~ ਜੁਝਾਰ ਸਿੰਘ
ਅਪ੍ਰੈਲ ਦੇ ਦੂਜੇ ਹਫਤੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਅਮਰੀਕਾ ਦੌਰਾ ਖਾਸ ਧਿਆਨ ਮੰਗਦਾ ਹੈ। ਭਾਰਤ ਦੇ ਇਹਨਾਂ ਦੋ ਵਜ਼ੀਰਾਂ ਤੇ ਅਮਰੀਕਾ ਦੇ ਸਟੇਟ ਸਕੱਤਰ ਐਂਥਨੀ ਬਲਿੰਕਨ ਤੇ ਰੱਖਿਆ ਸਕੱਤਰ ਨੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਕਾਨਫਰੰਸ ਚ ਬਲਿੰਕਨ ਨੇ ਭਾਰਤ ਨਾਲ ਜਮਹੂਰੀ ਕਦਰਾਂ ਕੀਮਤਾਂ ਦੀ ਸਾਂਝ ਤੋਂ ਗੱਲ ਸ਼ੁਰੂ ਕਰਦਿਆਂ ਨਾਲ ਹੀ ਠਾਹ ਸੋਟਾ ਮਾਰਿਆ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਭਾਰਤ ਚ ਸੁਰੱਖਿਆ ਕਰਮੀਆਂ, ਪੁਲਸ ਤੇ ਜੇਲ੍ਹ ਅਧਿਕਾਰੀਆਂ ਵਲੋਂ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਉਪਰ ਨਜ਼ਰ ਰੱਖ ਰਹੇ ਹਾਂ। ਉਸ ਦਿਨ ਤਾਂ ਭਾਰਤ ਦੇ ਵਜ਼ੀਰਾਂ ਨੇ ਚੁੱਪ ਧਾਰੀ ਰੱਖੀ ਪਰ ਅਗਲੇ ਦਿਨ ਜੈਸ਼ੰਕਰ ਨੇ ਬਿਆਨ ਦਿੱਤਾ ਕਿ ਲੋਕਾਂ ਨੂੰ ਸਾਡੇ ਬਾਰੇ ਰਾਏ ਰੱਖਣ ਦਾ ਪੂਰਾ ਹੱਕ ਹੈ, ਪਰ ਇਹ ਉਹਨਾਂ ਦੇ ਵੋਟ, ਧੜੇ ਜਹੇ ਮੁਫਾਦਾਂ ਤੇ ਅਧਾਰਤ ਹੈ ਤੇ ਅਸੀਂ ਉਹਨਾਂ ਦੀ ਰਾਏ ਉਪਰ ਵੀ ਆਪਣੀ ਰਾਏ ਰੱਖਦੇ ਹਾਂ। ਇਸਦੇ ਨਾਲ ਹੀ ਜੈਸ਼ੰਕਰ ਨੇ ਅਮਰੀਕਾ ਵਲ ਇਛਾਰਾ ਕਰਦਿਆਂ ਕਿਹਾ ਕਿ ਅਸੀਂ ਵੀ ਦੂਜੇ ਮੁਲਕਾਂ ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਰਾਏ ਰੱਖਦੇ ਹਾਂ।
ਇਸ ਸਾਰੇ ਡਰਾਮੇ ਨੇ ਇਹ ਗੱਲ ਸਪਸ਼ਟ ਕੀਤੀ ਕਿ ਦੋਵੇਂ ਪਾਸਿਆਂ ਵਲੋਂ ਆਪਣੇ ਨਿੱਜੀ ਹਿੱਤਾਂ ਅਨੁਸਾਰ ਹੀ ਅੱਗੇ ਵਧਿਆ ਜਾਵੇਗਾ। ਇਸ ਮੌਕੇ ਦੋਹਾਂ ਭਾਰਤੀ ਵਜ਼ੀਰਾਂ ਦੀ ਹਾਜਰੀ ਚ ਰਾਸ਼ਟਰਪਤੀ ਬਾਈਡਨ ਵਲੋਂ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ (ਸਿੱਖ) ਪਛਾਣ ਬਾਰੇ ਇਛਾਰਾ ਕਰਕੇ ਸਿਫਤ ਕਰਨੀ ਤੇ ਨਿੱਘੀ ਮਿਲਣੀ ਕਾਫੀ ਕੁਝ ਸਮਝਾ ਗਈ।
ਇਸ ਸਭ ਦਰਮਿਆਨ ਅਮਰੀਕਾ ਭਾਰਤ ਨਾਲ ਕਸ਼ਮੀਰ ਤੇ ਸਿੱਖਾਂ ਦੇ ਮਸਲੇ ‘ਤੇ ਇਛਾਰਿਆਂ ਨਾਲ ਗੱਲ ਰਿਹੈ। ਕਨੈਕਟੀਕਟ ਸਟੇਟ ਅਸੈਂਬਲੀ ਵਲੋਂ ‘ਖਾਲਿਸਤਾਨ ਐਲਾਨਨਾਮਾ ਦਿਹਾੜੇ’ ਨੂੰ ਪ੍ਰਵਾਨਗੀ ਦੇਣਾ ਇਸ ਪਾਸੇ ਸਪਸ਼ਟ ਇਛਾਰਾ ਹੈ। ਇਸ ਤੋਂ ਇਲਾਵਾ ਅਮਰੀਕੀ ਕਾਂਗਰਸ ਮੈਂਬਰ ਇਲਹਾਨ ਓਮਰ ਵਲੋਂ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ਦਾ ਦੌਰਾ ਕਰਨਾ, ਕਸ਼ਮੀਰ ਦੀ ਅਜਾਦੀ ਦੀ ਹਮਾਇਤ ਕਰਨੀ, ਤੇ ਪਾਕਿਸਤਾਨ ਦੇ ਫੌਜੀ ਜਰਨੈਲਾਂ ਨਾਲ ਮੁਲਾਕਾਤ ਭਾਰਤ ਲਈ ਅਸਿੱਧੇ ਢੰਗ ਚ ਚੇਤਾਵਨੀ ਸੀ। ਹਾਲਾਂਕਿ ਭਾਰਤ ਵਲੋਂ ਸਖਤ ਇਤਰਾਜ ਪ੍ਰਗਟ ਕਰਨ ‘ਤੇ ਅਮਰੀਕਾ ਨੇ ਇਸ ਨੂੰ ਓਮਰ ਦਾ ਨਿੱਜੀ ਦੌਰਾ ਕਹਿ ਕੇ ਆਪਣਾ ਪੱਲਾ ਝਾੜ ਲਿਆ।
ਰੂਸ – ਯੂਕਰੇਨ ਦੀ ਚਲ ਰਹੀ ਜੰਗ ਚ ਜਿਸ ਵੇਲੇ ਪੱਛਮ ਪੱਛਮ ਤੱਕ ਹੀ ਸਿਮਟ ਰਿਹਾ ਤਾਂ ਭਾਰਤ ਨੂੰ ਆਪਣੇ ਧੜੇ ਚ ਰਲਾਉਣ ਲਈ ਸਾਰਾ ਪੱਛਮ ਜ਼ੋਰ ਲਗਾ ਰਿਹੈ। ਦੂਜੇ ਪਾਸੇ ਚੀਨ ਤੇ ਰੂਸ ਵੀ ਹਰ ਹੀਲੇ ਭਾਰਤ ਨੂੰ ਪੱਛਮ ਤੋਂ ਦੂਰ ਕਰ ਆਪਣੇ ‘ਤੇ ਨਿਰਭਰ ਰੱਖਣਾ ਚਾਹੁੰਦੇ ਹਨ। ਦੋਵੇਂ ਧਿਰਾਂ ਹਥਿਆਰਾਂ ਦੇ ਲੈਣ ਦੇਣ ਤੇ ਆਰਥਿਕ ਸਮਝੌਤਿਆਂ ਦੀ ਮਦਦ ਨਾਲ ਭਾਰਤ ਨੂੰ ਆਪਣੇ ਨਾਲ ਗੰਢ ਕੇ ਰੱਖਣਾ ਚਾਹੁੰਦੀਆਂ। ਪਰ ਇਸ ਵਿਚ ਅਮਰੀਕਾ ਤੇ ਚੀਨ ਦੀ ਪਹੁੰਚ ਥੋੜੀ ਅੱਡ ਹੈ। ਪੱਛਮ ਵਲੋਂ ਭਾਰਤ ‘ਤੇ ਲਗਾਤਾਰ ਰੂਸ ਵਿਰੁੱਧ ਮਤਿਆਂ ਚ ਸ਼ਾਮਲ ਹੋਣ ਦਾ ਦਬਾਅ ਪਾਇਆ ਜਾ ਰਿਹਾ ਕਿਉਂਕਿ ਜੰਗ ਦੇ ਹਲਾਤ ਚ Neutral ਰਹਿਣ ਤੋਂ ਭਾਵ ਹੁੰਦਾ ਹੈ ਹਮਲਾਵਰ ਧਿਰ ਦਾ ਸਾਥ ਦੇਣਾ। ਰੂਸ ਦੇ ਵਿਰੁੱਧ ਨਾ ਬੋਲਣ ਦੀਆਂ ਭਾਰਤ ਦੀਆਂ ਕਈ ਮਜਬੂਰੀਆਂ ਤੇ ਕਈ ਫਾਇਦੇ ਹਨ। ਯੂਰਪੀ ਮੁਲਕ ਭਾਰਤ ‘ਤੇ ਇਸ ਗੱਲ ਤੋਂ ਔਖੇ ਹਨ ਕਿ ਉਹ ਰੂਸ ਦੀਆਂ ਕਾਰਵਾਈਆਂ ਦੀ ਨਿਖੇਧੀ ਚ ਪੈਂਦੇ ਮਤਿਆਂ ਦਾ ਹਿੱਸਾ ਕਿਉਂ ਨਹੀਂ ਬਣਦਾ।
ਚੀਨ ਭਾਰਤ ਨੂੰ ਬਰਿਕਸ ਸੰਮੇਲਨ ਚ ਸ਼ਾਮਲ ਹੋਣ ਲਈ ਮਨਾ ਰਿਹਾ ਪਰ ਬਾਡਰ ਤੇ ਬਿਨਾ ਇਕ ਇੰਚ ਪਿਛੇ ਹਟੇ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਲੋਂ ਇਸ ਤੋਂ ਪਹਿਲਾਂ OIC ਭਾਵ ਪੰਜਾਹ ਤੋਂ ਵੱਧ ਇਸਲਾਮੀ ਮੁਲਕਾਂ ਦੀ ਇਸਲਾਮਾਬਾਦ ਚ ਹੋਈ ਇਕੱਤਰਤਾ ਚ ਕਸ਼ਮੀਰ ਦੀ ਅਜਾਦੀ ਦੀ ਵਕਾਲਤ ਕੀਤੀ ਗਈ।
ਨਵੀਂ ਦਿੱਲੀ ਚ ਚਲੇ ਰਾਇਸਿਨਾ ਡਾਇਲਗ ਵਿਚ ਜਦ ਪੱਛਮੀ ਮੁਲਕਾਂ ਨੇ ਭਾਰਤ ਨੂੰ ਰੂਸ ਵਿਰੁੱਧ ਸਪੱਸ਼ਟ ਸਟੈਂਡ ਨਾ ਲੈਣ ਦੇ ਮੁੱਦੇ ‘ਤੇ ਘੜੀਸਿਆ ਤੇ ਇਸ ਨੂੰ ਜਮਹੂਰੀ ਕਦਰਾਂ ਕੀਮਤਾਂ ਦੀ ਬੇਅਦਬੀ ਕਿਹਾ ਤਾਂ ਭਾਰਤ ਵਲੋਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਇਹ ਕਹਿ ਕੇ ਜਵਾਬ ਦਿੱਤਾ ਕਿ ਸਾਨੂੰ ਜਮਹੂਰੀਅਤ ਦਾ ਪਾਠ ਪੜਾਉਣ ਵਾਲਾ ਪੱਛਮ ਸਾਲ ਪਹਿਲਾਂ ਅਫਗਾਨਿਸਤਾਨ ਚ ਜਮਹੂਰੀਅਤ ਨੂੰ ਕੀਹਦੇ ਆਸਰੇ ਛੱਡ ਕੇ ਗਿਆ ਸੀ।
ਇਸ ਤੋਂ ਇਲਾਵਾ ਇਕ ਮਹੀਨੇ ਦੇ ਸਮੇਂ ਚ ਯੂਰੋਪੀ ਯੂਨੀਅਨ ਦੀ ਪ੍ਰਧਾਨ, ਇੰਗਲੈਂਡ ਦੇ ਪ੍ਰਧਾਨ ਮੰਤਰੀ, ਅਮਰੀਕਾ ਦੇ ਵੱਖ ਵੱਖ ਅਹੁਦੇਦਾਰਾਂ ਤੇ ਯੂਰੋਪ ਦੇ ਹੋਰ ਕਈ ਆਗੂਆਂ ਵਲੋਂ ਭਾਰਤ ਦੌਰਾ ਕਰਨਾ, ਵਪਾਰਕ ਤੇ ਕੂਟਨੀਤਕ ਸਮਝੌਤੇ ਸਹੀਬੱਧ ਕਰਨੇ, ਭਾਰਤ ਨੂੰ ਆਪਣੇ ਮੁਲਕ ਆਉਣ ਦਾ ਸੱਦਾ ਦੇਣਾ ਆਦਿ ਇਸ ਗੱਲ ਵਲ ਇਛਾਰਾ ਕਰਦੇ ਹਨ ਕਿ ਕਿਸੇ ਵੱਡੇ ਕੌਮਾਂਤਰੀ ਸੰਕਟ (ਯੁੱਧ, ਮਹਿੰਗਾਈ, ਮੰਦੀ ਆਦਿ) ਵੇਲੇ ਉਹ ਭਾਰਤ ਨੂੰ ਆਪਣੇ ਧੜੇ ਚ ਰੱਖਣਾ ਚਾਹੁੰਦੇ ਹਨ ਕਿ ਕਿਉਂਕਿ ਰੂਸ ਚੀਨ ਦੇ ਉਭਾਰ ਨੂੰ ਰੋਕਣ ਲਈ ਪੱਛਮ ਭਾਰਤ ਨੂੰ ਸੰਦ ਵਜੋਂ ਵਰਤਣਾ ਚਾਹੁੰਦਾ ਹੈ ਤੇ ਰਿਮੋਟ ਯੁੱਧ ਭੂਮੀ ਵੀ ਬਣਾ ਸਕਦਾ ਹੈ।
ਦੂਜੇ ਪਾਸੇ ਚੀਨ ਤੇ ਰੂਸ ਵੀ ਇਸ ਤਰ੍ਹਾਂ ਦੇ ਯਤਨ ਕਰ ਰਹੇ ਹਨ। ਭਾਰਤ ਤੋਂ ਇਲਾਵਾ ਰੂਸ ਨੂੰ ਚੀਨ, ਦੱਖਣੀ ਅਫਰੀਕਾ, ਬ੍ਰਾਜੀਲ (ਬ੍ਰਿਕਸ ਦੇ ਮੈਂਬਰ) ਆਦਿ ਦੇਸ਼ਾਂ ਦੀ ਸਿੱਧੀ ਅਸਿੱਧੀ ਹਮਾਇਤ ਪ੍ਰਾਪਤ ਹੈ। ਚੀਨ ਪਹਿਲਾਂ ਹੀ ਅਫਰੀਕਾ ਚ ਅਧਾਰ ਵੱਡਾ ਕਰ ਰਿਹਾ ਹੈ। ਰੂਸ ਫੌਜੀ ਤਾਕਤ ਵਜੋਂ ਅਮਰੀਕੀ ਦਾਬੇ ਨੂੰ ਚੁਣੌਤੀ ਦੇਣ ਦੇ ਰੌਂਅ ਵਿਚ ਹੈ।
ਹੁਣ ਤੱਕ ਦੀਆਂ ਘਟਨਾਵਾਂ ਤੋਂ ਲਗ ਰਿਹਾ ਹੈ ਕਿ ਭਾਰਤ ਦੋਹਾਂ ਗੁੱਟਾਂ ਨਾਲ ਸਹਿਮਤੀ ਬਣਾ ਕੇ ਚਲਣਾ ਚਾਹੁੰਦਾ। ਭਾਰਤ ਦੀ ਇਸ ਪਹੁੰਚ ਨੂੰ ਵੱਡੀਆਂ ਅਖਬਾਰਾਂ ਦੇ ਸੰਪਾਦਕ ਤੇ ਕਾਲਮ ਨਵੀਸ ਵੱਡੀ ਪ੍ਰਾਪਤੀ ਦੱਸਦੇ ਨਹੀਂ ਥੱਕਦੇ। ਪਰ ਕੇਂਦਰੀ ਵਜ਼ੀਰ ਨਿਰਮਲਾ ਸੀਤਾਰਮਨ ਸਮੇਤ ਕਈ ਅਹੁਦੇਦਾਰ ਇਹ ਕਹਿ ਚੁੱਕੇ ਹਨ ਕਿ ਰੂਸ ਸਾਡੀ ਮਜ਼ਬੂਰੀ ਹੈ, ਅਸੀ ਤੇਲ ਤੇ ਸਰਹੱਦੀ ਸੁਰੱਖਿਆ ਲਈ ਰੂਸ ਤੇ ਨਿਰਭਰ ਹਾਂ।
ਭਾਰਤ ਦੀ ਇਹ ਨੀਤੀ ਓਦੋਂ ਤੱਕ ਹੀ ਕਾਮਯਾਬ ਹੈ ਜਦ ਤੱਕ ਕੌਮਾਂਤਰੀ ਹਲਾਤ ਕਿਸੇ ਵੱਡੇ ਵਰਤਾਰੇ ਕਾਰਣ ਖਿੰਡ ਨਹੀਂ ਜਾਂਦੇ। ਪੱਛਮ ਵਲੋਂ ਯੂਕਰੇਨ ਨੂੰ ਲਗਾਤਾਰ ਹਥਿਆਰ ਤੇ ਮਾਲੀ ਮਦਦ ਮੁਹਈਆ ਕਰਾਉਣੀ, ਰੂਸ ਵਲੋਂ ਨਿਤ ਦਿਨ ਹਮਲੇ ਤਿੱਖੇ ਕਰਨੇ ਇਸ ਗੱਲ ਵੱਲ ਇਛਾਰਾ ਕਰਦੇ ਹਨ ਕਿ ਰੂਸ-ਯੂਕਰੇਨ ਯੁੱਧ ਕਿਸੇ ਸਮੇਂ ਵੀ ਆਪਣਾ ਦਾਇਰਾ ਵੱਡਾ ਕਰ ਸਕਦਾ ਹੈ। ਫਿਨਲੈਂਡ ਤੇ ਸਵੀਡਨ ਵਲੋਂ ਨਾਟੋ ਚ ਸ਼ਾਮਲ ਹੋਣ ਦੀ ਗੱਲ ਬਲਦੀ ‘ਤੇ ਤੇਲ ਦਾ ਕੰਮ ਕਰ ਸਕਦੀ ਹੈ। ਪੱਛਮੀ ਮੁਲਕ ਯੂਕਰੇਨ ਦੀ ਤਬਾਹੀ ਦੀ ਕੀਮਤ ‘ਤੇ ਰੂਸ ਦਾ ਜੋਰ ਕਰਾ ਰਹੇ ਹਨ। ਜੀ-7 ਮੁਲਕਾਂ ਨੇ ਹਾਲ ਹੀ ਬਿਆਨ ਜਾਰੀ ਕਰਕੇ ਕਿਹਾ ਕਿ ਰੂਸ ਵਲੋਂ ਫੌਜੀ ਤਾਕਤ ਨਾਲ ਬਦਲੀਆਂ ਸਰਹੱਦਾਂ ਕਦੇ ਵੀ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।
ਜੇ ਇਹ ਯੁੱਧ ਯੂਕਰੇਨ-ਰੂਸ ਹੱਦਾਂ ਨੂੰ ਕਿਸੇ ਵੀ ਢੰਗ ਨਾਲ ਪਾਰ ਕਰਕੇ ਕੇ ਫੈਲਦਾ ਹੈ ਤਾਂ ਭਾਰਤ ਲਈ ਉਹ ਘੜੀ ਬਹੁਤ ਔਖੀ ਸਾਬਤ ਹੋਵੇਗੀ।
ਪਾਕਿਸਤਾਨ ਚ ਪੱਛਮ ਨੂੰ ਖਰੀਆਂ ਸੁਣਾਉਣ ਵਾਲੇ ਇਮਰਾਨ ਦੀ ਸਰਕਾਰ ਭਾਵੇਂ ਤਾਕਤ ਤੋਂ ਬਾਹਰ ਕਰ ਦਿੱਤੀ ਗਈ ਹੈ ਤੇ ਅਮਰੀਕਾ ਦੀ ‘ਜੀ ਹਜ਼ੂਰ’ ਸਰਕਾਰ ਹੋਂਦ ਵਿਚ ਆ ਗਈ ਹੈ, ਪਰ ਇਮਰਾਨ ਖਾਨ ਦੇ ਜਲਸਿਆਂ ਦਾ ਇਕੱਠ ਦਸਦਾ ਹੈ ਕਿ ਪਾਕਿਸਤਾਨ ਚ ਸਤਾ ਦਾ ਤਵਾਜ਼ਨ ਕਿਸੇ ਵੇਲੇ ਵੀ ਵਿਗੜ ਸਕਦਾ ਹੈ ਤੇ ਚੀਨ-ਤਾਲੀਬਾਨ ਨਾਲ ਸਹਿਮਤੀ ਚ ਚਲਣ ਵਾਲੀ ਸਰਕਾਰ ਮੁੜ ਬਣ ਸਕਦੀ ਹੈ।
ਅਜਿਹੇ ਹਲਾਤਾਂ ਵਿਚ ਸਾਰੀ ਦੁਨੀਆ ਚ ਵਸਦੇ ਸਿੱਖਾਂ ਲਈ ਇਕਜੁੱਟ ਹੋ ਕੇ ਚਲਣ ਦਾ ਵੇਲਾ ਹੈ। ਸਿੱਖ ਲੌਬੀ ਪੱਛਮੀ ਮੁਲਕਾਂ ਚ ਚੰਗੀ ਜਾਣ ਪਛਾਣ ਰੱਖਦੀ ਹੈ ਜਦਕਿ ਰੂਸ ਚੀਨ ਵਾਲੇ ਪਾਸੇ ਸਿੱਖਾਂ ਦਾ ਖਾਸ ਆਉਣ ਜਾਣ ਨਹੀਂ। ਦੁਨੀਆਂ ਦੇ ਚੋਟੀ ਦੇ ਵਜ਼ੀਰਾਂ-ਸਫ਼ੀਰਾਂ ਦਾ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ, ਸਿੱਖ ਪਛਾਣ ਨੂੰ ਤਵੱਜੋਂ ਦੇਣੀ, ਸਿੱਖ ਦਿਹਾੜਿਆਂ ਤੇ ਖਾਸ ਪ੍ਰੋਗਰਾਮ ਉਲੀਕਣੇ ਦਰਸਾਉਂਦੇ ਹਨ ਕਿ ਪੱਛਮ ਸਿੱਖਾਂ ਦੀ ਤਾਕਤ ਤੇ ਸਮਰੱਥਾ ਤੋਂ ਜਾਣੂੰ ਹੈ। ਵਿਗੜਦੇ ਕੌਮਾਂਤਰੀ ਹਲਾਤਾਂ ਚ ਭਾਰਤ ਨੂੰ ਦਬਾਉਣ, ਦਬਕਾਉਣ ਜਾਂ ਆਪਣੇ ਹਿਸਾਬ ਨਾਲ ਚਲਾਉਣ ਲਈ ਸਿੱਖਾਂ ਦੀ ਰਾਜਨੀਤਕ ਇੱਛਾ ਨੂੰ ਵਰਤਿਆ ਜਾ ਸਕਦਾ ਹੈ, ਜਦਕਿ ਭਾਰਤ ਦੇ ਸਿਰਹਾਣੇ ਬੈਠਾ ਚੀਨ ਵੀ ਸਿੱਖਾਂ ਤੋਂ ਨਾਵਾਕਿਫ ਨਹੀਂ। ਸਿੱਖਾਂ ਨੂੰ ਲੋੜ ਹੈ ਕਿ ਉਹ ਅਜਿਹੇ ਹਲਾਤਾਂ ਚ ਕਿਸੇ ਦੇ ਹੱਥ ਠੋਕੇ ਬਣਨ ਜਾਂ ਕਿਸੇ ਵਲੋੰ ਵਰਤੇ ਜਾਣ ਤੋਂ ਅਗਾਹ ਰਹਿਣ। ਸਭ ਧਿਰਾਂ ਕਸ਼ਮੀਰ ਤੇ ਸਿੱਖ ਫੈਕਟਰ ਨੂੰ ਭਾਰਤ ਦੀ ਮਜ਼ਬੂਰੀ ਵਜੋਂ ਹੀ ਦੇਖਦੇ ਹਨ ਨਾ ਕਿ ਮਨੁੱਖੀ ਅਧਿਕਾਰਾਂ ਦੀ ਨਜ਼ਰ ਤੋਂ। ਇਸ ਲਈ ਸਿੱਖਾਂ ਨੂੰ ਬਦਲ ਰਹੇ ਹਲਾਤਾਂ ਦਾ ਚਿੰਤਨ ਕਰਕੇ ਆਪਣੀ ਸਮਰੱਥਾ ਮੁਤਾਬਕ ਸੰਘਰਸ਼ ਦੀ ਰੂਪ ਰੇਖਾ ਤਹਿ ਕਰਨੀ ਚਾਹੀਦੀ ਹੈ।
Average Rating