..ਕੀ ਪਤਾ ਸੀ ਕਿ ਭਾਈ ਮੇਜਰ ਸਿੰਘ ਨੂੰ ਗੁਰੂ ਸਾਹਿਬ ਨੇ ਘੱਲੂਘਾਰੇ ਦੌਰਾਨ ਆਖਰੀ ਸ਼ਹੀਦੀ ਲਈ ਚੁਣਿਆ ਹੈ..!
ਪਿੰਡ ਦੇ ਨੌਜਵਾਨਾ ਨੇ ਰਲ਼ ਕੇ ਗੁਰਮਤਾ ਕੀਤਾ ਕਿ ਗੁਰੂ ਅਮਰਦਾਸ ਜੀ ਦੇ ਭਤੀਜੇ ਬਾਬਾ ਸਾਵਣ ਮੱਲ ਜੀ ਗੋਇੰਦਵਾਲ ਸਾਹਿਬ ਜਾਂਦਿਆਂ ਪਿੰਡ ਨਾਗੋਕੇ ਜਿਸ ਅਸਥਾਨ ਤੇ ਰੁਕੇ ਸਨ ਕਿਉਂ ਨਾ ਉਸ ਅਸਥਾਨ ਤੇ ਗੁਰੂ ਘਰ ਦੀ ਇਮਾਰਤ ਬਣਾਈ ਜਾਵੇ । ਮੇਰੇ ਪਿਤਾ ਜਥੇਦਾਰ ਬਲਵੰਤ ਸਿੰਘ ਨਾਗੋਕੇ ਭਾਈ ਮੇਜਰ ਸਿੰਘ ਤੇ ਕੁਲਵੰਤ ਸਿੰਘ ਨਾਲੋਂ ਉਮਰ ਵਿੱਚ ਵੱਡੇ ਸਨ, ਇੱਕੋ ਪੱਤੀ ਤੇ ਲਾਗੋ-ਲਾਗ ਘਰਾਂ ਕਰਕੇ ਮੋਹ ਪਿਆਰ ਸਕਿਆਂ ਨਾਲੋੰ ਵੀ ਵੱਧ ਸੀ । ਇਹਨਾਂ ਸਾਰਿਆਂ ਨੇ ਰਲ਼ ਕੇ ਗੁਰੂ ਘਰ ਦੀ ਇਮਾਰਤ ਲਈ ਉਗਰਾਹੀ ਇਕੱਠੀ ਕੀਤੀ ।ਕਿਸੇ ਦਾਣੇ ਦਿੱਤੇ ਕਿਸੇ ਪੈਸੇ ਤੇ ਕਿਸੇ ਕੁਝ ਯੋਗਦਾਨ ਪਾਇਆ । ਨੀਹਾਂ ਪੁੱਟੀਆਂ ਗਈਆਂ ਨੀਹਾਂ ਚਿਣਨ ਲਈ ਇੱਟਾਂ ਦੀ ਪਿੰਡ ਵਿੱਚੋਂ ਹੀ ਭਾਲ਼ ਕੀਤੀ । ਸਿੰਘਾਂ ਸੋਚਿਆ ਕਿ ਪਾਕਿਸਤਾਨ ਹਿਜਰਤ ਕਰ ਚੁੱਕੇ ਕਿਸੇ ਮੁਸਲਮਾਨ ਦੀ ਵੀਰਾਨ ਖੂਹੀ ਹੈ ਕਿਉਂ ਨਾ ਉਸ ਖੂਹੀ ਚੋੰ ਇੱਟਾਂ ਪੁੱਟ ਕੇ ਕੱਢ ਲਈਆਂ ਜਾਣ । ਲੋਅ ਲਗਦੇ ਹੀ ਖੂਹੀ ਚੋਂ ਇੱਟਾਂ ਪੁਟ ਕੇ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ, ਇੱਟਾਂ ਪੁੱਟਣ ਵਾਲਿਆਂ ਵਿੱਚ ਮੇਰੇ ਪਿਤਾ ਸਮੇਤ ਭਾਈ ਮੇਜਰ ਸਿੰਘ ਨਾਗੋਕੇ (ਸ਼ਹੀਦ), ਭਾਈ ਕੁਲਵੰਤ ਸਿੰਘ ਨਾਗੋਕੇ (ਸ਼ਹੀਦ), ਜੱਗਾ ਸਿੰਘ ਨਾਗੋਕੇ (ਸ਼ਹੀਦ), ਤੇ ਹੋਰ ਨਾਗੋਕਿਆਂ ਦੇ ਨਾਮਵਰ ਸਿੰਘ ਸਨ ਜੋ ਬਾਅਦ ਵਿਚ ‘ਨਾਗੋਕੇ ਜਥੇ’ ਕਰਕੇ ਜਾਣੇ ਗਏ ਤੇ ਸੰਤ ਜਰਨੈਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਸ਼ਹੀਦ ਹੋਏ । ਸ਼ਾਮ ਪੈਂਦਿਆਂ ਤੱਕ ਖੂਹੀ ਚੋਂ ਲੱਗਭਗ ਇੱਟਾਂ ਕੱਢ ਲਈਆਂ ਗਈਆਂ ।
ਹੋਇਆ ਇੰਝ ਕਿ ਖੂਹੀ ਦੇ ਕੰਢੇ ਤੇ ਇੱਕ ਉੱਚਾ ਕੱਚਾ ਕੋਠਾ ਸੀ, ਜਦ ਆਖਰੀ ਸਮੇਂ ਖੂਹੀ ਚੋਂ ਇੱਟਾਂ ਕੱਢ ਕੇ ਸਾਰੇ ਬਾਹਰ ਨਿਕਲ ਆਏ ਤਾਂ ਭਾਈ ਮੇਜਰ ਸਿੰਘ ਕਹਿਣ ਲੱਗੇ ਕਿ “ਮੇਰੀ ਰੰਬੀ ਤਾਂ ਖੂਹ ਵਿੱਚ ਹੀ ਰਹਿ ਗਈ,” ਨਾਲਦੇ ਸਾਥੀਆਂ ਕਿਹਾ ਕਿ “ਰਹਿਣ ਦੇ ਮੇਜਰ ਸਿੰਹਾਂ ਬਹੁਤ ਰੰਬੀਆਂ ਹਨ ਚੱਲੋ ਚੱਲੀਏ,” ਨਹੀਂ ! ਮੇਜਰ ਸਿੰਘ ਨੇ ਕਿਹਾ ਕਿ ਛਿਣ ਪਲ ਰੁਕੋ ਮੈਂ ਹੁਣੇ ਕੱਢ ਕੇ ਲਿਆਉਂਦਾ ਹਾਂ, ਮੇਜਰ ਸਿੰਘ ਬਹੁਤ ਫੁਰਤੀਲਾ ਤੇ ਤੇਜ ਤਰਾਰ ਸੀ ਇਹ ਗੱਲ ਸਾਰੇ ਜਾਣਦੇ ਸਨ ਇਸ ਲਈ ਜਾਦਾ ਕਿਸੇ ਰੋਕਿਆ ਨਾ, ਮੇਜਰ ਸਿੰਘ ਖੂਹੀ ਵਿੱਚ ਉਤਰਿਆ ਤੇ ਆਪਣੀ ਰੰਬੀ ਲੈ ਕੇ ਉਪਰ ਪਹੁੰਚਣ ਹੀ ਵਾਲਾ ਸੀ ਕਿ ਧੜੰਮ ਦੇਣ ਖੂਹੀ ਕੰਡੇ ਖੜਾ ਕੋਠਾ ਖੂਹੀ ਵਿੱਚ ਆਣ ਡਿੱਗਾ, ਜਿਸ ਨਾਲ ਮੇਜਰ ਸਿੰਘ ਦੀਆਂ ਲੱਤਾਂ ਮਿੱਟੀ ਵਿੱਚ ਦੱਬੀਆਂ ਗਈਆਂ, ਸਿੰਘਾਂ ਖਿੱਚ ਕੇ ਬਾਹਰ ਕੱਢਿਆ।ਜੇਕਰ ਚਾਰ ਪੰਜ ਸੈਕੰਡ ਦੀ ਦੇਰੀ ਹੋ ਜਾਂਦੀ ਤਾਂ ਡੀ.ਆਈ.ਜੀ ਅਟਵਾਲ ਨੂੰ ਸੋਧਣ ਵਾਲਾ, ਘੱਲੂਘਾਰੇ ਤੋਂ ਬਾਅਦ ਜੈਲ ਸਿੰਹੁ ਤੇ ਗੋਲ਼ੀ ਚਲਾਉਣ ਵਾਲਾ, ਰਾਮਗੜੀਏ ਬੁੰਗੇ ਵਿੱਚ ਲੜਦਿਆਂ ਘੱਲੂਘਾਰੇ ਦਾ ਆਖਰੀ ਸ਼ਹੀਦ ਅਖਵਾਉਣ ਵਾਲਾ ਤੇ ਭਾਈ ਬਚਿੱਤਰ ਸਿੰਘ ਦਾ ਵਾਰਸ ਭਾਈ ਮੇਜਰ ਸਿੰਘ ਬਹੁਤ ਪਹਿਲਾਂ ਹੀ ਦੁਨੀਆਂ ਤੋਂ ਰੁਕਸਤ ਹੋ ਚੁੱਕਿਆ ਹੁੰਦਾ । ਉਸ ਸਮੇਂ ਕਿਸੇ ਨੂੰ ਕੀ ਪਤਾ ਸੀ ਕਿ ਭਾਈ ਮੇਜਰ ਸਿੰਘ ਨੂੰ ਗੁਰੂ ਸਾਹਿਬ ਨੇ ਆਖਰੀ ਸ਼ਹੀਦੀ ਲਈ ਚੁਣਿਆ ਹੈ ।ਅਖੀਰ ਨੀਹਾਂ ਭਰੀਆਂ ਅਤੇ ਗੁਰਦੁਆਰਾ ਬੇਰ ਸਾਹਿਬ ਹੋਂਦ ਚ ਆਇਆ । ਇਸੇ ਬੇਰ ਸਾਹਿਬ ਵਿੱਚ ਵਿਖੇ 10 ਜੂਨ ਨੂੰ ਭਾਈ ਮੇਜਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਂਦਾ ਹੈ।
ਪਿੰਡ ਨਾਗੋਕੇ ਦੀ ਧਰਤੀ ਨੂੰ ਇਹ ਮਾਣ ਹੈ ਕਿ ਧਰਮ ਯੁੱਧ ਮੋਰਚੇ ਦੇ ਪਹਿਲੇ ਸ਼ਹੀਦ ਭਾਈ ਕਲਵੰਤ ਸਿੰਘ ਨਾਗੋਕੇ ਤੇ ਘੱਲੂਘਾਰੇ ਦੇ ਆਖਰੀ ਸ਼ਹੀਦ ਭਾਈ ਮੇਜਰ ਸਿੰਘ ਨਾਗੋਕੇ ਇਸੇ ਮਿਟੀ ਦੇ ਜਾਏ ਸਨ ।
-ਦਿਲਬਾਗ ਸਿੰਘ ਨਾਗੋਕੇ
Average Rating