1935 ਵਿੱਚ ਵਿਛੋੜਾ ਦੇ ਗਏ ਗੰਭੀਰ ਸੁਨੇਹਾ ਦੇਣ ਵਾਲੇ ਹਾਸ-ਰਸ ਕਵੀ ਚਰਨ ਸਿੰਘ ਸ਼ਹੀਦ ਦੀ ਇੱਕ ਹੋਰ ਕਵਿਤਾ ਪੇਸ਼ ਹੈ। ਇਸ ਨੂੰ ਬੇਸ਼ੱਕ ਕੱਲ੍ਹ ਆਉਣ ਵਾਲੇ ਚੋਣ ਨਤੀਜਿਆਂ ਨਾਲ ਜੋੜ ਲਿਓ ਜਾਂ ਦਿੱਲੀ ਦੀ ਨੀਤੀ ਨਾਲ।
ਮੁਦੱਬਰ
ਕਬਰਿਸਤਾਨੋਂ ਲੰਘਿਆ ਬਨੀਆ, ਬੜਾ ਹੌਸਲਾ ਕੀਤਾ
ਇਕ ਬਿੱਜੂ ਨੇ ਲੋਥ ਸਮਝ ਕੇ ਝਟ ਉਸ ਨੂੰ ਫੜ ਲੀਤਾ
ਬਨੀਆਂ ਬਹੁਤ ਸਹਿਮਿਆ, ਡਰਿਆ, ਰੋਯਾ ਤੇ ਡਡਿਆਯਾ
ਬਿੱਜੂ ਨੇ ਘੁੱਟ ਜੱਫਾ ਪਾਯਾ ਹੱਡ ਹੱਡ ਕੜਕਾਯਾ ।
ਇਕ ਜੱਟ ਪੈਲੀ ਨੂੰ ਸੀ ਜਾਂਦਾ ਸਲੰਘਾ ਮੋਢੇ ਧਰ ਕੇ
ਬਨੀਏ ਦਾ ਰੌਲਾ ਸੁਣ ਆਯਾ, ਤਰਸ-ਜੋਸ਼ ਦਿਲ ਭਰ ਕੇ
ਬਨੀਏ ਹੋਰ ਦੁਹਾਈ ਦਿੱਤੀ, ‘ਰੱਬ ਵਾਸਤੇ ਆਓ
ਐ ਸਰਦਾਰ ਸਾਹਿਬ ! ਇਸ ਬਿੱਜੂ ਤੋਂ ਮੈਨੂੰ ਛੁਡਵਾਓ’
ਜੱਟ ਨੇ ਬਿੱਜੂ ਗਿਚੀਓਂ ਫੜਿਆ ਇਕ ਹੜਬੁੱਚ ਟਿਕਾਯਾ
ਬਾਹਾਂ ਦੋਇ ਮਰੋੜ ਉਸਦੀਆਂ ਬਨੀਏ ਤਈਂ ਛੁਡਾਯਾ
ਜੱਟ ਨੂੰ ਆਣ ਚੰਬੜਿਆ ਬਿੱਜੂ ਬਨੀਆਂ ਛੱਡ ਛਡਾ ਕੇ
ਲੱਗੀ ਹੋਣ ਲੜਾਈ ਦੁਹਾਂ ਦੀ ਬੜੇ ਕ੍ਰੋਧ ਵਿਚ ਆ ਕੇ
ਬਿੱਜੂ ਪਾਸੋਂ ਜਾਨ ਛੁਡੌਣੀ ਜੱਟ ਨੂੰ ਮੁਸ਼ਕਲ ਹੋਈ
ਬਨੀਆਂ ਟੋਪੀ ਚੁਕ ਭਜ ਉਠਿਆ, ਮਾਨੋ ਗ਼ਰਜ ਨਾ ਕੋਈ
ਜੱਟ ਨੇ ਮਾਰੀ ਵਾਜ ਓਸ ਨੂੰ ‘ਨਸਦਾ ਕਿਉਂ ਹੈਂ ਭਾਈ ?’
ਆ ਰਲ ਦੋਵੇਂ ਇਸ ਬਿੱਜੂ ਦੀ ਕਰੀਏ ਹੁਣੇ ਸਫ਼ਾਈ ।’
ਬਨੀਏ ਕਿਹਾ ਕੰਨਾਂ ਨੂੰ ਹੱਥ ਲਾ ‘ਬਾਬਾ ਹਮੇਂ ਨ ਛੇੜੋ
ਮੈਂ ਨਿਰਪੱਖ ਦੁਹਾਂ ਦਾ ਮਿੱਤਰ ਆਪੋ ਵਿਚ ਨਬੇੜੋ
ਜੱਟ ਜਾਣੇ ਤੇ ਬਿੱਜੂ ਜਾਣੇ, ਅਸੀਂ ਦਖ਼ਲ ਕਿਉਂ ਦੇਈਏ ?
ਐਵੇਂ ਦੂਜਿਆਂ ਦੇ ਝਗੜੇ ਵਿਚ ਆਪਾਂ ਕਯੋਂ ਕੁੱਦ ਪਈਏ ?’
‘ਸੁਥਰਾ’ ਹੱਸਿਆ ਤੇ ਫ਼ਰਮਾਯਾ ਨੀਤੀ ਇਸ ਨੂੰ ਕਹਿੰਦੇ
ਦੂਜਿਆਂ ਨੂੰ ਲੜਵਾਇ ਮੁਦੱਬਰ ਖ਼ੁਦ ਇਕ ਪਾਸੇ ਬਹਿੰਦੇ ।
Average Rating