ਜੁਝਾਰ ਸਿੰਘ
ਗੁਰੂ ਨਾਨਕ ਦੇਵ ਜੀ ਚੌਥੀ ਉਦਾਸੀ ਸਮੇ ਅਰਬ ਦੇਸ਼ ਚ ਗਏ ਤੇ ਉਥੋਂ ਦੇ ਲਾਜਵਰਦ ਬਾਦਸ਼ਾਹ ਨਾਲ ਭੇਟ ਹੋਈ। ਉਹ ਬਾਦਸ਼ਾਹ ਜਾਬਰ ਸੀ ਤੇ ਗੈਰ ਮੁਸਲਿਮ ਲੋਕਾਂ ਤੇ ਜੁਲਮ ਕਰਦਾ ਸੀ। ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਉਸਨੇ ਗੁਰੂ ਜੀ ਨੂੰ ਆਪਣੇ ਦਰਬਾਰ ਚ ਸੱਦਿਆ। ਉਸ ਦੇ ਮਨ ਚ ਵਿਚਾਰ ਬਣਿਆ ਕਿ ਹਿੰਦੂਆਂ ਦੇ ਪੀਰ ਦੀ ਪਰਖ ਕੀਤੀ ਜਾਵੇ। ਉਸਨੇ ਇਕ ਕਰਾਮਾਤੀ ਚੋਲਾ ਗੁਰੂ ਸਾਹਿਬ ਨੂੰ ਪਹਿਨਾ ਦਿੱਤਾ। ਗੁਰੂ ਜੀ ਉਪਰ ਉਸ ਚੋਲੇ ਦਾ ਕੋਈ ਅਸਰ ਨਾ ਹੋਇਆ। ਜਦ ਬਾਦਸ਼ਾਹ ਨੇ ਉਹ ਚੋਲਾ ਉਤਾਰਨਾ ਚਾਹਿਆ ਤਾਂ ਉਹ ਗੁਰੂ ਸਾਹਿਬ ਦੇ ਸਰੀਰ ਦਾ ਹੀ ਹਿੱਸਾ ਬਣ ਗਿਆ। ਇਹ ਕੌਤਕ ਦੇਖ ਬਾਦਸ਼ਾਹ ਗੁਰੂ ਜੀ ਦੇ ਚਰਨੀਂ ਢਹਿ ਪਿਆ। ਗੁਰੂ ਜੀ ਨੇ ਉਸਨੂੰ ਕੁਰਾਨ ਚੋਂ ਹੀ ਸਿੱਖਿਆ ਦੇ ਕੇ ਸਿੱਧੇ ਰਾਹੇ ਪਾਇਆ।
ਗੁਰੂ ਜੀ ਚੌਥੀ ਉਦਾਸੀ ਸਮਾਪਤ ਕਰਕੇ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਪੁਜੇ ਅਤੇ ਉਦਾਸੀ ਬਾਣਾ ਉਤਾਰ ਕੇ ਸੰਸਾਰੀ ਕੱਪੜੇ ਪਹਿਣ ਲਏ। ਫਿਰ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦਿਤੀ ਤੇ ਉਦਾਸੀ ਲਿਬਾਸ ਗੁਰੂਗਦੀ ਸਮੇਤ ਭੇਂਟ ਕਰ ਦਿਤਾ ਗਿਆ। ਇਸੇ ਤਰਾਂ ਇਹ ਚੋਲਾ ਪੰਜ ਪਾਤਸ਼ਾਹੀਆ ਤੱਕ ਚਲਿਆ। ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਇਕ ਸਿਖ ਭਾਈ ਤੋਤਾ ਰਾਮ ਬਲਖ ਬੁਖਾਰੇ ਦਾ ਰਹਿਣ ਵਾਲਾ ਸੀ। ਸੇਵਾ ਕਰਦਿਆਂ ਉਸ ਦੇ ਪੈਰ ਤੇ ਕਹੀ ਲਗ ਗਈ ਪਰ ਉਹ ਸੇਵਾ ਤੋਂ ਨਾ ਹਟਿਆ। ਇਹ ਦੇਖ ਗੁਰੂ ਸਾਹਿਬ ਨੇ ਤੋਤਾ ਰਾਮ ਨੂੰ ਬੁਲਾਇਆ ਤੇ ਕਿਹਾ ਤੇਰੀ ਸੇਵਾ ਕਬੂਲ ਹੋਈ ਸਿੱਖਾ, ਮੰਗ ਕੀ ਮੰਗਦੈਂ। ਸਿੱਖ ਨੇ ਕਿਹਾ ਪਾਤਸ਼ਾਹ ਸਭ ਸੰਸਾਰੀ ਸੁੱਖ ਹੈਨ ਪਰ ਮੇਰਾ ਇਲਾਕਾ ਤੁਹਾਡੀ ਸਿਖੀ ਤੋ ਰਹਿਤ ਹੈ ਬਖਸ਼ਿਸ਼ ਕਰੋ। ਗੁਰੂ ਸਾਹਿਬ ਜੀ ਨੇ ਪਵਿੱਤਰ ਚੋਲਾ ਸਾਹਿਬ ਭਾਈ ਤੋਤਾ ਰਾਮ ਜੀ ਨੂੰ ਦਿਤਾ ਤੇ ਤੋਤਾ ਰਾਮ ਆਪਣੇ ਸ਼ਹਿਰ ਲੈ ਗਏ। ਆਪਣੇ ਅਖੀਰੀ ਸਮੇਂ ਭਾਈ ਤੋਤਾ ਰਾਮ ਜੀ ਨੇ ਇਹ ਚੋਲਾ ਇਕ ਗੁਫਾ ਚ ਰਖ ਦਿਤਾ ਅਤੇ ਅਰਦਾਸ ਬੇਨਤੀ ਕੀਤੀ ਮਹਾਰਾਜ ਤੁਸੀ ਜਿਸ ਨੂੰ ਹੁਕਮ ਕਰੋਗੇ ਉਹ ਚੋਲਾ ਸਾਹਿਬ ਇਥੋਂ ਲੈ ਕੇ ਜਾਏਗਾ।
ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕੁੱਲ ਚੋਂ 9ਵੀ: ਪੀੜੀ ਦੇ ਬਾਬਾ ਕਾਬਲੀ ਮਲ ਜੀ ਨੂੰ ਚੋਲੇ ਬਾਰੇ ਸੁਪਨਾ ਆਇਆ ਤੇ ਬਾਬਾ ਕਾਬਲੀ ਮਲ ਜੀ ਨੇ ਉਸ ਅਸਥਾਨ ਤੇ ਜਾ ਕੇ ਚੋਲਾ ਸਾਹਿਬ ਲੈ ਕੇ ਆਏ ਤੇ ਡੇਰਾ ਬਾਬਾ ਨਾਨਕ ਵਿਖੇ ਸੁਸ਼ੋਭਿਤ ਕਰ ਦਿੱਤਾ। ਉਹ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਗਏ ਤੇ ਉਥੋਂ ਦੀ ਸੰਗਤ ਨੂੰ ਕਿਹਾ ਕਿ ਭਾਈ 21 ਤੋਂ 24 ਫੱਗਣ ਤੱਕ ਚੋਲਾ ਸਾਹਿਬ ਦੇ ਦਰਸ਼ਨ ਕਰਾਉਣੇ ਹਨ, ਜਰੂਰ ਆਇਓ। ਉਸ ਸਮੇਂ ਪਿੰਡ ਦੇ ਲੋਕ ਸੰਗ ਬਣਾ ਪੈਦਲ ਹੀ ਪਵਿੱਤਰ ਚੋਲੇ ਦੇ ਦਰਸ਼ਨ ਕਰਨ ਗਏ। ਉਸ ਸਮੇਂ ਤੋਂ ਚਲੀ ਆ ਰਹੀ ਰੀਤ ਮੁਤਾਬਕ ਅੱਜ ਲੱਖਾਂ ਲੋਕ ਖਡਿਆਲਾ ਸੈਣੀਆਂ ਤੋਂ 1 ਮਾਰਚ ਨੂੰ ਪੈਦਲ ਚਲਦੇ ਹਨ ਤੇ ਪਹਿਲੀ ਰਾਤ ਕੋਟਲੀ ਜੰਡ ਕੱਟਦੇ ਹਨ। ਫਿਰ ਅਗਲੇ ਦਿਨ ਕਈ ਪਿੰਡ ਲੰਘ ਕੇ ਬਿਆਸ ਦਰਿਆ ਤੋਂ ਪਲਟੂਨ ਪੁਲ ਪਾਰ ਕਰਕੇ ਸੰਗ ਹਰਚੋਵਾਲ (ਗੁਰਦਾਸਪੁਰ) ਦਾਖਲ ਹੁੰਦਾ ਹੈ ਜਿਥੇ ਗੁਰਦੁਆਰਾ ਲੋਧੀਪੁਰ ਮਹੱਲਾ (ਵੱਡਾ ਗੁਰਦੁਆਰਾ) ਰਾਤ ਵਿਸ਼ਰਾਮ ਹੁੰਦਾ ਹੈ।
ਤੀਜੇ ਦਿਨ ਸੰਗ ਕਾਦੀਆਂ, ਸੇਖਵਾਂ, ਸਤਕੋਹਾ, ਖੋਖਰ ਫੌਜੀਆਂ ਹੁੰਦਾ ਹੋਇਆ ਵੱਡੇ ਘੁੰਮਣ ਰਾਤ ਕੱਟਦਾ ਹੈ ਤੇ ਅਖੀਰ ਚੌਥੇ ਦਿਨ ਸੰਗ ਪਿੰਡਾਂ ਚੋਂ ਲੰਘਦਾ ਹੋਇਆ ਰਾਵੀ ਕੰਡੇ ਵਸੇ ਡੇਰਾ ਬਾਬਾ ਨਾਨਕ ਵਿਖੇ ਚੋਲਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਦਾ ਹੈ। ਸੰਗ ਨਾਲ ਇਕ ਧਾਰਨਾ ਹੋਰ ਵੀ ਜੁੜੀ ਹੈ ਕਿ ਅਣਗਿਣਤ ਸਿੱਖ ਸੁਖਣਾ ਸੁਖਦੇ ਹਨ ਤੇ ਪੂਰੀ ਹੋਣ ਤੇ ਪੈਦਲ ਸੰਗ ਦਾ ਹਿੱਸਾ ਬਣਦੇ ਹਨ। ਹਰ ਉਮਰ ਦੇ ਸਿੱਖ ਬੀਬੀਆਂ ਬੰਦੇ ਮੋਢਿਆਂ ਤੇ ਬੈਗ ਪਾਈ ਡੇਰੇ ਵਲ ਨੂੰ ਸ਼ਰਧਾ ਵੱਸ ਤੁਰੇ ਜਾਂਦੇ ਹਨ। ਹੁਸ਼ਿਆਰਪੁਰ ਤੇ ਗੁਰਦਾਸਪੁਰ ਜਿਲ੍ਹਿਆਂ ਦੇ ਪਿੰਡਾਂ ਚ ਸੰਗ ਦੇ ਮੇਲੇ ਤੋਂ ਮਹੀਨਾ ਪਹਿਲਾ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਲੜੀਵਾਰ ਅਖੰਡ ਪਾਠ ਚਲਦੇ ਹਨ। ਇਹ ਸੰਗ ਜਥੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਚ ਚਲਦਾ ਹੈ।
Average Rating