ਜੁਝਾਰ ਸਿੰਘ
ਇਹਨੀਂ ਦਿਨੀਂ ਚੱਲ ਰਹੇ ਟੋਕੀਓ ਉਲੰਪਿਕ ਖੇਡਾਂ ਚ ਜਿੱਥੇ ਦੁਨੀਆਂ ਹਰ ਖੇਡ ਚੋਂ ਉੱਤਮ ਅਤੇ ਖੁਸ਼ੀਆਂ ਵੰਡਣ ਵਾਲੇ ਘਟਨਾਕ੍ਰਮ ਭਾਲ ਰਹੀ ਹੈ, ਓਥੇ ਹੀ ਬਿਪਰ ਸੱਤਾ ਅਧੀਨ ਚਲਨ ਵਾਲੇ ਹਿੰਦੁਸਤਾਨੀ ਨਿਜ਼ਾਮ ਨੇ ਨਵੀਆਂ ਨਵਾਣਾਂ ਤੱਕ ਗੋਤਾ ਲਾਇਆ ਹੈ। ਵੱਖ ਵੱਖ ਰੰਗ ਨਸਲ ਦੇਸ਼ ਕੌਮਾਂ ਤੋਂ ਆਏ ਨੌਜਵਾਨ ਜਦੋਂ ਇੱਕ ਮੈਦਾਨ ਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਬਰਾਬਰੀ ਦਾ ਮਾਹੌਲ ਦੇਖਣ ਨੂੰ ਮਿਲਦਾ ਹੈ। ਸਮਾਜਕ, ਧਾਰਮਿਕ, ਰਾਜਨੀਤਕ ਤੇ ਆਰਥਿਕ ਪੱਖ ਅਤੇ ਗਿਣਤੀ ਪੱਖੋਂ ਦੱਬੇ ਅਤੇ ਲਤਾੜੇ ਲੋਕਾਂ ਨੂੰ ਅਜਿਹੇ ਖੇਡ ਮੇਲੇ ਆਪਣੀ ਹੋਂਦ ਦਾ ਆਦਰਯੋਗ ਪ੍ਰਗਟਾਵਾ ਕਰਨ ਦਾ ਮਾਣ ਬਖਸ਼ਦੇ ਹਨ।
ਹਿੰਦੁਸਤਾਨ ਵੀ ਇਸ ਖੇਡ ਮੇਲੇ ਵਿੱਚ ਹਿੱਸਾ ਲੈ ਰਿਹਾ ਹੈ ਜਿਸ ਦੇ ਨਿਜ਼ਾਮ ਅਧੀਨ ਦਿਨ ਕੱਟੀ ਕਰ ਰਹੇ ਵੱਖ ਵੱਖ ਰੰਗ ਜਾਤ ਕਬੀਲੇ ਧਰਮਾਂ ਦੇ ਲੋਕਾਂ ਚੋਂ ਕੁਝ ਮਿਹਨਤ-ਕਸ਼ ਨੌਜਵਾਨ ਇਸ ਕੌਮਾਂਤਰੀ ਖੇਡ ਮੇਲੇ ਚ ਸ਼ਿਰਕਤ ਕਰ ਰਹੇ ਹਨ। ਪਰ ਭਾਰਤੀ ਉੱਪ ਮਹਾਂਦੀਪ ਦੇ ਇਸ ਖਿੱਤੇ ਤੇ ਰਾਜ ਕਰ ਰਹੀ ਬਿਪਰ ਦੀ ਵਿਚਰਧਾਰਾ ਇਹਨਾਂ ਵੱਖ ਵੱਖ ਪਛਾਣਾਂ ਵਾਲਿਆਂ ਦਾ ਏਥੇ ਵੀ ਪਿੱਛਾ ਨਹੀਂ ਛੱਡ ਰਹੀ।
ਹਾਲ ਹੀ ਕਈ ਅਜਿਹੇ ਵਾਕਿਆਤ ਸਾਹਮਣੇ ਆਏ ਹਨ ਜਿੱਥੇ ਆਪਣੀ ਮੇਹਨਤ ਦੇ ਬਲਬੂਤੇ ਸਿਖਰਾਂ ਤੇ ਪੁੱਜੇ ਖਿਡਾਰੀਆਂ ਨੂੰ ਬਿਪਰ ਸੱਤਾ ਵੱਲੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ। ਭਾਰਤੀ ਹਾਕੀ ਟੀਮ ਦੀ ਸਟਾਰ ਖਿਡਾਰਨ ਵੰਦਨਾ ਕਟਾਰੀਆ ਉਲੰਪਿਕ ਚ ਗੋਲਾਂ ਦੀ ਹੈਟ੍ਰਿਕ ਮਰਨ ਵਾਲੀ ਪਹਿਲੀ ਖਿਡਾਰਨ ਬਣੀ ਹੈ ਪਰ ਉਸਦਾ ਇਹ ਜਸ ਬਿਪਰਾਂ ਨੂੰ ਰਾਸ ਨਹੀਂ ਸੀ ਆ ਰਿਹਾ। ਜਿਵੇਂ ਹੀ ਭਾਰਤੀ ਟੀਮ ਸੈਮੀਫ਼ਾਈਨਲ ਚੋਂ ਹਾਰੀ, ਜਾਤ ਦੇ ਨਸ਼ੇ ਚ ਚੂਰ ਦੋ ‘ਉੱਚ ਜਾਤ’ ਨਾਲ ਸਬੰਧਤ ਨੌਜਵਾਨਾਂ ਨੇ ਵੰਦਨਾ ਦੇ ਹਰਿਦਵਾਰ ਨੇੜੇ ਸਥਿਤ ਘਰ ਦੇ ਬਾਹਰ ਸ਼ਰਾਬ ਪੀ ਕੇ ਖਰੂਦ ਪਾਇਆ ਅਤੇ ਹਾਰ ਦੀ ਖੁਸ਼ੀ ਮਨਾਈ। ਵੰਦਨਾ ਬਿਪਰਵਾਦ ਦੇ ਹਿਸਾਬ ਨਾਲ ਨੀਵੀਂ ਜਾਤ ਨਾਲ ਸੰਬੰਧ ਰੱਖਦੀ ਹੈ। ਵੰਦਨਾ ਅਤੇ ਉਸ ਦੀ ਜਾਤ ਨਾਲ ਸੰਬੰਧਤ ਲੋਕਾਂ ਨੂੰ ਗਾਲਾਂ ਕੱਢਦਿਆਂ ਦੋਵੇਂ ਬੋਲ ਰਹੇ ਸਨ ਕਿ ਭਾਰਤੀ ਟੀਮ ਵਿੱਚ ਮੌਜੂਦ ਦਲਿਤ ਖਿਡਾਰੀਆਂ ਕਾਰਣ ਭਾਰਤ ਹਾਰਿਆ ਹੈ ਜਦਕਿ ਭਾਰਤ ਦੀ ਬੀਬੀਆਂ ਦੀ ਟੀਮ ਪਹਿਲੀ ਵਾਰ ਸੈਮੀਫ਼ਾਈਨਲ ਚ ਪਹੁੰਚੀ ਹੈ।
ਦੂਜੀ ਘਟਨਾ ਡਿਸਕਸ ਥਰੋ ਦੀ ਖਿਡਾਰਨ ਕਮਲਪ੍ਰੀਤ ਕੌਰ ਨਾਲ ਸੰਬੰਧ ਰੱਖਦੀ ਹੈ। ਹਿੰਦੁਸਤਾਨ ਵੱਲੋਂ ਪਹਿਲੀ ਵਾਰ ਕੋਈ ਔਰਤ ਐਥਲੈਟਿਕਸ ਦੇ ਫਾਈਨਲ ਵਿੱਚ ਪਹੁੰਚ ਸਕੀ। ਹਿੰਦੁਸਤਾਨ ਅੰਦਰ ਸਵੈ ਮਾਣ ਨਾਲ ਜਿਉਣ ਵਾਲੀ ਘੱਟ ਗਿਣਤੀ ਸਿੱਖ ਕੌਮ ਨਾਲ ਸੰਬੰਧਤ ਇਸ ਕੁੜੀ ਨੇ ਜਦੋਂ ਉਲੰਪਿਕ ਚ ਕੁਆਲੀਫਾਈ ਕੀਤਾ ਤਾਂ ਉਸ ਦੀ ਕਾਬਲੀਅਤ ਤੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਕੇ ਅਤੇ ਕਈ ਤਰ੍ਹਾਂ ਦੇ ਟੈਸਟਾਂ ਦੀ ਮੰਗ ਕਰਕੇ ਉਸ ਨੂੰ ਮਾਨਸਿਕ ਪਰੇਸ਼ਾਨੀ ਦਿੱਤੀ ਗਈ। ਜਦੋਂ ਉਹ ਉਲੰਪਿਕ ਚ ਮੈਡਲ ਤੋਂ ਖੁੰਜ ਗਈ ਤਾਂ ਬਿਪਰਵਾਦ ਦੇ ਝੰਡਾ ਬਰਦਾਰਾਂ ਨੇ ਸ਼ਰੇਆਮ ਸੋਸ਼ਲ ਮੀਡੀਆ ਤੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ।
ਇਸ ਤੋਂ ਅੱਗੇ ਦੀ ਗੱਲ ਕਰੀਏ ਤਾਂ ਹਿੰਦੀ ਬੈਲਟ ਚੋਂ ਸਿਰੀ ਚੁੱਕਣ ਵਾਲੇ ਬਿਪਰ ਨੂੰ ਇਹ ਗੱਲ ਹਜ਼ਮ ਨਾ ਹੋਈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਆਟਰ ਫਾਈਨਲ ਚ ਇਕਲੌਤਾ ਗੋਲ ਕਰਨ ਵਾਲੀ ਗੁਰਜੀਤ ਕੌਰ ਦੇ ਨਾਮ ਨਾਲ ਸ੍ਰੀ ਅੰਮ੍ਰਿਤਸਰ ਦਾ ਨਾਮ ਜੋੜ ਦਿੱਤਾ, ਇਸ ਤੋਂ ਪਹਿਲਾਂ ਵੀ ਕੈਪਟਨ ਨੇ ਜਦੋਂ ਕਮਲਪ੍ਰੀਤ ਕੌਰ ਨੂੰ ਪੰਜਾਬ ਦੀ ਧੀ ਕਿਹਾ ਸੀ ਤਾਂ ਬਿਪਰਾਂ ਨੇ ਸ਼ਰੇਆਮ ਸੂਬੇ ਦੇ ਮੁੱਖਮੰਤਰੀ ਨੂੰ ਗੰਦੀਆਂ ਗਾਲਾਂ ਕੱਢੀਆਂ ਸਨ। ਪਰ ਜਦੋਂ ਹਰਿਆਣੇ ਦੇ ਮੁੱਖ ਮੰਤਰੀ ਨੇ ਇਹ ਟਵੀਟ ਕੀਤਾ ਕਿ ਮਹਿਲਾ ਹਾਕੀ ਟੀਮ ਚ 9 ਖਿਡਾਰਨਾਂ ਹਰਿਆਣਾ ਤੋੰ ਹਨ ਤਾਂ ਕਿਸੇ ਨੂੰ ਕੋਈ ਸਮੱਸਿਆ ਨਾ ਹੋਈ। ਇਸ ਤੋਂ ਇਲਾਵਾ ਸਿੱਖ ਖਿਡਾਰੀਆਂ ਵੱਲੋਂ ਮਾਰੀਆਂ ਮੱਲਾਂ ਨੂੰ ਜਿਵੇਂ ਭਾਰਤੀ ਮੀਡੀਆ ਅਤੇ ਸਿਆਸਤਦਾਨ ਲੁਕਾਉਣ ਦਾ ਯਤਨ ਕਰ ਰਹੇ ਹਨ ਉਹ ਵੀ ਸਪਸ਼ਟ ਹੈ। ਮੁੰਡਿਆਂ ਦੀ ਹਾਕੀ ਟੀਮ ਵੱਲੋਂ ਤਾਂਬੇ ਦਾ ਤਮਗਾ ਜਿੱਤਣ ਵਿੱਚ ਸਿੱਖ ਨੌਜਵਾਨਾਂ ਵੱਲੋਂ ਨਿਭਾਈ ਭੂਮਿਕਾ ਨੂੰ ਸਵੀਕਾਰਨ ਦੀ ਬਜਾਇ ਤੰਗ ਦਿੱਲੀ ਵਾਲੇ ਬਿਆਨਾਂ ਦੀ ਭਰਮਾਰ ਹੈ ਤਾਂ ਜੋ ਇੱਕ ਘੱਟ ਗਿਣਤੀ ਆਪਣੇ ਪੁੱਤਰਾਂ ਦੀ ਜਿੱਤ ਦਾ ਮਾਣ ਮਹਿਸੂਸ ਨਾ ਕਰ ਸਕੇ।
ਸਿੱਖਾਂ ਵੱਲੋਂ ਹਰ ਸਿੱਖ ਖਿਡਾਰੀ ਦੀ ਜਿੱਤ ਦੀ ਖੁਸ਼ੀ ਨੂੰ ਬਿਨਾਂ ਜਾਤ ਪਾਤ ਦੇ ਫਰਕ ਤੋਂ ਸਮੂਹਕ ਤੌਰ ਤੇ ਮਨਾਇਆ ਜਾਂਦਾ ਹੈ, ਜਿਸ ਤੋਂ ਜਾਤ ਦੇਖ ਕੇ ਜਸ਼ਨ ਮਨਾਉਣ ਵਾਲੇ ਤੰਗੀ ਮਹਿਸੂਸ ਕਰਦੇ ਹਨ।
ਇਹਨਾਂ ਸਭ ਘਟਨਾਵਾਂ ਤੋਂ ਇੱਕ ਗੱਲ ਸਪਸ਼ਟ ਹੈ ਕਿ ਭਾਰਤੀ ਉੱਪ ਮਹਾਂਦੀਪ ਦੇ ਇਸ ਖਿੱਤੇ ਅੰਦਰ ਦੇਸ਼ ਭਗਤੀ ਸਿਰਫ਼ ਘੱਟ ਗਿਣਤੀਆਂ ਤੇ ‘ਨੀਵੀਆਂ ਜਾਤਾਂ’ ਨੂੰ ਦਬਾਉਣ ਲਈ ਕਾਰਗਰ ਹਥਿਆਰ ਹੈ। ਉਂਝ ਬਿਪਰ ਨੂੰ ਹਰ ਜਿੱਤਣ ਵਾਲਾ ਖਿਡਾਰੀ ਹਿੰਦੂ ਅਤੇ ਹਿੰਦੂਆਂ ਚੋਂ ‘ਸਵਰਨ ਜਾਤ’ ਦਾ ਚਾਹੀਦਾ ਹੈ। ਭਾਰਤ ਭਾਵੇਂ ਮੈਡਲ ਟੈਲੀ ਵਿੱਚ 150 ਵੇਂ ਥਾਂ ਤੇ ਰਹਿ ਜਾਵੇ ਪਰ ਬਿਪਰ ਆਪਣੀ ਸੁਪਰਮੇਸੀ ਨਾਲ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦਾ।
Average Rating