ਭਾਈ ਗਜਿੰਦਰ ਸਿੰਘ ਜੀ ਦੇ ਸ਼ਬਦਾਂ ਵਿੱਚ “ਪਹਿਰਾਵਾ ਆਨੰਦਪੁਰੀ ਤੇ ਸੋਚ ਬਨਾਰਸੀ ਰੱਖਣ ਵਾਲੇ ਕੌਮ ਦਾ ਪਹਿਲਾਂ ਵੀ ਕਾਫੀ ਨੁਕਸਾਨ ਕਰ ਚੁੱਕੇ ਹਨ, ਤੇ ਅੱਗੋਂ ਵੀ ਕਰਨਗੇ।”
ਆਪਣੇ ਇਰਦ ਗਿਰਦ ਆਨੰਦਪੁਰੀ ਪਹਿਰਾਵੇ ਵਿੱਚ ਵਿਚਰਦੇ ਬਨਾਰਸੀਆਂ ਤੋਂ ਸਾਵਧਾਨ ਰਹਿਣ ਵਿੱਚ ਹੀ ਬਚਾਓ ਹੈ!
ਸਿੱਖਾਂ ਦੇ ਨੱਕ ਵਿੱਚ ਭਗਵੀਂ ਨਕੇਲ ਪਾਉਣ ਲਈ ਹਮੇਸ਼ਾਂ ਹੀ ਤਿਆਰ, ਬ੍ਰਾਹਮਣ ਦੇ ਝਾੜੂ-ਬਰਦਾਰ ਇਕਬਾਲ ਸਿੰਹ ਹੋਰੀਂ ਨੀਂਹ ਪੱਥਰ ਸਮਾਗਮ ਦੀ ਰੌਣਕ ਵਧਾਉਣ ਉਚੇਚੇ ਤੌਰ ਤੇ ਸ਼ਾਮਲ ਹੋਏ… ਇਸ ਬੰਦੇ ਨੂੰ ਵੇਖਣ ਸਾਰ ਮੈਨੂੰ ਇੱਕ ਚੁਟਕਲਾ ਯਾਦ ਆ ਜਾਂਦਾ… ਇਸ ਦੀ ਭਗਵੀਂ ਸ਼ਰਧਾ ਵੇਖਣ ਤੋਂ ਪਹਿਲਾਂ ਯਕੀਨ ਨਹੀਂ ਸੀ ਹੁੰਦਾ ਕਿ ਕੋਈ ਇੰਨਾ ਮੂਰਖ ਵੀ ਹੋ ਸਕਦਾ ਹੈ ਪਰ ਇਸਦੀ ਮੂਰਖਤਾ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ…
ਕਹਿੰਦੇ ਕੇਰਾਂ ਸਮੁੰਦਰੀ ਜਹਾਜ਼ ਨਾਲ ਹੋਏ ਹਾਦਸੇ ਮਗਰੋਂ ਤਿੰਨ ਯਾਤਰੀ ਤਰਦੇ ਹੋਏ ਜਿਵੇਂ ਕਿਵੇਂ ਇੱਕ ਸੁੰਨਸਾਨ ਟਾਪੂ ਤੇ ਪਹੁੰਚ ਗਏ… ਪਰ ਉੱਥੇ ਹੀ ਫਸਕੇ ਰਹਿ ਗਏ, ਵਾਪਸੀ ਅਸੰਭਵ ਹੋ ਗਈ… ਸਾਰਾ ਦਿਨ ਉਹਨਾਂ ਦਾ ਅਰਦਾਸਾਂ ਜੋਦੜੀਆਂ ਕਰਦਿਆਂ ਲੰਘਦਾ… ਕਈ ਸਾਲਾਂ ਮਗਰੋਂ ਉਹਨਾਂ ਨੂੰ ਇੱਕ ਦੇਵਤੇ ਨੇ ਦਰਸ਼ਨ ਦੇ ਕੇ ਆਖਿਆ ਕਿ ਮੈਂ ਤੁਹਾਡੇ ਤੇ ਦਿਆਲੂ ਹਾਂ… ਤੁਸੀਂ ਤਿੰਨੇ ਕੋਈ ਵੀ ਇੱਕ-ਇੱਕ ਮੰਗ ਦੱਸੋ, ਮੈਂ ਤੁਰੰਤ ਪੂਰੀ ਕਰੂੰ… ਪਰ ਇੱਕ ਵਾਰੀ ਹੀ ਮੰਗ ਸਕਦੇ ਹੋ, ਇਸ ਲਈ ਸੋਚ ਸਮਝਕੇ ਮੰਗ ਰੱਖਣੀ… ਇੰਗਲੈਂਡ ਦੇ ਵਾਸੀ ਨੇ ਕਿਹਾ ਮੈਨੂੰ ਵਾਪਸ ਘਰ ਭੇਜ ਦਓ… ਤੇ ਅੱਖ ਫਰਕਣ ਵਿੱਚ ਹੀ ਦੇਵਤੇ ਨੇ ਉਸਨੂੰ ਟਾਪੂ ਤੋਂ ਗਾਇਬ ਕਰ, ਉਸਦੇ ਘਰ ਭੇਜ ਦਿੱਤਾ… ਦੂਜੀ ਵਾਰੀ ਅਮਰੀਕਾ ਵਾਲੇ ਦੀ ਆਈ… ਉਸਨੇ ਦੇਵਤੇ ਦੀ ਸ਼ਕਤੀ ਪ੍ਰਤੱਖ ਵੇਖ, ਛੇਤੀ ਘਰ ਵਾਪਸ ਜਾਣ ਲਈ ਬੇਨਤੀ ਕਰ ਦਿੱਤੀ ਤੇ ਉਹ ਵੀ ਪਲਕ ਝਪਕਦੇ ਹੀ ਅਮਰੀਕਾ ਆਪਣੇ ਘਰ ਪਹੁੰਚ ਗਿਆ… ਆਖਰੀ ਰਹਿ ਗਿਆ ਪੰਜਾਬੀ, ਉਹ ਇੱਕਦਮ ਦੋ ਬੰਦੇ ਗਾਇਬ ਹੋਏ ਦੇਖ ਕੇ ਘਬਰਾ ਗਿਆ… ਤੇ ਉਹਨੇ ਆਪਣੀ ਮੰਗ ਇਹ ਰੱਖੀ, “ਓ ਦੇਵਤਿਆ! ਮੈਂ ਤਾਂ ਮਰਜੂੰ ਕੱਲਾ ਇੱਥੇ, ਉਹ ਭੂਤਨੀ ਦੇ ਦੋ ਕਿੱਥੇ ਭਜਾਤੇ ਤੂੰ, ਉਹਨਾਂ ਨੂੰ ਵਾਪਸ ਲਿਆ ਇੱਥੇ”… ਦੇਵਤਾ ਸਕਿੰਟ ਵਿੱਚ ਉਹਨਾਂ ਦੋਵਾਂ ਨੂੰ ਵਾਪਸ ਲਿਆਕੇ ਆਪ ਗਾਇਬ!
ਪਿਛਲੀ ਇੱਕ ਸਦੀ ਤੋਂ ਵੱਖ ਕੈਲੰਡਰ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਤੇ ਤਕਰੀਬਨ ਦੋ ਦਹਾਕਿਆਂ ਦੀ ਵਿਚਾਰ ਚਰਚਾ ਮਗਰੋਂ ਹੋਈ ਸਹਿਮਤੀ ਨਾਲ 1997 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਪ੍ਰਵਾਨ ਕੀਤਾ ਗਿਆ ਤੇ ਸਮੂਹ ਪੰਥ ਨੇ 1999 ਵਿੱਚ ਇਸੇ ਕੈਲੰਡਰ ਮੁਤਾਬਕ ਦਿਨ ਦਿਹਾੜੇ ਮਨਾਏ… ਆਰ.ਐੱਸ.ਐੱਸ. ਨੂੰ ਲੱਗਿਆ ਕਿ ਪੰਥ ਤਾਂ ਖਿਸਕ ਗਿਆ ਹੱਥੋਂ ਤੇ ਇਸ ਇਕਬਾਲ ਸਿੰਹ ਰਾਹੀਂ ਸਭ ਤੋਂ ਪਹਿਲਾਂ ਵਿਰੋਧ ਕਰਵਾਇਆ ਤੇ ਇਹੀ ਇਕਬਾਲ ਸਿੰਹ ਜੋ ਇਕੱਲਾ ਰਹਿ ਗਿਆ ਸੀ ਬਿਕਰਮੀ ਦੇ ਟਾਪੂ ਤੇ, ਇਸ ਨੇ ਸੁਖਬੀਰ ਦੇਵਤਾ ਤੋਂ ਪੰਥ ਵਿੱਚ ਦੁਫੇੜ ਪਾ ਕੇ ਕੰਨਾਂ ਦੇ ਕੱਚਿਆਂ ਨੂੰ ਮੁੜ ਬਿਕਰਮੀ ਕੈਲੰਡਰ ਦੇ ਟਾਪੂ ਤੇ ਲਿਆ ਡੱਕ ਦਿੱਤਾ…
ਅਮਰੀਕਨ ਤੇ ਇੰਗਲੈਂਡੀਏ ਨੇ ਤਾਂ ਪੰਜਾਬੀ ਢਾਹ ਲਿਆ ਸੀ ਫੜਕੇ ਕਿ ਸਾਨੂੰ ਮੁੜ ਫਸਾ ਦਿੱਤਾ ਪਰ ਇਕਬਾਲ ਸਿੰਹ ਨੇ ਜਿਨ੍ਹਾਂ ਨੂੰ ਭਗਵੇਂ ਕਛਹਿਰੇ ਪਹਿਣਾ ਦਿੱਤੇ ਨੇ, ਉਹ ਵਿਚਾਰੇ ਤਾਂ ਇਹ ਵੀ ਨਹੀਂ ਕਰ ਸਕਦੇ…
ਆਰ.ਐੱਸ.ਐੱਸ. ਨਾਲ ਭੂਮੀ ਪੂਜਨ ਵਿੱਚ ਇਸਦੀ ਸ਼ਿਰਕਤ ਕੋਈ ਨਵੀਂ ਗੱਲ ਨਹੀਂ… ਪੰਜਾਬ ਤੋਂ ਬਾਹਰ ਦੇ ਦੋ ਤਖਤ, ਪੰਜਾਬ ਤੋਂ ਹੀ ਨਹੀਂ ਪੰਥ ਤੋਂ ਵੀ ਬਾਹਰ ਹੀ ਹਨ…
1984 ਵਿੱਚ ਜਦੋਂ ਪੰਜਾਬ ਦੇ ਭੰਗੀ-ਪੋਸਤੀ ਵੀ ਇੰਦਰਾਂ ਨੂੰ ਲਾਹਨਤਾਂ ਪਾ ਰਹੇ ਸਨ ਉਦੋਂ ਇਹਨਾਂ ਤਖਤਾਂ ਦੇ ਪੁਜਾਰੀਆਂ ਨੇ ਹਮਲਾਵਰ ਸਰਕਾਰ ਦੇ ਸਪੈਸ਼ਲ ਜਹਾਜ਼ਾਂ ਵਿੱਚ ਬੈਠ ਕੇ ਸੰਤਾ ਸਿੰਹੁ ਵੱਲੋਂ ਸੱਦੇ “ਸਰਬੱਤ ਖਾਲਸਾ” ਵਿੱਚ ਸ਼ਾਮਲ ਹੋ ਕੇ ਇੰਦਰਾ ਗਾਂਧੀ ਦੀ ਹੀ ਪਿੱਠ ਪੂਰੀ ਸੀ… ਅਮਲੀਆਂ-ਨਸ਼ੇੜੀਆਂ ਜਿੰਨੀ ਵੀ ਹਿੰਮਤ ਨਾ ਵਿਖਾ ਹੋਈ…
ਪਹਿਲਾਂ ਵੀ ਕਿਸੇ ਨੂੰ ਭੁਲੇਖਾ ਨਹੀਂ ਸੀ ਕਿ ਬਿਗਾਨੇ ਪੁੱਤਾਂ ਨੇ ਜਿਨ੍ਹਾਂ ਦੇ ਕਛਹਿਰੇ ਭਗਵੇਂ ਕਰ ਦਿੱਤੇ ਨੇ ਓਹੀ ਲੋਕ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਨੇ… ਨੀਂਹ ਪੱਥਰ ਦੀ ਸ਼ਾਨ ਵਧਾਉਂਦਾ ਨਾਨਕਸ਼ਾਹੀ ਕੈਲੰਡਰ ਦਾ ਪ੍ਰਥਮ ਵਿਰੋਧੀ ਇਕਬਾਲ ਸਿੰਹ ਤਾਂ ਬੱਸ ਚੇਤੇ ਹੀ ਕਰਵਾ ਰਿਹਾ ਹੈ ਉਹ ਕਿਸ ਦਾ ਖਿਡੌਣਾ ਹੈ… ਇਹਦੇ ਵਰਗੇ ਇੱਕ ਹੋਰ ਨੇ ਤਾਂ ਬਿਮਾਰੀ ਦਾ ਬਹਾਨਾ ਬਣਾਕੇ ਸਿੱਕ ਲੀਵ ਲੈ ਲਈ ਪਰ ਇਕਬਾਲ ਸਿੰਹ ਕੋਲ ਹੁਣ ਜਥੇਦਾਰੀ ਵੀ ਨਹੀਂ ਰਹੀ… ਇਸ ਲਈ ਇਹ ਤਾਂ ਉਹ ਵੀ ਨਹੀਂ ਸੀ ਕਰ ਸਕਦਾ? ਸਿਆਣਿਆਂ ਨੇ ਐਵੇਂ ਨਹੀਂ ਕਿਹਾ, ਕੀ ਨੌਕਰੀ ਤੇ ਕੀ ਨਖ਼ਰਾ…
ਆਪਣੇ ਇਰਦ ਗਿਰਦ ਆਨੰਦਪੁਰੀ ਪਹਿਰਾਵੇ ਵਿੱਚ ਵਿਚਰਦੇ ਬਨਾਰਸੀਆਂ ਤੋਂ ਸਾਵਧਾਨ ਰਹਿਣ ਵਿੱਚ ਹੀ ਬਚਾਓ ਹੈ!
Average Rating