Breaking News

ਕੋਈ ਕਹੋ ‘ਖੁਮੀਨੀ’ ਕੋਈ ਆਖੇ ‘ਨਲਵਾ’, ਪੜ੍ਹੋ ਸੰਤਾਂ ਬਾਰੇ ਵੱਖ ਵੱਖ ਲੋਕਾਂ ਦੀ ਕੀ ਸੀ ਰਾਇ

0 0

ਰਵਾਇਤ ਹੈ ਕਿ ਚਹੁੰ ਅੰਨ੍ਹਿਆਂ ਨੇ ਹਾਥੀ ਵੇਖਿਆ, ਪਰ ਵੇਖਿਆ ਹੱਥਾਂ ਰੂਪੀ ਅੱਖਾਂ ਨਾਲ਼। ਹਰ ਕਿਸੇ ਨੇ ਹੱਥਾਂ ਦੀ ਟੋਹ ਨਾਲ਼ ਹਾਥੀ ਦੇ ਵੱਖੋ-ਵੱਖ ਅੰਗਾਂ ਨੂੰ ਜਿਵੇਂ ਮਹਿਸੂਸ ਕੀਤਾ, ਤਿਵੇਂ ਬਿਆਨ ਕਰ ਦਿੱਤਾ। ਇਹੀ ਹਾਲ ਭਿੰਡਰਾਂਵਾਲ਼ੇ ਸੰਤਾਂ ਦੀ ਸ਼ਖ਼ਸੀਅਤ ਬਾਰੇ ਬਹੁਤ ਸਾਰੇ ਪੱਤਰਕਾਰਾਂ, ਵਿਦਵਾਨਾਂ, ਵਿਸ਼ੇਸ਼ ਵਿਅਕਤੀਆਂ ਤੇ ਆਮ ਲੋਕਾਂ ਦਾ ਹੈ।

ਕਈ ਉਸ ਨੂੰ ‘ਸਿੱਖਾਂ ਦਾ ਖੁਮੀਨੀ’ ਕਹਿਣ ਲੱਗ ਪਏ। ਉਹ ਭਿੰਡਰਾਂਵਾਲ਼ੇ ਸੰਤਾਂ ਦੀ ਤੁਲਨਾ ਈਰਾਨ ਦੇ ਮੁਸਲਮਾਨ ਸੰਤ ‘ਆਇਤੁੱਲਾ ਖੁਮੀਨੀ’ ਨਾਲ਼ ਕਰਦੇ। ਪ੍ਰਸਿੱਧ ਲੇਖਕ ਤੇ ਮਸ਼ਹੂਰ ਪੱਤਰਕਾਰ ਸਰਦਾਰ ਖੁਸ਼ਵੰਤ ਸਿੰਘ ਸਾਬਕਾ ਐਡੀਟਰ ‘ਇਲੱਸਟ੍ਰੇਟਿਡ ਵੀਕਲੀ’ ਨੇ ‘ਪੰਜਾਬ ਦੇ ਖੁਮੀਨੀ’ ਦੀ ‘ਈਰਾਨ ਦੇ ਖੁਮੀਨੀ’ ਨਾਲ਼ ਸਮਰੂਪਤਾ ਇਹਨਾਂ ਸ਼ਬਦਾਂ ਵਿੱਚ ਬਿਆਨ ਕੀਤੀ:

“ਦੋਵੇਂ ਦਸਤਾਰ ਬੰਨ੍ਹਦੇ ਹਨ ਤੇ ਲੰਮੀਆਂ, ਖੁੱਲ੍ਹੀਆਂ ਦਾੜ੍ਹੀਆਂ ਰੱਖਦੇ ਹਨ। ਦੋਵੇਂ ਆਪਣੇ ਪਿਤਾ ਪੁਰਖੀ ਧਰਮਾਂ  ਦਾ ਪ੍ਰਚਾਰ ਕਰਦੇ ਹਨ। ਦੋਵੇਂ ਹੀ ਪ੍ਰਚਾਰਕ ਹਨ ਤੇ ਬਲਵਾਨ ਸਿਆਸੀ ਸ਼ਖ਼ਸੀਅਤਾਂ ਬਣ ਗਏ ਹਨ।

ਆਇਤੁੱਲਾ ਖੁਮੀਨੀ ਸ਼ੀਆ ਮੁਸਲਮਾਨਾਂ ਲਈ ਤੇ ਸੰਤ ਜਰਨੈਲ ਸਿੰਘ ਖਾਲਸਾ ਪੰਜਾਬ ਦੇ ਸਿੱਖਾਂ ਲਈ, ਦੋਵੇਂ ਹੀ ਮੰਚ ਤੇ ਪ੍ਰਗਟ ਹੋਣ ਤੋਂ ਪਹਿਲਾਂ ਅਗਿਆਤ ਵਿਅਕਤੀ ਸਨ ਅਤੇ ਦੋਹਾਂ ਉੱਤੇ ਹੀ ਉਹਨਾਂ ਦੇ ਦੋਖੀਆਂ ਵੱਲੋਂ ਹਿੰਸਕਾਂ ਨੂੰ ਪਨਾਹ ਦੇਣ ਤੇ ਹਤਿਆਰਿਆਂ ਨੂੰ ਖਿਮਾ ਕਰਨ ਦੇ ਦੂਸ਼ਣ ਲਾਏ ਗਏ ਹਨ।”

ਕਈ ਲੋਕਾਂ ਨੇ ਭਿੰਡਰਾਂਵਾਲ਼ੇ ਸੰਤਾਂ ਨੂੰ ‘ਅੱਜ ਦਾ ਹਰੀ ਸਿੰਘ ਨਲਵਾ’ ਕਹਿਣਾ ਸ਼ੁਰੂ ਕਰ ਦਿੱਤਾ, ਕਿਉਂਕਿ ਜਿਸ ਤਰ੍ਹਾਂ ਸਿੱਖ ਇਤਿਹਾਸ ਦੀ ਮਹਾਨ ਹਸਤੀ ਸਰਦਾਰ ਹਰੀ ਨਲਵਾ ਦੇ ਜੰਗੀ ਕਾਰਨਾਮਿਆਂ ਦੀ ਧਾਕ ਪਠਾਣਾਂ ਅਤੇ ਪਠਾਣੀਆਂ ਦੇ ਦਿਲਾਂ ਤੇ ਬੈਠ ਗਈ ਸੀ, ਐਨ ਉਸੇ ਤਰ੍ਹਾਂ ਦੀ ਦਹਿਸ਼ਤ ਭਿੰਡਰਾਂਵਾਲ਼ੇ ਦੇ ‘ਮੋਟਰਸਾਈਕਲਾਂ’ ਦੀ ਪੰਜਾਬ ਦੇ ਹਿੰਦੂਆਂ ਅਤੇ ਹਿੰਦਵਾਣੀਆਂ ਦੇ ਮਨਾਂ ਤੇ…। ਹਰੀ ਸਿੰਘ ਨਲਵਾ ਪਠਾਣਾਂ ਲਈ ਇੱਕ ‘ਹਊਆ’ ਬਣ ਗਏ ਸਨ ਤੇ ਪਠਾਣੀਆਂ ਨੇ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਸੁ ‘ਸੌਂ ਜਾ ਬੇਟਾ, ਨਲਵਾ ਆਇਆ ! ਕੁਝ ਏਸੇ ਤਰਾਂ ਦੀ ਹਾਲਤ ਪੰਜਾਬ ਵਾਸੀ ਹਿੰਦੂਆਂ ਦੀ ਹੋ ਗਈ ਤੇ ਭਿੰਡਰਾਂਵਾਲੇ ਦੇ ਨਾਂ ਨੇ ਉਹਨਾਂ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ। ਜਨਤਾ ਪਾਰਟੀ ਦੇ ਨੇਤਾ ਸ੍ਰੀ ਰਾਜ ਨਰਾਇਣ ਜੀ ਨੂੰ ਸਰਦਾਰ ਹਰੀ ਸਿੰਘ ਨਲਵੇ ਇਤਿਹਾਸਕ ਮਹਾਨਤਾ ਭਾਵੇਂ ਪਤਾ ਹੋਵੇ ਜਾਂ ਨਾ, ਪਰ ਪੰਜਾਬ ਦੀ ਸਹੀ ਸਥਿਤੀ ਨੂੰ ਨੇੜੇ ਹੋ ਕੇ ਵੇਖਦਿਆਂ ਉਹਨਾਂ ਨੇ ਵੀ ਇਹ ਮਹਿਸੂਸ ਕੀਤਾ ਕਿ ਪੰਜਾਬ ਦੇ ਹਿੰਦੂ ਡਰੇ ਅਤੇ ਸਹਿਮੇ ਹੋਏ ਹਨ। ਜੁਲਾਈ 1983 ਦੇ ਅਰੰਭ ਵਿੱਚ ਉਹ ਮੌਕਾ ਵੇਖ ਕੇ ਹਾਲਤ ਦਾ ਜਾਇਜ਼ਾ ਲੈਣ ਲਈ ਪੰਜਾਬ ਆਏ ਸਨ। ‘ਨੇਤਾ ਜੀ’ ਨੇ ਅੰਮ੍ਰਿਤਸਰ ਪਹੁੰਚ ਕੇ ਧਰਮ-ਯੁੱਧ’ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ਼ ਨਾਲ਼ ਲਗਭਗ ਤਿੰਨ ਘੰਟੇ ਗੱਲਬਾਤ ਕੀਤੀ। ਗੱਲਬਾਤ ਦੌਰਾਨ ‘ਨੇਤਾ ਜੀ’ ਨੇ ਇਹ ਗੱਲ ਸੰਤ ਲੌਂਗੋਵਾਲ਼ ਦੇ ਧਿਆਨ ਵਿੱਚ ਲਿਆਂਦੀ ਕਿ ‘ਇੱਥੇ ਹਿੰਦੂਆਂ ਵਿੱਚ ਏਨੀ ਦਹਿਸ਼ਤ ਹੈ ਕਿ ਉਹ ਰਾਤ ਨੂੰ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੇ; ਸ਼ਾਮ ਨੂੰ ਸਾਢੇ ਛੇ ਵਜੇ ਦੁਕਾਨਾਂ ਬੰਦ ਕਰ ਦਿੰਦੇ ਹਨ। ਕਈ ਹਿੰਦੂ ਵਪਾਰੀ ਡਰਦੇ ਮਾਰੇ ਆਪਣਾ ਕੀਮਤੀ ਸਮਾਨ ਬਾਹਰ ਭੇਜ ਰਹੇ ਹਨ।

ਇੱਕ ਹੋਰ ਨੇਤਾ ਜੀ ਨੂੰ ਭਿੰਡਰਾਂਵਾਲ਼ੇ ਸੰਤਾਂ ‘ਚੋਂ ਰੱਬ ਦੀ ਝਲਕ ਵਿਖਾਈ ਦਿੱਤੀ। ਸਰਦਾਰ ਭਰਪੂਰ ਸਿੰਘ ਬਲਬੀਰ ਐਡੀਟਰ ‘ਅਕਾਲੀ ਪੱਤ੍ਰਿਕਾ’ ਜਲੰਧਰ ਨੇ ਸੰਤ ਜੀ ਨੂੰ ਰੱਬ ਵਰਗਾ ਦਰਜਾ ਦਿੰਦਿਆਂ ਲਿਖਿਆ:

‘ਸਿੱਖ ਸੰਸਾਰ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਪ੍ਰਤੀ ਅਥਾਹ ਸ਼ਰਧਾ ਹੈ ਅਤੇ ਸਾਡੀ ਸੋਚੇ ਇਸ ਸ਼ਰਧਾ ਦਾ ਆਧਾਰ ਇਸ਼ਕ ਹੈ, ਅਤੇ ਇਸ਼ਕ ਹੀ ਖੁਦਾ ਦੀ ਸ਼ਾਨ ਹੈ ਅਤੇ ਸ਼ਾਨ ਦੀ ਤਾਰੀਫ਼ ਹੀ ਖੁਦਾ ਦੀ ਤਾਰੀਫ਼ ਹੈ। ਇਸ ਲਈ ਇਸ ਸਿਰਜਣਹਾਰੇ ਦੀ ਤਾਰੀਫ਼ ਕਰਨ ਨੂੰ ਜੀਅ ਕਰਦਾ ਹੈ। ਇਸ ਲਈ ਅਸੀਂ ਉਸੇ ਨਾਲ਼ ਇਸ਼ਕ ਕਰਨਾ ਯੋਗ ਸਮਝਦੇ ਹਾਂ, ਜਿਸ ਨਾਲ਼ ਕਿ ‘ਉਸ’ ਭਾਵ ਸਿਰਜਣਹਾਰੇ ਨੂੰ ਇਸ਼ਕ ਹੈ ਅਤੇ ਜਿਹੜਾ ਇਸ਼ਕ ਹੀ ਉਸ ਦੀ ਸ਼ਾਨ ਹੈ। ਇਹ ਇਸ਼ਕ ਹੀ ਹੈ, ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਪ੍ਰਤੀ ਸਾਥੋਂ ਅਤੇ ਤੁਹਾਥੋਂ ਕਿਸੇ ਵਜਦ ਵਿੱਚ ਕਿਸੇ ਮਸਤੀ ਵਿੱਚ ਆਪ ਮੁਹਾਰੇ ਹੀ ਅਖਵਾ ਰਿਹਾ ਹੈ:

ਖੁਦਾ ਤੁਮ ਕੋ ਨਹੀਂ ਕਹਿਤੇ, ਮਗਰ ਸ਼ਾਨੇ ਖੁਦਾ ਤੁਮ ਹੋ।”

ਇੱਕ ਲੇਖਕ ਜੀ ਜਦ ਭਿੰਡਰਾਂਵਾਲੇ ਸੰਤਾਂ ਬਾਰੇ ਕਿਤਾਬ ਲਿਖਣ ਲੱਗੇ ਤਾਂ ਉਹਨਾਂ ਨੂੰ ਭਿੰਡਰਾਂਵਾਲ਼ੇ’ ਦਮਦਮੀ ਟਕਸਾਲ ਦੇ ਰੂਪ ਵਿੱਚ ਹੀ ਦਿਖਾਈ ਦਿੱਤੇ। ਸੋ ਉਹਨਾਂ ਨੇ ਸੰਤ ਜੀ ਦੇ ਜੀਵਨ ਤੇ ਦਰਸ਼ਨ ਬਾਰੇ ਕੁਝ ਲਿਖਣ ਦੀ ਥਾਂ ਦਮਦਮੀ ਟਕਸਾਲ ਦਾ ਇਤਿਹਾਸ ਹੀ ਲਿਖ ਮਾਰਿਆ। ਇਹ ਸੀ ਸੰਤਾਂ ਦੇ ਪ੍ਰਸੰਸਕਾਂ ਦਾ ਦ੍ਰਿਸ਼ਟੀਕੋਣ, ਪਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ, ਜੋ ਰੰਗ ਬਿਰੰਗੀਆਂ ਐਨਕਾਂ ਲਾ ਕੇ ਸੰਤ ਜੀ ਨੂੰ ਵੇਖਦੇ ਹਨ ਤੇ ਕਹਿੰਦੇ ਇਹ ਹਨ, ਉਹਨਾਂ ਵੱਲੋਂ ਸੰਤ ਜੀ ਦਾ ਜੋ ਚਰਿੱਤਰ ਪੇਸ਼ ਕੀਤਾ ਜਾ ਰਿਹਾ ਹੈ, ਉਹ ਅੱਖੀਂ ਡਿੱਠਾ ਸੱਚ ਹੈ।

ਦੇਸੀ ਪ੍ਰੈਸ ਵੱਲੋਂ ਸੰਤ ਜੀ ਨੂੰ ‘ਅੱਤਵਾਦੀ’ ਤੇ ‘ਵੱਖਵਾਦੀ’ ਲਿਖਿਆ ਜਾਣਾ ਇੱਕ ਆਮ ਵਰਗੀ ਗੱਲ ਹੈ, ਪਰ ਪਰਦੇਸੀ ਪ੍ਰੈੱਸ ਵੀ ਸੰਤ ਜੀ ਨੂੰ ‘ਸਿੱਖਾਂ ਦੀ ਵੱਖਵਾਦੀ ਲਹਿਰ ਦਾ ਜਵਾਂ-ਮਰਦ ਆਗੂ’ ਲਿਖ ਕੇ ਹੀ ਪ੍ਰਚਾਰਦਾ ਹੈ। ਸੰਤਾਂ ਬਾਰੇ ਸੰਤਾਂ ਦੇ ਸਿਆਸੀ ਮੁਖਾਲਿਫ਼ਾਂ ਦੀ ਰਾਏ ਵੀ ਵੱਖ-ਵੱਖ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਧੜਾ ਸੰਤ ਜੀ ਨੂੰ ‘ਕਾਂਗਰਸ ਦਾ ਏਜੰਟ’ ਕਹਿੰਦਾ ਹੈ। ਇਹਨਾਂ ਦਾ ਇੱਕ ਧੜਾ ਸੰਤਾਂ ਨੂੰ ਚਿੱਟੀਆਂ ਪੱਗਾਂ ਵਾਲ਼ੇ ਅਕਾਲੀਆਂ ਦੀ ‘ਲੱਭਤ’ ਦੱਸਦਾ ਹੈ। ਸੱਜੂ-ਖੱਬੂ ਤੇ ਹਰ ਸ਼ੇਡ ਦੇ ਕਾਮਰੇਡ, ਮਾਰਕਸਵਾਦ ਦੇ ਜਮਾਤੀ ਵਿਸ਼ਲੇਸ਼ਣ ਦੇ ਆਧਾਰ ਤੇ ਸੰਤ ਜੀ ਨੂੰ ਪਿੱਛੇ ਖਿੱਚੂ ਤਾਕਤਾਂ ਦੀ ਪੈਦਾਵਾਰ’ ਦੱਸਦੇ ਹਨ। ਭਾਰਤੀ ਜਨਤਾ ਪਾਰਟੀ ਨੂੰ ਸੰਤ ਜੀ ‘ਰਾਸ਼ਟਰ ਵਿਰੋਧੀ’ ਨਜ਼ਰ ਆਉਂਦੇ ਹਨ। ਜਦ ਕਿ ਹਕੀਕਤ ਇਹ ਹੈ ਕਿ ਭਿੰਡਰਾਂਵਾਲ਼ੇ ਸੰਤ ਨਿਰੋਲ ਧਾਰਮਿਕ ਵਿਅਕਤੀ ਅਤੇ ਸਿੱਖੀ ਪ੍ਰਚਾਰ ਕਰਨਾ, ਅੰਮ੍ਰਿਤ ਛਕਾਉਣਾ, ਸ਼ੁੱਧ ਪਾਠ ਸਿਖਾਉਣਾ ਤੇ ਲੋਕਾਂ ਨੂੰ ਮੰਦੇ ਕੰਮਾਂ ਤੇ ਨਸ਼ਿਆਂ ਤੋਂ ਬਚਾਉਣਾ ਉਹਨਾਂ ਦੀ ਜ਼ਿੰਦਗੀ ਦਾ ਮਿਸ਼ਨ ਰਿਹਾ ਹੈ। ਉਹ ਕਿਸੇ ਸਿਆਸੀ ਪਾਰਟੀ ਦੇ ਅਸਰ ਹੇਠ ਨਹੀਂ ਤੇ ਨਾ ਹੀ ਕਿਸੇ ਰਾਜਸੀ ਆਗੂ ਪਾਸੋਂ ਹਦਾਇਤਾਂ ਲੈ ਕੇ ਚੱਲਦੇ ਸੀ। ਉਹਨਾਂ ਦਾ ਪ੍ਰੇਰਨਾ ਸਰੋਤ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ ਤੇ ਉਹਨਾਂ ਲਈ ਮਾਰਗ-ਦਰਸ਼ਕ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਸ ਦੇ ਬਾਵਜੂਦ ਸਿੱਖ ਹੋਣ ਨਾਤੇ ਤੇ ਸਿੱਖਾਂ ਦਾ ‘ਧਰਮ ਤੇ ਸਿਆਸਤ’ ਇੱਕ ਹੋਣ ਨਾਤੇ ਉਹ ਸਿੱਖ ਪੰਥ ਦੀ ਪ੍ਰਤੀਨਿਧ ਸਿਆਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਨੇੜੇ ਜ਼ਰੂਰ ਰਹੇ।

ਉੱਚੇ-ਲੰਮੇ, ਪਤਲੇ ਸਰੀਰ ਵਾਲ਼ੇ, ਲੰਮੇ ਚੋਲ਼ੇ ਵਾਲ਼ੇ, ਗੋਲ਼ ਦਸਤਾਰ ਵਾਲ਼ੇ, ਖੁੱਲ੍ਹੀ ਦਰਸ਼ਨੀ ਦਾੜ੍ਹੀ ਵਾਲ਼ੇ, ਤਿਰਛੀ ਨਜ਼ਰ ਵਾਲ਼ੇ, ਬਿਨ ਕਮਾਨੇ ਤੀਰ ਵਾਲ਼ੇ, ਪੰਜ ਕਕਾਰਾਂ ਦੇ ਧਾਰਨੀ, ਸੰਪੂਰਨ ਗੁਰਸਿੱਖ, ਪੂਰਨ ਬ੍ਰਹਮ-ਗਿਆਨੀ, ਪਹੁੰਚੇ ਹੋਏ ਸੰਤ, ਭਿੰਡਰਾਂ ਜਥਾ ਦੇ ਮੁਖੀ ਤੇ ਸਿੱਖਾਂ ਦੇ ਨੌਜਵਾਨ ਧਾਰਮਿਕ ਆਗੂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲ਼ੇ ਸੰਬੰਧੀ ਅਖਬਾਰਾਂ ਰਾਹੀਂ ਅਨੇਕ ਪ੍ਰਕਾਰ ਦੀਆਂ ਗ਼ਲਤ-ਫ਼ਹਿਮੀਆਂ ਫੈਲਾਈਆਂ ਜਾ ਰਹੀਆਂ ਹਨ ਤੇ ਕੋਝੇ ਤਰੀਕਿਆਂ ਨਾਲ਼ ਸੰਤਾਂ ਦਾ ਸੁਭਾਅ ਚਿਤਰਨ ਕੀਤਾ ਜਾ ਰਿਹਾ ਹੈ। ਸੰਤ ਜੀ ਨੂੰ ਕੋਈ ਅਖ਼ਬਾਰ ‘ਤੰਗਨਜ਼ਰ ਸਿੱਖ ਸੰਤ’ ਲਿਖਦਾ ਹੈ, ਕੋਈ ਫ਼ਿਰਕਾਪ੍ਰਸਤ ‘ਜਨੂੰਨੀ ਆਗੂ’ ਕਰਾਰ ਦਿੰਦਾ ਹੈ, ਕੋਈ ‘ਹਿੰਦੂ ਧਰਮ ਤੇ ਹਿੰਦੂ ਰਾਸ਼ਟਰ ਦਾ ਵਿਰੋਧੀ’ ਦੱਸਦਾ ਹੈ ਤੇ ਕੋਈ ਛਾਪਦਾ ਹੈ ਕਿ ‘ਭਿੰਡਰਾਂਵਾਲ਼ੇ ਸੰਤ’ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਅਲਮ-ਬਰਦਾਰ ਹਨ। ਇੱਕ ਪਰਚੇ ਨੇ ਲਿਖਿਆ ਕਿ ਸੰਤ ਜੀ ਤੇ ਕੋਈ ਕਨੂੰਨ ਲਾਗੂ ਨਹੀਂ ਹੁੰਦਾ, ਸੰਤ ਜੀ ਆਪਣੇ ਆਪ ਵਿੱਚ ਹੀ ਕਨੂੰਨ ਹਨ। ਇਹ ਵੀ ਲਿਖਿਆ ਗਿਆ ਕਿ ਸੰਤ ਜੀ ਸਾਫ਼ ਸਾਫ਼ ਗੱਲਾਂ ਕਰਨ ਵਾਲ਼ੇ ਵਿਅਕਤੀ ਭਾਵੇਂ ਨਹੀਂ, ਪਰ ਦਿਲ ਦੇ ਸਾਫ਼ ਹਨ। ਇੱਕ ਨੇ ਵੇਖਿਆ ਕਿ ਗ਼ੁੱਸੇਖੋਰ ਵਿਖਾਈ ਦਿੰਦੇ ਹਨ, ਦੂਜੇ ਨੂੰ ਨਜ਼ਰ ਆਇਆ ਕਿ ਥੱਕੇ ਹੋਏ ਨਜ਼ਰ ਆਉਂਦੇ ਹਨ। ਮੁੱਕਦੀ ਗੱਲ ਇਹ ਹੈ ਕਿ ਇਹਨਾਂ ਲੋਕਾਂ ਨੇ ‘ਜਿੰਨੇ ਮੂੰਹ ਓਨੀਆਂ ਗੱਲਾਂ’ ਦੀ ਕਹਾਵਤ ਸੱਚ ਕਰ ਕੇ ਵਿਖਾ ਦਿੱਤੀ ਹੈ।

ਬੰਬਈ ਤੋਂ ਛਪਦੇ ਇੱਕ ਬਹੁ – ਚਰਚਿਤ ਸਪਤਾਹਿਕ ਪੱਤਰ ਨੇ ਸੰਤਾਂ ਦੀ ਨਿੰਦਿਆ ਕਰਦਿਆਂ ਇਹ ਦੋਸ਼ ਲਾਇਆ ਕਿ ਭਿੰਡਰਾਂਵਾਲ਼ੇ ਸੰਤ ਹਰ ਚੀਜ਼ ਸਿੱਖ ਦਿਸ਼ਟੀਕੋਣ ਤੋਂ ਵੇਖਦੇ ਹਨ, ਉਹ ਆਪਣੀ ਦਲੀਲ ਦੂਜਿਆਂ ਤੇ ਠੋਸਣ ਦਾ ਯਤਨ ਕਰਦੇ ਹਨ ਤੇ ਜੇ ਕੋਈ ਉਹਨਾਂ ਨਾਲ਼ ਸਹਿਮਤ ਨਹੀਂ ਹੁੰਦਾ, ਉਸ ਵਿੱਚ ਏਨੀ ਦਲੇਰੀ ਨਹੀਂ ਹੁੰਦੀ ਕਿ ਸੰਤਾਂ ਅੱਗੇ ਮੂੰਹ ਖੋਲ੍ਹ ਸਕੇ। ਇਸ ਸਿਲਸਿਲੇ ਵਿੱਚ ਮਜ਼ੇਦਾਰ ਗੱਲ ਇਹ ਹੈ ਕਿ ਜਦ ਇਸ ਅਖ਼ਬਾਰ ਦਾ ਨੁਮਾਇੰਦਾ ਸੰਤ ਜੀ ਦਾ ਇੰਟਰਵਿਊ ਲੈਣ ਲਈ ਅੰਮ੍ਰਿਤਸਰ ਆਇਆ ਤਾਂ ਉਸ ਨੇ ਕਈ ਉਲ਼ਟੇ-ਸਿੱਧੇ ਸਵਾਲ ਕੀਤੇ ਤੇ ਪੱਤਰਕਾਰਾਂ ਵਾਲ਼ੀ ਚਲਾਕੀ ਵਰਤ ਕੇ ਕਈ ਵਚਨ ਸੰਤਾਂ ਦੇ ਮੂੰਹੋਂ ਕਢਾਉਣੇ ਚਾਹੇ; ਇਹ ਵੇਖ ਕੇ ਸੰਤ ਜੀ ਨੇ ਦੋ ਭਾਸ਼ੀਏ ਰਾਹੀਂ ਹੁਕਮ ਦਿੱਤਾ, “ਇਹਨੂੰ ਕਹਿ ਦੇ ਕਿ ਉਹ ਜਾ ਸਕਦਾ ਹੈ ਤੇ ਜੋ ਜੀਅ ਆਵੇ ਲਿਖ ਸਕਦਾ ਹੈ। ਮੈਂ ਕਿਸੇ ਦਾ ਵਕੀਲ ਨਈਂ ਤੇ ਨਾ ਮੈਂ ਸਰਕਾਰ ਦਾ ਹਥਠੋਕਾ ਹਾਂ।”

ਬਾਅਦ ਵਿੱਚ ਉਸ ਨੁਮਾਇੰਦੇ ਨਾਲ਼ ਸੰਬੰਧਿਤ ‘ਹਫ਼ਤੇਵਾਰ’ ਨੇ ਮੋਟੀ ਸੁਰਖੀ ਹੇਠ ਇੱਕ ਇੰਟਰਵਿਊ ਛਾਪਿਆ, ਜਿਸ ਦਾ ਸਿਰਲੇਖ ਸੀ, ‘ਭਿੰਡਰਾਂਵਾਲ਼ਾ ਸੰਤ ਇੱਕ ਬੁਲਬੁਲਾ ਹੈ, ਜੋ ਛੇਤੀ ਹੀ ਫਟ ਜਾਏਗਾ।’ ਸੰਤ ਜੀ ਨੂੰ ਅਜਿਹੀਆਂ ਲਿਖਤਾਂ ਦੀ ਕੋਈ ਪਰਵਾਹ ਨਹੀਂ (ਸੀ)। ਉਹਨਾਂ ਵਿੱਚ ਸਭ ਤੋਂ ਵੱਡੀ ਸਿਫ਼ਤ ਵੀ ਇਹੀ ਹੈ ਕਿ ਉਹ ਵੇਖ ਕੇ ਅਣਡਿੱਠ ਕਰ ਦਿੰਦੇ। ਉਹਨਾਂ ਬਾਰੇ ਕੋਈ ਕੁਝ ਲਿਖਦਾ ਰਹੇ, ਕੋਈ ਕੁਝ ਛਾਪਦਾ ਰਹੇ, ਉਹ ਤਰਦੀਦਾਂ ਦੇ ਚੱਕਰ ਵਿੱਚ ਨਹੀਂ (ਸਨ) ਪੈਂਦੇ। ਸੰਤ ਜੀ ਦਾ ਅਕਾਲ ਪੁਰਖ ਤੇ ਦ੍ਰਿੜ੍ਹ ਨਿਸ਼ਚਾ ਹੈ (ਸੀ)। ਉਹਨਾਂ ਦਾ ਗੁਰਬਾਣੀ ਦੇ ਇਸ ਮਹਾਂਵਾਕ ਉੱਤੇ ਪੱਕਾ ਵਿਸ਼ਵਾਸ (ਸੀ) ਕਿ:

ਜਿਸ ਦਾ ਸਾਹਿਬੁ ਡਾਢਾ ਹੋਇ ॥ ਤਿਸ ਨੋ ਮਾਰਿ ਨ ਸਾਕੈ ਕੋਇ ॥

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply