Breaking News

ਅਸੀਂ ਬਾਕੀਆਂ ਨਾਲ਼ੋਂ ਨਿਆਰੇ ਕਿਵੇਂ ਹਾਂ?

0 0

ਅਸੀਂ ਬਾਕੀਆਂ ਨਾਲ਼ੋਂ ਨਿਆਰੇ ਕਿਵੇਂ ਹਾਂ ਇਸ ਦੀਆਂ ਅਨੇਕਾਂ ਉਦਾਹਰਨਾਂ ਹਨ। ਪਰ ਮੁੱਖ ਇਸ ਤਰਾਂ ਹਨ।

੧)ਬਾਕੀ ਧਰਮਾਂ(ਵਾਹਿਗੁਰੂ ਤੱਕ ਪਹੁੰਚਣ ਵਾਲੇ ਰਸਤੇ) ਵਿੱਚ ਉਸ ਦੇ ਮੰਨਣ ਵਾਲ਼ਿਆਂ ਨੂੰ ਹੀ ਸਲਾਹਿਆ ਜਾਂ ਮੁਕਤੀ ਦੇ ਹੱਕਦਾਰ ਹੋਣ ਦਾ ਦਾਵਾ ਕੀਤਾ ਗਿਆ ਹੈ।ਉਹਨਾਂ ਦੇ ਧਰਮ ਨੂੰ ਨਾਂ ਮੰਨਣ ਵਾਲ਼ਿਆਂ ਨੂੰ ਕਿਸੇ ਨੇ ਮਲੀਨ ਤੇ ਕਿਸੇ ਨੇ ਕਾਫ਼ਰ ਆਖਿਆ ਹੈ। ਪਰ ਸਿੱਖੀ ਵਿੱਚ ਦੂਜਿਆਂ ਨੂੰ ਨਿੰਦਨਾ ਤਾਂ ਦੂਰ,ਉਲਟਾ ਉਨਾਂ ਨੂੰ ਪਰਵਾਨ ਕੀਤਾ ਗਿਆ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾਂ ਹੈ। ਗੁਰੂ ਸਾਹਿਬ ਨੇ ਇਹ ਨਹੀਂ ਦੇਖਿਆਂ ਕੇ ਬਾਣੀ ਰਚਨ ਵਾਲੇ ਦੀ ਨਸਲ,ਜਾਤ,ਰੰਗ ਜਾਂ ਲਿੰਗ ਕੀ ਹੈ। ਬੱਸ ਜੋ ਧੁਰ ਕੀ ਬਾਣੀ ਸੀ ਉਹ ਦਰਜ ਕਰ ਦਿੱਤੀ। ਦੁਨੀਆ ਦੇ ਧਾਰਮਿਕ ਇਤਿਹਾਸ ਵਿੱਚ ਇਸ ਤਰਾਂ ਦੀ ਧਰਮਨਿਰਪੱਖਤਾ ਦੀ ਉਦਾਹਰਨ ਕਿਤੇ ਨਹੀਂ ਮਿਲਦੀ।

ਹਾਂ ਜਿਹੜੀਆਂ ਮਨੌਤਾਂ ਪਖੰਡੀ ਲੋਕਾਂ ਨੇ ਨਿੱਜੀ ਫਾਇਦੇ ਲਈ ਤੇ ਲੋਕਾਈ ਦਾ ਸ਼ੋਸ਼ਣ ਕਰਨ ਲਈ ਘੜੀਆਂ ਸਨ,ਉਹਨਾਂ ਦਾ ਜ਼ਰੂਰ ਬੁਲੰਦ ਅਵਾਜ਼ ਵਿਰੋਧ ਕੀਤਾ ਹੈ। ਉਸ ਦਾ ਕਾਰਨ ਇਹ ਹੈ ਕਿ ਮਨੁੱਖਾ ਜਨਮ ਬਹੁਤ ਕੀਮਤੀ ਤੇ ਛੋਟਾ ਹੈ। ਇਸ ਲਈ ਜੋ ਵੀ ਚੀਜ਼ਾਂ ਜਾ ਮਨੋਤਾਂ ਮਨੁੱਖ ਤੇ ਵਾਹਿਗੁਰੂ ਦੇ ਵਿੱਚ ਵਿੱਥ ਪਾਉਂਦੀਆਂ ਸਨ, ਜਿੰਨਾਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਸੀ। ਸਿਰਫ ਸਮਾ ਤੇ ਤਾਕਤ ਖ਼ਰਾਬ ਹੁੰਦੀ ਸੀ।

ਸੋ ਸਭ ਤੋਂ ਵੱਡੀ ਤੇ ਨਿਆਰੀ ਗੱਲ ਸਿੱਖੀ ਵਿੱਚ ਇਹੀ ਹੈ ਕੇ,ਅਸੀਂ ਦੂਜਿਆਂ ਨੂੰ ਪਰਵਾਨ ਕਰਦੇ ਹਾਂ ਤੇ ਉਹਨਾਂ ਨੂੰ ਆਪਣੇ ਧਰਮ ਅਸਥਾਨਾਂ ਵਿੱਚ ਆਉਣ ਤੇ ਦਰਵਾਜ਼ੇ ਬੰਦ ਨਹੀਂ ਕਰਦੇ,ਸਗੋਂ ਸਵਾਗਤ ਕਰਦੇ ਹਾਂ।ਅਸੀਂ ਹਰ ਵੇਲੇ ਸਰਬੱਤ ਦਾ ਭਲਾ ਮੰਗਦੇ ਹਾਂ। ਸਿੱਖ ਧਰਮ ਸਮੂਹਿਕ ਹੈ,ਇਸ ਦੇ ਕਲਾਵੇ ਵਿੱਚ ਸਮੂਹ ਮਨੁੱਖਤਾ ਆਉਂਦੀ ਹੈ। ਇਸ ਕਰਕੇ ਅਸੀਂ ਬਾਕੀਆਂ ਨਾਲ਼ੋਂ ਨਿਆਰੇ ਹਾਂ ।

ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ॥

੨)ਗੁਰੂ ਸਾਹਿਬ ਜੀ ਨੇ ਲੋਕਾਈ ਤੇ ਅੱਤਿਆਚਾਰ ਹੁੰਦਾ ਦੇਖ ਕੇ ਇਸ ਦਾ ਪੱਕਾ ਹੱਲ ਦਿੱਤਾ। ਬਾਕੀ ਕਿਸੇ ਧਰਮ ਵਿੱਚ ਇਸ ਤਰਾਂ ਦੀ ਮਿਸਾਲ ਜਾਂ ਇਤਿਹਾਸ ਨਹੀਂ ਮਿਲਦਾ ਕਿ ਕਿਸੇ ਧਰਮ ਨੂੰ ਮੰਨਣ ਵਾਲ਼ਿਆਂ ਨੇ ਮਨੁੱਖੀ ਹੱਕਾਂ ਲਈ ਐਨੀਆਂ ਕੁਰਬਾਨੀਆਂ ਕੀਤੀਆਂ ਹੋਣ। ਨਿੱਜ ਲਈ ਤਾਂ ਸਾਰੀ ਦੁਨੀਆਂ ਲੜਦੀ,ਪਰ ਨਿਮਾਣਿਆਂ,ਨਿਤਾਨਿਆਂ ਜਾਂ ਮਜ਼ਲੂਮਾਂ ਲਈ ਕੌਣ ਲੜਇਆ,ਇਸ ਗੱਲ ਦੀ ਗਵਾਹੀ ਇਤਿਹਾਸ ਸਾਫ਼ ਸਾਫ਼ ਭਰਦਾ ਹੈ।

ਦੂਜੀ ਸਭ ਤੋਂ ਵੱਡੀ ਤੇ ਨਿਆਰੀ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਕਿ ਸਾਡੀਆਂ ਦੋ ਜ਼ਿੰਦਗੀਆਂ ਹਨ। ਇੱਕ ਮਨ ਦੀ ਤੇ ਦੂਜੀ ਸਰੀਰ ਦੀ। ਧਰਮ ਦਾ ਮਨ ਨਾਲ ਸੰਬੰਧ ਹੈ ਤੇ ਸਰੀਰ ਦਾ ਸੰਸਾਰ ਨਾਲ। ਗੁਰੂ ਜੀ ਦੇ ਸ਼ਬਦਾਂ ਨਾਲ ਜਿਹੜੇ ਮਨ ਪਤੀਜ ਗਏ, ਜਿਹੜੇ ਮਨ ਵਿਕਾਰਾਂ ਤੋਂ ਮੁਕਤ ਹੋ ਗਏ,ਜਿਹੜੇ ਮਨ ਨਿਰਵਿਚਾਰ ਅਵਸਥਾ ਤੱਕ ਪਹੁੰਚ ਗਏ,ਜਿਹੜੀਆਂ ਆਤਮਾਵਾਂ ਪ੍ਰਮਆਤਮਾਂ ਵਿੱਚ ਅਭੇਦ ਹੋ ਗਈਆ ਸਨ।ਉਹਨਾਂ ਨੂੰ ਹੀ ਕਿਹਾ ਕਿ ਤੁਸੀਂ ਹੁਣ ਸਮਾਜ ਦੀ ਅਗਵਾਈ ਕਰੋ। ਅਗਵਾਈ ਧਾਰਮਿਕ, ਰਾਜਨੀਤਿਕ ਜਾਂ ਸਮਾਜਿਕ ਕੋਈ ਵੀ ਹੋ ਸਕਦੀ ਹੈ।

ਕਿਉਂਕਿ ਜਿੰਨਾਂ ਚਿਰ ਮਨੁੱਖੀ ਮਨ ਪਰਮਪੱਦ ਨੂੰ ਪ੍ਰਾਪਤ ਨਹੀਂ ਹੋਇਆ ਹੁੰਦਾ। ਜੇ ਉਨਾਂ ਚਿਰ ਤੁਸੀਂ ਉਸ ਮਨੁੱਖ ਨੂੰ ਰਾਜਾ ਬਣਾ ਦੇਵੋਗੇ ਤਾਂ ਉਹ ਰਾਜ ਦੇ ਨਸ਼ੇ ਵਿੱਚ ਅੱਤਿਆਚਾਰੀ,ਦੁਰਾਚਾਰੀ ਤੇ ਲੋਭੀ ਆਦਿ ਹੋ ਹੀ ਜਾਵੇਗਾ। ਇਸੇ ਕਰਕੇ ਹੀ ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਕਿਹਾ ਕੇ ਇਹ ਅਕਾਲ ਪੁਰਖ ਦੀ ਫੌਜ ਹੈ।ਇਸ ਗੱਲ ਦੇ ਮਾਇਨੇ ਬਹੁਤ ਗਹਿਰੇ ਹਨ। ਗੁਰੂ ਸਾਹਿਬ ਜੀ ਨੇ ਜਿਹੜਾ ਪੂਰਨ ਪੁਰਖ ਸਾਜਿਆ ਉਹ ਸੰਤ+ਸਿਪਾਹੀ= ਖਾਲਸਾ ਹੈ। ਇਹ ਦੁਨੀਆ ਦੇ ਇਤਿਹਾਸ ਵਿੱਚ ਨਿਆਰੀ ਤੇ ਵਿਲੱਖਣ ਗੱਲ ਹੈ ਕਿ ਕਿਸੇ ਧਾਰਮਿਕ ਰਹਿਬਰ ਨੇ ਮਨੁੱਖਤਾ ਨੂੰ ਇਸ ਭਵਸਾਗਰ ਤੋਂ ਤਰਨ ਦਾ ਰਾਹ ਤੇ ਦੱਸਿਆ ਹੀ,ਪਰ ਉਸ ਦੇ ਨਾਲ ਨਾਲ ਇਸ ਸੰਸਾਰ ਨੂੰ ਸੁਧਾਰਨ ਦਾ ਰਾਹ ਵੀ ਦੱਸਿਆ।

ਜਿਹੜੇ ਅਜੋਕੀ ਵਿੱਦਿਆ ਦੇ ਪ੍ਰਭਾਵ ਹੇਠ ਇਹ ਕਹਿੰਦੇ ਹਨ ਕਿ ਧਰਮ ਵਿਅਕਤੀਗਤ ਵਿਸ਼ਾ ਹੈ ਜਾਂ ਧਰਮ ਮਨੁੱਖਾਂ ਨੂੰ ਆਪਸ ਵੀ ਵੰਡਦਾ ਜਾਂ ਲੜਾਉਂਦਾ ਹੈ। ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੇ ਚੰਗੀ ਤਰਾਂ ਸਿੱਖ ਧਰਮ ਅਤੇ ਇਤਿਹਾਸ ਨਹੀਂ ਪੜ੍ਹਿਆ। ਇਸੇ ਕਰਕੇ ਹੀ ਬਾਕੀ ਧਰਮਾਂ ਦੀ ਸ਼੍ਰੇਣੀ ਵਿੱਚ ਸਿੱਖ ਧਰਮ ਨੂੰ ਰੱਖ ਦਿੰਦੇ ਹਨ।

ਬਲਕਿ ਇਸਦੇ ਉਲਟ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਗੱਲਾਂ ਅਜੋਕਾ ਅਗਾਂਹਵਧੂ ਸਮਾਜ ਕਹਿ ਰਿਹਾ ਜਿਵੇਂ ਰੰਗ,ਨਸਲ,ਲਿੰਗ, ਧਰਮ ਜਾਂ ਬੋਲੀ ਆਦਿ ਦੇ ਨਾਂ ਤੇ ਮਨੁੱਖਾਂ ਨੂੰ ਨਹੀਂ ਵੰਡਣਾ ਚਾਹੀਦਾ। ਇਹਨਾਂ ਨੂੰ ਕੋਣ ਸਮਝਾਵੇ ਕਿ ਇਹ ਗੱਲਾਂ ਪੰਜ ਸੌ ਸਾਲ ਪਹਿਲਾ ਕਿਸੇ ਨੇ ਕਹਿ ਦਿੱਤੀਆਂ ਸਨ। ਸਿਰਫ ਕਹਿਆ ਹੀ ਨਹੀਂ ,ਇਸ ਤੇ ਪਹਿਰਾ ਦਿੰਦਿਆਂ ਲਾਮਿਸਾਲ ਇਤਿਹਾਸ ਸਿਰਜ ਦਿੱਤਾ।

ਅਜੋਕੇ ਬੁੱਧੀ-ਜੀਵੀਆਂ ਕੋਲ ਮੁਸ਼ਕਲਾਂ ਤਾਂ ਹਨ। ਪਰ ਸਦੀਵੀ ਹੱਲ ਨਹੀਂ ਹੈ। ਪਰ ਗੁਰੂ ਸਾਹਿਬ ਨੇ ਸਦੀਵੀ ਹੱਲ ਦਿੱਤਾ ਹੈ। ਕਿ ਰਾਜਾ ਸੰਤ ਬਣੇ ਜਾ ਸੰਤ ਰਾਜਾ ਬਣੇ। (ਇੱਥੇ ਸੰਤ ਸ਼ਬਦ ਬਾਰੇ ਮੈਂ ਜ਼ਰੂਰ ਆਪਣੇ ਭਾਵ ਦੱਸ ਦੇਣਾ ਚਾਹੁੰਦਾ ਹਾਂ। ਸੰਤ ਸਰੀਰ ਦਾ ਨਾਮ ਨਹੀਂ ਹੈ। ਸੰਤ ਮਨ ਦੀ ਅਵਸਥਾ ਹੈ। ਜਿਵੇਂ ਬਾਹਰ ਸੰਸਾਰ ਵਿੱਚ ਆਹੁਦਿਆ ਦੇ ਨਾਮ ਹੁੰਦੇ ਹਨ ਜਿਵੇਂ ਕੋਈ ਥਾਣੇਦਾਰ,ਤਸੀਲਦਾਰ, ਡੀਸੀ ਆਦਿ । ਇਸੇ ਤਰਾਂ ਹੀ ਸੰਤ ਮਾਨਸਿਕ ਅਵਸਥਾ ਦਾ ਨਾਮ ਹੈ। )ਕਿਉਂਕਿ ਜਿਹੜਾ ਮਨ ਮਨੋ ਵਿਕਾਰਾਂ ਨਾਲ ਭਰਿਆ ਹੈ ਉਹ ਤਾਕਤ ਨਾਂ ਹੋਣ ਕਰਕੇ ਔਗੁਣ ਨਹੀਂ ਸੀ ਕਰ ਸਕਦਾ। ਪਰ ਜਿਸ ਦਿਨ ਤਾਕਤ ਮਿਲੀ ਉਹ ਵੀ ਬਾਕੀਆਂ ਵਾਂਗ ਜ਼ੁਲਮ ਹੀ ਕਰੇਗਾ।

ਇਸੇ ਤਰਾਂ ਹੀ ਹੋਰ ਵੀ ਬਹੁਤ ਕੁਛ ਬਾਕੀਆਂ ਨਾਲ਼ੋਂ ਨਿਆਰਾ ਹੈ। ਜੇ ਆਮ ਜ਼ਿੰਦਗੀ ਦੀ ਗੱਲ ਕਰਈਏ ਤਾਂ ਸਾਡਾ ਪਹਿਰਾਵਾ,ਖਾਣ ਪੀਣ,ਜੰਮਣ-ਮਰਨ, ਵਿਆਹ, ਜੋੜ-ਮੇਲੇ, ਆਦਿ ਸਭ ਕੁਛ ਬਾਕੀਆਂ ਨਾਲ਼ੋਂ ਵੱਖਰੇ ਤੇ ਨਿਆਰੇ ਹਨ। ਬਲਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਬਾਕੀਆਂ ਨਾਲ਼ੋਂ ਬਹੁਤਾ ਕੁਛ ਨਿਆਰਾ ਤੇ ਵੱਖਰਾ ਹੈ। ਪਰ ਇਹ ਨਿਆਰਾਪਣ ਸਾਨੂੰ ਦੂਜਿਆਂ ਨਾਲ਼ੋਂ ਤੋੜਦਾ ਨਹੀਂ ਜੋੜਦਾ ਹੈ। ਇਹ ਵੀ ਇੱਕ ਨਿਆਰੀ ਘਟਨਾ ਹੈ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply