ਤੂਲ ਦੇ ਕੇ ਇਹ ਹਿੰਦੀ ਸਮਾਜ ਵਿੱਚ ਵੱਡੇ ਪਾੜੇ ਦਾ ਬੀਅ ਬੀਜ ਚੁੱਕਿਆ ਹੈ। ਮਹਾਂਮਾਰੀ ਦੀ ਮਾਰ ਝੱਲਦੇ ਗਰੀਬਾਂ, ਨਿਤਾਣੇ ਲੋਕਾਂ ਪ੍ਰਤੀ ਬੇਹੱਦ ਬੇਕਿਰਕ ਅਤੇ ਜ਼ਾਲਮਾਨਾ ਰਵੱਈਆ ਅਖ਼ਤਿਆਰ ਕਰ ਕੇ ਇਹ ਆਪਣੇ-ਆਪ ਨੂੰ ਦੇਸ਼-ਵਿਰੋਧੀ ਖੇਮੇ ਵਿੱਚ ਸਥਾਪਤ ਕਰ ਚੁੱਕਿਆ ਹੈ।
ਹਜੂਮੀ ਕਤਲਾਂ, ਬਲਾਤਕਾਰਾਂ ਅਤੇ ਸੱਤਾ ਹਾਸਲ ਕਰਨ ਦੇ ਘਟੀਆ ਹੱਥਕੰਡੇ ਵਰਤ ਕੇ ਇਹ ਇਖਲਾਕੀ ਦਿਵਾਲੀਏਪਣ ਦਾ ਮੁਜ਼ਾਹਰਾ ਕਰ ਚੁੱਕਿਆ ਹੈ। ਕੌਮੀ ਪੜਤਾਲ ਏਜੰਸੀ ਬਣਾ ਕੇ, ਪੈਗਾਸਸ ਰਾਹੀਂ ਲੋਕਾਂ ਦੇ ਘਰਾਂ ਵਿੱਚ ਸੰਨ੍ਹ ਲਾ ਕੇ ਇਹ ਅਨਿਆਂਕਾਰੀ ਜ਼ਾਲਮ ਰਾਜ ਨੂੰ ਸਿਰਜਣ ਦੇ ਰਾਹ ਤੁਰ ਪਿਆ ਹੈ। ਇੱਕ ਲਫ਼ਜ਼ ਵਿੱਚ ਆਖੀਏ ਤਾਂ ਇਹ ਭਸਮਾਸੁਰ ਅਵਤਾਰ ਧਾਰ ਕੇ ਆਦਮ-ਬੋ ਆਦਮ-ਬੋ ਪੁਕਾਰਦਾ ਸਰਵਨਾਸ਼ ਦੇ ਰਾਹ ਪੈ ਗਿਆ ਹੈ।
ਏਸ ਦੇ ਉਪਰੋਕਤ ਵਤੀਰੇ ਦੇ ਐਨ ਵਿਰੋਧ ਵਿੱਚ ਖੜ੍ਹੇ ਪੰਜਾਬ, ਪੰਜਾਬੀ ਅਤੇ ਖ਼ਾਸ ਤੌਰ ਉੱਤੇ ਸਿੱਖ ਸੰਸਾਰ ਭਰ ਨੇ ਵੇਖ ਲਏ ਹਨ। ਹਰ ਮਜ਼ਹਬ, ਇਲਾਕੇ ਅਤੇ ਦੇਸ਼ ਦੇ ਲੋਕਾਂ ਦੀ ਇਹ ਆਮ ਧਾਰਨਾ ਬਣ ਚੁੱਕੀ ਹੈ ਕਿ ਹਿੰਦੋਸਤਾਨ ਦੇ ਕਲਿਆਣ ਦੀ ਜਰਨੈਲੀ ਸੜਕ ਪੰਜਾਬ ਦੇ ਗੁਰੂਆਂ-ਪੀਰਾਂ ਦੇ ਕਲਾਮ ਵਿੱਚੋਂ ਨਿਕਲ ਕੇ, ਪੰਜਾਬੀਆਂ ਦੇ ਮੋਕਲੇ ਵਿਹੜਿਆਂ ਵਿੱਚ ਦੀ ਹੁੰਦੀ ਹੋਈ ਉਸ ਸ਼ੁੱਧ ਪੁਰਾਤਨ/ਸਨਾਤਨ ਧਰਮ ਤੱਕ ਅੱਪੜਦੀ ਹੈ ਜਿਸ ਦੇ ਪ੍ਰਮੁੱਖ ਉਪਦੇਸ਼ਾਂ ਨੂੰ ਏਸ ਗੁਰੂ-ਵੇਗ ਨੇ ਆਪਣੇ ਵਿੱਚ ਸਮੋ ਲਿਆ ਹੈ। ਨੌਰੰਗੀ ਹਿੰਦੂਤਵ ਦਾ ਬਿਰਤਾਂਤ ਝੂਠਾ ਹੈ, ਇੱਕ ਫਰੇਬ ਹੈ, ਸੱਤਾ ਅਤੇ ਧਨ ਦੀ ਹਵਸ ਪੂਰੀ ਕਰਨ ਲਈ ਔਰੰਗਜ਼ੇਬ ਦੀਆਂ ਪੈੜਾਂ ਉੱਤੇ ਚੱਲਦਿਆਂ ਸਿਰਜਿਆ ਗਿਆ ਹੈ, ਮਨੁੱਖਤਾ ਅਤੇ ਦੇਸ਼ ਲਈ ਘਾਤਕ ਹੈ ਅਤੇ ਤੁਰੰਤ ਨਕਾਰਨ/ਤਿਆਗਣ ਯੋਗ ਹੈ।
ਪੰਜਾਬ ਦਾ ਅਸਲ ਮੁੱਦਾ, ਜੋ ਸਭ ਮੁੱਦਿਆਂ ਦੀ ਮਾਂ ਹੈ, ਇਹੋ ਹੈ ਕਿ 1947 ਤੋਂ ਘੜੇ ਨੌਰੰਗੀ ਹਿੰਦੂਤਵ ਨੂੰ ਤਿਆਗਣ ਦੀ ਸਮਝ ਅਤੇ ਸੁਹਿਰਦਤਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਲੋਕਾਂ ਵਿੱਚ ਪ੍ਰਚਾਰੀ ਜਾਵੇ ਤਾਂ ਕਿ ਪੰਜਾਬ ਅਤੇ ਸਿੱਖਾਂ ਦੇ (ਦਰਅਸਲ ਹਿੰਦ ਦੇ) ਗਲ਼ ਪਿਆ ਨਾਗ-ਵਲ਼, ਸਦਾ ਲਈ ਕੱਟ ਦਿੱਤਾ ਜਾਵੇ। ਨੌਹਿੰਦੂਵਾਦ ਦੀ ਅਸਲੀਅਤ ਨੂੰ ਪਛਾਣਨ ਲਈ ਸੁਹਿਰਦ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾਵੇ ਜਿਨ੍ਹਾਂ ਵਿੱਚੋਂ ਬਹੁਤੇ ਪਹਿਲਾਂ ਹੀ ਸਮਝਣ ਲੱਗ ਪਏ ਹਨ ਕਿ ਜੋ ਪਿਛਲੇ ਸਮਿਆਂ ਵਿੱਚ ਵਾਪਰਿਆ ਹੈ ਕਤਲੇ-ਹੁਸੈਨ ਨਹੀਂ ਬਲਕਿ ਮਰਗੇ-ਯਜ਼ੀਦ ਸੀ
Average Rating