Breaking News

ਕਿਵੇਂ ਸਿੱਖਾਂ ਕੋਲੋਂ ਖੋਹ ਲਈ ਗਈ ਪੰਜਾਬ ਐਂਡ ਸਿੰਧ ਬੈਂਕ ਵਰਗੀ ਸ਼ਾਨਦਾਰ ਸੰਸਥਾ

0 0

ਅੱਜ ਦੀ ਅਖਬਾਰ ਤੋਂ ਖ਼ਬਰ ਮਿਲੀ ਕਿ ਭਾਰਤ ਸਰਕਾਰ ਨੇ ਸ੍ਰੀ ਸਵਰੂਪ ਕੁਮਾਰ ਸਾਹਾ ਨੂੰ ਪੰਜਾਬ ਐਂਡ ਸਿੰਧ ਬੈਂਕ ਦਾ ਨਵਾਂ ਐਮਡੀ ਤੇ ਸੀਈਓ ਨਿਯੁਕਤ ਕੀਤਾ ਹੈ।

ਪੜਦਿਆਂ ਹੀ ਯਾਦ ਆ ਗਿਆ ਕਿ ਸਿਆਣੇ ਅਮੀਰ ਸਿੱਖਾਂ ਤੇ ਵਿਦਵਾਨਾਂ ਭਾਈ ਵੀਰ ਸਿੰਘ, ਸਰ ਸੁੰਦਰ ਸਿੰਘ ਮਜੀਠੀਆ ਤੇ ਸ੍ਰ. ਤਿਰਲੋਚਨ ਸਿੰਘ ਨੇ ਪਹਿਲੀ ਵਾਰ 24 ਜੂਨ,1908 ਨੂੰ ਅੰਮ੍ਰਿਤਸਰ ਵਿਖੇ ਪੰਜਾਬ ਐਂਡ ਸਿੰਧ ਬੈਂਕ ਕਾਇਮ ਕੀਤਾ ਸੀ ਤਾਂ ਕਿ ਸਿੰਧ ਤੇ ਅਣਵੰਡੇ ਪੰਜਾਬ ਵਿਚ ਬੈਂਕਿੰਗ ਸੇਵਾਵਾਂ ਦਿਤੀਆਂ ਜਾਣ।
ਦੇਸ਼ ਦੀ ਵੰਡ ਕਾਰਨ ਬੈਂਕ ਨੂੰ ਧੱਕਾ ਲੱਗਾ। ਮਗਰੋਂ ਭਾਰਤ ਵਿਚ ਬੈਂਕ ਨੇ ਕਾਰੋਬਾਰ ਤੇਜ਼ ਕੀਤਾ।

ਪਰ ਜਦੋਂ ਸ੍ਰ. ਇੰਦਰਜੀਤ ਸਿੰਘ ਹੁਰਾਂ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਕਮਾਨ ਸੰਭਾਲੀ ਤਾਂ ਬੈਂਕ ਨਿਰੰਤਰ ਤਰੱਕੀ ਕਰਨ ਲੱਗ ਪਿਆ।
ਦੂਜ਼ੀ ਚੰਗੀ ਗੱਲ ਸ੍ਰ. ਇੰਦਰਜੀਤ ਸਿੰਘ ਹੁਰਾਂ ਨੇ ਇਹ ਕੀਤੀ ਕਿ ਸਾਬਿਤ ਸੂਰਤ ਪੜ੍ਹੇ ਲਿਖੇ ਸਿੱਖ ਨੌਜਵਾਨਾਂ ਨੂੰ ਬੈਂਕ ਵਿਚ ਰੁਜ਼ਗਾਰ ਦੇਣਾ ਸ਼ੁਰੂ ਕਰ ਦਿੱਤਾ।

ਸਿੱਖ ਕੌਮ ਨੇ ਵੀ ਇਸ ਬੈਂਕ ਦੀ ਉਨਤੀ ਲਈ ਹਰ ਸੰਭਵ ਸਾਥ ਦਿਤਾ। ਸਿੱਖ ਸੰਸਥਾਵਾਂ, ਗੁਰਦੁਆਰਿਆਂ, ਸਕੂਲਾਂ, ਕਾਲਜਾਂ ਆਦਿ ਵਿਚ ਬ੍ਰਾਂਚਾਂ ਖੋਲ੍ਹੀਆਂ ਗਈਆਂ। ਇਨ੍ਹਾਂ ਤੋਂ ਇਲਾਵਾ ਆਮ ਸਿੱਖਾਂ ਨੇ ਇਸ ਬੈਂਕ ਵਿਚ ਖਾਤੇ ਖੁਲਵਾਏ ਤੇ ਵੱਡੀਆਂ ਰਕਮਾਂ ਫਿਕਸਡ ਡਿਪਾਜ਼ਇਟ ਵਿਚ ਲਗਾਈਆਂ।

ਬੈਂਕ ਨੇ ਹਰ ਸਾਲ ਸਿੱਖ ਇਤਿਹਾਸ ਨੂੰ ਚਿਤਰਦੇ ਕੈਲੰਡਰ ਛਾਪਣੇ ਸ਼ੁਰੂ ਕੀਤੇ, ਜਿਸਨੂੰ ਕੌਮ ਨੇ ਬਹੁਤ ਸਰਾਹਿਆ। ਸਿੱਖਾਂ ਨੇ ਕੇਵਲ ਉਸ ਕੈਲੰਡਰ ਨੂੰ ਲੈਣ ਲਈ ਹੀ ਬੈਂਕ ਨੂੰ ਜਮਾਂ ਰਕਮਾਂ ਦਿਤੀਆਂ। ਸ੍ਰ. ਇੰਦਰਜੀਤ ਸਿੰਘ ਹੁਰਾਂ ਦੀ ਪ੍ਰੇਰਨਾ ਨਾਲ ਬੈਂਕ ਨੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਸਿੱਖ ਇਤਿਹਾਸ ਦੀਆਂ ਅਨੇਕਾਂ ਪੁਸਤਕਾਂ ਛਾਪੀਆਂ ਤੇ ਸਿੱਖ ਲਿਖਾਰੀਆਂ ਦੀਆਂ ਪੁਸਤਕਾਂ ਖਰੀਦੀਆਂ ਅਤੇ ਪ੍ਰਸਿੱਧ ਚਿੱਤਰਕਾਰਾਂ ਕੋਲੋਂ ਸਿੱਖ ਇਤਿਹਾਸ ਦੇ ਚਿੱਤਰ ਤਿਆਰ ਕਰਵਾਏ ਤੇ ਮਗਰੋਂ ਉਨ੍ਹਾਂ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਵੀ ਲਗੀਆਂ।

ਦਿਨ ਬ ਦਿਨ ਬੈਂਕ ਵਿਕਾਸ ਕਰਦਾ ਹੋਇਆ ਭਾਰਤ ਦੇ ਹਰ ਸ਼ਹਿਰ ਵਿਚ ਅਨੇਕਾਂ ਬ੍ਰਾਂਚਾਂ ਖੋਲ੍ਹਣ ਵਿਚ ਕਾਮਯਾਬ ਹੋਇਆ।

ਮਗਰੋਂ ਭਾਰਤ ਸਰਕਾਰ ਨੇ ਕੌਮੀਕਰਨ ਦੀ ਨੀਤੀ ਹੇਠ 15 ਅਪ੍ਰੈਲ,1980 ਵਿਚ ਪੰਜ ਹੋਰਨਾਂ ਬੈਂਕਾਂ ਦੇ ਨਾਲ ਪੰਜਾਬ ਐਂਡ ਸਿੰਧ ਬੈਂਕ ਦਾ ਵੀ ਕੌਮੀਕਰਨ ਕਰ ਦਿੱਤਾ, ਜਿਸ ਦਾ ਸਿੱਖ ਕੌਮ ਨੇ ਬਹੁਤ ਵਿਰੋਧ ਕੀਤਾ।

ਸਿੱਖ ਆਗੂ ਸਰਕਾਰ ਤੋਂ ਇਹ ਵਿਸ਼ਵਾਸ ਲੈਣ ਉਤੇ ਸਹਿਮਤ ਹੋ ਗਏ ਕਿ ਅਗੋਂ ਇਸ ਬੈਂਕ ਦਾ ਮੁੱਖੀ ਭਾਵ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਇਕ ਸਿੱਖ ਹੀ ਹੋਵੇਗਾ।
ਇਸੀ ਵਾਅਦੇ ਮੁਤਾਬਕ ਸ੍ਰ. ਇੰਦਰਜੀਤ ਸਿੰਘ ਮਗਰੋਂ ਕਈ ਸਿੱਖ ਅਧਿਕਾਰੀ ਬੈਂਕ ਦੇ ਮੁੱਖੀ ਬਣਦੇ ਰਹੇ, ਜੋ ਇਸੀ ਬੈਂਕ ਤੋਂ ਤਰੱਕੀ ਕਰਦੇ ਆਏ। ਇਨ੍ਹਾਂ ਵਿਚ ਸ੍ਰ. ਸੁਰਿੰਦਰ ਸਿੰਘ ਕੋਹਲੀ, ਗੁਜਰਾਲ ਸਾਹਿਬ ਆਦਿ ਸ਼ਾਮਿਲ ਹਨ ਤੇ ਕਈ ਸਿੱਖ ਮੁੱਖੀ ਦੂਜੇ ਬੈਂਕਾਂ ਤੋਂ ਵੀ ਆਏ ਅਤੇ ਕਈ ਵਾਰ ਕੁਝ ਸਿੱਖ ਮੁੱਖੀ ਆਈਏਐਸ ਵੀ ਲਗਾਏ ਗਏ, ਜਿਨ੍ਹਾਂ ਵਿਚ ਸ੍ਰ. ਕੇ.ਐਸ. ਬੈਂਸ ਤੇ ਸ੍ਰ. ਆਰ.ਪੀ. ਸਿੰਘ ਆਦਿ ਵਰਨਣਯੋਗ ਹਨ। ਇਨ੍ਹਾਂ ਸਾਰਿਆਂ ਦਾ ਇਥੇ ਵਿਸਥਾਰ ਦੇਣ ਦੀ ਥਾਂ ਸੰਕੇਤ ਹੀ ਕੀਤਾ ਗਿਆ ਹੈ, ਜਿਸ ਦਾ ਮਤਲਬ ਕੌਮੀਕਰਨ ਕਰਨ ਮਗਰੋਂ ਭਾਰਤ ਸਰਕਾਰ ਸੁਹਿਰਦਤਾ ਨਾਲ ਬੈਂਕ ਦਾ ਮੁੱਖੀ ਸਿੱਖ ਹੀ ਨਿਯੁਕਤ ਕਰਦੀ ਰਹੀ।

ਪਰ ਕੌਮੀਕਰਨ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਇਸ ਬੈਂਕ ਵਿਚ ਪਹਿਲਾਂ ਵਾਂਗ ਰੁਜ਼ਗਾਰ ਮਿਲਣਾ ਬੰਦ ਹੋ ਗਿਆ। ਸਾਰੀ ਭਰਤੀ ਦੇਸ਼ ਭਰ ਵਿਚੋਂ ਬੈਂਕਿੰਗ ਰਿਕਰੂਟਮੈਂਟ ਬੋਰਡ ਰਾਹੀਂ ਹੋਣ ਲੱਗੀ। ਨਤੀਜੇ ਵਜੋਂ ਨਵੀਆਂ ਨਿਯੁਕਤੀਆਂ ਵਿਚ ਗ਼ੈਰ ਪੰਜਾਬੀਆਂ ਦੀ ਭਰਮਾਰ ਹੋ ਗਈ।

ਸਿੱਖ ਆਗੂ ਵੀ ਲਾਪਰਵਾਹ ਹੋ ਗਏ। ਉਨ੍ਹਾਂ ਦੀ ਲਾਪਰਵਾਹੀ ਤੇ ਉਦਾਸੀਨਤਾ ਦਾ ਮੌਕਾ ਸੰਭਾਲਦਿਆਂ ਸਰਕਾਰ ਨੇ ਪਹਿਲਾਂ ਈਡੀ ਭਾਵ ਐਗਜ਼ੀਕਿਊਟਿਵ ਡਾਇਰੈਕਟਰ ਗ਼ੈਰ ਸਿੱਖ ਲਗਾਉਣੇ ਸ਼ੁਰੂ ਕੀਤੇ। ਸਿੱਖ ਆਗੂਆਂ ਵਲੋਂ ਵਿਰੋਧ ਨਾ ਹੁੰਦਾ ਵੇਖ ਭਾਰਤ ਸਰਕਾਰ ਨੇ ਨਿਰੰਤਰ ਗ਼ੈਰ ਸਿੱਖਾਂ ਨੂੰ ਇਸ ਬੈਂਕ ਦਾ ਮੁੱਖੀ ਨਿਯੁਕਤ ਕਰਨਾ ਸ਼ੁਰੂ ਕਰ ਦਿੱਤਾ। ਪਰ ਸਿੱਖ ਆਗੂ ਸੁੱਤੇ ਰਹੇ।

ਬੈਂਕ ਦੇ ਮੁੱਖ ਦਫਤਰ ਤੇ ਬ੍ਰਾਂਚਾਂ ਵਿਚ ਪਹਿਲਾਂ ਵੱਡੀ ਗਿਣਤੀ ਵਿਚ ਨਜ਼ਰੀ ਆਉਂਦੇ ਰਹੇ ਸਿੱਖ ਹੁਣ ਕਿਧਰੇ ਵਿਖਾਈ ਨਹੀਂ ਦੇ ਰਹੇ। ਬਹੁ ਗਿਣਤੀ ਜਨਰਲ ਮੈਨੇਜਰਾਂ ਵਿਚ ਵੀ ਕੋਈ ਟਾਂਵਾਂ ਸਿੱਖ ਹੀ ਰਹਿ ਗਿਆ ਹੋਵੇਗਾ।

31 ਮਾਰਚ, 2020 ਨੂੰ ਭਾਰਤ ਭਰ ਵਿਚ ਇਸ ਬੈਂਕ ਦੀਆਂ 1526 ਬ੍ਰਾਂਚਾਂ ਤੇ 25 ਜ਼ੋਨਲ ਦਫ਼ਤਰ ਸਨ।

ਇਸੀ ਬੈਂਕ ਤੋਂ ਤਰੱਕੀਆਂ ਲੈ ਕੇ ਉੱਚ ਅਹੁਦਿਆਂ ਤੱਕ ਪਹੁੰਚ ਕੇ ਸੇਵਾ ਮੁਕਤ ਹੋਏ ਸਾਰੇ ਸਿੱਖ ਅਧਿਕਾਰੀ ਇਸ ਸੰਖੇਪ ਵਾਰਤਾ ਤੇ ਸਿੱਖਾਂ ਨੂੰ ਇਸ ਬੈਂਕ ਤੋਂ ਬੇਰੁਜ਼ਗਾਰ ਕਰਨ ਦੇ ਇਤਿਹਾਸ ਨਾਲ ਸਹਿਮਤ ਹੋਣਗੇ।

ਸਿੱਖ ਆਗੂਆਂ ਦੀ ਇਸ ਸਿੱਖ ਬੈਂਕ ਤੇ ਵੱਡੀ ਗਿਣਤੀ ਵਿਚ ਮਾਣਯੋਗ ਰੁਜ਼ਗਾਰ ਦੇ ਰਹੀ ਵੱਡੀ ਸੰਸਥਾ ਪ੍ਰਤੀ ਕਮਜ਼ੋਰੀ ਤੇ ਉਦਾਸੀਨਤਾ ਨੂੰ ਕੌਣ ਮਾਫ਼ ਕਰੇਗਾ ?

ਜ਼ਰਾ ਸੋਚੋ ! 🙏

Prof.(Dr.) Bhupinder Pal Singh Bakhshi
(Retd.) Sri Guru Nanak Dev Khalsa College,
New Delhi-110005
M : 9810080340

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply